ਵਿਸ਼ਵਾਸ਼ - ਅਰਸ਼ਪ੍ਰੀਤ ਸਿੱਧੂ
ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਵਿਸ਼ਵਾਸ ਹੋਵੇ ਤਾ ਆਪਾਂ ਰੱਬ ਨੂੰ ਵੀ ਪਾ ਸਕਦੇ ਹਾਂ। ਮੇਰੇ ਅੱਖੀ ਦੇਖਣ ਦੀ ਗੱਲ ਹੈ ਕੁਝ ਕੁ ਵਰ੍ਹੇ ਪਹਿਲਾ ਦੀਪਕ ਦਾ ਪਰਿਵਾਰ ਪਿੰਡੋ ਸ਼ਹਿਰ ਵਿੱਚ ਆ ਵਸਿਆ। ਦੀਪਕ ਦੀ ਧਰਮ ਪਤਨੀ ਬਹੁਤ ਹੀ ਮਿੱਠੜੇ ਸੁਭਾਅ ਦੀ ਮਾਲਿਕ ਸੀ। ਮੈਂ ਉਸ ਔਰਤ ਨੂੰ ਜਿੰਦਗੀ ਵਿੱਚ ਹਮੇਸ਼ਾ ਮੁਸਕਰਾਉਂਦੇ ਹੋਏ ਦੇਖਿਆ। ਦੀਪਕ ਪਿੰਡ ਤੋਂ ਨਿਕਲ ਕੇ ਸ਼ਹਿਰ ਵਿੱਚ ਵਸਣ ਕਾਰਨ ਆਪਣੇ ਆਪ ਨੂੰ ਕੁਝ ਜਿਆਦਾ ਹੀ ਮਾਡਰਨ ਸਮਝਣ ਲੱਗ ਪਿਆ। ਉਸ ਨੂੰ ਹੁਣ ਆਪਣੇ ਘਰ ਵਾਲੀ ਇੱਕ ਪੇਂਡੂ ਤੇ ਅਨਪੜ੍ਹ ਕੁੜੀ ਜਾਪਣ ਲੱਗ ਗਈ ਸੀ। ਦੀਪਕ ਨੇ ਆਪਣੇ ਘਰਵਾਲੀ ਅਤੇ 3 ਕੁ ਸਾਲ ਦੀ ਕੁੜੀ ਨੂੰ ਛੱਡ ਕਿਸੇ ਪ੍ਰਾਈਵੇਟ ਨੌਕਰੀ ਤੇ ਕੰਮ ਕਰਦੀ ਕੁੜੀ ਨਾਲ ਵਿਆਹ ਕਰਵਾ ਲਿਆ। ਓਧਰ ਦੀਪਕ ਦੀ ਘਰਵਾਲੀ ਰੱਬ ਦੀ ਰਜ੍ਹਾ ਸਮਝ ਸਭ ਕੁਝ ਬਰਦਾਸ਼ਤ ਕਰਦੀ ਰਹੀ ਪਰ ਉਸਨੂੰ ਰੱਬ ਤੇ ਬਹੁਤ ਯਕੀਨ ਸੀ ਕਿ ਇੱਕ ਨਾ ਇੱਕ ਦਿਨ ਉਸਦਾ ਘਰਵਾਲਾ ਉਸ ਕੋਲ ਜਰੂਰ ਵਾਪਿਸ ਆਵੇਗਾ। ਉਹ ਰੋਜਾਨਾ ਘਰ ਵਿੱਚ ਜੋ ਵੀ ਚੀਜ ਬਣਾਉਂਦੀ ਆਪਣੇ ਘਰਵਾਲੇ ਦਾ ਹਿੱਸਾ ਜਰੂਰ ਬਣਾਉਂਦੀ। ਮੈਂ ਬਹੁਤ ਵਾਰ ਉਸ ਨੂੰ ਮੇਜ ਤੇ ਚਾਹ ਦੇ 2 ਕੱਪ ਰੱਖਦਿਆ ਦੇਖਿਆ ਤੇ ਪੁੱਛਣ ਤੇ ਉਸਨੇ ਕਿਹਾ ਇਹ ਦੀਪਕ ਜੀ ਦਾ। ਉਹ ਸਾਨੂੰ ਛੱਡ ਕੇ ਗਿਆ ਹੈ ਪਰ ਮੇਰੇ ਘਰ ਵਿੱਚ ਤਾ ਅਕਸਰ ਉਸਦੀ ਮੌਜੂਦਗੀ ਰਹਿੰਦੀ ਹੈ। ਸਿਆਣਿਆ ਸੱਚ ਕਿਹਾ ਜੇ ਵਿਸ਼ਵਾਸ਼ ਹੋਵੇ ਤਾ ਰੱਬ ਆਪ ਆ ਕੇ ਮਦਦ ਕਰਦਾ। 