ਆਬਾਦੀ ਪੱਖੋਂ ਮੋਹਰੀ ਬਣ ਰਹੇ ਭਾਰਤ ਦੀ ਹਕੂਮਤ ਸੁਫਨੇ ਪੇਸ਼ ਕਰਨੇ ਛੱਡ ਕੇ ਹਕੀਕਤਾਂ ਨੂੰ ਪਛਾਣੇ - ਜਤਿੰਦਰ ਪਨੂੰ
ਜੁਲਾਈ ਦਾ ਦੂਸਰਾ ਹਫਤਾ ਸੀ, ਜਦੋਂ ਇਹ ਖਬਰ ਮਿਲੀ ਕਿ ਤਾਜ਼ਾ ਅੰਕੜਿਆਂ ਮੁਤਾਬਕ ਅਗਲੇ ਸਾਲ ਭਾਰਤ ਦੀ ਆਬਾਦੀ ਅਜੇ ਤੱਕ ਸਾਰਿਆਂ ਤੋਂ ਅੱਗੇ ਗਿਣੇ ਜਾਂਦੇ ਚੀਨ ਤੋਂ ਵਧ ਜਾਵੇਗੀ ਤੇ ਫਿਰ ਆਬਾਦੀ ਪੱਖੋਂ ਭਾਰਤ 'ਨੰਬਰ ਵੰਨ' ਦੇਸ਼ ਗਿਣਿਆ ਜਾਣ ਲੱਗੇਗਾ। ਹੋਰ ਕਿਸੇ ਗੱਲ ਵਿੱਚ ਨਹੀਂ ਤਾਂ ਆਬਾਦੀ ਪੱਖੋਂ ਸਹੀ, ਕਈ ਸੱਜਣਾਂ ਨੂੰ ਇਹ ਵੀ ਭਾਰਤ ਦੀ ਇੱਕ 'ਪ੍ਰਾਪਤੀ' ਜਾਪਣ ਲੱਗ ਪਈ, ਪਰ ਕਈ ਹੋਰਨਾਂ ਨੂੰ ਇਸ ਨਾਲ ਜੁੜੇ ਕਈ ਗੰਭੀਰ ਪੱਖਾਂ ਨੇ ਚਿੰਤਾ ਲਾਈ ਹੈ। ਉਹ ਲੋਕ ਇਹ ਸੋਚ ਰਹੇ ਹਨ ਕਿ ਜਦੋਂ ਭਾਰਤ ਤੋਂ ਅਜੋਕੀ ਆਬਾਦੀ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਮੁਸ਼ਕਲ ਹੋ ਰਹੀਆਂ ਹਨ ਤਾਂ ਚੀਨ ਤੋਂ ਆਬਾਦੀ ਵਧਣ ਨਾਲ ਭਾਰਤੀ ਲੋਕਾਂ ਦਾ ਜੀਵਨ ਭਵਿੱਖ ਵਿੱਚ ਸੁਖਾਲਾ ਕਰਨ ਦੇ ਸੁਫਨਿਆਂ ਤੇ ਸਕੀਮਾਂ ਮੂਹਰੇ ਨਵੇਂ ਸਪੀਡ-ਬਰੇਕਰ ਵਧ ਜਾਣਗੇ। ਅਸੀਂ ਵੀ ਇਸ ਬਾਰੇ ਸੋਚਿਆ ਅਤੇ ਇਸ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਆਬਾਦੀ ਨਾਲ ਜੁੜੇ ਇਤਹਾਸਕ ਪੱਖਾਂ ਉੱਤੇ ਨਜ਼ਰ ਮਾਰਨ ਦਾ ਯਤਨ ਕੀਤਾ ਹੈ।
ਪਹਿਲੀ ਗੱਲ ਇਹ ਕਿ ਅਸੀਂ ਬਚਪਨ ਵਿੱਚ ਇਹ ਕਹਾਣੀਆਂ ਸੁਣਦੇ ਹੁੰਦੇ ਸਾਂ ਕਿ ਅੰਗਰੇਜ਼ਾਂ ਵੇਲੇ ਜਿਸ ਦੇ ਬਾਰਾਂ ਪੁੱਤਰ ਹੋਣ, ਉਸ ਨੂੰ ਇੱਕ ਮੁਰੱਬਾ (ਪੰਝੀ ਏਕੜ) ਜ਼ਮੀਨ ਸਰਕਾਰ ਦੇਂਦੀ ਹੁੰਦੀ ਸੀ, ਪਰ ਆਜ਼ਾਦੀ ਪਿੱਛੋਂ 'ਨਿਕੰਮੀ' ਸਰਕਾਰ ਆਬਾਦੀ ਰੋਕਣ ਤੁਰੀ ਹੋਈ ਹੈ। ਅੱਜ ਉਹ ਜ਼ਮਾਨਾ ਨਹੀਂ ਰਿਹਾ, ਸਗੋਂ ਇਸ ਦੀ ਥਾਂ ਲੋਕ ਆਮ ਤੌਰ ਉੱਤੇ ਇਹ ਸਮਝਣ ਲੱਗੇ ਹਨ ਕਿ ਆਬਾਦੀ ਵਧੀ ਤਾਂ ਮੁਸ਼ਕਲਾਂ ਵਧਣਗੀਆਂ, ਪਰ ਸਾਰੇ ਲੋਕ ਇੰਜ ਨਹੀਂ ਸੋਚਦੇ। ਕਈ ਧਾਰਮਿਕ ਪੁਰਸ਼ ਅੱਜ ਵੀ ਆਪੋ-ਆਪਣੇ ਧਰਮ ਦੇ ਲੋਕਾਂ ਨੂੰ ਸੱਦੇ ਦੇਣ ਲੱਗੇ ਹੋਏ ਹਨ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰਿਆ ਕਰੋ, ਤਾਂ ਕਿ ਅਸੀਂ ਆਪਣੇ ਧਰਮ ਦੀ ਤਰੱਕੀ ਵਿੱਚ ਪਛੜ ਨਾ ਜਾਂਦੇ ਹੋਈਏ। ਇਨ੍ਹਾਂ ਵਿੱਚ ਭਾਰਤ ਦੇ ਮੁੱਖ ਤਿੰਨੇ ਧਰਮਾਂ ਵਾਲੇ ਆਗੂ ਸ਼ਾਮਲ ਹਨ ਅਤੇ ਕਈ ਇਹੋ ਜਿਹੇ ਸਾਧੂ-ਸੰਤ ਵੀ ਇਸ ਤਰ੍ਹਾਂ ਦੇ ਸੱਦੇ ਦੇਈ ਜਾਂਦੇ ਹਨ, ਜਿਨ੍ਹਾਂ ਨੇ ਆਪ ਵਿਆਹ ਨਹੀਂ ਕਰਵਾਏ ਤੇ ਬ੍ਰਹਮਚਾਰੀ ਹੋਣ ਦੇ ਝੰਡੇ ਹੇਠ ਸੁੱਚੇ ਮੂੰਹ ਦੁਨੀਆ ਤੋਂ ਤੁਰ ਜਾਣ ਦਾ ਇਰਾਦਾ ਹੈ। ਆਬਾਦੀ ਦੇ ਨਾਲ ਜੁੜੇ ਆਰਥਿਕ ਮੁੱਦਿਆਂ ਬਾਰੇ ਨਾ ਉਨ੍ਹਾਂ ਨੂੰ ਸੋਚਣ ਦੀ ਲੋੜ ਹੈ, ਨਾ ਉਨ੍ਹਾਂ ਨੂੰ ਏਨੀ ਅਕਲ ਹੈ ਤੇ ਨਾ ਇਸ ਸੋਚਣੀ ਨਾਲ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਫਰਕ ਪੈਂਦਾ ਹੈ, ਪਰ ਸਾਨੂੰ ਸੰਸਾਰੀ ਜੀਵਨ ਵਾਲੇ ਲੋਕਾਂ ਨੂੰ ਪੈਂਦਾ ਹੈ।
