ਜਾਂਦੇ ਜਾਂਦੇ ....... - ਰਵੇਲ ਸਿੰਘ ਇਟਲੀ
ਕੈਨੇਡਾ ਫੇਰੀ ਤੋਂ ਵਾਪਸੀ ਦਾ ਦਿਨ ਆ ਹੀ ਗਿਆ ਹੈ। ਹੁਣ ਇਟਲੀ ਜਾਕੇ, ਫਿਰ ਆਪਣੇ ਪਿਆਰੇ ਪੰਜਾਬ ਦੀ ਧਰਤੀ ਨੂੰ ਜਾ ਪ੍ਰਣਾਮ ਕਰਾਂਗਾ।ਇੱਥੇ ਰਹਿੰਦਿਆਂ ਤਿੰਨ ਮਹੀਨੇ ਦਾ ਸਮਾਂ ਸੁਪਨੇ ਵਾਂਗੋਂ ਹੀ ਲੰਘ ਗਿਆ,ਇੱਸ ਸਮੇਂ ਵਿੱਚ ਸਮੇਂ ਵਿੱਚ ਇੱਥੇ ਰਹਿ ਕੇ ਇਸ ਦੇਸ਼ ਬਾਰੇ ਜਿਨ੍ਹਾਂ ਕੁ ਜਾਣਿਆ ਹੈ ਸਮਝਿਆ ਹੈ ,ਇਸ ਬਾਰੇ ਬਹੁਤ ਕੁੱਝ ਕਿਤੇ ਫਿਰ ਲਿਖਾਂਗਾ।ਮੇਰੇ ਵਾਂਗ ਪੰਜਾਬ ਤੋਂ ਇੱਥੇ ਆਪਣਿਆਂ ਸਾਕ ਸਬੰਧੀਆਂ ਨੂੰ ਸਾਡੇ ਵਾਂਗ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਆਪਣਾ ਨੀਯਤ ਸਮਾ ਗੁਜ਼ਾਰ ਕੇ ਵਾਪਸ ਪਰਤ ਜਾਂਦੇ ਹਨ। ਨਿੱਤ ਸੈਰ ਕਰਨ ਜਾਂਦਿਆਂ ਨਵੇਂ ਨਵੇਂ ਲੋਕਾਂ ਨਾਲ ਵਾਕਫੀ ਹੁੰਦੀ ਹੈ। ਪਾਰਕਾਂ ਵਿੱਚ ਬੈਠੇ ਲੋਕ ਜਦ ਗੱਲਾਂ ਬਾਤਾਂ ਵਿੱਚ ਸਮਾ ਬਤੀਤ ਕਰਦੇ ਹਨ ਤਾਂ ਪਿੰਡਾਂ ਦੀ ਸੱਥਾਂ ਦੀ ਯਾਦ ਆਏ ਬਿਨਾਂ ਨਹੀਂ ਰਹਿੰਦੀ।ਪਾਰਕ ਵਿੱਚ ਬਣੀ ਲੱਕੜੀ ਦੀ ਝੌਪੜੀ ਜਿੱਸ ਨੂੰ ਹਾਸੇ ਨਾਲ ,ਮਿੱਤਰਾਂ ਛਤਰੀ, ਕਹਿੰਦੇ ਹਨ ਉੱਸ ਹੇਠ ਢਾਣੀਆਂ ਬਣਾ ਕੇ ਬੈਠੇ ਬਜ਼ੁਰਗਾਂ ਦੀਆਂ ਤਾਸ਼ਾਂ ਦੀਆਂ ਬਾਜ਼ੀਆਂ ਲਗਦੀਆਂ ਹਨ,ਤਾਂ ਜਿੱਤ ਹਾਰ ਨਾਲ ਤਾੜੀਆਂ ਤੇ ਹਾਸਿਆਂ ਦੇ ਫੁਹਾਰੇ ਛੁੱਟਦੇ ਹਨ। ਕਿਸੇ ਪਾਸੇ ਪੰਜਾਬ ਦੀ ਅਜੋਕੀ ਸਿਆਸਤ ਬਾਰੇ ਖੱਟੀਆਂ ਮਿੱਠੀਆਂ ਗੱਲਾਂ ਹੁੰਦੀਆਂ ਹਨ।ਕੁੱਝ ਨਵਾਂ ਲਿਖਣ ਲਈ ਚੰਗਾ ਸ਼ਾਂਤ ਮਾਹੌਲ ਵੀ ਮਿਲਦਾ ਰਿਹਾ ਹੈ।
