ਉਚੇਰੀ ਸਿੱਖਿਆ ਵਿੱਚ ਆ ਰਿਹਾ ਨਿਘਾਰ - ਬੁੱਧ ਸਿੰਘ ਨੀਲੋਂ
ਵਿੱਦਿਅਕ ਖੇਤਰ ਵਿਚ ਉਚ ਸਿੱਖਿਆ ਦੀਆਂ ਡਿਗਰੀਆਂ ਵਿਚੋਂ ਐਮ. ਫਿਲ . ਪੀਐਚ . ਡੀ.ਅਤੇ ਡੀ. ਲਿੱਟ ਦੀ ਡਿਗਰੀ ਹੈ। ਇਹ ਡਿਗਰੀਆਂ ਤਾਂ ਨੌਕਰੀ ਤੇ ਛੋਕਰੀ ਹਾਸਲ ਕਰਨ ਦੇ ਲਈ ਹਨ ਪਰ ਜੇ ਮਨੁੱਖ ਨੇ ਗਿਆਨ ਹਾਸਲ ਕਰਨਾ ਹੋਵੇ ਤਾਂ ਉਸ ਲਈ ਸਾਰੀ ਉਮਰ ਵੀ ਘੱਟ ਹੈ । ਜੇ ਉਹ ਚਾਹੇ ਵੀ ਤਾਂ ਇੱਕ ਹੀ ਵਿਸ਼ੇ ਉੱਪਰ ਮੁਕੰਮਲ ਜਾਣਕਾਰੀ ਹਾਸਲ ਨਹੀਂ ਕਰ ਸਕਦਾ ਕਿਉਂਕਿ ਵਿਸ਼ੇ ਦੀ ਆਪਣੀ ਦੁਨੀਆਂ ਹੈ । ਉਸ ਦੁਨੀਆਂ ਨੂੰ ਜਾਨਣ ਲਈ ਬਹੁਤ ਸਾਰੀਆਂ ਪੁਸਤਕਾਂ ਦੇ ਵਿੱਚੀਂ ਲੰਘ ਕੇ ਕੋਈ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਸਾਡੀਆਂ ਯੂਨੀਵਰਸਿਟੀਆਂ ਵਿਚ ਹਰ ਵਿਸ਼ੇ ਉੱਪਰ ਇਸ ਤਰ੍ਹਾਂ ਦੀਆਂ ਡਿਗਰੀਆਂ ਪਰਾਪਤ ਕਰਨ ਲਈ ਪ੍ਰਬੰਧ ਹਨ ਪਰ ਅਸੀਂ ਇਥੇ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨਾਲ ਸਬੰਧਤ ਕਰਵਾਈ ਜਾ ਰਹੀ 'ਖੋਜ' ਤੱਕ ਸੀਮਤ ਰਹਾਂਗੇ ਕਿਉਂਕਿ ਅੱਜ ਇਹ ਬਹੁਤ ਹੀ ਗੰਭੀਰ ਵਿਸ਼ਾ ਬਣ ਗਿਆ ਹੈ।
ਜਿਸ 'ਤੇ ਕਲਮ ਚੁੱਕਦਿਆਂ ਹਰ ਕੋਈ ਡਰਦਾ ਹੈ। ਉਹ ਇਸ ਲਈ ਕਿ ਯੂਨੀਵਰਸਟੀਆਂ ਵਿਚ ਬੈਠੇ "ਵਿਦਵਾਨ" ਉਹਨਾਂ ਵੱਲ ਪਿੱਠ ਨਾ ਮੋੜ ਲੈਣ ਪਰ ਹਨੇਰ ਗਰਦੀ ਫੈਲਾਉਣ ਵਿਚ ਜਿਹੜੀ ਭੂਮਿਕਾ ਇਹਨਾਂ ਯੂਨੀਵਰਸਟੀਆਂ ਵਿਚ ਇਹਨਾਂ ਦੇ ਵਿਭਾਗ ਨਾਲ ਸੰਬੰਧਤ ਕੁਰਸੀਆਂ ਉੱਪਰ ਬੈਠੇ ਸਾਡੇ ਵਿਦਵਾਨ ਨਿਭਾ ਰਹੇ ਹਨ, ਇਹਨਾਂ ਵਾਰੇ ਦੱਸਣ ਲੱਗਿਆ ਜਿੱਥੇ ਡਰ ਲੱਗਦਾ ਹੈ ਤੇ ਕਲਮ ਕੰਬਦੀ ਹੈ। ਪਰ ਜਦੋਂ ਅਸੀ ਇਹਨਾਂ ਡਿਗਰੀਆਂ ਲਈ ਪੇਸ਼ ਕੀਤੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਨੂੰ ਅਪਣੀ ਤੀਸਰੀ ਅੱਖ ਨਾਲ ਵਾਚਦੇ ਹਾਂ ਤਾਂ ਆਪ ਮੁਹਾਰੇ ਇਹ ਗੱਲ ਸਾਹਮਣੇ ਆਉਂਦੀ ਹੈ।
"ਤੂੰ ਇੱਕ ਨੂੰ ਰੋਨੀ ਏ ਇੱਥੇ ਤਾਂ ਆਵਾ ਹੀ ਊਤਿਆ ਪਿਆ ਹੈ।"
ਇਹ ਵਿਭਾਗ ਡਿਗਰੀਆਂ ਰਾਹੀ ਸਾਡੇ ਸਮਾਜ ਦੇ ਵਿਚ ਅਜਿਹੇ ਪੜ੍ਹੇ ਲਿਖੇ ਅਨਪੜਾਂ ਦਾ ਵੱਗ ਇੱਕਠਾ ਕਰ ਰਹੇ ਹਨ ਜਿਹੜੇ ਹੱਥਾਂ ਵਿਚ ਡਿਗਰੀਆਂ ਤਾਂ ਚੁੱਕੀ ਫਿਰਦੇ ਹਨ ਪਰ ਉਨਾਂ ਕੋਲ ਗਿਆਨ ਵਰਗਾ ਖਜ਼ਾਨਾ ਨਹੀਂ ਹੁੰਦਾ ਉਹ ਇਨਾਂ ਡਿਗਰੀਆਂ ਦੇ ਸਹਾਰੇ ਅਤੇ ਅਪਣੇ ਨਿਗਰਾਨਾਂ ਦੀ ਕ੍ਰਿਪਾ ਦ੍ਰਿਸ਼ਟੀ ਦੇ ਨਾਲ ਨੌਕਰੀਆਂ ਪਾਪ੍ਰਤ ਕਰ ਲੈਂਦੇ ਹਨ ਤੇ ਜਦੋ ਉਹ ਕਲਾਸ ਵਿਚ ਜਾ ਕੇ ਵਿਦਆਰਥੀਆਂ ਨੂੰ ਸੋਨੀਆਂ ਗਾਇਡ ਵਿੱਚੋ ਸਵਾਲਾਂ ਦੇ ਜੁਆਬ ਦੱਸਦੇ ਹਨ। ਤੇ ਜਾਂ ਫਿਰ ਬਣੇ ਬਣਾਏ ਨੋਟਿਸਾਂ ਤੋਂ ਲਿਖਵਾ ਕੇ ਘਰਾਂ ਨੂੰ ਪਰਤ ਜਾਂਦੇ ਹਨ। ਉਨ੍ਹਾਂ ਲਈ ਵਿਦਿਆਰਥੀਆਂ ਨੂੰ ਪੜ੍ਹਾਉਣਾ ਜਾਂ ਕੁਝ ਸਿਖਾਉਣਾ ਨਹੀ ਹੁੰਦਾ ਸਗੋਂ ਅਪਣੀ ਤਨਖਾਹ ਹਾਸਲ ਕਰਨ ਲਈ ਇੱਕ ਜ਼ਾਬਤਾ ਪੂਰਾ ਕਰਨਾ ਹੁੰਦਾ ਹੈ।
ਕਈ ਵਰੇ ਪਹਿਲਾਂ ਇੱਕ ਡਾਕਟਰ ਸੁਤਿੰਦਰ ਸਿੰਘ ਨੂਰ ਨੇ ਆਖਿਆ ਸੀ "ਪੰਜਾਬ, ਪੰਜਾਬੀ, ਜੰਮੂ, ਕੁਰੂਕੁਸ਼ੇਤਰ, ਦਿੱਲੀ ਤੇ ਅੰਮਿ੍ਤਸਰ ਯੂਨੀਵਰਸਿਟੀਆਂ ਵਿਚ ਦੋ ਹਜ਼ਾਰ ਦੇ ਕਰੀਬ ਖੋਜਾਰਥੀ ਪੀਐਚ. ਡੀ. ਡਿਗਰੀ ਹਾਸਲ ਕਰ ਚੁੱਕੇ ਹਨ। ਇਹਨਾਂ ਵਿਚੋਂ ਦੋ ਸੌ ਖੋਜ ਕਾਰਜ ਹੈ ਬਾਕੀ ਬੋਗਸ ਹੈ.।"
