ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

11 ਜੁਲਾਈ 2022

ਖ਼ਾਲਸਾ ਏਡ ਦੇ ਹੱਕ ‘ਚ ਡਟੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ- ਇਕ ਖ਼ਬਰ

ਤੇਗ਼ਾਂ ਮਾਰਦਾ ਦਲਾਂ ਨੂੰ ਜਾਵੇ ਚੀਰਦਾ, ਗੋਰਿਆਂ ਦੇ ਘਾਣ ਲੱਥ ਗਏ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਹਨਸਨ ਨੇ ਆਖਰ ਅਸਤੀਫ਼ਾ ਦੇ ਹੀ ਦਿਤਾ- ਇਕ ਖ਼ਬਰ

ਬੱਕਰੀ ਨੇ ਦੁੱਧ ਦਿਤਾ ਪਰ ਦਿਤਾ ਮੀਂਗਣਾਂ ਪਾ ਕੇ।

ਸੰਯੁਕਤ ਕਿਸਾਨ ਮੋਰਚਾ ਕਿਸਾਨੀ ਮੰਗਾਂ ਲਈ ਮੁੜ ਸਰਗਰਮ- ਇਕ ਖ਼ਬਰ

ਡੰਡੀ ਡੰਡੀ ਆਵੇ ਬੁੱਕਦਾ, ਮੇਰੇ ਵੀਰ ਦਾ ਬਾਗੜੀ ਬੋਤਾ।

ਬਾਦਲਕਿਆਂ ਨੇ ਕੀਤੀਆਂ ਧਰਮ ਯੁੱਧ ਮੋਰਚੇ ਨਾਲ਼ ਗ਼ਦਾਰੀਆਂ- ਖਾਲੜਾ ਮਿਸ਼ਨ

ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ਼ ਸੀ ਉਸ ਦੀ ਗ਼ੈਰ ਸਾਲੀ।

ਕੁਝ ਮਹੀਨੇ ਪਹਿਲਾਂ ਹੀ ਬਣੀ ਸੜਕ ਵਿਚ ਪੈ ਗਏ ਟੋਏ- ਇਕ ਖ਼ਬਰ

ਇੱਥੇ ਤਾਂ ਬਿਨਾਂ ਬਣਾਇਆਂ ਵੀ ਸੜਕਾਂ ਦੀ ਮੁਰੰਮਤ ਹੋ ਜਾਂਦੀ ਐ।

ਕੇਜਰੀਵਾਲ ਬੇਅਦਬੀ ਕਾਂਡ ਵਿਚ ਬਾਦਲਾਂ ਦੀ ਸ਼ਮੂਲੀਅਤ ਨੂੰ ਅਚਾਨਕ ਭੁੱਲ ਗਏ- ਪ੍ਰਤਾਪ ਸਿੰਘ ਬਾਜਵਾ

ਸਿਆਸਤ ਵਿਚ ਨਾ ਕੋਈ ਕਿਸੇ ਦਾ ਮਿੱਤਰ ਤੇ ਨਾ ਕੋਈ ਦੁਸ਼ਮਣ।

ਬੰਗਾਲ ਦੇ ਰਾਜਪਾਲ ਨੇ ਮੁੱਖ ਮੰਤਰੀ ਨੂੰ ਚਾਂਸਲਰ ਬਣਾਉਣ ਵਾਲਾ ਬਿੱਲ ਮੋੜਿਆ- ਇਕ ਖ਼ਬਰ

ਹਾਸ਼ਮ ਸਖ਼ਤ ਬਲੋਚ ਕਮੀਨੇ, ਬੇਇਨਸਾਫ ਬੇਦਰਦੀ।

