ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
18 ਜੁਲਾਈ 2022
ਕੌਮ ‘ਚੋਂ ਰੂਹਾਨੀ ਤੇ ਸਿਆਸੀ ਤਾਕਤ ਮਨਫ਼ੀ ਹੋਣ ਕਾਰਨ ਸਿੱਖ ਨਿਰਾਸ਼- ਜਥੇਦਾਰ ਅਕਾਲ ਤਖ਼ਤ
ਵਾਰਸ ਸ਼ਾਹ ਜਿਉਂ ਦਲਾਂ ਪੰਜਾਬ ਲੁੱਟੀ, ਤਿਉਂ ਜੋਗੀ ਨੂੰ ਲੁੱਟਿਆਂ ਡਾਰੀਆਂ ਨੇ।
ਸਿਆਸੀ ਲਾਹੇ ਲਈ ਲੋਕਾਂ ਨੂੰ ਵੰਡਿਆ ਜਾ ਰਿਹੈ- ਅਮਰਤਿਆ ਸੇਨ
ਧੜਿਆਂ ‘ਚ ਪਿੰਡ ਵੰਡ ‘ਤਾ, ਕਾਹਦਾ ਪੈਰ ਤੂੰ ਜਵਾਨੀ ਵਿਚ ਪਾਇਆ।
ਚੰਡੀਗੜ੍ਹ ‘ਤੇ ਸਿਰਫ਼ ਪੰਜਾਬ ਦਾ ਹੱਕ, ਹਰਿਆਣਾ ਆਪਣਾ ਪ੍ਰਬੰਧ ਕਰੇ- ਮੁਨੀਸ਼ ਤਿਵਾੜੀ
ਚੁੱਕ ਚਰਖਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾਂ।
ਮੁੰਬਈ ਦੀ ਨਹਾਵਾ ਸ਼ੇਵਾ ਬੰਦਰਗਾਹ ਤੋਂ 73 ਕਿੱਲੋ ਹੈਰੋਇਨ ਪੁਲਿਸ ਨੇ ਫੜੀ- ਇਕ ਖ਼ਬਰ
ਜਿਹੜੀ ਕਈ 73 ਸੌ ਕਿੱਲੋ ਬਿਨ ਫੜਿਆਂ ਹੀ ਲੰਘ ਜਾਂਦੀ ਐ, ਉਸ ਦੀ ਵੀ ਗੱਲ ਕਰੋ।
ਪੰਜਾਬ ਦੀ ਕਿਸਾਨੀ ਲਈ ਵਿਤੀ ਪੈਕੇਜ ਐਲਾਨੇ ਕੇਂਦਰ ਸਰਕਾਰ- ਕੁਲਦੀਪ ਸਿੰਘ ਧਾਲੀਵਾਲ
ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ।
ਵਿਚੋਲੇ ਦਾ ਕੰਮ ਕਰਦਾ ਸੀ ਸੰਗਤ ਸਿੰਘ ਗਿਲਜੀਆਂ ਦਾ ਭਤੀਜਾ- ਇਕ ਖ਼ਬਰ
ਮੰਤਰੀਆਂ ਦੇ ਭਤੀਜੇ ਤੇ ਭਾਣਜੇ, ਆਨੰਦ ਸੱਤਾ ਦਾ ਰੱਜ ਰੱਜ ਮਾਣਦੇ।
ਹੁਣ ਦੋ ਸਾਬਕਾ ਮੁੱਖ ਮੰਤਰੀ ਕੈਪਟਨ ਅਤੇ ਚੰਨੀ ਭਗਵੰਤ ਮਾਨ ਦੇ ਨਿਸ਼ਾਨੇ ‘ਤੇ- ਇਕ ਖ਼ਬਰ
ਜਿੱਥੇ ਮਰਜ਼ੀ ਨਿਸ਼ਾਨੇ ਲਾ, ਹੁਣ ਤੇਰੇ ਦਿਨ ਬੱਲਿਆ।
2023 ਤੱਕ ਭਾਰਤ ਦੀ ਆਬਾਦੀ ਚੀਨ ਨੂੰ ਵੀ ਪਿਛਾਂਹ ਛੱਡ ਦੇਵੇਗੀ-ਇਕ ਰਿਪੋਰਟ
ਬੁਲੇਟ ਟਰੇਨ ਪੁੱਠੇ ਪਾਸੇ ਨੂੰ ਚਲ ਪਈ ਭਾਈ।