ਐਮ.ਫਿਲ ਕਰਨ ਵਾਲਿਆਂ ਦੀ ਗਿਣਤੀ ਕਈ ਹਜ਼ਾਰਾਂ ਤੋਂ ਉੱਤੇ ਲੰਘ ਗਈ ਹੈ। ਇਨਾਂ ਪੀਐਚ. ਡੀ. ਕਰ ਚੁਕੇ ਅਖੌਤੀ "ਡਾਕਟਰੇਟ ਆਫ਼ ਫ਼ਿਲਾਸਫੀ" ਵਿਦਵਾਨਾਂ ਵਿਚੋਂ ਕੋਈ ਸਵਾ ਕੁ ਸੌ ਵਿਦਵਾਨ ਹਨ ਜਿਹੜੇ ਸਰਗਰਮ ਰੂਪ ਵਿਚ ਆਪਣੀ ਭੂਮਿਕਾ ਨਿਭਾਅ ਰਹੇ ਹਨ। ਜਦ ਕਿ ਬਾਕੀ ਦੇ 'ਵਿਦਵਾਨ ਡਾਕਟਰ' ਆਪਣੀ ਡਿਗਰੀ ਨੂੰ ਨੌਕਰੀ ਵੱਟੇ ਪਾ ਕੇ ਸਿਰਫ਼ ਤੇ ਸਿਫ਼ਰ ਤਨਖ਼ਾਹ ਲੈ ਰਹੇ ਹਨ ਤੇ ਬੱਚੇ ਪਾਲ ਰਹੇ ਹਨ। ਇਨ੍ਹਾਂ ਸਵਾ ਸੌ ਵਿਚੋਂ ਮਸਾਂ 30 ਦੇ ਕਰੀਬ ਵਿਦਵਾਨ ਹਨ ਜਿਹੜੇ ਖੋਜ ਤੇ ਅਲੋਚਨਾ ਵਿਚ ਪੂਰੀ ਸੁਹਿਰਦਾ ਨਾਲ ਕੰਮ ਕਰ ਰਹੇ ਹਨ ਤੇ ਕਰਵਾ ਰਹੇ ਹਨ। ਬਾਕੀ ਦੇ 'ਵਿਦਵਾਨ' ਰੀਵਿਊਕਾਰੀ ਤੋਂ ਵਧੇਰੇ ਕੁਝ ਵੀ ਨੀ ਕਰ ਰਹੇ।
ਇਕ ਖੋਜ ਅਨੁਸਾਰ 1980 ਤੱਕ ਦੇ ਖੋਜਾਰਥੀਆਂ ਜਿਨਾਂ ਨੇ ਪੀਐਚ. ਡੀ. ਦੀ ਡਿਗਰੀ ਹਾਸਲ ਕਰਨ ਲਈ ਆਪਣਾ ਖੋਜ ਕਾਰਜ ਅਜਿਹਾ ਕੀਤਾ ਹੈ ਕਿ ਉਨਾਂ ਦੁਆਰਾ ਕੀਤੀ ਗਈ ਖੋਜ ਅੱਜ ਦੇ ਖੋਜਾਰਥੀਆਂ ਲਈ ਮਾਰਗ ਦਰਸ਼ਨ ਦਾ ਰੂਪ ਹੀ ਨਹੀਂ ਸਗੋਂ ਉਨਾਂ ਲਈ ਡਿਗਰੀ ਹਾਸਲ ਕਰਨ ਲਈ ਬੜਾ ਹੀ 'ਕੰਮ' ਆਉਂਦੀ ਹੈ। ਇਹ ਖੋਜ ਕਿਵੇਂ ਕੰਮ ਆਉਂਦੀ ਹੈ ਇਹ ਆਪਾਂ ਫੇਰ ਤੁਹਾਨੂੰ ਦੱਸਾਂਗੇ ਪਰ ਇਥੇ ਇਕ ਗੱਲ ਯਾਦ ਆ ਗਈ ਕਹਿੰਦੇ ਨੇ ਜੇ ਗਧੇ ਨੂੰ ਖੂਹ ਵਿਚ ਸੁਟਣਾ ਹੋਵੇ ਤਾਂ ਉਹਨੂੰ ਕੰਨੋਂ ਫੜਕੇ ਮੂਹਰੇ ਨੂੰ ਖਿਚਣਾ ਪੈਂਦਾ । ਚਲੋ ਆਪਾਂ ਕੀ ਲੈਣਾ ਗਧਿਆਂ ਤੋਂ ?
ਆਪਾਂ ਤਾਂ ਗੱਲ ਕਰਦੇ ਹਾਂ ਡਾਕਟਰਾਂ ਵਿਦਵਾਨਾਂ ਦੀ ਜਿਹੜੇ ਇਹ ਡਿਗਰੀ ਹਾਸਲ ਕਰਨ ਕੀ ਕੀ ਪਾਪੜ ਵੇਲਦੇ ਹਨ। ਫੇਰ ਅੱਗੇ ਉਹ ਕੀ ਕਰਦੇ ਹਨ। ਅਜੇ ਤੁਸੀਂ ਇਹਦੇ ਨਾਲ ਹੀ ਕੰਮ ਸਾਰੋ, ਬਾਕੀ ਕਦੇ ਫੇਰ।
ਯੂਨੀਵਰਸਿਟੀਆਂ ਦੇ ਨਿਯਮਾਂ ਅਨੁਸਾਰ ਪੀਐਚ. ਡੀ ਕਰਨ ਦੇ ਲਈ ਖੋਜਾਰਥੀ ਨੂੰ ਆਪਣਾ ਨਿਗਰਾਨ ਲੱਭਣ ਲਈ ਯੂਨੀਵਰਸਿਟੀਆਂ ਵਿਚ ਗੇੜੇ ਮਾਰਨੇ ਪੈਂਦੇ ਹਨ । ਉਸਦੇ ਗੇੜੇ ਏਨੇ ਮਰਵਾਏ ਜਾਂਦੇ ਹਨ ਕਿ ਕਈ ਵਾਰ ਤਾਂ ਖੋਜਾਰਥੀ ਥੱਕ ਹਾਰ ਕੇ ਘਰ ਹੀ ਬੈਠ ਜਾਂਦਾ ਹੈ। ਫੇਰ ਉਸਨੂੰ ਕਈ ਵਾਰ ਸਿਫਾਰਸ਼ਾਂ ਵੀ ਕਰਵਾਉਣੀਆਂ ਪੈਂਦੀਆਂ ਨੇ ਗਾਈਡ ਨਾਲ ਰਿਸ਼ਤੇਦਾਰੀਆਂ ਕੱਢੀਆਂ ਪੈਂਦੀਆਂ ਨੇ, ਮਿੰਨਤਾਂ ਤਰਲੇ ਕਰਨੇ ਪੈਂਦੇ ਨੇ ਤਾਂ ਕਿਤੇ ਜਾ ਕੇ ਗਾਈਡ ਦੇ ਮਨ 'ਚ ਮਿਹਰ ਪੈਂਦੀ ਹੈ ।
ਫੇਰ ਉਸਨੂੰ ਦਾਖਲਾ ਲੈਣ ਤੇ ਅਪਣੇ ਵਿਸ਼ੇ ਦੀ ਚੋਣ ਕਰਨੀ ਪੈਂਦੀ ਹੈ। ਵਿਸ਼ੇ ਦੀ ਚੋਣ ਤੋਂ ਬਾਅਦ ਫੇਰ ਸਾਰੀਆਂ ਯੂਨੀਵਰਸਿਟੀਆਂ ਵਿਚੋਂ ਇਹ ਖੋਜ ਕੀਤੀ ਜਾਂਦੀ ਹੈ ਕਿ ਜਿਹੜਾ ਖੋਜਾਰਥੀ ਜਿਸ ਵਿਸ਼ੇ ਉਪਰ ਕੰਮ ਕਰਨਾ ਚਾਹੁੰਦਾ ਹੈ ਕੀ ਇਸ ਵਿਸ਼ੇ ਉਪਰ ਪਹਿਲਾਂ ਤਾਂ ਨਹੀਂ ਖੋਜ ਹੋ ਚੁਕੀ ? ਇਸ ਦਾ ਪਤਾ ਖੋਜਾਰਥੀ ਨੂੰ ਖੁਦ ਹੀ ਕਰਨਾ ਪੈਂਦਾ ਹੈ। ਜਦਕਿ ਇਹ ਕੰਮ ਯੂਨੀਵਰਸਿਟੀਆਂ ਦਾ ਹੁੰਦਾ ਕਿ ਉਹ ਆਪਸ 'ਚ ਰਾਬਤਾ ਰੱਖਣ ਤੇ ਖੋਜ ਲਈ ਇਕ ਦੂਜੀ ਨੂੰ ਜਾਣਕਾਰੀ ਦੇਣ ਤੇ ਹਰ ਨਵੇਂ ਵਿਸ਼ੇ 'ਤੇ ਖੋਜ ਕਰਵਾਉਣ ਤਾਂ ਕਿਤੇ ਦੁਹਰਾਉ ਨਾ ਹੋਵੇ ਪਰ ਉਹ ਇਹ ਸਭ ਕੁਝ ਖੋਜਾਰਥੀ ਨੂੰ ਆਪ ਕਰਨੀ ਪੈਂਦੀ ਹੈ।
ਜਿਹੜੇ ਤਾਂ ਸਿਰੜੀ ਖੋਜਾਰਥੀ ਹੁੰਦੇ ਹਨ, ਉਹ ਤਾਂ ਸਿਰ ਮੱਥੇ ਹੁਕਮ ਮੰਨਦੇ ਹਨ। ਜਿਹੜੇ ਖੋਜਾਰਥੀ ਖੋਜ ਕਰਨ ਦੀ ਬਜਾਏ ਡਿਗਰੀ ਲੈਣ ਤੱਕ ਹੀ ਮਹਿਦੂਦ ਹੁੰਦੇ ਹਨ ਉਹਹ ਸਾਰਾ ਕੁਝ ਜੈਕ ਤੇ ਚੈਕ ਨਾਲ ਹਾਸਲ ਕਰ ਲੈਂਦੇ ਹਨ ।