ਇਸੇ ਸਮੇਂ ਵਿੱਚ ਹੀ ਪ੍ਰਸਿੱਧ ਪਾਕਿਸਤਾਨੀ ਲੋਕ ਕਵੀ ਬਸ਼ੀਰ ਅਹਿਮਦ ਉਰਫ,ਬਾਬਾ ਨਜਮੀ ਜੀ ਨੂੰ ਸੁਣਨ ਦਾ ਸੁਨਹਿਰੀ ਮੌਕਾ ਇੱਥੇ ਆਕੇ ਮਿਲਿਆ।ਕਈ ਅਖਬਾਰਾਂ ਦੇ ਸੰਪਾਦਕਾਂ ਤੇ ਟੈਲੀਵੀਜ਼ਨਾਂ ਦੇ ਸੰਚਾਲਕਾਂ ਨੂੰ ਵੇਖਣ ਸੁਣਨ ਦਾ ਮੌਕਾ ਮਿਲਿਆ ਜਿਨ੍ਹਾਂ ਵਿੱਚੋਂ ਇਕਬਾਲ ਮਾਹਲ ਦਾਂ ਨਾਮ ਵਰਨਣ ਯੋਗ ਹੈ।ਹੋਰ ਵੀ ਕਈ ਨਵੀਆਂ ਨਵੀਆਂ ਸ਼ਖਸੀਅਤਾਂ ਜਿਨ੍ਹਾਂ ਵਿੱਚ ਸ.ਟਹਿਲ ਸਿੰਘ ਬ੍ਰਾੜ ਜਿਨ੍ਹਾਂ ਦੇ ਉਦਮ ਨਾਲ ਮੈਨੂੰ ਬਾਬਾ ਨਜਮੀ ਦੇ ਪ੍ਰੋਗ੍ਰਾਮ ਨੂੰ ਵੇਖਣ ਦਾ ਇਹ ਮੌਕਾ ਮਿਲਿਆ ਵੀ ਉਨ੍ਹਾਂ ਦਾ ਮੈਂ ਤਹਿ ਦਿਲੋਂ ਰਿਣੀ ਹਾਂ। ਇਕ ਦਿਨ ਪੰਜਾਬੀ ਸਭਿਆਚਾਰ ਦਾ ਇੱਥੇ ਇੱਕ ਰੰਗਾ ਰੰਗ ਪ੍ਰੋਗ੍ਰਾਮ ਵੇਖਣ ਦਾ ਬੜਾ ਸ਼ਾਨਦਾਰ ਮੌਕਾ ਮਿਲਿਆ।ਪੰਜਾਬੀਆਂ ਦੀ ਇਸ ਦੇਸ਼ ਵਿੱਚ ਬੱਲੇ ਬੱਲੇ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਕੁੱਝ ਸਮਾਂ ਇੱਥੇ ਰਹਿ ਰਹੇ ਆਪਣੇ ਸਾਕ ਸਬੰਧੀਆਂ ਨੂੰ ਮਿਲਣ ਆਏ ਲੋਕ ਜਿਨ੍ਹਾਂ ਵਿੱਚ ਬਹੁਤ ਪੜ੍ਹੇ ਲਿਖੇ ਵਿਦਵਾਨ ਅਤੇ ਉੱਚ ਅਹੁਦਿਆਂ ਤੋਂ ਸੇਵਾ ਮੁਕਤ ਅਦਧਕਾਰੀ ਵੀ ਮਿਲੇ ਹਨ। ਜਿਨ੍ਹਾਂ ਵਿੱਚੋਂ ਬੜੇ ਹੀ ਮਿਲਾਪੜੇ ਸੁਭਾ ਦੇ ਸ. ਕਰਮ ਸਿੰਘ ਧਾਲੀਵਾਲ ਜੀ, ਸੇਵਾ ਮੁਕਤ ਐਕਸੀਅਨ, ਸੋਇਲ ਕਨਜ਼ਰਵੇਸ਼ਨ ਵਿਭਾਗ, ਬਠਿੰਡਾ ਨਿਵਾਸੀ ਦਾ ਨਾਮ ਵਰਨਣ ਯੋਗ ਹੈ ਜੋ ਸੈਰ ਕਰਦਿਆਂ ਵਾਪਸੀ ਤੇ ਕਿਤੇ ਜਦੋਂ ਉਹ ਵੀ ਮਿਲਦੇ ਵੱਖ ਵੱਖ ਵਿਸ਼ਿਆਂ ਤੇ ਬੜੇ ਸੁਖਾਵੇਂ ਮਾਹੌਲ ਵਿਚਾਰ ਵਟਾਂਦਰੇ ਹੁੰਦੇ ਰਹੇ। ਇੱਸ ਦੇ ਇਲਾਵਾ ਮਿਸਟਰ ਬਾਜਵਾ ਜੀ ਜੋ ਪੋਲੀ ਟੈਕਨਿਕ ਕਾਲੇਜ ਫਗਵਾੜਾ ਦੇ ਸੇਵਾ ਮੁਕਤ ਪ੍ਰੰਸੀਪਲ ਹਨ ,ਉਹ ਵੀ ਆਪਣੇ ਸਬੰਧੀਆਂ ਨੂੰ ਮਿਲਣ ਲਈ ਕੁਝ ਸਮੇ ਲਈ ਇਥੇ ਆਏ ਹੋਏ ਹਨ , ਉਨ੍ਹਾਂ ਨਾਲ ਵੀ ਕਈ ਵਿਸ਼ਿਆ ਤੇ ਪੰਜਾਬ ਦੇ ਵਿਗੜੇ ਮਾਹੌਲ ਤੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ । ਹੋਰ ਵੀ ਕਈ ਬੜੇ ਮਿਲਣ ਸਾਰ ਧਾਰਮਿਕ ਗੁਰਮੁਖ ਪਿਆਰੇ ਹਨ,ਜਿਨ੍ਹਾਂ ਵਿੱਚੋਂ ਸ,ਮੋਹਣ ਸਿੰਘ ਜੀ ਜੋ ਲਗ ਪਗ ਵੀਹ ਸਾਲ ਦੁਬਈ ਅਤੇ ਇੰਗਲੈਂਡ ਵਿੱਚ ਰਹਿਕੇ ਹੁਣ ਇੱਥੇ ਆ ਵੱਸੇ ਹਨ ਬੜੇ ਹੀ ਨਿੱਘੇ ਤੇ ਧਾਰਮਿਕ ਸੁਭਾ ਦੇ ਹਨ ਉਨ੍ਹਾਂ ਨਾਲ ਕਿੰਨਾ ਕਿੰਨਾ ਚਿਰ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਹਨ।
ਇਸੇ ਤਰ੍ਹਾਂ ਹੀ ਇੱਕ ਦਿਨ ਪਾਰਕ ਵਿੱਚ ਆਪਣੇ ਇੱਕ ਸਾਥੀ ਨਾਲ ਇੱਕ ਨੇਤ੍ਰ ਹੀਣ ਬਜ਼ੁਰਗ ਬੈਠੇ ਹੋਏ ਜੋ ਸਫੇਦ ਲਿਬਾਸ ਵਿੱਚ ਸਨ, ਕੁਝ ਗੱਲਾਂ ਧਾਰਮਿਕ ਗੱਲਾਂ ਬਾਤਾਂ ਕਰ ਰਹੇ ਸਨ। ਉਨ੍ਹਾਂ ਪਾਸ ਕੁੱਝ ਬੈਠ ਕੇ ਗੁਰਬਾਣੀ ਬਾਰੇ ਬਹੁਤ ਕੁੱਝ ਜਾਨਣ ਦਾ ਮੋਕਾ ਮਿਲਿਆ।ਉਨ੍ਹਾਂ ਦੀ ਕਮਾਲ ਦੀ ਯਾਦਾਸ਼ਤ ਵੇਖ ਕੇ ਮੈਨੂੰ ਹੈਰਾਨੀ ਹੋਈ।ਬਾਅਦ ਵਿੱਚ ਪਤਾ ਲੱਗਾ ਕਿ ਉਹ ਭਾਈ ਮਹਿੰਦਰ ਸਿੰਘ ਰਾਗੀ ਜੀ ਹਨ ਜੋ ਸ੍ਰੀ ਪਾਉਂਟਾ ਸਾਹਿਬ ਕੀਰਤਨ ਕਰਦੇ ਹਨ।