ਸਿੱਖਿਆ ਦੀ ਮੁਕਤੀ ਦਾ ਰਾਹ - ਅਵੀਜੀਤ ਪਾਠਕ
ਮਾਨਵ ਜਾਤੀ ਅਤੇ ਸਮਾਜ ਦੇ ਕਾਰ ਵਿਹਾਰਾਂ ਨਾਲ ਜੁੜੇ ਸ਼ਾਸਤਰਾਂ ਦੀ ਹੋ ਰਹੀ ਬੇਕਦਰੀ ਨੂੰ ਕਿੰਝ ਠੱਲ੍ਹ ਪਾਈ ਜਾ ਸਕਦੀ ਹੈ ਖ਼ਾਸਕਰ ਉਦੋਂ ਜਦੋਂ ਅਸੀਂ ਜਿਸ ਸਮਾਜ ਵਿਚ ਸਾਹ ਲੈ ਰਹੇ ਹਾਂ ਉਹ ਖ਼ੁਦ ਟੈਕਨੋ-ਸਾਇੰਸ ਦੇ ਨਸ਼ੇ ਨਾਲ ਧੁੱਤ ਹੋ ਚੁੱਕਿਆ ਹੋਵੇ ਅਤੇ ਅਗਾਂਹਵਧੂ ਤਬਕਾ ਆਪਣੇ ਬੱਚਿਆਂ ਦੀ ਮਨੋਦਸ਼ਾ ਇਵੇਂ ਦੀ ਬਣਾ ਰਿਹਾ ਹੈ ਕਿ ਜੇ ਉਹ ਮੈਡੀਕਲ ਤੇ ਇੰਜਨੀਅਰਿੰਗ ਦੀ ਪੜ੍ਹਾਈ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਹੋਣ ਦਾ ਕੋਈ ਮਤਲਬ ਨਹੀਂ ਹੈ ਤੇ ਇਸ ਲਿਹਾਜ਼ ਤੋਂ ਭੌਤਿਕ ਵਿਗਿਆਨ, ਰਸਾਇਣ ਸ਼ਾਸਤਰ, ਗਣਿਤ ਤੇ ਜੈਵ ਵਿਗਿਆਨ ਤੋਂ ਬਿਨਾਂ ਹੋਰ ਕੁਝ ਵੀ ਸਿੱਖਣ ਲਈ ਵਿਸ਼ਾ ਨਹੀਂ ਹੈ। ਇਸ ਦੇ ਨਾਲ ਹੀ ਸਿਲੇਬਸ ਨੂੰ ਤਰਕਸੰਗਤ ਕਰਨ ਦੇ ਨਾਂ ’ਤੇ ਉਭਰਦੀ ਗਿਆਨ ਦੀ ਸਿਆਸਤ ਅਤੇ ਵਿਦਿਅਕ ਬੋਝ ਘਟਾਉਣ ਦੇ ਨਾਂ ’ਤੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਐਨਸੀਈਆਰਟੀ ਦੀਆਂ ਪਾਠ ਪੁਸਤਕਾਂ ਦੇ ਬਹੁਤ ਸਾਰੇ ਮਹੱਤਵਪੂਰਨ ਵਿਸ਼ੇ ਹਟਾਉਣ ਨਾਲ ਇਹ ਬੇਕਦਰੀ ਹੋਰ ਤੇਜ਼ ਹੋ ਗਈ ਹੈ। ਲਿਹਾਜ਼ਾ, ਸਰਕਾਰ ਵੱਲੋਂ ਚੁਣੇ ਗਏ ਨਵੇਂ ਮਾਹਿਰ ਸਾਨੂੰ ਦੱਸ ਰਹੇ ਹਨ ਕਿ ਸਾਡੇ ਬੱਚਿਆਂ ਨੂੰ ਮਸਲਨ 2002 ਵਿਚ ਹੋਏ ਗੁਜਰਾਤ ਦੰਗਿਆਂ ਜਾਂ ਨਰਮਦਾ ਬਚਾਓ ਅੰਦੋਲਨ ਜਾਂ ਨਕਸਲੀ ਸੰਘਰਸ਼ ਬਾਰੇ ਕੁਝ ਵੀ ਜਾਣਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਇਹ ਪੜਚੋਲ ਕਰਨ ਦਾ ਵਿਚਾਰ ਸਹੀ ਨਹੀਂ ਹੋਵੇਗਾ ਕਿ ਔਰਤਾਂ ਤੇ ਸ਼ੂਦਰਾਂ ਨੂੰ ਵੇਦਾਂ ਦਾ ਅਧਿਐਨ ਕਰਨ ਤੋਂ ਕਿਉਂ ਰੋਕਿਆ ਜਾਂਦਾ ਸੀ ? ਜਾਂ ਫਿਰ ਇਵੇਂ ਹੀ, ਮੁਗ਼ਲ ਦਰਬਾਰ ਬਾਰੇ ਕੁਝ ਵੀ ਜਾਣਨ ਦੀ ਲੋੜ ਨਹੀਂ ਹੈ ਤੇ ਨੌਜਵਾਨਾਂ ਨੂੰ ਇਹ ਫ਼ਿਕਰ ਕਰਨ ਦੀ ਕੀ ਲੋੜ ਹੈ ਕਿ ਖੇਤੀਬਾੜੀ ਉਪਰ ਸੰਸਾਰੀਕਰਨ ਦਾ ਕੀ ਪ੍ਰਭਾਵ ਪਿਆ ਹੈ ?
ਇਹ ਠੀਕ ਹੈ ਕਿ ਕੋਈ ਵੀ ਮਹਾਨ ਸਿੱਖਿਆਦਾਨੀ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਨੌਜਵਾਨ ਦਿਮਾਗ਼ਾਂ ’ਤੇ ਜਾਣਕਾਰੀ ਦਾ ਬੋਝ ਲੱਦਣਾ ਕੋਈ ਸਾਰਥਕ ਸਿੱਖਿਆ ਨਹੀਂ ਹੁੰਦੀ। ਸਗੋਂ ਐਨਸੀਈਆਰਟੀ ਦੀਆਂ ਪਾਠ ਪੁਸਤਕਾਂ ਇਸ ਪੱਖੋਂ ਬਿਲਕੁਲ ਸੋਲ੍ਹਾਂ ਕਲਾ ਸੰਪੂਰਨ ਨਹੀਂ ਹਨ ਅਤੇ ਕਿਤਾਬਾਂ ਲਿਖਣ ਵਾਲੇ ਉਦਾਰਵਾਦੀ-ਖੱਬੇਪੱਖੀ ਬੁੱਧੀਮਾਨ ਲੋਕਾਂ ਦੀਆਂ ਆਪੋ ਆਪਣੀਆਂ ਮਾਨਤਾਵਾਂ ਹੋ ਸਕਦੀਆਂ ਹਨ। ਫਿਰ ਵੀ ਜਿਵੇਂ ਕੁਝ ਵਿਸ਼ਿਆਂ ਤੇ ਮੁੱਦਿਆਂ ਨੂੰ ਗਿਣ-ਮਿੱਥ ਕੇ ਸਿਆਸਤ ਤੋਂ ਪ੍ਰੇਰਿਤ ਇਕ ਅਮਲ ਦੇ ਜ਼ਰੀਏ ਇਨ੍ਹਾਂ ਪਾਠ ਪੁਸਤਕਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਉਸ ਤੋਂ ਹਰੇਕ ਸੰਵੇਦਨਸ਼ੀਲ ਸਿੱਖਿਅਕ ਸਹਿਮ ਗਿਆ ਹੈ। ਦਰਅਸਲ, ਇਹ ਆਲੋਚਨਾਤਮਿਕ ਸਿੱਖਿਆ ਸ਼ਾਸਤਰ ਦੇ ਬੰਦਖਲਾਸੀ ਵਾਲੇ ਖਾਸੇ ਦੀ ਹੱਤਿਆ ਦੇ ਤੁੱਲ ਹੈ। ਇਸ ਨੂੰ ਉਦੋਂ ਹੀ ਸਮਝਿਆ ਜਾ ਸਕਦਾ ਹੈ ਜਦੋਂ ਅਸੀਂ ਭੁੱਲੀਆਂ ਵਿਸਰੀਆਂ ਹਕੀਕਤਾਂ ਨੂੰ ਚੇਤੇ ਕਰਦੇ ਹਾਂ- ਜਿਵੇਂ ਇਤਿਹਾਸ, ਸਮਾਜ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਜਿਹੇ ਵਿਸ਼ਿਆਂ ਵਿਚ ਕਿਸੇ ਦੀਆਂ ਅੱਖਾਂ ਖੋਲ੍ਹਣ ਅਤੇ ਇਹ ਕਿਸੇ ਨੂੰ ਉਸ ਜ਼ਮਾਨੇ ਅੰਦਰ ਪ੍ਰਚੱਲਤ ਭਾਰੂ ਆਮ ਸਮਝ ਤੋਂ ਪਾਰ ਜਾ ਕੇ ਦੇਖਣ ਅਤੇ ਨਿਰਖ ਪਰਖ ਕਰਨ ਦੀ ਸਮੱਰਥਾ ਬਖ਼ਸ਼ਦੇ ਹਨ। ਗਹਿਰੀ ਤੇ ਰਚਨਾਤਮਿਕ ਚੇਤਨਾ ਨਾਲ ਭਰੇ ਹੋਏ ਮਨ ਨੂੰ ਸਿੰਜਣਾ ਹੀ ਸਮਾਜ ਵਿਗਿਆਨਾਂ ਦਾ ਕਾਰਜ ਹੁੰਦਾ ਹੈ।
ਲਿਹਾਜ਼ਾ, ਇਤਿਹਾਸ ਦਾ ਉਦੇਸ਼ ਵਿਦਿਆਰਥੀ ਨੂੰ ਜੰਗਾਂ ਤੇ ਸੰਧੀਆਂ ਦੀਆਂ ਤਾਰੀਕਾਂ ਦਾ ਘੋਟਾ ਲਵਾਉਣਾ ਨਹੀਂ ਹੁੰਦਾ ਸਗੋਂ ਇਤਿਹਾਸ ਦੀ ਸੂਝ ਦਾ ਮਤਲਬ ਮਾਨਵ ਜਾਤੀ ਦੇ ਸਫ਼ਰ ਨੂੰ ਪ੍ਰੀਭਾਸ਼ਤ ਕਰਨ ਵਾਲੀਆਂ ਪ੍ਰਮੁੱਖ ਸਮਾਜਿਕ-ਸਭਿਆਚਾਰਕ ਅਤੇ ਤਕਨੀਕੀ-ਆਰਥਿਕ ਤਬਦੀਲੀਆਂ ਨੂੰ ਸਮਝਣ ਲਈ ਜਗਿਆਸੂ ਦੀ ਰੁਚੀ ਪੈਦਾ ਕਰਨਾ ਹੁੰਦਾ ਹੈ। ਇਉਂ ਹੀ ਸਮਾਜ ਸ਼ਾਸਤਰ ਦਾ ਸਬੰਧ ਕਬੀਲੇ, ਜਾਤ ਤੇ ਪਰਿਵਾਰ ਮੁਤੱਲਕ ਤੱਥਾਂ ਨੂੰ ਜਾਣਨਾ ਨਹੀਂ ਹੁੰਦਾ ਸਗੋਂ ਮੂਲ ਸਵਾਲ ਪੁੱਛਣਾ ਹੁੰਦਾ ਹੈ, ਮਸਲਨ ਕਿਸ ਤਰ੍ਹਾਂ ਪਿੱਤਰਸੱਤਾ, ਬ੍ਰਾਹਮਣਵਾਦ ਅਤੇ ਸੰਸਥਾਈ ਧਰਮਾਂ ਨੇ ਅਕਸਰ ਔਰਤਾਂ, ਦਲਿਤਾਂ ਅਤੇ ਮਿਹਨਤਕਸ਼ ਤਬਕਿਆਂ ਦੇ ਦਮਨ ਨੂੰ ਵਾਜਬੀਅਤ ਮੁਹੱਈਆ ਕਰਵਾਈ ਹੈ। ਜਾਂ ਰਾਜਨੀਤਕ ਅਧਿਐਨ ਸ਼ੁਰੂ ਕਰਾਉਣ ਦਾ ਮਤਲਬ ਸੰਵਿਧਾਨ ਦੀ ਪ੍ਰਸਤਾਵਨਾ ਯਾਦ ਕਰ ਲੈਣ ਅਤੇ ਫਿਰ ਪ੍ਰੀਖਿਆ ਵਿਚ ਇਸ ਦਾ ਜੁਗਾਲੀ ਕਰ ਦੇਣ ਤਕ ਮਹਿਦੂਦ ਨਹੀਂ ਹੈ ਸਗੋਂ ਇਸ ਦਾ ਮੰਤਵ ਨੌਜਵਾਨ ਜਗਿਆਸੂਆਂ ਨੂੰ ਇਹ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਨਾ ਹੁੰਦਾ ਹੈ ਕਿ ਬਹੁਗਿਣਤੀਵਾਦ ਅਤੇ ਘੋਰ ਸਮਾਜਿਕ-ਆਰਥਿਕ ਬਰਾਬਰੀ ਸਾਹਮਣੇ ਪ੍ਰਸਤਾਵਨਾ ਦੀ ਆਤਮਾ ਚੁੱਪ ਹੋ ਜਾਂਦੀ ਹੈ। ਕੀ ਅਸੀਂ ਭੁੱਲ ਗਏ ਹਾਂ ਕਿ ਕਿਵੇਂ ਇਰਫ਼ਾਨ ਹਬੀਬ ਤੇ ਰਣਜੀਤ ਗੁਹਾ, ਰਜਨੀ ਕੋਠਾਰੀ ਅਤੇ ਅਸ਼ੀਸ਼ ਨੰਦੀ ਜਾਂ ਇਰਾਵਤੀ ਕਰਵੇ ਅਤੇ ਵੀਨਾ ਮਜੂਮਦਾਰ ਜਿਹੇ ਸਾਡੇ ਸਭ ਤੋਂ ਜ਼ਹੀਨ ਇਤਿਹਾਸਕਾਰਾਂ ਤੇ ਸਮਾਜ ਸ਼ਾਸਤਰੀਆਂ ਨੇ ਸਾਡੇ ਮਾਨਸਿਕ ਦਿਸਹੱਦਿਆਂ ਨੂੰ ਵਸੀਹ ਕੀਤਾ ਸੀ? ਐਨਸੀਈਆਰਟੀ ਦੀਆਂ ਪਾਠ-ਪੁਸਤਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਾਹਿਰਾਂ ਨੂੰ ਕੌਣ ਦੱਸੇਗਾ ਕਿ ਕਿਸੇ ਸਕੂਲੀ ਬੱਚੇ ਲਈ ਗੁਜਰਾਤ ਦੰਗਿਆਂ ਬਾਰੇ ਜਾਣਨ ਤੇ ਪ੍ਰੇਸ਼ਾਨ ਹੋਣ ਦੀ ਕਿੰਨੀ ਅਹਿਮੀਅਤ ਹੈ ਕਿਉਂਕਿ ਉਹ ਦੰਗੇ ਧਰਮ ਨਿਰਪੱਖਤਾ ਅਤੇ ਸਭਿਆਚਾਰਕ ਵਿਭਿੰਨਤਾ ਦੇ ਵੱਡੇ ਆਦਰਸ਼ਾਂ ਲਈ ਗਹਿਰਾ ਆਘਾਤ ਸਨ। ਉਨ੍ਹਾਂ ਨੂੰ ਕੌਣ ਦੱਸੇਗਾ ਕਿ ਬੱਚਿਆਂ ਲਈ ਨਰਮਦਾ ਬਚਾਓ ਅੰਦੋਲਨ ਬਾਰੇ ਜਾਣਨਾ ਜ਼ਰੂਰੀ ਹੈ ਕਿਉਂਕਿ ਇਸ ਅਹਿੰਸਕ ਵਾਤਾਵਰਨ ਅੰਦੋਲਨ ਨੇ ਸਿਆਸੀ ਜਮਾਤ ਤੇ ਕਾਰਪੋਰੇਟ ਕੁਲੀਨਾਂ ਦੇ ਗੱਠਜੋੜ ਦੇ ਪ੍ਰਯੋਜਿਤ ਵਿਕਾਸ ਦੇ ਘਾਤਕ ਸਿੱਟਿਆਂ ਪ੍ਰਤੀ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਇਨ੍ਹਾਂ ਮਾਹਿਰਾਂ ਨੂੰ ਇਕ ਹੋਰ ਤੱਥ ਵੀ ਚੇਤੇ ਕਰਾਉਣਾ ਪਵੇਗਾ ਕਿ ਤਾਜ਼ੀ ਹਵਾ ਦੇ ਬੁੱਲੇ ਲੈ ਕੇ ਆਉਂਦੇ ਕਿਸੇ ਸਿਖਿਆਰਥੀ ਅੰਦਰ ਇਹ ਕਹਿਣ ਦੀ ਸਮੱਰਥਾ ਹੋਣੀ ਚਾਹੀਦੀ ਹੈ ਕਿ ‘ਬਾਦਸ਼ਾਹ ਨੰਗਾ ਹੈ’ ਭਾਵੇਂ ਚਾਪਲੂਸਾਂ ਦੀ ਟੋਲੀ ਉਸ ਦੀ ਕਿੰਨੀ ਮਰਜ਼ੀ ਲਿਪਾ-ਪੋਚੀ ਕਰਦੀ ਫਿਰੇ। ਹਿਟਲਰ ਤੋਂ ਲੈ ਕੇ ਸਟਾਲਿਨ ਤੱਕ ਆਲੋਚਨਾਤਮਿਕ ਸਿੱਖਿਆ ਸ਼ਾਸਤਰ ’ਤੇ ਲਾਈ ਜਾਂਦੀ ਮਨਾਹੀ ਖ਼ੁਦਪ੍ਰਸਤੀ ਅਤੇ ਸੱਤਾਵਾਦ ਦੇ ਹਰੇਕ ਬਿੰਬ ਨਾਲ ਗਹਿਰੀ ਜੁੜੀ ਰਹੀ ਹੈ। ਦਰਅਸਲ, ਜਿਵੇਂ ਕਿ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਭਰ ’ਚ ਸੱਤਾਵਾਦ ਦੇ ਉਸਤਾਦ ਉਸ ਕਿਸਮ ਦੀ ਸਿੱਖਿਆ ਨੂੰ ਸਹਿ ਨਹੀਂ ਸਕਦੇ ਜੋ ਰਚਨਾਤਮਿਕਤਾ, ਸਹਿਜ ਅਤੇ ਗਹਿਰੀ ਸੂਝ ਨੂੰ ਵਿਕਸਤ ਕਰਦੀ ਹੋਵੇ। ਇਸ ਦੀ ਬਜਾਇ ਉਨ੍ਹਾਂ ਨੂੰ ਨੈਤਿਕ ਅਤੇ ਬੌਧਿਕ ਦਲਿੱਦਰ ਦੀ ਲੋੜ ਪੈਂਦੀ ਹੈ। ਜਾਂ ਸਿੱਖਿਆ ਦੇ ਨਾਂ ’ਤੇ ਉਨ੍ਹਾਂ ਨੂੰ ਟੈਕਨੋ-ਕਾਰਪੋਰੇਟ ਮਸ਼ੀਨਾਂ ਚਲਾਉਣ ਦੇ ਤਕਨੀਕੀ ਕੌਸ਼ਲ ਦੇ ਸੈੱਟ ਦੀ ਲੋੜ ਪੈਂਦੀ ਹੈ। ਜਾਂ ਉਨ੍ਹਾਂ ਨੂੰ ਅਜਿਹੇ ਅਨੁਸ਼ਾਸਿਤ ਵਫ਼ਾਦਾਰਾਂ ਦੀ ਲੋੜ ਹੁੰਦੀ ਹੈ ਜੋ ਹਰ ਵੇਲੇ ਸੱਤਾਧਾਰੀਆਂ ਦੇ ਹਰੇਕ ਫ਼ਰਮਾਨ ਦੀ ਸੁਰ ’ਚ ਸੁਰ ਮਿਲਾ ਸਕਣ। ਇਸ ਕਰਕੇ ਇਨ੍ਹਾਂ ਮਾਹਿਰਾਂ ਨੇ ਐਨਸੀਈਆਰਟੀ ਦੀਆਂ ਪਾਠ-ਪੁਸਤਕਾਂ ਨਾਲ ਜੋ ਵੀ ਕੀਤਾ ਹੈ, ਇਹ ਉਸੇ ਅਮਲ ਦਾ ਪ੍ਰਤੀਕ ਹੈ ਜੋ ਸੱਤਾ ਦੇ ਹੰਕਾਰ ਅਤੇ ਹਰੇਕ ਅਸਹਿਮਤ ਆਵਾਜ਼ ਨੂੰ ਦੇਸ਼ ਧ੍ਰੋਹੀ ਦਾ ਲਕਬ ਦੇਣ ਦੇ ਰੂਪ ਵਿਚ ਅਸੀਂ ਹਰ ਥਾਂ ਦੇਖ ਰਹੇ ਹਾਂ।