ਕੁੜੀਆਂ ਲਈ ਇਸ ਮਾਰਗ ਨੂੰ ਥੋੜਾ ਜਿਹਾ ਇਸ ਲਈ ਮੁਸ਼ਕਿਲ ਬਣਾ ਕੇ ਵਿਖਾਇਆ ਜਾਂਦਾ ਹੈ ਕਿ ਉਹ ਉਨਾਂ ਦੀਆਂ ਮਨੋਕਾਮਨਾਵਾਂ ਨੂੰ ਪੂਰੀਆਂ ਕਰ ਸਕਣ। ਇਸੇ ਲਈ ਉਨਾਂ ਦੇ ਵੱਧ ਤੋਂ ਵੱਧ ਚੱਕਰ ਯੂਨੀਵਰਸਿਟੀਆਂ ਦੇ ਲਵਾਏ ਜਾਂਦੇ ਹਨ ਤਾਂ ਕਿ ਉਹ ਭੱਜ ਨੱਠ ਕੇ ਉਨਾਂ ਦੀ ਛੱਤਰ ਛਾਇਆ ਹੇਠ ਆ ਜਾਣ।
ਅਜੋਕੇ ਸਮੇਂ ਦੀਆਂ ਕੁੜੀਆਂ ਲਈ ਨੈਤਿਕ ਕਦਰਾਂ ਕੀਮਤਾਂ ਦੀ ਕੋਈ ਵੁਕਤ ਨਹੀਂ। ਉਨਾਂ ਨੂੰ ਤਾਂ ਆਪਣੇ ਨਾਂ ਦੇ ਨਾਲ 'ਡਾਕਟਰ' ਲੱਗਿਆ ਵੇਖਣ ਲਈ ਹਰ ਪੁਲ ਦੇ ਹੇਠ ਦੀ ਲੰਘਣ ਲਈ ਖੁੱਦ ਉਤਾਵਲੀਆਂ ਹਨ ਜਾਂ ਫਿਰ ਉਨਾਂ ਨੂੰ ਇਸ ਹੱਦ ਤੱਕ ਪਹੁੰਚਾ ਦਿੱਤਾ ਜਾਂਦਾ ਹੈ, ਜਿਹੜੀਆਂ 'ਚ ਅਣਖ਼ ਇੱਜ਼ਤ ਦੀ ਕੋਈ ਚਿਣਗ ਹੁੰਦੀ ਹੈ ਉਹ ਤਾਂ ਆਪ ਹੀ ਆਪਣੀ ਅੱਗ ਵਿਚ ਸੜਕੇ ਬੁਝ ਜਾਂਦੀਆਂ ਹਨ।
ਇਹ ਸਭ ਕੁਝ ਕਿਸੇ ਇਕ ਯੂਨੀਵਰਸਿਟੀ ਵਿਚ ਨਹੀਂ ਹੁੰਦਾ ਇਹ ਲਗਪਗ ਸਭ ਯੂਨੀਵਰਸਿਟੀਆਂ ਵਿਚ ਹੋ ਰਿਹਾ ਹੈ ਪਰ ਇਸ ਡਿੱਗ ਰਹੀ ਨੈਤਿਕਤਾ ਬਾਰੇ ਕਿਤੇ ਕਿਤੇ ਕੋਈ ਅਣਖ਼ ਦੀ ਕੋਈ ਲਾਟ ਉਠਦੀ ਹੈ। ਜਿਵੇਂ ਪਿਛਲੇ ਸਮੇਂ ਵਿਚ ਪੰਜਾਬੀ ਯੂਨੀਗਰਸਿਟੀ ਪਟਿਆਲਾ ਵਿਚ ਉਠੀ ਸੀ ।
ਇਹ ਤਾਂ ਸਿਰਫ਼ ਇਕ ਹੀ ਲਾਟ ਸੀ ਪਰ ਅਜਿਹੀਆਂ ਬਹੁਤ ਸਾਰੀਆਂ ਲਾਟਾਂ ਹਨ, ਜਿਹੜੀਆਂ ਆਪਣੇ ਨਿਗਰਾਨਾਂ ਦੀਆਂ ਕੋਠੀਆਂ ਦੇ ਬੈੱਡ ਰੂਮਾਂ ਜਾਂ ਫਿਰ ਹੋਰ ਸੁਰੱਖਿਅਤ ਥਾਵਾਂ ਉਪਰ ਜਗਦੀਆਂ ਹਨ । ਉਨਾਂ 'ਲਾਟਾਂ' ਦੇ ਸਨਾਂਪਿਜ਼, ਖੋਜ ਪੱਤਰ, ਥੀਸਿਸ ਨਿਗਰਾਨ ਖੁਦ ਲਿਖਣ ਤੇ ਫੇਰ ਬਾਈਵਾ ਕਰਵਾਉਣ ਤੱਕ ਹਰ ਤਰਾਂ ਦਾ "ਪਰਉਪਕਾਰ" ਕਰਨ ਤੱਕ ਜਾਂਦੇ ਹਨ। ਜਿਹਨਾਂ ਨੇ ਇਹ ਪਰਉਪਕਾਰ ਕੀਤਾ ਇਹਦੇ ਬਾਰੇ ਕਦੇ ਜਰੂਰ ਗੱਲ ਕਰਾਂਗੇ।