ਅਤੇ ਇੱਥੇ ਕੁੱਝ ਸਮੇਂ ਲਈ ਆਪਣੇ ਸੰਬੰਧੀਆਂ ਪਾਸ ਆਏ ਹੋਏ ਹਨ ਉਹ ਜਦੋਂ ਵੀ ਕਦੇ ਰਸਤੇ ਵਿੱਚ ਆਉਂਦੇ ਜਾਂਦੇ ਮਿਲਦੇ ਹਨ ਤਾਂ ਗੁਰਬਾਣੀ ਦੇ ਕਈ ਨੁਕਤਿਆਂ ਦੀ ਬਹੁਤ ਹੀ ਮਹੱਤਵ ਪੂਰਨ ਜਾਣਕਾਰੀ ਉਨ੍ਹਾਂ ਤੋਂ ਮਿਲਦੀ ਰਹੀ। ਇੱਕ ਦਿਨ ਸ਼ਾਮ ਦੀ ਸੈਰ ਵੇਲੇ ਜਾਂਦਿਆਂ ਉਨ੍ਹਾਂ ਦਾ ਸਾਥੀ ਮਨਜੀਤ ਸਿੰਘ ਕੈਂਥ ਖੜਾ ਸੀ ਮੈ ਨੂੰ ਮਿਲਿਆ ਤੇ ਕਹਿਣ ਲੱਗਾ ਕਿ18 ਅਗਸਤ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਕੀਰਤਨ ਹੈ ਤੁਸੀਂ ਜ਼ਰੂਰ ਆਉਣਾ ਪਰ ਗੁਰਬਾਣੀ ਦੇ ਕਥਨ ਅਨੁਸਾਰ, ॥ ਬਿਨ ਕਰਮਾ ਕਿਛੁ ਪਾਈਏ ਨਾਹੀ ਜੇ ਬਹੁਤੇਰਾ ਧਾਵੇ॥ ਵਾਲੀ ਗੱਲ ਹੀ ਹੋਈ ਮੈਂ ਮਿਥੀ ਹੋਈ ਮਿਤੀ ਤੇ ਉਸੇ ਥਾਂ ਜਿੱਥੇ ਉਹ ਮਿਲੇ ਸਨ,ਘਰ ਮੂਹਰੇ ਲੰਮੇ ਲੰਮੇ ਦੋ ਤਿੰਨ ਗੇੜੇ ਕੱਢੇ ਪਰ ਮੈਨੂੰ ਬੜੀ ਕੋਸ਼ਿਸ਼ ਕਰਨ ਤੇ ਉਨ੍ਹਾਂ ਦਾ ਕੀਰਤਨ ਸੁਨਣ ਦਾ ਮੌਕਾ ਨਹੀਂ ਮਿਲਿਆ।ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਮਿਲਣ ਦਾ ਬੜਾ ਯਤਨ ਕੀਤਾ ਪਰ ਉਹ ਨਹੀਂ ਮਿਲ ਸਕੇ ਸੋਚਿਆ ਖੋਰੇ ਉਹ ਵਾਪਿਸ ਚਲੇ ਗਏ ਹੋਣਗੇ ,ਜੋ ਮੁੜ ਕਿਤੇ ਨਹੀਂ ਮਿਲੇ।
ਜਿਥੇ ਮੈਂ ਰਹਿ ਰਿਹਾ ਹਾਂ ਇੱਥੋਂ ਥੋੜ੍ਹੀ ਦੂਰ ਹੀ ਮੇਰੇ ਮਾਮਾ ਜੀ ਸ.ਸੂਰਤ ਸਿੰਘ ਜੀ ਜੋ ਪੱਕੇ ਤੌਰ ਤੇ ਪ੍ਰਿਵਾਰ ਸਹਿਤ ਇੱਥੇ ਰਹਿ ਰਹੇ ਹਨ। ਉਨ੍ਹਾਂ ਦਾ ਮੇਰੇ ਸਿਰ ਵੱਡਾ ਉਪਕਾਰ ਹੈ,ਪੰਜਾਬ ਵਿੱਚ ਜਦੋਂ ਉਹ ਇੱਕ ਸਕੂਲ ਵਿੱਚ ਬਤੌਰ ਅਧਿਆਪਕ ਲਗੇ ਹੋਏ ਸਨ ਤਾਂ ਮੈਂ ਉਨ੍ਹਾਂ ਕੋਲ ਰਹਿਕੇ ਮੈਟ੍ਰਿਕ ਪਾਸ ਕੀਤੀ।ਉਨ੍ਹਾਂ ਨੂੰ ਮਿਲਣ ਲਈ ਜਾਣ ਦਾ ਮੌਕਾ ਮਿਲਿਆ।ਹੁਣ 87 ਕੁ ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਮਿਲਕੇ ਕੁੱਝ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਦਾ ਮੌਕਾ ਮਿਲਿਆ। ਹੋਰ ਵੀ ਇੱਥੇ ਰਹਿ ਕੇ ਤਿੰਨ ਮਹੀਨਿਆਂ ਦੇ ਬਿਤਾਏ ਸਮੇਂ ਬਾਰੇ ਲਿਖਣ ਨੂੰ ਬਹੁਤ ਕੁੱਝ ਹੈ, ਜੋ ਮੈਂ ਆਪਣੇ ਨਾਲ ਲੈ ਚੱਲਿਆਂ ਹਾਂ, ਜਿੱਸ ਨੂੰ ਵਾਪਸ ਪੰਜਾਬ ਪਰਤ ਕੇ ਆਪਣੀ ਕੈਨੇਡਾ ਫੇਰੀ ਵਿੱਚ ਲਿਖਣ ਦਾ ਯਤਨ ਕਰਾਂਗਾ। ਵਕਤ ਦਾ ਕੀ ਪਤਾ, ਮੁੜ ਇੱਸ ਦੇਸ਼ ਵਿੱਸ਼ ਵਿੱਚ ਆਉਣ ਦਾ ਮੌਕਾ ਮਿਲੇ,ਜਾਂ ਨਾ ਮਿਲੇ, ਖੈਰ ਜੋ ਵੀ ਹੋਵੇ ਹਾਲ ਦੀ ਘੜੀ ਇਥੇ ਬਿਤਾਏ ਇਨ੍ਹਾਂ ਤਿੰਨਾਂ ਮਹੀਨਿਆਂ ਵਿੱਚ ਯਾਦਾਂ ਦੀ ਭਾਰੀ ਗੱਠੜੀ ਆਪਣੇ ਨਾਲ ਲੈ ਕੇ ਜ਼ਰੂਰ ਲੈ ਚੱਲਿਆਂ ਹਾਂ।
ਬੀਤ ਗਿਆ ਤੇ ਵਗਦੇ ਪਾਣੀ ਵਾਪਸ ਕਦੇ ਨਾ ਮੁੜਦੇ।
ਟੁੱਟਾ ਦਿਲ ਤੇ ਤਿੜਕੇ ਸੀਸ਼ੇ, ਫਿਰ ਨਾ ਮੁੜ ਕੇ ਜੁੜਦੇ।
ਪੰਛੀ ਤੇ ਪ੍ਰਦੇਸੀ ਦਾ ਕੀ,ਕਿੱਧਰ ਨੂੰ ਮੂੰਹ ਧਰ ਲਏ,
ਇਹ ਪਰਛਾਂਵੇਂ, ,ਧੁੱਪਾਂ, ਪੌਣਾਂ,ਸਾਗਰ ਵਿੱਚ ਨਾ ਖੁਰਦੇ।
ਇਹ ਕਬਰਾਂ ਕਲਮੂੰਹੀਆਂ ਯਾਰੋ, ਮੁੱਕਣ ਸਾਰੇ ਰਿਸ਼ਤੇ,
ਆਪਣੇ ਹੱਥੀ ਦੱਬੇ ਜਿਸ ਥਾਂ, ਕਦੇ ਨਾ ਉੱਠੇ ਮੁਰਦੇ।
ਯਾਦਾਂ ਦੇ ਕੁੱਝ ਤਿੱਖੇ ਕੰਡੇ ਜਦ ਸੀਨੇ ਲਹਿ ਜਾਵਣ,
ਹਰ ਦਮ ਚੁਭਦੇ ਖੁਭਦੇ ਰਹਿੰਦੇ ਤਲੀਆਂ ਦੇ ਵਿੱਚ ਭੁਰਦੇ।
ਰਸਤੇ ਵਿੱਚ ਕਈ ਮਿਲੇ ਜੋ ਰਾਹੀ,ਯਾਦ ਉਨ੍ਹਾਂ ਦੀ ਆਵੇ,
ਮਨ ਨੂੰ ਕੁੱਝ ਹਰਿਆਵਲ ਵੰਡੇ, ਹਰਦਮ ਫਿਰਦੇ ਤੁਰਦੇ।
ਸਾਰੀ ਦੁਨੀਆ ਆਪਣਿਆਂ ਦੀ, ਨਾ ਕੋਈ ਗੈਰ ਬੇਗਾਨਾ,
ਐਵੇਂ ਲੋਕੀਂ ਆਪਣਿਆਂ ਲਈ, ਹਰ ਦਮ ਰਹਿੰਦੇ ਝੁਰਦੇ।
16 Sept. 2018