ਬਾਬਾ ਮੱਖਣ ਸ਼ਾਹ ਲੁਬਾਣਾ - ਰਵੇਲ ਸਿੰਘ ਇਟਲੀ

ਇੱਕ ਵਪਾਰੀ ਬੜਾ ਸਿਆਣਾ।
ਨਾਂ ਸੀ ਮੁੱਖਣ ਸ਼ਾਹ ਲੁਬਾਣਾ।
ਗੁਰੂ ਘਰ ਦਾ ਸੀ ਸੇਵਾਦਾਰ,
ਸਿੱਖੀ ਨੂੰ ਕਰਦਾ ਸੀ ਪਿਆਰ।
ਦੇਸ਼ ਵਿਦੇਸ਼ੀ  ਜਦ ਵੀ ਜਾਵੇ,
ਬਾਹਰੋਂ ਭਰ ਕੇ ਮਾਲ ਲਿਆਵੇ,
ਦੱਸਾਂ ਨਹੂਆਂ ਦੀ ਕਿਰਤ ਕਮਾਵੇ।
ਗੁਰੂ ਘਰ ਵਿੱਚ ਦਸਵੰਧ ਚੜ੍ਹਾਵੇ।
ਇੱਕ ਵਾਰ ਜਦੋਂ ਵਿਦੇਸ਼ੋਂ ਆਇਆ,
ਬੇੜਾ ਭਰ ਕੇ ਮਾਲ ਲਿਆਇਆ।
ਸਾਗਰ ਵਿੱਚ ਆਇਆ ਤੂਫਾਨ,
ਸੱਭ ਦੀ ਸੀ ਮੁੱਠੀ ਵਿੱਚ ਜਾਨ।
ਮੱਖਣ ਸ਼ਾਹ ਨੂੰ ਸਮਝ ਨਾ ਆਵੇ,
ਬੇੜੇ ਨੂੰ ਕਿੰਝ ਬੰਨੇ ਲਾਵੇ।
ਜਦ ਮੁਕ ਗਈ ਹਰ ਪਾਸਿਉਂ ਆਸ,
ਮੁੱਖਣ ਸ਼ਾਹ ਕੀਤੀ ਅਰਦਾਸ,
ਸੱਚੇ ਸਤਿਗੁਰ ਨਾਨਕ ਪਾਸ।
 ਮਨ ਚੋਂ ਹੋ ਕੇ ਬਹੁਤ ਨਿਰਾਸ ।
ਜੇ ਇੱਸ ਮੁਸ਼ਕਲ ਤੋਂ ਬੱਚ ਜਾਂਵਾਂ,
ਸਤਿਗੁਰ ਤੇਰੇ ਦਰ ਤੇ ਆਵਾਂ,
ਪੰਜ ਸੌ ਮੁਹਰਾਂ ਭੇਟ ਚੜ੍ਹਾਵਾਂ।
 ਹੇ ਸਤਿਗੁਰ ਤੇਰੇ ਦਰਬਾਰ।
ਹੇ ਮੇਰੀ ਸੱਚੀ ਸਰਕਾਰ।
ਮੇਰੇ ਤੇ ਹੁਣ ਕਰ ਉਪਕਾਰ।
ਹੋਇਆ ਹਾਂ ਡਾਢਾ ਲਾਚਾਰ।
ਸਤਿਗੁਰ ਬੇੜਾ ਬੰਨੇ ਲਾਇਆ।
ਮੱਖਣ ਸ਼ਾਹ ਨੇ ਸ਼ੁਕਰ ਮਨਾਇਆ,
ਅੱਠਵੇਂ ਸਤਿਗੁਰੂ ਪ੍ਰੀਤਮ ਬਾਲਾ,
ਸੱਚ ਖੰਡ ਨੂੰ ਜਦ ਪਾ ਗਏ ਚਾਲਾ,
ਕਹਿ ਗਏ,ਸਤਿਗਰ ਮਿਹਰਾਂ ਵਾਲੇ,
ਗੁਰੂ ਬਾਬਾ ਹੈ ਵਿੱਚ ਬਕਾਲੇ,
ਮੱਖਣ ਸ਼ਾਹ ਨੇ ਸ਼ੁਕਰ ਮਨਾਇਆ।
ਸਿੱਧਾ ਚੱਲ ਬਕਾਲੇ ਆਇਆ।