ਇਸ ਸੱਚ ਦਾ ਦੂਸਰਾ ਪਾਸਾ ਇਹ ਵੀ ਹੈ ਕਿ ਜੇ ਤੁਸੀਂ ਕਿਸੇ ਨਿਗਰਾਨ ਲਈ 'ਲਾਟ' ਬਣ ਰੌਸ਼ਨੀ ਨਹੀਂ ਦੇ ਸਕਦੇ ਤਾਂ ਫਿਰ ਤੁਸੀਂ 'ਮਾਇਆ' ਦੇ ਰਾਹੀਂ ਇਹ ਕੰਮ ਕਰਵਾ ਸਕਦੇ ਹੋ। ਫੇਰ ਤੁਹਾਡੇ ਦੁਆਰਾ ਕੀਤਾ ਗਿਆ ਕੰਮ 'ਮਹਾਨ' ਖੋਜ ਬਣ ਜਾਂਦਾ ਹੈ। ਉਹ ਇਸ ਲਈ ਕਿ ਤੁਹਾਡੀ ਹੁਸਨ ਦੀ ਜਾਂ ਫਿਰ ਮਾਇਆ ਦੀ 'ਰੌਸ਼ਨੀ' ਨੇ ਸਾਡੀਆਂ ਯੂਨੀਵਰਸਿਟੀਆਂ ਵਿਚ ਬੈਠੇ 'ਵਿਦਵਾਨਾਂ' ਦੇ ਹਨੇਰੇ ਘਰਾਂ ਅੰਦਰ ਚਾਨਣ ਕੀਤਾ ਹੁੰਦਾ ਹੈ।
ਹੁੰਦਾ ਉਹੀ ਕੁਝ ਹੈ ਜੋ ਨਿਗਰਾਨ ਚਾਹੁੰਦਾ ਹੈ। ਜਦੋਂ ਨਿਗਰਾਨ ਦੇ ਇਸ਼ਾਰਿਆਂ ਉਪਰ ਖੋਜਾਰਥੀ ਨੱਚਦਾ ਹੈ, ਫੇਰ ਉਸ ਦੇ ਪੇਸ਼ ਕੀਤੇ ਥੀਸਿਸ ਉਪਰ ਸਾਡੇ ਪ੍ਰੀਖਿਅਕ ਵੀ ਅੱਖਾਂ ਮੀਟ ਕੇ 'ਮਹਾਨ ਖੋਜ' ਦਾ ਤਸਦੀਕ ਸ਼ੁਦਾ ਸਰਟੀਫ਼ਕੇਟ ਯੂਨੀਵਰਸਿਟੀ ਨੂੰ ਭੇਜ ਦੇਂਦੇ ਹਨ। ਕਿਉਕਿ ਇਹ ਸਭ 'ਕਾਰੋਬਾਰ' ਸਾਰਾ ਰਲ ਮਿਲ ਕੇ ਹੀ ਚੱਲਦਾ ਹੈ। ਥੀਸਿਸ ਵਿਚ ਜੋ ਕੁਝ ਵੀ ਲਿਖਿਆ ਹੁੰਦਾ ਹੈ ਉਹ ਸਾਰਾ ਇਧਰ ਉਧਰ ਤੋਂ ਚੁਕ ਕੇ ਤਿਆਰ ਕੀਤਾ ਹੁੰਦਾ ਹੈ। ਜੇਕਰ ਤੁਸੀਂ ਪ੍ਰੀਖਿਅਕ ਨੂੰ ਦਿੱਤੇ ਥੀਸਿਸ ਉਪਰ ਪੰਛੀ ਜਿਹੀ ਝਾਤ ਮਾਰੋ ਤਾਂ ਤੁਹਾਨੂੰ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਵੇਗਾ ਜਿਥੇ ਉਨਾਂ ਨੇ ਕੋਈ ਨਿਸ਼ਾਨੀ ਲਾਈ ਹੋਵੇ।
ਭਾਵੇਂ ਉਹਨਾਂ ਲਈ ਨਿਸ਼ਾਨੀ ਲਾਉਣੀ ਔਖੀ ਨਹੀਂ ਹੁੰਦੀ, ਔਖ ਉਨਾਂ ਲਈ ਇਹ ਹੁੰਦੀ ਹੈ ਕਿ ਉਹ ਥੀਸਿਸ ਉਨਾਂ ਵਰਗੇ 'ਮਹਾਨ ਵਿਦਵਾਨ' ਦੇ ਨਿਗਰਾਨੀ ਹੇਠ ਹੋਇਆ ਹੁੰਦਾ ਹੈ ਫ਼ੇਰ ਕੱਲ ਨੂੰ ਇਹੋ ਜਿਹਾ 'ਮਹਾਨ ਕੰਮ' ਉਨਾਂ ਨੇ ਵੀ ਕਰਵਾਉਣਾ ਹੁੰਦਾ ਹੈ।
ਜਿਵੇਂ ਕਿ ਕਹਿੰਦੇ ਹੁੰਦੇ ਨੇ 'ਚੋਰ ਚੋਰ ਮਸੇਰੇ ਭਾਈ 'ਤੇ ਈਸਬਗੋਲ ਕੁਝ ਨਾ ਬੋਲ।
ਪਰ ਇਕੋ ਵਿਸ਼ੇ 'ਤੇ ਖੋਜ ਕਰਨੀ ਕਿੰਨੀ ਕੁ ਜਾਇਜ਼ ਹੈ ? ਇਹ ਤਾਂ ਯੂਨੀਵਰਸਿਟੀਆਂ ਦੇ ਇਹ 'ਮਹਾਨ ਵਿਦਵਾਨ ' ਹੀ ਦੱਸ ਸਕਦੇ ਹਨ ਕਿ ਇਸ 'ਕਾਰੋਬਾਰ' 'ਚ ਕੀ ਕੀ ਹੁੰਦਾ ਹੈ ?
