ਉਸਮਾਨ ਅਲੀ ਤੇ ਅਬਦੁਲ ਹਮੀਦ ਦੀ ਮਜ਼ਬੂਤ ਵਿਰਾਸਤ ਦਾ ਮਾਣ ਕਰ ਸਕਦਾ ਹੈ ਭਾਰਤ -ਜਤਿੰਦਰ ਪਨੂੰ
ਕਿਸੇ ਵੀ ਹੋਰ ਗੱਲ ਤੋਂ ਪਹਿਲਾਂ ਅਸੀਂ ਇਹ ਸਾਫ ਕਰ ਦੇਈਏ ਕਿ ਅਸੀਂ ਜੰਗਾਂ ਦੇ ਹਮਾਇਤੀ ਨਹੀਂ। ਮਨੁੱਖੀ ਸੱਭਿਅਤਾ ਦੇ ਜਿਸ ਮਾੜੇ-ਚੰਗੇ ਦੌਰ ਤੋਂ ਅਸੀਂ ਗੁਜ਼ਰ ਰਹੇ ਹਾਂ, ਓਥੇ ਇਹ ਸੋਚ ਜ਼ੋਰ ਫੜ ਰਹੀ ਹੈ ਕਿ ਜੰਗਾਂ ਉਲਝੇ ਹੋਏ ਮਸਲਿਆਂ ਦਾ ਪੱਕਾ ਹੱਲ ਪੇਸ਼ ਨਹੀਂ ਕਰ ਸਕਦੀਆਂ। ਸਿਰਫ ਇਹੋ ਨਹੀਂ ਕਿ ਅਸੀਂ ਜੰਗਾਂ ਦੇ ਵਿਰੋਧੀ ਹਾਂ, ਸਾਡੇ ਲੋਕ ਵੀ ਜੰਗਾਂ ਦਾ ਸਵਾਗਤ ਨਹੀਂ ਕਰਦੇ। ਸਾਨੂੰ ਯਾਦ ਹੈ ਕਿ ਭਾਰਤ ਦੀ ਪਾਰਲੀਮੈਂਟ ਤੇ ਇਸ ਤੋਂ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੀ ਅਸੈਂਬਲੀ ਉੱਤੇ ਜਦੋਂ ਦਹਿਸ਼ਤਗਰਦ ਹਮਲਾ ਹੋਇਆ ਤਾਂ ਓਦੋਂ ਬਾਅਦ ਵੀ ਤਨਾਅ ਸਿਖਰ ਉੱਤੇ ਸੀ ਅਤੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵੀ ਤਿੰਨ ਕੁ ਮਹੀਨੇ ਪਿੱਛੋਂ ਹੋਣ ਵਾਲੀਆਂ ਸਨ। ਪੰਜਾਬ ਦੇ ਕੁਝ ਵਿਧਾਇਕ ਓਦੋਂ ਰੋਜ਼ ਹੀ ਕਿਸੇ ਨਾ ਕਿਸੇ ਸਰਹੱਦੀ ਕਸਬੇ ਵਿੱਚ ਬਾਰਡਰ ਨੇੜੇ ਜਲਸਾ ਕਰ ਕੇ ਪਾਕਿਸਤਾਨ ਨੂੰ ਚੁਣੌਤੀਆਂ ਦੇਣ ਦੇ ਭਾਸ਼ਣ ਦੇਣ ਲੱਗ ਜਾਂਦੇ ਸਨ। ਸਰਹੱਦੀ ਖੇਤਰ ਦੇ ਇੱਕ ਪੱਤਰਕਾਰ ਨੇ ਸਾਨੂੰ ਹੱਸਦੇ ਹੋਏ ਕਿਹਾ ਸੀ ਕਿ ਇਨ੍ਹਾਂ ਦੀ ਸੋਚ ਹੈ ਕਿ ਪਾਕਿਸਤਾਨ ਨਾਲ ਜੰਗ ਲੱਗ ਜਾਵੇ ਤਾਂ ਚੋਣਾਂ ਮੁਲਤਵੀ ਹੋ ਜਾਣਗੀਆਂ। ਚੋਣਾਂ ਸਮੇਂ ਸਿਰ ਹੋਣ ਨਾਲ ਜਦੋਂ ਨਤੀਜਾ ਨਿਕਲਿਆ ਤਾਂ ਉਹ ਆਗੂ ਹਾਰ ਗਏ ਸਨ। ਲੋਕਾਂ ਨੇ ਜੰਗ ਲੱਗਣ ਦੀ ਖੱਪ ਪਸੰਦ ਨਹੀਂ ਸੀ ਕੀਤੀ।
ਜਿਹੜੀ ਗੱਲ ਹੋ ਸਕਦੀ ਹੈ, ਤੇ ਇਹ ਸਾਬਤ ਹੋ ਚੁੱਕੀ ਹੈ, ਉਹ ਇਹ ਹੈ ਕਿ ਪਾਕਿਸਤਾਨ ਬਾਰੇ ਹਕੀਕਤਾਂ ਨੂੰ ਦੁਨੀਆ ਦੇ ਸਾਹਮਣੇ ਖੋਲ੍ਹ ਕੇ ਰੱਖਣ ਦਾ ਅਮਲ ਜਾਰੀ ਰੱਖਿਆ ਜਾਵੇ। ਅਸੀਂ ਨਰਿੰਦਰ ਮੋਦੀ ਨਾਲ ਕਦੀ ਕੋਈ ਹੇਜ ਨਹੀਂ ਰੱਖਿਆ, ਅਤੇ ਹੁਣ ਵੀ ਨਹੀਂ ਰੱਖਣਾ ਚਾਹੁੰਦੇ, ਪਰ ਇਹ ਗੱਲ ਕਹੇ ਬਿਨਾਂ ਨਹੀਂ ਰਹਿ ਸਕਦੇ ਕਿ ਜਿਹੜੇ ਪੱਖ ਉਸ ਦੀ ਸਰਕਾਰ ਨੇ ਸੰਸਾਰ ਦੀ ਸੱਥ ਸਾਹਮਣੇ ਰੱਖੇ ਹਨ, ਉਹ ਇਸ ਤੋਂ ਪਹਿਲੀਆਂ ਸਰਕਾਰਾਂ ਰੱਖਣ ਤੋਂ ਪਰਹੇਜ਼ ਕਰਦੀਆਂ ਰਹੀਆਂ ਸਨ। ਨਰਿੰਦਰ ਮੋਦੀ ਨੇ ਵੀ ਇਹ ਤੱਥ ਓਦੋਂ ਰੱਖੇ ਹਨ, ਜਦੋਂ ਉਸ ਦੀ ਗੈਰ-ਗੰਭੀਰ ਨੀਤੀ ਕਾਰਨ ਭੰਡੀ ਹੋਣ ਲੱਗ ਪਈ ਸੀ, ਪਰ ਜਦੋਂ ਰੱਖੇ ਹਨ ਤਾਂ ਉਨ੍ਹਾਂ ਦਾ ਅਸਰ ਪਿਆ ਹੈ। ਕਈ ਅਹਿਮ ਗੱਲਾਂ ਦਾ ਸਾਡੇ ਆਪਣੇ ਲੋਕਾਂ ਨੂੰ ਵੀ ਪਤਾ ਨਹੀਂ ਸੀ, ਬਾਕੀ ਸੰਸਾਰ ਦੇ ਲੋਕਾਂ ਨੂੰ ਪਤਾ ਹੋਣ ਦਾ ਸਵਾਲ ਹੀ ਨਹੀਂ। ਸਿਰਫ ਅਸੀਂ ਪੱਤਰਕਾਰ ਹੀ ਕਦੇ-ਕਦੇ ਉਨ੍ਹਾਂ ਦਾ ਜ਼ਿਕਰ ਕਰਦੇ ਸਾਂ ਤੇ ਕਈ ਲੋਕ ਓਦੋਂ ਪੜ੍ਹ ਕੇ ਹੱਸ ਛੱਡਦੇ ਹੋਣਗੇ।
ਇਹ ਸੱਚਾਈ ਯੂ ਐੱਨ ਓ ਵਿੱਚ ਪਹਿਲਾਂ ਵੀ ਪੇਸ਼ ਕੀਤੀ ਜਾਂਦੀ ਰਹੀ ਹੈ ਕਿ ਜੰਮੂ-ਕਸ਼ਮੀਰ ਉੱਤੇ ਭਾਰਤ ਦਾ ਕੋਈ ਕਬਜ਼ਾ ਨਹੀਂ, ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ਇੰਡੀਆ ਇੰਡੀਪੈਂਡੈਂਸ ਐਕਟ ਦੀਆਂ ਮੱਦਾਂ ਅਧੀਨ ਕਾਨੂੰਨੀ ਤੌਰ ਉੱਤੇ ਇਹ ਰਾਜ ਭਾਰਤ ਦਾ ਅੰਗ ਬਣਿਆ ਹੈ। ਬ੍ਰਿਟਿਸ਼ ਪਾਰਲੀਮੈਂਟ ਨੇ ਭਾਰਤ ਦੇ ਪੰਜ ਸੌ ਪੈਂਤੀ ਦੇਸੀ ਰਾਜਿਆਂ ਨੂੰ ਕਿਸੇ ਵੀ ਦੇਸ਼ ਵਿੱਚ ਮਿਲਣ ਦੀ ਖੁੱਲ੍ਹ ਦਿੱਤੀ ਸੀ ਤੇ ਪਾਕਿਸਤਾਨ ਦੇ ਤੰਗ ਕਰਨ ਉੱਤੇ ਜੰਮੂ-ਕਸ਼ਮੀਰ ਦੇ ਰਾਜੇ ਨੇ ਉਸ ਕਾਨੂੰਨ ਹੇਠ ਭਾਰਤ ਵਿੱਚ ਰਲੇਵੇਂ ਲਈ ਬਾਕਾਇਦਾ ਚਿੱਠੀ ਭੇਜੀ ਸੀ। ਦੂਸਰੇ ਪਾਸੇ ਪਾਕਿਸਤਾਨ ਜਿਹੜੇ ਕਸ਼ਮੀਰੀ ਖੇਤਰ ਉੱਤੇ ਕਾਬਜ਼ ਹੈ, ਉਹ ਕਸ਼ਮੀਰ ਦੇ ਭਾਰਤ ਨਾਲ ਰਲੇਵੇਂ ਤੋਂ ਪਹਿਲਾਂ ਫੌਜ ਚਾੜ੍ਹ ਕੇ ਕੀਤਾ ਉਸ ਦਾ ਨਾਜਾਇਜ਼ ਕਬਜ਼ਾ ਹੈ। ਪਿਛਲੇ ਸਾਲਾਂ ਵਿੱਚ ਇਹ ਗੱਲ ਪਾਕਿਸਤਾਨ ਚੁੱਕਦਾ ਰਿਹਾ ਕਿ ਕਸ਼ਮੀਰ ਵਿੱਚ ਰਾਏ-ਸ਼ੁਮਾਰੀ ਕਰਵਾਉਣ ਦਾ ਯੂ ਐੱਨ ਓ ਦਾ ਮਤਾ ਭਾਰਤ ਨੇ ਨਹੀਂ ਮੰਨਿਆ ਤੇ ਭਾਰਤ ਚੁੱਪ ਰਹਿੰਦਾ ਸੀ। ਅਸੀਂ ਕਈ ਵਾਰੀ ਇਹ ਗੱਲ ਲਿਖੀ ਸੀ ਕਿ ਮਤੇ ਵਿੱਚ ਦਰਜ ਹੈ ਕਿ ਰਾਏ-ਸ਼ੁਮਾਰੀ ਤੋਂ ਪਹਿਲਾਂ ਪਾਕਿਸਤਾਨ ਦੀ ਸਮੁੱਚੀ ਫੌਜ, ਅਰਧ-ਫੌਜੀ ਦਸਤੇ, ਪੁਲਸ ਤੇ ਸਿਵਲ ਦਾ ਅਮਲਾ ਓਥੋਂ ਕੱਢਿਆ ਜਾਵੇ, ਜਦ ਕਿ ਭਾਰਤ ਉੱਤੇ ਇਹ ਸ਼ਰਤ ਨਹੀਂ ਸੀ ਲਾਈ ਗਈ, ਸਗੋਂ ਇਸ ਦੀ ਜ਼ਿੰਮੇਵਾਰੀ ਲੱਗੀ ਸੀ ਕਿ ਰਾਏ-ਸ਼ੁਮਾਰੀ ਕਰਨ ਲਈ ਇਸ ਦਾ ਸਟਾਫ ਕੰਮ ਕਰੇਗਾ। ਭਾਰਤ ਵੱਲੋਂ ਇਹ ਨੁਕਤਾ ਕਦੇ ਨਹੀਂ ਉਭਾਰਿਆ ਗਿਆ। ਹੁਣ ਨਰਿੰਦਰ ਮੋਦੀ ਸਰਕਾਰ ਨੇ ਚੁੱਕਿਆ ਹੈ। ਕੀ ਪਾਕਿਸਤਾਨੀ ਹਾਕਮ ਓਥੇ ਰਾਏ-ਸ਼ੁਮਾਰੀ ਕਰਾਉਣ, ਜਿਸ ਵਿੱਚ ਨਤੀਜੇ ਦਾ ਯਕੀਨ ਕੋਈ ਨਹੀਂ, ਤੋਂ ਪਹਿਲਾਂ ਆਪਣੀ ਫੌਜ ਸਮੇਤ ਸਾਰਾ ਅਮਲਾ ਓਥੋਂ ਕੱਢਣ ਦਾ ਖਤਰਾ ਸਹੇੜਨ ਨੂੰ ਤਿਆਰ ਹੋਣਗੇ? ਇਹ ਗੱਲ ਹੋ ਹੀ ਨਹੀਂ ਸਕਦੀ।
ਦੂਸਰੀ ਗੱਲ ਇਹ ਕਿ ਬਲੋਚ ਲੋਕਾਂ ਦੀ ਕਿਸੇ ਹਮਾਇਤ ਜਾਂ ਵਿਰੋਧ ਦਾ ਮੁੱਦਾ ਭਾਰਤ ਨੇ ਹੁਣ ਉਠਾਇਆ ਹੈ, ਪਰ ਪਾਕਿਸਤਾਨ ਦੇ ਲਹਿੰਦੇ ਪਾਸੇ ਦੇ ਗਵਾਂਢੀ ਦੇਸ਼ ਇਹ ਮੁੱਦਾ ਇਸ ਦੇਸ਼ ਦੇ ਹੋਂਦ ਵਿੱਚ ਆਉਣ ਵੇਲੇ ਤੋਂ ਉਠਾਉਂਦੇ ਆਏ ਹਨ। ਬਹੁਤੇ ਲੋਕਾਂ ਨੂੰ ਇਹ ਗੱਲ ਪਤਾ ਨਹੀਂ ਕਿ ਜਦੋਂ ਵੱਖਰਾ ਦੇਸ਼ ਬਣਨ ਪਿੱਛੋਂ ਪਾਕਿਸਤਾਨ ਨੇ ਯੂ ਐੱਨ ਓ ਦੀ ਮੈਂਬਰੀ ਲੈਣੀ ਸੀ ਤਾਂ ਸਾਰੀ ਦੁਨੀਆ ਵਿੱਚੋਂ ਸਿਰਫ ਇੱਕ ਦੇਸ਼ ਨੇ ਇਸ ਨੂੰ ਮੈਂਬਰੀ ਦੇ ਖਿਲਾਫ ਵੋਟ ਪਾਈ ਸੀ ਤੇ ਉਹ ਇੱਕੋ ਇੱਕ ਦੇਸ਼ ਭਾਰਤ ਨਹੀਂ, ਪਾਕਿਸਤਾਨ ਦੇ ਲਹਿੰਦੇ ਪਾਸੇ ਦਾ ਅਫਗਾਨਿਸਤਾਨ ਸੀ। ਪਾਣੀਆਂ ਤੇ ਇਲਾਕੇ ਸਮੇਤ ਕਈ ਮਾਮਲਿਆਂ ਵਿੱਚ ਪਾਕਿਸਤਾਨ ਦਾ ਉਸ ਨਾਲ ਝਗੜਾ ਰਹਿੰਦਾ ਹੈ ਤੇ ਖੈਬਰ ਪਖਤੂਨਖਵਾ ਨੂੰ ਉਹ ਅੱਜ ਵੀ ਪਾਕਿਸਤਾਨ ਦਾ ਹਿੱਸਾ ਮੰਨਣ ਨੂੰ ਤਿਆਰ ਨਹੀਂ। ਅਮਰੀਕੀ ਮਦਦ ਨਾਲ ਅਫਗਾਨਿਸਤਾਨ ਵਿੱਚੋਂ ਰੂਸ ਪੱਖੀਆਂ ਦੀ ਸਰਕਾਰ ਪਲਟਾ ਕੇ ਜਦੋਂ ਪਾਕਿਸਤਾਨ ਨੇ ਮੁਜਾਹਿਦੀਨ ਦੀ ਸਰਕਾਰ ਬਣਵਾਈ ਤਾਂ ਉਸ ਸਰਕਾਰ ਨੇ ਵੀ ਖੈਬਰ ਪਖਤੂਨਖਵਾ ਨੂੰ ਪਾਕਿਸਤਾਨ ਦਾ ਅੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਹੋ ਕਾਰਨ ਸੀ ਕਿ ਫਿਰ ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਆਪੇ ਬਣਵਾਈ ਉਸ ਮੁਜਾਹਿਦੀਨ ਸਰਕਾਰ ਦਾ ਤਖਤਾ ਤਾਲਿਬਾਨ ਦਾ ਲਸ਼ਕਰ ਖੜਾ ਕਰ ਕੇ ਪਲਟਾਇਆ ਸੀ। ਫਿਰ ਤਾਲਿਬਾਨ ਦੇ ਵਿਰੁੱਧ ਅਮਰੀਕਾ ਦਾ ਸਾਥ ਦੇਂਦਿਆਂ ਵੀ ਪਾਕਿਸਤਾਨ ਆਪਣੀ ਨੀਤੀ ਉੱਤੇ ਚੱਲਦਾ ਰਿਹਾ ਸੀ। ਏਸੇ ਲਈ ਅਜੋਕੀ ਅਫਗਾਨਿਸਤਾਨ ਸਰਕਾਰ ਵੀ ਉਸ ਦੇ ਖਿਲਾਫ ਖੜੀ ਹੈ।
ਭਾਰਤ ਦੇ ਖਿਲਾਫ ਚਲਾਈ ਜਾਂਦੀ ਦਹਿਸ਼ਤਗਰਦੀ ਨੂੰ ਪਾਕਿਸਤਾਨੀ ਹਾਕਮ ਤੇ ਫੌਜੀ ਅਧਿਕਾਰੀ ਹਰ ਵਕਤ 'ਜੱਹਾਦ' ਦਾ ਨਾਂਅ ਦੇ ਕੇ ਇਸਲਾਮ ਦਾ ਮੁੱਦਾ ਬਣਾਉਂਦੇ ਹਨ, ਜਦ ਕਿ ਇਹ ਇੱਕ ਖੇਤਰੀ ਝਗੜਾ ਹੈ। ਇਹੋ ਝਗੜਾ ਅਫਗਾਨਿਸਤਾਨ ਨਾਲ ਵੀ ਚੱਲਦਾ ਹੈ, ਪਰ ਓਧਰ ਇਹ ਲੋਕ 'ਜੱਹਾਦ' ਦਾ ਨਾਂਅ ਕਦੇ ਨਹੀਂ ਦੇਂਦੇ। ਕਸ਼ਮੀਰ ਘਾਟੀ ਵਿੱਚ ਮਾਰੇ ਗਏ ਬੁਰਹਾਨੀ ਵਾਨੀ ਨਾਂਅ ਦੇ ਮੁੰਡੇ ਲਈ ਈਦ ਵਾਲੇ ਪਵਿੱਤਰ ਮੌਕੇ ਸਾਰੇ ਪਾਕਿਸਤਾਨ ਵਿੱਚ ਹਾਕਮ ਤੇ ਵਿਰੋਧੀ ਧਿਰ ਨੇ 'ਕਾਲਾ ਦਿਨ' ਇਹ ਕਹਿ ਕੇ ਮਨਾਇਆ ਕਿ ਉਹ 'ਜੱਹਾਦ' ਲਈ ਸ਼ਹੀਦ ਹੋਇਆ ਹੈ। ਇਸ ਸੋਚਣੀ ਦਾ ਜਵਾਬ ਇਤਿਹਾਸ ਦੇ ਪੰਨਿਆਂ ਵਿੱਚ ਪਿਆ ਹੈ ਤੇ ਉਹ ਪਾਕਿਸਤਾਨ ਨੂੰ ਯਾਦ ਰੱਖਣਾ ਚਾਹੀਦਾ ਹੈ। ਪਾਕਿਸਤਾਨ ਦੀ ਹੋਂਦ ਕਾਇਮ ਹੋਣ ਪਿੱਛੋਂ ਜਦੋਂ ਉਨ੍ਹਾਂ ਨੇ ਕਸ਼ਮੀਰ ਘਾਟੀ ਵਿੱਚ ਆਪਣੀ ਫੌਜ ਵਾੜੀ ਸੀ, ਉਸ ਨੂੰ ਇਸਲਾਮ ਦੇ ਨਾਂਅ ਉੱਤੇ 'ਜੱਹਾਦ' ਹੀ ਕਹਿੰਦੇ ਹੁੰਦੇ ਸਨ, ਪਰ ਇਸ 'ਜੱਹਾਦ' ਦਾ ਰਾਹ ਰੋਕਣ ਲਈ ਜਿਹੜੀ ਭਾਰਤੀ ਫੌਜ ਮੂਹਰੇ ਕੰਧ ਬਣ ਕੇ ਖੜੋਤੀ ਸੀ, ਉਸ ਵਿੱਚ ਮੁਹੰਮਦ ਉਸਮਾਨ ਅਲੀ ਨਾਂਅ ਦਾ ਇੱਕ ਮੁਸਲਮਾਨ ਬ੍ਰਿਗੇਡੀਅਰ ਵੀ ਸੀ। ਇਸਲਾਮੀ ਝੰਡੇ ਹੇਠ ਬਣੇ ਦੇਸ਼ ਪਾਕਿਸਤਾਨ ਨਾਲ ਖੜੋਣ ਦੀ ਥਾਂ ਧਰਮ-ਨਿਰਪੱਖ ਭਾਰਤ ਵੱਲੋਂ ਲੜਦੇ ਹੋਏ ਕਸ਼ਮੀਰ ਘਾਟੀ ਦੇ ਮੋਰਚੇ ਉੱਤੇ ਬ੍ਰਿਗੇਡੀਅਰ ਮੁਹੰਮਦ ਉਸਮਾਨ ਅਲੀ ਨੇ ਜਾਨ ਕੁਰਬਾਨ ਕੀਤੀ ਸੀ ਤੇ ਇਸ ਬਹਾਦਰੀ ਬਦਲੇ ਉਸ ਨੂੰ 'ਮਹਾਂਵੀਰ ਚੱਕਰ' ਨਾਲ ਸਨਮਾਨਿਆ ਗਿਆ ਸੀ। ਇਹ ਵੀ ਇਤਿਹਾਸ ਦੇ ਅਗਲੇ ਪੜਾਵਾਂ ਦੀ ਸ਼ੁਰੂਆਤ ਸੀ।