ਪਟਿਆਲਾ ਜਿਹਲ ‘ਚ ਬਣੇਗੀ ਨਵਜੋਤ ਸਿੱਧੂ ਤੇ ਦਲੇਰ ਮਹਿੰਦੀ ਦੀ ਜੋੜੀ- ਇਕ ਖ਼ਬਰ
ਖੂਬ ਗੁਜ਼ਰੇਗੀ ਜਬ ਮਿਲ ਬੈਠੇਂਗੇ ਦੀਵਾਨੇ ਦੋ।
ਸ਼੍ਰੋਮਣੀ ਅਕਾਲੀ ਦਲ ਨੂੰ ਵੰਸ਼ਵਾਦ ਤੋਂ ਛੁਟਕਾਰਾ ਦਿਵਾਉਣ ਲਈ ਪੰਥ, ਯੁੱਧ ਦੇ ਮੈਦਾਨ ‘ਚ ਕੁੱਦਣ ਲੱਗਾ- ਇਕ ਖ਼ਬਰ
ਪੱਤ ਝੜੇ ਪੁਰਾਣੇ ਮਾਹੀ ਵੇ, ਰੁੱਤ ਨਵਿਆਂ ਦੀ ਆਈ ਆ ਢੋਲਾ।
ਸਿੰਘਾਪੁਰ ਦੇ ਦੌਰੇ ਲਈ ਮੋਦੀ ਸਰਕਾਰ ਕੇਜਰੀਵਾਲ ਨੂੰ ਮੰਨਜ਼ੂਰੀ ਨਹੀਂ ਦੇ ਰਹੀ- ਇਕ ਖ਼ਬਰ
ਕੇਜਰੀਵਾਲ ਜੀ ਤੁਸੀਂ ਕਿਤੇ ਮੋਦੀ ਸਾਹਿਬ ਦਾ ਜਹਾਜ਼ ਤਾਂ ਨਹੀਂ ਨਾਲ਼ ਮੰਗ ਰਹੇ।
ਧਰਮ ਪ੍ਰਚਾਰ ਦੇ ਮੁੱਦੇ ‘ਤੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਆਹਮੋ-ਸਾਹਮਣੇ- ਇਕ ਖ਼ਬਰ
ਰੌਲ਼ਾ ਧਰਮ ਪ੍ਰਚਾਰ ਦਾ ਨਹੀਂ ਭਾਈ.....ਬਾਕੀ ਤੁਸੀਂ ਪਾਠਕੋ ਖ਼ੁਦ ਸਿਆਣੇ ਹੋ।
ਰਾਘਵ ਚੱਢਾ ਦੀ ਚੇਅਰਮੈਨੀ ਦੇ ਵਿਰੁੱਧ ਵਕੀਲ ਜਗਮੋਹਨ ਸਿੰਘ ਵਲੋਂ ਅਦਾਲਤ ‘ਚ ਪਟੀਸ਼ਨ- ਇਕ ਖ਼ਬਰ
ਕਾਲ਼ੀ ਤਿੱਤਰੀ ਕਮਾਦੋਂ ਨਿਕਲੀ, ਉਡਦੀ ਨੂੰ ਬਾਜ਼ ਪੈ ਗਿਆ।
ਸੁਖਦੇਵ ਸਿੰਘ ਢੀਂਡਸਾ ਵਲੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ- ਇਕ ਖ਼ਬਰ
ਇਹ ਸੌਣਾ ਤੇਰੇ ਦਰਕਾਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ।
ਅਕਾਲੀ ਦਲ ਨੂੰ ਘੁਣ ਵਾਂਗ ਖਾ ਗਿਆ ਪਰਵਾਰਵਾਦ- ਕਰਨੈਲ ਸਿੰਘ ਪੰਜੌਲੀ
ਕੁੱਕੜ, ਕੁੱਤੀਆਂ, ਭੰਗ, ਅਫੀਮ ਲੁੱਟੀ, ਮੇਰੀ ਛਾਉਣੀ ਚਾ ਉਜਾੜੀਆਂ ਨੇ।
ਦੇਸ਼ ਵਿਚ ਅਜੀਬ ਤਰ੍ਹਾਂ ਦੇ ਡਰ ਅਤੇ ਭੈਅ ਦਾ ਮਾਹੌਲ ਬਣਾਇਆ ਜਾ ਰਿਹੈ- ਯਸ਼ਵੰਤ ਸਿਨਹਾ
ਸੁੱਤੀ ਪਈ ਨੂੰ ਹਿਚਕੀਆਂ ਆਈਆਂ, ਖ਼ੈਰ ਹੋਵੇ ਸੱਜਣਾਂ ਦੀ।