ਮੋਦੀ ਤੇ ਸ਼ਾਹ ਨੇ ਮਹਾਰਾਸ਼ਟਰ ਦੇ ਵਿਕਾਸ ਲਈ ਪੂਰਨ ਸਮਰਥਨ ਦਾ ਭਰੋਸਾ ਦਿਤੈ- ਏਕਨਾਥ ਸ਼ਿੰਦੇ

ਜੰਞ ਜੋੜ ਕੇ ਰਾਂਝੇ ਨੇ ਤਿਆਰ ਕੀਤੀ, ਟੌਂਕ ਬੱਧੇ ਮਗਰ ਨਾਈਆਂ ਦੇ।

ਚੀਨ ਨੇ ਕਿਹਾ, ਅਸੀਂ ਚੰਦਰਮਾ ‘ਤੇ ਕਬਜ਼ਾ ਨਹੀਂ ਕਰ ਰਹੇ, ਅਮਰੀਕਾ ਝੂਠ ਨਾ ਫ਼ੈਲਾਏ- ਇਕ ਖ਼ਬਰ

ਕਾਲ਼ੇ ਦਾ ਇਕ ਛੱਪੜ ਸੁਣੀਂਦਾ, ਪਾਣੀ ਉਹਦਾ ਖਾਰਾ।

ਘੱਟ ਗਿਣਤੀਆਂ ਦੇ ਕਮਜ਼ੋਰ ਤੇ ਵਾਂਝੇ ਵਰਗਾਂ ਤਾਈਂ ਵੀ ਭਾਜਪਾ ਵਰਕਰ ਪਹੁੰਚਣ- ਮੋਦੀ

ਤਾਂ ਕਿ ‘ਸੇਵਾ’ ਤੋਂ ਕੋਈ ਵਾਂਝਾ ਨਾ ਰਹਿ ਜਾਵੇ।

 

ਟਵਿੱਟਰ ਵਲੋਂ ਸਰਕਾਰ ਦੇ ਹੁਕਮਾਂ ਨੂੰ ਹਾਈ ਕੋਰਟ ਵਿਚ ਚੁਨੌਤੀ –ਇਕ ਖ਼ਬਰ

ਵਿਚ ਕਚਹਿਰੀ ਦੇ, ਭੂਆ ਭਤੀਜੀ ਲੜੀਆਂ।

ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦਾ ਹੱਕ ਸਿੱਖਾਂ ਦਾ ਵੀ ਹੈ- ਗਵਰਨਰ ਮਲਿਕ

ਵਾਰਸ ਸ਼ਾਹ ਮੀਆਂ ਇਨ੍ਹਾਂ ਆਸ਼ਕਾਂ ਨੂੰ, ਫਿਕਰ ਜ਼ਰਾ ਨਾ ਜਿੰਦ ਗੁਆਉਣੇ ਦਾ।

ਬਹਿਬਲ ਕਲਾਂ ਗੋਲ਼ੀ ਕਾਂਡ- ਪੁਲਿਸ ਅਧਿਕਾਰੀਆਂ ਨੂੰ ਹਾਈ ਕੋਰਟ ਤੋਂ ਨਾ ਮਿਲੀ ਰਾਹਤ- ਇਕ ਖ਼ਬਰ

ਨਾਜ਼ਕ ਬਦਨ ਫਰਸ਼ ਜਿਨ੍ਹਾਂ ਦੇ, ਬੰਦੀਖਾਨੇ ਲੇਟੇ।

ਪੰਜਾਬ ਸਰਕਾਰ ਦੇ ਬਰਾਬਰ ਚਲ ਰਹੀ ਹੈ ਗੈਂਗਸਟਰਾਂ ਦੀ ਸਰਕਾਰ- ਬਲਕੌਰ ਸਿੰਘ

ਦਿਨ ਬਖ਼ਤ ਅੰਧੇਰ ਸਿਆਹ ਰੱਖਿਆ, ਰਾਤ ਚਾਨਣੀ ਵੀ ਸਿਆਹ ਰਾਤ ਗੁਜ਼ਰੀ।

ਆਜ਼ਾਦ ਤਾਮਿਲਨਾਡੂ ਮੰਗਣ ਲਈ ਸਾਨੂੰ ਮਜਬੂਰ ਨਾ ਕਰੋ- ਏ.ਰਾਜਾ

ਘਰ ਦੇ ਟੱਬਰਾਂ ਬਿਨਾਂ, ਕਾਹਦੀਆਂ ਭਰਾਵੋ ਜੂਨਾਂ।