10 ਕੁ ਵਰ੍ਹੇ ਬੀਤਣ ਤੋਂ ਬਾਅਦ ਦੀਪਕ ਨਾਲ ਵਿਆਹੀ ਪ੍ਰਾਈਵੇਟ ਨੋਕਰੀ ਵਾਲੀ ਕੁੜੀ ਦੀਪਕ ਨੂੰ ਛੱਡ ਕਿਸੇ ਹੋਰ ਮੁੰਡੇ ਨਾਲ ਕੈਨੇਡਾ ਚਲੀ ਗਈ। ਦੀਪਕ ਦਾ ਸਭ ਕੁਝ ਬਰਬਾਦ ਹੋ ਚੁੱਕਾ ਸੀ। ਪਹਿਲਾ ਤਾ ਉਸਨੇ ਮਰਨ ਬਾਰੇ ਸੋਚਿਆ ਪਰ ਫੇਰ ਪਤਾ ਨਹੀ ਉਸਨੂੰ ਕਿਵੇ ਆਪਣੀ ਧੀ ਨੂੰ ਮਿਲਣ ਦਾ ਦਿਲ ਕੀਤਾ ਤੇ ਉਹ ਵਾਪਿਸ ਆਪਣੇ ਪੁਰਾਣੇ ਘਰ ਆ ਗਿਆ। ਦੀਪਕ ਨੂੰ ਸਾਹਮਣੇ ਦੇਖ ਉਸਦੀ ਘਰਵਾਲੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਜਦੋਂ ਦੀਪਕ ਨੇ ਆਪਣੇ ਘਰ ਅੰਦਰ ਦਾਖਿਲ ਹੋ ਕੇ ਆਪਣੇ ਕਮਰੇ ਦਾ ਹਾਲ ਦੇਖਿਆ ਤਾ ਉੱਚੀ ਉੱਚੀ ਭੁੱਬਾ ਮਾਰਨ ਲੱਗ ਗਿਆ ਕਿਉਂਕਿ ਉਸਦੇ ਕਮਰੇ ਦੀ ਹਰ ਚੀਜ ਉਸਦੀ ਨਿੱਤ ਦੀ ਮੌਜੂਦਗੀ ਹੋਣ ਦਾ ਅਹਿਸਾਸ ਕਰਵਾ ਰਹੀ ਸੀ। ਦੀਪਕ ਆਪਣੇ ਘਰਵਾਲੀ ਦੇ ਪੈਰੀ ਡਿੱਗ ਉਸ ਤੋ ਮੁਆਫੀ ਮੰਗਣ ਲੱਗਾ ਉਸਦੀ ਘਰਵਾਲੀ ਨੇ ਉਸਨੂੰ ਸੰਭਾਲ ਦੇ ਹੋਏ ਕਿਹਾ ਤੁਸੀ ਤਾ ਹਮੇਸਾ ਮੇਰੇ ਨਾਲ ਸੀ, ਤੁਹਾਡਾ ਸਰੀਰ ਹੀ ਵੱਖ ਸੀ, ਅੱਜ ਮੇਰੇ ਰੱਬ ਨੇ ਮੈਨੂੰ ਸਭ ਕੁਝ ਵਾਪਿਸ ਦੇ ਦਿੱਤਾ। ਦੀਪਕ ਹੁਣ ਆਪਣੀ ਬੇਟੀ ਅਤੇ ਆਪਣੀ ਘਰਵਾਲੀ ਨਾਲ ਖੁਸ਼ੀਆ ਭਰਿਆ ਜੀਵਣ ਬਤੀਤ ਕਰ ਰਿਹਾ ਹੈ। ਸੁਣਿਆ ਵਿਸਵਾਸ਼ ਦਿਖਦਾ ਨਹੀ ਹੁੰਦਾ ਪਰ ਰੱਬ ਤੇ ਕੀਤਾ ਵਿਸਵਾਸ਼ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਪੂਰਾ ਹੁੰਦਾ ਹੈ।
ਅਰਸ਼ਪ੍ਰੀਤ ਸਿੱਧੂ
94786-22509