ਪੁਸਤਕ "ਵਿਵੇਕਸ਼ੀਲ ਦ੍ਰਿਸ਼ਟੀ ਦਾ ਹਸਤਾਖ਼ਰ ਡਾ: ਬਰਜਿੰਦਰ ਸਿੰਘ ਹਮਦਰਦ" ਲਿਖਤ ਪ੍ਰੋ: ਬ੍ਰਹਮਜਗਦੀਸ਼ ਸਿੰਘ ਪੜ੍ਹਦਿਆਂ - ਗੁਰਮੀਤ ਸਿੰਘ ਪਲਾਹੀ
ਚਿੰਤਨ ਦੀ ਦੁਨੀਆਂ ਵਿੱਚ ਨਵੇਂ ਦਿਸਹੱਦੇ ਸਿਰਜਨ ਵਾਲੇ ਲੇਖਕ, ਪੱਤਰਕਾਰ, ਬੁੱਧੀਜੀਵੀ ਡਾ: ਬਰਜਿੰਦਰ ਸਿੰਘ ਦੀ ਪੁਸਤਕ " ਵਿਵੇਕਸ਼ੀਲ ਦ੍ਰਿਸ਼ਟੀ ਦਾ ਹਸਤਾਖ਼ਰ ਡਾ: ਬਰਜਿੰਦਰ ਸਿੰਘ ਹਮਦਰਦ" ਦੀ ਸਮੀਖਿਆ/ਚਰਚਾ ਉਦੋਂ ਤੱਕ ਪੂਰੀ ਨਹੀਂ ਗਿਣੀ ਜਾਏਗੀ, ਜਦੋਂ ਤੱਕ ਸਮਕਾਲੀ ਲੇਖਕਾਂ, ਚਿੰਤਕਾਂ ਦੇ ਡਾ: ਬਰਜਿੰਦਰ ਸਿੰਘ ਦੇ ਬਾਰੇ ਲਿਖੇ ਵਿਚਾਰ ਅਸੀਂ ਨਹੀਂ ਪੜ੍ਹਦੇ।
"ਬਰਜਿੰਦਰ ਸਿੰਘ ਇੱਕ ਐਸਾ ਪੱਤਰਕਾਰ ਹੈ, ਜਿਸਨੇ ਸ਼ੀਸ਼ੇ ਨੂੰ ਦਬਾਅ ਥੱਲੇ ਜਾਂ ਲਾਲਚ ਵਿੱਚ ਟੇਡਾ ਨਹੀਂ ਹੋਣ ਦਿੱਤਾ" (ਐਸ.ਐਸ.ਜੌਹਲ (ਡਾ.))।
"ਚੁੱਪ, ਸਾਊ ਤੇ ਮਿਹਨਤੀ ਬਰਜਿੰਦਰ ਸਿੰਘ ਨੇ ਆਪਣੀ ਚਾਲ ਨਹੀਂ ਬਦਲੀ ਤੇ ਨਾ ਹੀ ਸਖ਼ਸ਼ੀਅਤ" (ਮਰਹੂਮ ਵਿਸ਼ਵਾਨਾਥ ਤਿਵਾੜੀ)।
"ਸੁਹਿਰਦ ਪੱਤਰਕਾਰ ਹੋਣ ਦੇ ਨਾਲ-ਨਾਲ ਬਰਜਿੰਦਰ ਸਿੰਘ ਨਾਵਲਕਾਰ ਵੀ ਹੈ ਅਤੇ ਨਿਬੰਧਕਾਰ ਵੀ। ਸਮਝੌਤਾ ਨਹੀਂ ਕਿਤੇ ਵੀ- ਨਾ ਆਪਣੇ -ਆਪ ਨਾਲ, ਨਾ ਹਾਲਾਤ ਨਾਲ"(ਮਰਹੂਮ ਨਰਿੰਜਨ ਤਸਨੀਮ (ਪ੍ਰੋ.) ਨਾਵਲਕਾਰ)।
"ਬਰਜਿੰਦਰ ਸਿੰਘ ਉਮਰ ਵਿੱਚ ਮੇਰੇ ਨਾਲੋਂ ਛੋਟਾ ਹੈ ਅਤੇ ਅਕਲ ਵਿੱਚ ਵੱਡਾ। ਪ੍ਰਾਪਤੀਆਂ ਵਿੱਚ ਉਸ ਤੋਂ ਵੀ ਵੱਡਾ" (ਗੁਲਜਾਰ ਸਿੰਘ ਸੰਧੂ)।