ਕੀ ਇਸ ਰੁਝਾਨ ਨੂੰ ਠੱਲ੍ਹ ਪਾ ਕੇ ਸਿੱਖਿਆ ਨੂੰ ਬਚਾਉਣਾ ਸੰਭਵ ਹੈ? ਹਾਲਾਂਕਿ ਮੈਂ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੁੰਦਾ ਪਰ ਇਹ ਕਹਿਣਾ ਪਵੇਗਾ ਕਿ ਇਸ ਦੇ ਰਾਹ ਵਿਚ ਵੱਡੀਆਂ ਔਕੜਾਂ ਆਉਣਗੀਆਂ। ਇਹ ਤੱਥ ਹੈ ਕਿ ਜਿਸ ਮਾਹੌਲ ਅੰਦਰ ਜ਼ਹਿਰੀਲੇ ਰਾਸ਼ਟਰਵਾਦ ਦੀ ਦੁਰਗੰਧ ਫੈਲੀ ਹੋਵੇ, ਉੱਥੇ ਆਜ਼ਾਦ ਖ਼ਿਆਲੀ ਦਾ ਜਸ਼ਨ ਮਨਾਉਣਾ ਸੌਖਾ ਨਹੀਂ ਹੈ। ਇਸ ਤੋਂ ਇਲਾਵਾ ਜਦੋਂ ਬੱਚਿਆਂ ਦੀ ਸਿੱਖਿਆ ਇਕ ਲੇਖੇ ਕੋਚਿੰਗ ਕੇਂਦਰਾਂ ਅਤੇ ਮੁੱਠੀ ਭਰ ਟੌਪਰਾਂ ਦੇ ਸਪਾਂਸਰਾਂ ਵੱਲੋਂ ਤਿਆਰ ਕੀਤੇ ‘ਸਫ਼ਲਤਾ ਦੇ ਮੰਤਰਾਂ’ ਦਾ ਪੈਕੇਜ ਬਣ ਕੇ ਰਹਿ ਗਈ ਹੈ ਤਾਂ ਨਿਰਵਾਣਤਾ ਵਾਲੀ ਸਿੱਖਿਆ ਬਾਰੇ ਫ਼ਿਕਰ ਕੌਣ ਕਰੇਗਾ? ਫਿਰ ਵੀ ਮੈਂ ਇਹ ਵਿਸ਼ਵਾਸ ਕਰਨਾ ਚਾਹਾਂਗਾ ਕਿ ਸਾਡੇ ਦਰਮਿਆਨ ਹਾਲੇ ਵੀ ਅਜਿਹੇ ਕੁਝ ਅਧਿਆਪਕ ਤੇ ਮਾਪੇ ਮੌਜੂਦ ਹਨ ਜੋ ਨੌਜਵਾਨ ਪੀੜ੍ਹੀ ਨੂੰ ਵੱਖੋ-ਵੱਖਰੇ ਖੇਤਰਾਂ ਅੰਦਰ ਪਏ ਅਸਲ ਗਿਆਨ ਦੇ ਖ਼ਜ਼ਾਨੇ ਨੂੰ ਲੱਭਣ ਲਈ ਪ੍ਰੇਰਿਤ ਕਰਦੇ ਆ ਰਹੇ ਹਨ। ਉਂਝ, ਇਹ ਠੀਕ ਹੈ ਕਿ ਇਹ ਖ਼ਜ਼ਾਨਾ ਅਧਿਕਾਰਤ ਪਾਠ ਪੁਸਤਕਾਂ ’ਚ ਨਹੀਂ ਸਗੋਂ ਇਕ ਸਜੀਵ ਅਤੇ ਸਗਵੇਂ ਮਨ ਦੀਆਂ ਖੰਦਕਾਂ ’ਚ ਸਮਾਇਆ ਹੋਇਆ ਹੈ ਜੋ ਰਾਬਿੰਦਰਨਾਥ ਟੈਗੋਰ ਨਾਲ ਇਕਸੁਰ ਹੋ ਕੇ ਇੰਝ ਕਹਿੰਦਾ ਹੈ : ‘ਜਿੱਥੇ ਮਨ ਡਰ ਤੋਂ ਮੁਕਤ ਹੋਵੇ ਅਤੇ ਸਿਰ ਮਾਣ ਨਾਲ ਉੱਚਾ ਹੋਵੇ/ ਜਿੱਥੇ ਗਿਆਨ ਨੂੰ ਜਕੜਿਆ ਨਾ ਜਾਵੇ...।’