ਬਾਅਦ ਵਿੱਚ ਜਦੋਂ ਦੂਸਰੀ ਵਾਰੀ ਭਾਰਤ ਤੇ ਪਾਕਿਸਤਾਨ ਆਹਮੋ ਸਾਹਮਣੇ ਹੋਏ ਤਾਂ ਪੰਜਾਬ ਵਿੱਚ ਖੇਮਕਰਨ ਸੈਕਟਰ ਵਿੱਚ ਆਸਲ ਉਤਾੜ ਅਤੇ ਚੀਮਾ ਖੁਰਦ ਪਿੰਡਾਂ ਵਿਚਾਲੇ ਵੱਡੀ ਟੱਕਰ ਹੋਈ ਸੀ। ਜਦੋਂ ਪਾਕਿਸਤਾਨ ਦੇ ਅੱਸੀ ਤੋਂ ਵੱਧ ਟੈਂਕ ਚੜ੍ਹ ਆਏ ਤੇ ਉਨ੍ਹਾਂ ਨੇ ਇਹ ਸਮਝ ਲਿਆ ਕਿ ਸਾਡੇ ਅੱਗੇ ਕੋਈ ਸਿਰ ਨਹੀਂ ਚੁੱਕ ਸਕਦਾ, ਜੀਪ ਉੱਤੇ ਲਾਈ ਤੋਪ ਵਾਲੀਆਂ ਸਿਰਫ ਚਾਰ ਟੀਮਾਂ ਨੇ ਉਨ੍ਹਾਂ ਨੂੰ ਚੁਫੇਰਿਓਂ ਗੋਲਾਬਾਰੀ ਕਰ ਕੇ ਭਾਜੜ ਪਾ ਦਿੱਤੀ ਸੀ। ਇਸ ਜੰਗ ਵਿੱਚ ਸੱਤ ਟੈਂਕ ਤੋੜ ਕੇ ਜਾਨ ਵਾਰਨ ਵਾਲੇ ਅਬਦੁਲ ਹਮੀਦ ਦੀ ਬਹਾਦਰੀ ਦੀ ਚਰਚਾ ਓਦੋਂ ਸੰਸਾਰ ਭਰ ਵਿੱਚ ਹੁੰਦੀ ਰਹੀ ਸੀ। ਭਾਰਤ ਸਰਕਾਰ ਨੇ ਉਸ ਨੂੰ ਸਭ ਤੋਂ ਵੱਡਾ ਬਹਾਦਰੀ ਇਨਾਮ ਪਰਮਵੀਰ ਚੱਕਰ ਦੇਣ ਦਾ ਐਲਾਨ ਕੀਤਾ ਸੀ ਤੇ ਆਸਲ ਉਤਾੜ ਤੇ ਚੀਮਾ ਖੁਰਦ ਦੇ ਵਿਚਾਲੇ ਅਬਦੁਲ ਹਮੀਦ ਦੀ ਸਮਾਧੀ ਦੋਵਾਂ ਦੇਸ਼ਾਂ ਦੀ ਸਰਹੱਦ ਤੋਂ ਸਿਰਫ ਚਾਰ ਕਿਲੋਮੀਟਰ ਦੂਰ ਅੱਜ ਵੀ ਮੌਜੂਦ ਹੈ। ਇਸ ਲੜਾਈ ਪਿੱਛੋਂ ਭਾਰਤੀ ਫੌਜ 'ਆਸਲ ਉਤਾੜ' ਪਿੰਡ ਨੂੰ 'ਅਸਲ ਉੱਤਰ' ਕਹਿ ਕੇ ਵਡਿਆਉਣ ਲੱਗ ਪਈ ਅਤੇ ਇਸ ਨਵੇਂ ਨਾਂਅ ਲਈ ਅਬਦੁਲ ਹਮੀਦ ਨੇ ਉਸ ਪਾਕਿਸਤਾਨ ਦੇ ਖਿਲਾਫ ਲੜਦਿਆਂ ਜਾਨ ਦਿੱਤੀ ਸੀ, ਜਿਹੜਾ ਹਰ ਭਾਰਤ-ਵਿਰੋਧੀ ਛੇੜਖਾਨੀ ਨੂੰ 'ਜੱਹਾਦ' ਕਹੀ ਜਾ ਰਿਹਾ ਹੈ।