ਪੀਐਚ ਡੀ ਦੇ ਕਿੰਨੇ ਹੀ ਅਜਿਹੇ 'ਮਹਾਨ ਥੀਸਿਸ ' ਹਨ , ਜਿਨਾਂ ਦਾ ਵਿਸ਼ਾ ਇਕੋ ਹੀ ਹੈ ਜਾਂ ਫਿਰ ਉਸ ਵਿਚ ਸ਼ਬਦਾਂ ਦੀ ਹੇਰ ਫੇਰ ਹੈ। ਇਹੀ ਹੇਰ ਫੇਰ ਉਨਾਂ ਅਧਿਆਏ ਵੰਡ ਵਿਚ ਕੀਤੀ ਹੈ ।
ਇਹ ਸ਼ਬਦਾਂ ਦੀ ਚਰਸ ਖੇਡ 'ਚ ਕਿਵੇਂ ਸਿਧਾਂਤਕ ਅਧਿਆਏ ਨੂੰ ਅੱਗੇ ਪਿੱਛੇ ਕਰ ਕੇ ਆਪਣੇ ਥੀਸਿਸ ਵਿਚ ਚੇਪਿਆ ਜਾਂਦਾ ਹੈ ਇਸ ਬਾਰੇ ਕਦੇ ਫਿਰ ਪਰਦੇ ਚਾਕ ਕਰਾਂਗੇ , ਅਜੇ ਤਾਂ ਆਪਾਂ ਇਹਨਾਂ ਯੂਨੀਵਰਸਿਟੀਆਂ ਵਿਚ ਬੈਠੇ ਇਨਾਂ 'ਮਹਾਨ ਵਿਦਵਾਨਾਂ' ਵਲੋਂ ਫੈਲਾਏ ਜਾ ਰਹੇ ਹਨੇਰ ਬਾਰੇ ਹੀ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦਿੱਤੀ ਹੈ ।
ਦੁਖ ਦੀ ਗੱਲ ਤਾਂ ਇਹ ਹੈ ਕਿ ਯੂਨੀਵਰਸਿਟੀਆਂ ਆਏ ਸਾਲ ਅਜਿਹੇ ਥੀਸਿਸ ਪੇਸ਼ ਕਰ ਰਹੀਆਂ ਨੇ ਜੇ ਇਨਾਂ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਚ ਕਰਵਾਈ ਜਾਵੇ ਤਾਂ ਬਹੁਤ ਕੁਝ ਅਜਿਹਾ ਸਾਹਮਣੇ ਆਵੇਗਾ ਜਿਸ ਵਾਰੇ ਅਸੀਂ ਸੋਚ ਵੀ ਨਹੀਂ ਸਕਦੇ ।
ਇਕ ਗੱਲ ਤਾਂ ਇਹ ਹੋਵੇਗੀ ਕਿ ਬਹੁਤ ਸਾਰੇ 'ਮਹਾਨ ਵਿਦਵਾਨਾਂ ' ਦੀ ਰੋਜ਼ੀ ਰੋਟੀ ਤਾਂ ਜਾਵੇਗੀ ਤੇ ਨਾਲ ਹੀ ਉਨਾਂ ਦੇ ਨਾਂਅ ਦੇ ਨਾਲ ਲੱਗਿਆ 'ਡਾਕਟਰ ' ਸ਼ਬਦ ਵੀ ਉਨਾਂ ਨੂੰ ਬਿੱਛੂ ਵਾਂਗ ਲੱਗੇਗਾ ਪਰ ਇਨਾਂ ਦੀ ਪੜਤਾਲ ਕੌਣ ਕਰਵਾਏਗਾ ਤੇ ਕਰੇਗਾ ? ਪਰ ਹੁਣ ਦੇ ਕੇਂਦਰੀ ਮੰਤਰੀ ਵਲੋਂ ਪੀਐਚ. ਡੀ.ਦੇ ਥੀਸਿਸਾਂ ਦੀ ਪੜਤਾਲ ਕਰਨ ਦਾ ਹੁਕਮ ਹੋਇਆ ਹੈ, ਦੇਖੋ ਊਠ ਕਿਸ ਕਰਵਟ ਬੈਠਦਾ ਹੈ ?