"ਉਨ੍ਹਾਂ ਦੀਆਂ ਲਿਖਤਾਂ ਅਤੇ ਦ੍ਰਿੜਤਾ ਨਾਲ ਸਥਾਪਤੀ ਦੀ ਨੀਂਦ ਹਰਾਮ ਹੋ ਜਾਂਦੀ ਹੈ। 'ਅਜੀਤ' ਨੇ ਪੰਜਾਬ ਦੇ ਸੰਕਟ ਵੇਲੇ ਸਭ ਤੋਂ ਵੱਡੀ ਸਥਾਪਤੀ, ਸਰਕਾਰ ਦੀਆਂ ਅੱਖਾਂ ਵਿੱਚ ਰੜਕ ਪੈਦਾ ਕਰ ਦਿੱਤੀ। ਇਸ ਲਈ 'ਅਜੀਤ' 'ਤੇ ਸ. ਬਰਜਿੰਦਰ ਸਿੰਘ ਹਮਦਰਦ ਨੂੰ ਵਧਾਈ ਦੇਣੀ ਚਾਹੀਦੀ ਹੈ"(ਮਹੀਪ ਸਿੰਘ(ਡਾ.) (ਸਵਰਗਵਾਸੀ)।
".... ਲਿਖਤਾਂ ਤੋਂ ਸਪਸ਼ਟ ਹੈ ਕਿ ਬਰਜਿੰਦਰ ਸਿੰਘ ਦੇ ਮੱਥੇ 'ਤੇ ਕੋਈ ਵੱਟ ਨਹੀਂ ਹੈ, ਸੀਨਾ ਸਾਫ਼ ਹੈ" (ਗੁਰਪੁਰਵਾਸੀ ਗਿਆਨੀ ਲਾਲ ਸਿੰਘ)।
"ਬਰਜਿੰਦਰ ਸਿੰਘ ਦਾ ਅਧਿਐਨ ਖੇਤਰ ਬੜਾ ਸੰਤੁਲਿਤ ਹੈ" (ਡਾ: ਅਤਰ ਸਿੰਘ ਸਵਰਗਵਾਸੀ)।
"ਮੈਨੂੰ ਕੋਈ ਅਜਿਹੀ ਘਟਨਾ ਯਾਦ ਨਹੀਂ, ਜਦੋਂ ਉਹਨੇ ਆਪਣੇ ਕਿਸੇ ਸਕੇ (ਸਿਆਸਤਦਾਨ) ਦੀ ਵੀ ਗਲਤ ਗੱਲ ਨੂੰ ਪ੍ਰਵਾਨ ਕੀਤਾ ਹੋਵੇ" (ਗੁਰਦਿਆਲ ਸਿੰਘ ਨਾਵਲਕਾਰ(ਸਵਰਗਵਾਸੀ)।
"ਸਮਾਜਿਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਪਹਿਚਾਣਦਾ ਹੋਇਆ ਬਰਜਿੰਦਰ ਸਿੰਘ ਹਲੀਮੀ ਦਾ ਧਾਰਨੀ ਹੈ ਪਰ ਪੱਤਰਕਾਰੀ ਅਤੇ ਰਾਜਨੀਤੀ ਦੇ ਖੇਤਰ ਵਿੱਚ ਕਠੋਰ ਜੀਵਨ ਦਾ ਮਾਲਕ ਹੈ"(ਸ.ਪ. ਸਿੰਘ (ਡਾ.)।
"ਉਸਦੀ ਚੁੱਪ ਵੀ ਬੋਲਦੀ ਹੈ ਅਤੇ ਹਾਸਾ ਵੀ ਦੂਜੇ ਨੂੰ ਡੂੰਘੀ ਰਮਜ਼ ਸਮਝਾ ਦਿੰਦਾ ਹੈ। (ਅਮਰਜੀਤ ਸਿੰਘ ਕਾਂਗ(ਡਾ.) (ਸਵਰਗਵਾਸੀ)।
ਡੂੰਘੀਆਂ ਰਮਜ਼ਾਂ ਦੇ ਮਾਲਕ, "ਡਾ. ਬਰਜਿੰਦਰ ਸਿੰਘ" ਦੀਆਂ ਲਿਖਤਾਂ ਨੂੰ ਪਾਠਕਾਂ ਸਾਹਮਣੇ ਲਿਆਉਂਦਿਆਂ ਡਾ. ਬਰਜਿੰਦਰ ਸਿੰਘ ਬਾਰੇ ਲਿਖੀ ਪੁਸਤਕ 'ਚ ਉਸ ਵਲੋਂ ਲਿਖੇ ਨਾਵਲ "ਕੁਝ ਪੱਤਰੇ" ਦੀ ਲੇਖਕ ਸਭ ਤੋਂ ਪਹਿਲਾ ਚਰਚਾ ਕਰਦਾ ਹੈ," ਕਦੇ ਕੋਈ ਪੁਰਾਣਾ ਜ਼ਿਕਰ ਛਿੜ ਜਾਣ 'ਤੇ ਉਹ ਆਪਣੀ ਚੀਸ ਭੁਲਾਉਣ ਲਈ ਉੱਚੀ-ਉੱਚੀ ਠਹਾਕੇ ਵੀ ਲਾਉਂਦਾ ਰਹਿੰਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਸ਼ਾਇਦ ਜਿਉਣ ਵਾਸਤੇ ਵਧੇਰੇ ਆਕਸੀਜਨ ਮਿਲ ਜਾਵੇਗੀ ਜਾਂ ਕੁਝ ਹੋਰ"।