ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

ਭ੍ਰਿਸ਼ਟਾਚਾਰ ਮਾਮਲਾ: ਧਰਮਸੋਤ ਨਾਲ ਕਿਸੇ ਆਗੂ ਨੇ ਨਹੀਂ ਕੀਤੀ ਮੁਲਾਕਾਤ- ਇਕ ਖ਼਼ਬਰ

ਇਹਨਾਂ ਸੁਹਣਿਆਂ ਮੂੰਹਾਂ ‘ਤੇ ਖ਼ਾਕ ਪੈਣੀ, ਕੁੰਡੇ ਲੱਗਣੇ ਅੰਤ ਹਵੇਲੀਆਂ ਨੂੰ।

ਊਧਵ ਠਾਕਰੇ ਵਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ- ਇਕ ਖ਼ਬਰ

ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲ਼ਾ ਤਿਲਕ ਪਿਆ।

ਸੰਸਦ ‘ਚ ਪੰਜਾਬੀਆਂ ਦੀ ਆਵਾਜ਼ ਬਣ ਕੇ ਗੂੰਜਾਂਗਾ- ਸਿਮਰਨਜੀਤ ਸਿੰਘ ਮਾਨ

ਸਿੰਘ ਸੂਰਮੇ ਸ਼ੇਰ ਦਲੇਰ ਬਾਂਕੇ, ਕੱਸਣ ਘੋੜੀਆਂ ਜ਼ੀਨਾਂ ਸਵਾਰੀਆਂ ਨੀਂ।

ਚੋਰਾਂ ਨੇ ਖੜ੍ਹੀ ਕਾਰ ਦੇ ਟਾਇਰ ਚੋਰੀ ਕਰ ਲਏ-ਇਕ ਖ਼ਬਰ

ਭੱਜੀ ਜਾਂਦੀ ਕਾਰ ਦੇ ਟਾਇਰ ਤਾਂ ਅੱਜ ਤੱਕ ਕਿਸੇ ਨੇ ਚੋਰੀ ਕੀਤੇ ਨਹੀਂ।

ਛੇਤੀ ਹੋ ਸਕਦੈ ਕੈਪਟਨ ਦੀ ਪਾਰਟੀ ਦਾ ਭਾਜਪਾ ਵਿਚ ਰਲੇਵਾਂ- ਇਕ ਖ਼ਬਰ

ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ।

ਰਿਸ਼ਵਤ ਦੇ ਮਾਮਲੇ ‘ਚ ਪੁਲਿਸ ਮੁਲਾਜ਼ਮ 24 ਸਾਲ ਬਾਅਦ ਅਦਾਲਤ ‘ਚੋਂ ਬਰੀ ਹੋਇਆ- ਇਕ ਖ਼ਬਰ

‘ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ’- ਬਕੌਲ ਸੁਰਜੀਤ ਪਾਤਰ

ਬੰਦੀ ਸਿੰਘਾਂ ਬਾਰੇ ਸਵਾਲ ਪੁੱਛੇ ਜਾਣ ‘ਤੇ ਸੁਖਬੀਰ ਬਾਦਲ ਖਿਸਕੇ- ਇਕ ਖ਼ਬਰ

ਜ਼ਖ਼ਮਾਂ ‘ਤੇ ਲੂਣ ਨਾ ਛਿੜਕੀਂ ਤੂੰ, ਮੇਰੀ ਛੇੜ ਕੇ ਦਰਦ ਕਹਾਣੀ ਨੂੰ।