ਜਦੋਂ ਇਹ ਸਤਰਾਂ ਲਿਖੀਆਂ ਜਾ ਰਹੀਆਂ ਹਨ, ਇਸ ਵਕਤ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦਾ ਤਨਾਅ ਸਿਖਰਾਂ ਛੋਹ ਰਿਹਾ ਹੈ। ਕਈ ਲੋਕ ਇਸ ਵਿੱਚ ਇੱਕ ਹੋਰ ਜੰਗ ਦੀ ਝਲਕ ਵੇਖਦੇ ਹਨ। ਜੰਗਾਂ ਦੇ ਵਿਰੋਧੀ ਹੋਣ ਕਾਰਨ ਅਸੀਂ ਇਹ ਸਮਝਦੇ ਹਾਂ ਕਿ ਤਨਾਅ ਨੂੰ ਟਾਲਿਆ ਜਾਂ ਹੱਦਾਂ ਵਿੱਚ ਰੱਖਿਆ ਜਾ ਸਕਦਾ ਹੈ। ਕੱਲ੍ਹ ਨੂੰ ਕੀ ਹੋਵੇਗਾ, ਇਸ ਦਾ ਪਤਾ ਨਹੀਂ, ਪਰ ਇਹ ਗੱਲ ਪੱਕੀ ਹੈ ਕਿ ਜਿਵੇਂ ਭਾਰਤ ਨਾਲ ਵਿਰੋਧਾਂ ਨੂੰ ਪਾਕਿਸਤਾਨ ਹਰ ਵਾਰ ਸਿਰਫ ਇਸਲਾਮ ਦੇ ਨਾਲ ਜੋੜਦਾ ਹੈ, ਉਸ ਦੀ ਇਹ ਪਹੁੰਚ ਅਤੇ ਸੋਚ ਭਾਰਤ ਦੇ ਲੋਕ ਕਦੇ ਵੀ ਅੱਗੇ ਨਹੀਂ ਵਧਣ ਦੇਣਗੇ। ਇਸ ਵਾਰੀ ਇਹ ਗੱਲ ਚੰਗੀ ਹੋਈ ਹੈ ਕਿ ਭਾਰਤ ਵਿੱਚੋਂ ਇਸਲਾਮੀ ਆਗੂਆਂ ਨੇ ਪਾਕਿਸਤਾਨ ਦੀ 'ਜੱਹਾਦ' ਵਾਲੀ ਇਸ ਮੁਹਾਰਨੀ ਦਾ ਵਿਰੋਧ ਕਿਸੇ ਵੀ ਹੋਰ ਤੋਂ ਵੱਧ ਤਿੱਖੇ ਰੌਂਅ ਵਿੱਚ ਕੀਤਾ ਹੈ। ਜਿਹੜੇ ਭਾਰਤ ਦੇ ਲੋਕਾਂ ਵਿੱਚ ਬ੍ਰਿਗੇਡੀਅਰ ਮੁਹੰਮਦ ਉਸਮਾਨ ਅਲੀ ਤੇ ਹਵਾਲਦਾਰ ਅਬਦੁੱਲ ਹਮੀਦ ਦੀ ਵਿਰਾਸਤ ਦਾ ਮਾਣ ਕਰਨ ਵਾਲੇ ਲੋਕ ਮੌਜੂਦ ਹੋਣ, ਓਥੇ ਵਕਤੀ ਉਬਾਲੇ ਤਾਂ ਜਿੰਨੇ ਵੀ ਆਉਂਦੇ ਰਹਿਣ, ਫਿਰਕਾ ਪ੍ਰਸਤੀ ਵਾਲੀ ਪੱਕੀ ਜੜ੍ਹ ਲੱਗ ਸਕਣ ਦੀ ਗੁੰਜਾਇਸ਼ ਕਦੀ ਨਹੀਂ ਹੋ ਸਕਦੀ। ਭਾਰਤ ਦੀ ਮਹਾਨਤਾ ਅਤੇ ਮਜ਼ਬੂਤੀ ਦੀ ਸਭ ਤੋਂ ਵੱਡੀ ਬੁਨਿਆਦ ਹੀ ਇਹੋ ਹੈ।
25 Sep 2016