ਇਹ ਸੱਚ ਹੈ ਕਿ ਇਸ ਹਮਾਮ ਵਿਚ ਸਭ ਨੰਗੇ ਹਨ। ਇਹ ਨੈਤਿਕਤਾ ਪੱਖੋਂ ਨੰਗੇ 'ਮਹਾਨ ਵਿਦਵਾਨ' ਦਿਨੋਂ ਦਿਨ ਹਨੇਰ ਫੈਲਾਅ ਰਹੇ ਹਨ ਤੇ ਉਹ ਅਜਿਹੇ 'ਡਾਕਟਰ' ਸਿੱਖਿਆ ਵਰਗੇ ਖੇਤਰ ਵਿਚ ਭੇਜ ਰਹੇ ਹਨ, ਜਿਹੜੇ ਅੱਗੇ ਹਨੇਰ ਫੈਲਾਉਣ ਵਿਚ ਆਪਣੀ ਕਿਵੇਂ ਭੂਮਿਕਾ ਨਿਭਾਅ ਰਹੇ ਹਨ ਤੇ ਕਿਵੇਂ ਸਿਲੇਬਸ 'ਚ ਆਪਣੀਆਂ ਕਿਤਾਬਾਂ ਲਵਾਉਂਦੇ ਹਨ ਤੇ ਉਨਾਂ ਦਾ ਪ੍ਰਕਾਸ਼ਕਾਂ ਦੇ ਨਾਲ ਕਿਵੇਂ ਗੰਢਤੁਪ ਹੈ ਇਸ ਬਾਰੇ ਕਦੇ ਫੇਰ ਸਹੀ।
ਇਹ ਅਖੌਤੀ ਵਿਦਵਾਨ ਕੀ ਕੀ ਕਰਦੇ ਹਨ ਇਸ ਦਾ ਅੰਦਰਲਾ ਸੱਚ ਹੁਣ ਸਾਹਮਣੇ ਆਉਣ ਲੱਗ ਪਿਆ ਹੈ। ਭਾਵੇਂ ਸਾਰੇ ਹੀ ਨਿਗਰਾਨ ਤੇ ਖੋਜਾਰਥੀ ਗ਼ਲਤ ਨਹੀਂ ਪਰ ਜੋ ਕੁੱਝ ਹੋ ਰਿਹਾ ਹੈ ਉਹ ਗ਼ਲਤ ਹੈ। ਹੁਣ ਤੱਕ ਢਕੀ ਰਿੱਝਦੀ ਰਹੀ ਹੈ। ਕਈ ਮਹਾਨ ਵਿਦਵਾਨਾਂ ਨੇ ਕਈਆਂ ਨੂੰ ਨਾ ਤਾਂ ਪੀਐਚ. ਡੀ ਕਰਵਾਈ ਤੇ ਨਾ ਹੀ ਉਹਨਾਂ ਦਾ ਕਿੱਧਰੇ ਵਿਆਹ ਹੋਣ ਦਿੱਤਾ। ਬਹੁਤ ਨੇ ਵਿਚਕਾਰ ਹੀ ਖੋਜ ਦਾ ਕੰਮ ਛੱਡਿਆ। ਇਸ ਦੇ ਵਿਚ ਕਈ ਵਿਦਵਾਨ ਤਾਂ ਬਹੁਤ ਹੀ ਮਸ਼ਹੂਰ ਹੋਏ, ਕਦੇ ਉਹਨਾਂ ਦੇ ਨਾਂ ਵੀ ਆ ਜਾਣਗੇ ਸਾਹਮਣੇ। ਪਰ ਕੁੱਝ ਵਿਦਵਾਨ ਹਨ ਜੋ ਖੋਜ ਕਾਰਜ ਦੇ ਲਈ ਸੁਹਿਰਦ ਹਨ ਤੇ ਉਹ ਚੁਪਚਾਪ ਕੰਮ ਕਰਵਾ ਰਹੇ ਹਨ ..ਪਰ ਉਹਨਾਂ ਦਾ ਕੋਈ ਨਾ ਨੀ ਲੈਂਦਾ।
ਇਹ ਸਿਲਸਿਲਾ ਕੌਣ ਰੋਕੇਗਾ ? ਨਿੱਜੀ ਯੂਨੀਵਰਸਿਟੀਆਂ ਨੇ ਤਾਂ ਠੇਕਾ ਕਰ ਲਿਆ ਹੈ ਕਿ ਮਾਇਆ ਦਵੋ ਤੇ ਡਿਗਰੀ ਲਵੋ।
ਬੁੱਧ ਸਿੰਘ ਨੀਲੋਂ
ਸੰਪਰਕ : 9464370823