ਉਪਰੰਤ ਆਪਣੇ ਲੇਖਾਂ ਵਿੱਚ ਡਾ. ਬਰਜਿੰਦਰ ਸਿੰਘ ਦੇ ਜੀਵਨ ਫਲਸਫੇ ਦੇ ਦਰਸ਼ਨ ਕਰਾਉਂਦਾ ਹੈ।
ਡਾ: ਬ੍ਰਹਮਜਗਦੀਸ਼ ਸਿੰਘ, ਡਾ: ਬਰਜਿੰਦਰ ਸਿੰਘ ਦੀ ਲੇਖਣੀ ਸਬੰਧੀ ਲਿਖੀ ਇਸ ਪੁਸਤਕ ਨੂੰ 14 ਭਾਗਾਂ ਵਿੱਚ ਵੰਡਦਾ ਹੈ। ਜਿਸ ਵਿੱਚ ਛੋਟੇ-ਛੋਟੇ ਦਾਇਰੇ: ਸਭਿਆਚਾਰਕ-ਇਤਿਹਾਸਕ ਦਸਤਾਵੇਜ਼, ਧਰਤੀਆਂ ਦੇ ਗੀਤ: ਸਫ਼ਰਨਾਮੇ, ਜੋਤ ਜਗਦੀ ਰਹੇਗੀ: ਵਚਨਬੱਧਤਾ ਦਾ ਸੰਕਲਪ, ਵਿਰਸੇ ਦਾ ਗੌਰਵ: ਸਭਿਆਚਾਰਕ ਪਰਿਪੇਖ, ਪੈਂਡਾ ਬਾਕੀ ਹੈ: ਮੰਜ਼ਿਲ ਵੱਲ ਵਧਦੇ ਕਦਮ, ਮੌਮਬੱਤੀਆਂ ਦੀ ਲੋਅ: ਅਮਨ ਅਤੇ ਸਦਭਾਵਨਾ ਦੇ ਸੁਨੇਹੇ, ਦੋਸਤੀ ਦਾ ਗੀਤ : ਵਿਸ਼ਵ ਮੈਤਰੀ ਦੀ ਕਾਮਨਾ, ਮਿੱਟੀ ਦਾ ਮੋਹ: ਵਤਨਪ੍ਰਸਤੀ ਦਾ ਅਹਿਦ, ਤਰਕਸ਼ੀਲਤਾ ਦਾ ਚਾਨਣ:ਵਿਗਿਆਨਕ ਸੈਕੂਲਰ ਸੋਚ, ਪਲੀਤ ਹੋਇਆ ਗੰਦਲਾ ਚੌਗਿਰਦਾ: ਵਾਤਾਵਰਣਿਕ ਚੇਤਨਾ, ਪੰਜਾਬ ਅਤੇ ਪੰਜਾਬੀਅਤ: ਪੰਜਾਬੀਆਂ ਦਾ ਗੌਰਵ, ਸਭਿਆਚਾਰਕ ਰੂਪਾਂਤਰਣ ਵਿੱਚ ਸਮੁੱਚਾ ਯੋਗਦਾਨ, ਸ਼ਾਮਲ ਕੀਤੇ ਗਏ ਹਨ। ਇਹਨਾ ਸਮੁੱਚੇ ਵਿਸ਼ਿਆਂ ਸਬੰਧੀ ਲਿਖਤਾਂ 'ਚ ਬਰਜਿੰਦਰ ਸਿੰਘ ਵਲੋਂ ਪ੍ਰਗਟ ਕੀਤੇ ਵਿਚਾਰਾਂ ਨੂੰ ਡਾ: ਬ੍ਰਹਮਜਗਦੀਸ਼ ਸਿੰਘ ਬਾਖ਼ੂਬੀ ਪ੍ਰਗਟ ਕਰਦਾ ਹੈ। ਆਪਣੇ ਵਲੋਂ ਲਿਖੀ ਪੁਸਤਕ ਦੀ ਭੂਮਿਕਾ 'ਚ ਉਹ ਲਿਖਦਾ ਹੈ, "ਸ. ਬਰਜਿੰਦਰ ਸਿੰਘ ਹਮਦਰਦ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਦਸਤਕ ਅਤੇ ਪਰਿਵਰਤਨ ਦਾ ਸੰਦੇਸ਼ ਲੈ ਕੇ ਉਪਸਥਿਤ ਹੋਇਆ ਹੈ। ਇਸ ਪੁਸਤਕ ਵਿੱਚ ਡਾ: ਬਰਜਿੰਦਰ ਸਿੰਘ ਹਮਦਰਦ ਦੀਆਂ ਸਮੁੱਚੀਆਂ ਲਿਖਤਾਂ (ਸੰਪਾਦਕੀਆਂ, ਲੇਖਾਂ, ਸਫ਼ਰਨਾਮਿਆਂ ਅਤੇ ਨਾਵਲ )ਦਾ ਵਿਸ਼ਲੇਸ਼ਣਾਤਮਕ ਅਧਿਐਨ ਕੀਤਾ ਗਿਆ ਹੈ।
ਪੁਸਤਕ ਵਿੱਚ ਜਿਥੇ ਡਾ: ਬਰਜਿੰਦਰ ਸਿੰਘ ਦੇ ਜੀਵਨ ਵੇਰਵੇ ਦਰਜ਼ ਕੀਤੇ ਗਏ, ਉਥੇ ਉਹਨਾ ਵਲੋਂ ਛਾਪੀਆਂ 14 ਪੁਸਤਕਾਂ ,18 ਸੰਗੀਤ ਐਲਬਮਾਂ, ਪ੍ਰਾਪਤ ਸਨਮਾਨਾਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਹੋਰ ਪ੍ਰਾਪਤੀਆਂ ਦਾ ਵੀ।
ਸਾਹਿਤ ਅਤੇ ਸਹਿਤਕਾਰ ਦਾ ਧਰਮ ਸਮਾਜਿਕ, ਆਰਥਿਕ ਬੇਇਨਸਾਫੀ ਵਾਸਤੇ ਆਵਾਜ਼ ਬੁਲੰਦ ਕਰਨਾ ਹੈ। ਡਾ: ਬਰਜਿੰਦਰ ਸਿੰਘ ਦੀਆਂ ਲਿਖਤਾਂ ਦੀ ਮਾਨਵੀ ਪਹੁੰਚ, ਮੌਜੂਦਾ ਦੌਰ 'ਚ ਲਹੂ-ਲੁਹਾਣ ਹੋਈ ਮਾਨਵਤਾ ਦੇ ਜ਼ਖਮਾਂ ਉਤੇ ਮਲ੍ਹਮ ਲਾਉਣ ਜਿਹੀ ਹੈ। ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸੁਹਿਰਦ ਪਹਿਰੇਦਾਰ ਹੈ। ਉਹ ਰਸੂਲ ਹਮਜ਼ਾਤੋਵ ਦੇ ਕਥਨ ਨੂੰ ਆਪਣੀਆਂ ਲਿਖਤਾਂ ਵਿੱਚ ਸੱਚ ਕਰ ਵਿਖਾਉਂਦਾ ਦਿਸਦਾ ਹੈ, "ਜੋ ਕੁਝ ਲੇਖਕ ਨੇ ਦੇਖਿਆ, ਸੁਣਿਆ ਜਾਂ ਪੜ੍ਹਿਆ ਉਸ ਵਿੱਚ ਸੱਚ-ਝੂਠ, ਸੋਨਾ-ਤਾਂਬਾ, ਕਣਕ-ਤੂੜੀ ਨੂੰ ਵੱਖ-ਵੱਖ ਕਰਨ ਦੇ ਯੋਗ ਹੋਣ ਲਈ ਬੁੱਧੀ ਅਤੇ ਗਿਆਨ ਦੀ ਲੋੜ ਹੁੰਦੀ ਹੈ"। ਡਾ: ਬਰਜਿੰਦਰ ਸਿੰਘ ਕੋਲ ਬੁੱਧੀ ਹੈ, ਗਿਆਨ ਹੈ, ਸ਼ਬਦਾਂ ਰਾਹੀਂ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਸਮਰੱਥਾ ਹੈ।
ਮਹਾਤਮਾ ਬੁੱਧ, ਗੁਰੂ ਗੋਬਿੰਦ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਤੇ ਲਿਊ ਟਾਲਸਟਾਏ ਦੇ ਵਿਚਾਰਾਂ ਤੋਂ ਪ੍ਰਭਾਵਤ ਡਾ: ਬਰਜਿੰਦਰ ਸਿੰਘ ਬਾਰੇ ਪੁਸਤਕ ਲੇਖਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਦੇ ਸ਼ਬਦਾਂ ਮਹੱਤਵਪੂਰਨ ਹਨ, "ਬਰਜਿੰਦਰ ਸਿੰਘ ਪੰਜਾਬੀ ਪੱਤਰਕਾਰੀ ਦਾ ਇੱਕ ਨਿਰਵਿਵਾਦ ਹਸਤਾਖ਼ਰ ਦਾ ਰੁਤਬਾ ਪ੍ਰਾਪਤ ਕਰ ਚੁੱਕਾ ਹੈ। ਉਸਨੇ ਆਪਣੀ ਪੱਤਰਕਾਰੀ ਨੂੰ ਹੀ ਸਾਹਿਤਿਕ ਗੁਣਾਂ-ਲੱਛਣਾਂ ਨਾਲ ਭਰਪੂਰ ਕਰੀ ਰੱਖਿਆ ਹੈ। ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿੱਚ ਡਾ: ਬਰਜਿੰਦਰ ਸਿੰਘ ਦੀ ਇਸ ਦੇਣ ਨੂੰ ਸਦਾ ਯਾਦ ਰੱਖਿਆ ਜਾਵੇਗਾ"।
ਡਾ: ਬਰਜਿੰਦਰ ਸਿੰਘ ਦੀਆਂ ਲਿਖਤਾਂ ਤੇ ਪ੍ਰਾਪਤੀਆਂ 'ਜੈਕਬ ਕਲਾਟਜ਼ਕਿਨ' ਦੇ ਹੇਠ ਲਿਖੇ ਵਿਚਾਰਾਂ ਦੀ ਤਰਜ਼ਮਾਨੀ ਕਰਦੀਆਂ ਹਨ:-
ਹੇ ਮਨੁੱਖ, ਜ਼ਿੰਦਗੀ ਨਾਲ ਖੇਡ, ਖ਼ਤਰੇ ਲੱਭ,
ਤੇ ਜੇ ਉਹ ਨਾ ਲੱਭਣ, ਤਾਂ ਆਪ ਖ਼ਤਰੇ ਪੈਦਾ ਕਰ।
ਡੂੰਘਾਣਾਂ ਵਿੱਚ ਝਾਕ-ਤੇ ਡਰ। ਜੋ ਮਹਾਨ ਭੈ ਤੋਂ ਡਰਿਆ ਨਹੀਂ,
ਉਹ ਮਹਾਨ ਜ਼ਿੰਦਗੀ ਨਹੀਂ ਜੀਵਿਆ। ਡਰ ਤੇ ਹੱਸ"।
ਪ੍ਰੋ: ਬ੍ਰਹਮਜਗਦੀਸ਼ ਸਿੰਘ ਵਲੋਂ ਲਿਖੀ ਸਾਂਭਣ ਅਤੇ ਪੜ੍ਹਣਯੋਗ ਪੁਸਤਕ "ਵਿਵੇਕਸ਼ੀਲ ਦ੍ਰਿਸ਼ਟੀ ਦਾ ਹਸਤਾਖ਼ਰ ਡਾ: ਬਰਜਿੰਦਰ ਸਿੰਘ ਹਮਦਰਦ" ਦੇ ਕੁਲ ਮਿਲਾਕੇ 176 ਸਫ਼ੇ ਹਨ। ਇਹ ਪੁਸਤਕ ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ ਵਲੋਂ ਛਾਪੀ ਗਈ ਹੈ। ਪੁਸਤਕ ਦੀ ਕੀਮਤ 350 ਰੁਪਏ ਹੈ।
-ਗੁਰਮੀਤ ਸਿੰਘ ਪਲਾਹੀ
-9815802070
-gurmitpalahi@yahoo.com