ਜਿੱਥ ਬੈਠੇ ਗੱਦੀਆ ਲਾਈ,
ਗੂਰੂ ਬਣੇ ਸਨ ਝੂਠੇ ਬਾਈ।
ਮੱਖਣ ਸ਼ਾਹ ਨੂੰ ਸਮਝ ਨਾ ਆਵੇ।
ਕਿਹੜੇ ਗੁਰੂ ਦੇ ਭੇਟ ਚੜ੍ਹਾਵੇ।
ਫਿਰ ਉੱਸ ਨੂੰ ਸੁੱਝੀ ਤਰਕੀਬ,
 ਖੋਲ੍ਹ ਗਏ ਉਸਦੇ ਅਸਲ ਨਸੀਬ,
ਪੰਜ ਪੰਜ ਮੋਹਰਾਂ ਮੱਥਾ ਟੇਕੇ,
ਕੌਣ ਗੁਰੂ ਹੈ ਅਸਲੀ ਵੇਖੇ।
ਮੁਹਰਾਂ ਵੇਖ ਕੇ ਖੁਸ਼ ਸੀ ਸਾਰੇ,
ਭੁੱਖੇ ਸੱਭ ਲਾਲਚ ਦੇ ਮਾਰੇ।
ਮੱਖਣ ਸ਼ਾਹ ਨੂੰ ਸਮਝ ਨਾ ਆਵੇ,
ਪੰਜ ਸੌ ਮੁਹਰਾਂ ਕਿਵੇਂ ਚੜ੍ਹਾਵੇ।
ਫਿਰ ਸੀ ਦੱਸ ਕਿਸੇ ਨੇ ਪਾਈ,
ਤੇਗਾ ਤੇਗਾ ਨਾਮ ਹੈ ਭਾਈ,
ਭੋਰੇ ਵਿੱਚ ਸਮਾਧੀ ਲਾਈ।
ਰਹਿੰਦਾ ਹੈ ਉਹ ਵਿੱਚ ਇਕਾਂਤ,
ਠੰਡਾ ਠਾਰ ਤੇ ਮਨ ਦਾ ਸ਼ਾਂਤ।
ਮੱਖਣ ਸ਼ਾਹ ਨੇ ਦਰਸ਼ਨ ਪਾਇਆ,
ਜਾ ਕੇ ਸੀ ਜਦ ਸੀਸ ਨਿਵਾਇਆ।
ਪੰਜ ਮੁਹਰਾਂ ਜਦ ਧਰੀਆਂ ਅੱਗੇ,
ਸੱਚੇ ਸਤਿ ਗੁਰ ਆਖਣ ਲੱਗੇ।
ਸਿੱਖਾ ਕੀਤਾ ਬਚਨ ਨਿਭਾ,
ਪੰਜ ਸੌ ਮੁਹਰਾਂ ਭੇਟ ਚੜ੍ਹਾ।
ਪੰਜ ਸੌ ਮੁਹਰਾਂ ਅੱਗੇ ਧਰਕੇ,
ਸਤਿਗੁਰ ਦਾ ਸ਼ੁਕਰਾਨਾ ਕਰਕੇ,
ਮੱਖਣ ਸ਼ਾਹ ਖੁਸ਼ੀ ਵਿੱਚ ਆਇਆ,
ਕੋਠੇ ਚੜ੍ਹ ਕੇ ਰੌਲਾ ਪਾਇਆ।
ਆ ਜਾਓ ਸੰਤੋ ਸਾਧੋ ਰੇ,
ਗੁਰ ਲਾਧੋ ਰੇ ਗੁਰ ਲਾਧੋ ਰੇ।
ਧੰਨ ਆਖੋ ਗੁਰੂ ਤੇਗ ਬਹਾਦਰ,
ਤੇਗ ਬਹਾਦਰ ਹਿੰਦ ਦੀ ਚਾਦਰ।
ਮੱਖਣ ਸ਼ਾਹ ਸੀ ਸ਼ਾਹ ਪੁਰਾਣਾ,
ਵਧੇ ਫੁਲੇ ਇਹ ਕੌਮ ਲੁਬਾਣਾ।

ਰਵੇਲ ਸਿੰਘ ਇਟਲੀ ਹਾਲ ਕੈਨੇਡਾ

29 Aug. 2018