ਆਬਾਦੀ ਵਧ ਰਹੀ ਹੈ ਤੇ ਇਕੱਲੇ ਭਾਰਤ ਦੀ ਨਹੀਂ ਵਧਦੀ, ਸਾਰੇ ਸੰਸਾਰ ਦੀ ਵਧ ਰਹੀ ਹੈ। ਸੰਸਾਰ ਦੀ ਆਬਾਦੀ ਇੱਕ ਸੌ ਕਰੋੜ ਦੇ ਅੰਕੜੇ ਨੂੰ 1804 ਵਿੱਚ ਟੱਪੀ ਸੀ ਤੇ 1930 ਵਿੱਚ ਦੂਸਰਾ ਸੌ ਕਰੋੜ ਹੋਣ ਨੂੰ ਕਰੀਬ ਇੱਕ ਸੌ ਛੱਬੀ ਸਾਲ ਲੱਗ ਗਏ ਸਨ। ਤੀਸਰਾ ਸੌ ਕਰੋੜ ਮਸਾਂ ਤੀਹ ਸਾਲਾਂ ਵਿੱਚ 1960 ਵਿੱਚ ਪੂਰਾ ਹੋ ਗਿਆ ਸੀ ਅਤੇ ਚੌਥਾ ਸੌ ਚੌਦਾਂ ਸਾਲਾਂ ਵਿੱਚ ਸਾਲ 1974 ਵਿੱਚ ਪਾਰ ਕਰ ਲਿਆ ਸੀ। ਪੰਜਵਾਂ ਸੌ ਕਰੋੜ ਹੋਣ ਨੂੰ 1987 ਤੱਕ ਤੇਰਾਂ ਸਾਲ ਲੱਗੇ ਸਨ ਤੇ ਆਬਾਦੀ ਵਧਣ ਤੋਂ ਰੋਕਣ ਲਈ ਸੰਸਾਰ ਵਿੱਚ ਹੋਏ ਪ੍ਰਚਾਰ ਕਾਰਨ ਛੇਵਾਂ ਸੌ ਕਰੋੜ 1999 ਤੱਕ ਟੱਪਣ ਤੱਕ ਬਾਰਾਂ ਸਾਲ ਲੱਗੇ ਸਨ। ਏਥੋਂ ਆਣ ਕੇ ਵਾਧੇ ਦੀ ਸਪੀਡ ਕੁਝ ਰੁਕੀ ਸੀ ਤੇ ਸੱਤਵੇਂ ਸੌ ਕਰੋੜ ਦੀ ਖਬਰ ਵੀ ਬਾਰਾਂ ਸਾਲ ਲਾ ਕੇ 2011 ਵਿੱਚ ਆਈ ਸੀ ਤੇ ਉਸ ਪਿੱਛੋਂ ਅੱਠਵਾਂ ਸੌ ਕਰੋੜ ਵੀ ਬਾਰਾਂ ਸਾਲਾਂ ਬਾਅਦ 2023 ਵਿੱਚ ਹੋਣਾ ਮੰਨਿਆ ਜਾਂਦਾ ਹੈ। ਭਾਰਤ ਦੀ ਆਬਾਦੀ 1960 ਵਿੱਚ ਪੰਜਤਾਲੀ ਕਰੋੜ ਸੀ, 1970 ਤੱਕ ਦਸ ਕਰੋੜ ਵਧੀ ਅਤੇ ਪਚਵੰਜਾ ਕਰੋੜ ਤੱਕ ਪਹੁੰਚੀ, ਪਰ ਅਗਲੇ ਦਸ ਸਾਲਾਂ ਮਗਰੋਂ 1980 ਵਿੱਚ ਇਹ ਪੰਦਰਾਂ ਕਰੋੜ ਵਧ ਕੇ ਸੱਤਰ ਕਰੋੜ ਦੇ ਅੰਕੜੇ ਨੂੰ ਪਹੁੰਚ ਗਈ ਸੀ। ਫਿਰ 1990 ਤੱਕ ਦੇ ਦਸ ਸਾਲਾਂ ਵਿੱਚ ਸਤਾਰਾਂ ਕਰੋੜ ਵਧ ਕੇ ਸਤਾਸੀ ਕਰੋੜ ਹੋਈ ਅਤੇ 2000 ਤੱਕ ਇਸ ਨੂੰ ਰੋਕਣ ਦੇ ਪ੍ਰਚਾਰ ਦੇ ਬਾਵਜੂਦ ਉੱਨੀ ਕਰੋੜ ਹੋਰ ਵਧ ਕੇ ਸੌ ਕਰੋੜ ਦਾ ਅੰਕੜਾ ਟੱਪਣ ਨਾਲ ਇੱਕ ਸੌ ਛੇ ਨੇੜੇ ਜਾ ਪੁੱਜੀ ਸੀ। ਏਥੇ ਆ ਕੇ ਸਪੀਡ ਕੁਝ ਘਟੀ ਤੇ ਅਠਾਰਾਂ ਕਰੋੜ ਦੇ ਵਾਧੇ ਨਾਲ 2010 ਵਿੱਚ ਇੱਕ ਸੌ ਤੇਈ ਕਰੋੜ ਤੱਕ ਗਈ, ਜਿਸ ਪਿੱਛੋਂ 2020 ਵਿੱਚ ਬਾਰਾਂ ਕਰੋੜ ਦੇ ਕਰੀਬ ਵਾਧੇ ਨਾਲ ਇਹ ਇੱਕ ਸੌ ਪੈਂਤੀ ਕਰੋੜ ਹੋ ਗਈ। ਇਸ ਵਕਤ ਭਾਰਤ ਦੇਸ਼ ਆਪਣੇ ਲੋਕਾਂ ਦੀ ਗਿਣਤੀ ਅਗਲੇ ਸਾਲ ਇੱਕ ਸੌ ਚਾਲੀ ਕਰੋੜ ਤੋਂ ਵਧਾ ਕੇ ਚੀਨ ਨੂੰ ਪਛਾੜਨ ਵਾਲਾ ਸੁਣੀਂਦਾ ਹੈ।
ਇਹ ਸਿਰਫ ਇੱਕ ਪੱਖ ਹੈ, ਦੂਸਰਾ ਪੱਖ ਇਹ ਹੈ ਕਿ ਚੀਨ ਨੂੰ ਭਾਰਤ ਆਬਾਦੀ ਦੇ ਪੱਖ ਤੋਂ ਬਹੁਤ ਪਹਿਲਾਂ ਪਿੱਛੇ ਛੱਡ ਆਇਆ ਜਾਪਦਾ ਹੈ। ਆਬਾਦੀ ਨੂੰ ਸਿਰਫ ਕੁੱਲ ਗਿਣਤੀ ਦੇ ਪੱਖੋਂ ਨਹੀਂ ਵੇਖਿਆ ਜਾਂਦਾ, ਖੇਤਰਫਲ ਵਾਲਾ ਪੱਖ ਵੀ ਵੇਖਣਾ ਪੈਂਦਾ ਹੈ ਤੇ ਇਹ ਪੱਖ ਵੇਖੀਏ ਤਾਂ ਲੰਬੇ ਚੌੜੇ ਦੇਸ਼ ਵਾਲੇ ਚੀਨ ਦੀ ਆਬਾਦੀ ਹਰ ਵਰਗ ਕਿਲੋਮੀਟਰ ਪਿੱਛੇ 153 ਜੀਅ ਬਣਦੀ ਹੈ, ਜਦ ਕਿ ਭਾਰਤ ਦੀ 460 ਜੀਅ ਪ੍ਰਤੀ ਵਰਗ ਕਿਲੋਮੀਟਰ ਤੋਂ ਵੱਧ ਹੈ। ਚੀਨ ਦੀ ਜਣੇਪਾ ਦਰ ਪਿਛਲੇ ਤੀਹ ਸਾਲਾਂ ਵਿੱਚ ਕਦੇ ਦੋ ਫੀਸਦੀ ਤੋਂ ਨਹੀਂ ਵਧੀ ਤੇ ਭਾਰਤ ਦੀ ਤੀਹ ਸਾਲ ਪਹਿਲੇ ਸਵਾ ਚਾਰ ਫੀਸਦੀ ਤੋਂ ਘਟਦੀ ਹਾਲੇ ਤੱਕ ਮਸਾਂ ਸਵਾ ਦੋ ਫੀਸਦੀ ਤੱਕ ਡਿੱਗੀ ਹੈ, ਜਿਸ ਕਾਰਨ ਤੇਜ਼ੀ ਨਾਲ ਵਧ ਰਹੀ ਹੈ। ਅਗਲੇ ਸਾਲ ਭਾਰਤ ਸੰਸਾਰ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਣ ਵਾਲੀ 'ਪ੍ਰਾਪਤੀ' ਕਰ ਲਵੇਗਾ, ਪਰ ਪਹਿਲੀਆਂ ਸਮੱਸਿਆਵਾਂ ਨਾਲ ਉਲਝਿਆ ਪਿਆ ਦੇਸ਼ ਇਸ ਨਾਲ ਹੋਰ ਉਲਝ ਜਾਵੇਗਾ। ਜਿਹੜੀ ਭਾਰਤ ਮਾਤਾ ਪਹਿਲੀਆਂ ਮੁਸ਼ਕਲਾਂ ਦੇ ਬੋਝ ਹੇਠ ਕੁੱਬੇ ਲੱਕ ਹੋਈ ਪਈ ਹੈ, ਉਸ ਦੇ ਗੋਡੇ ਸਭ ਤੋਂ ਵੱਧ ਆਬਾਦੀ ਵਾਲੀ 'ਪ੍ਰਾਪਤੀ' ਦੇ ਬੋਝ ਹੇਠ ਠੋਡੀ ਨਾਲ ਜਾ ਲੱਗਣਗੇ ਅਤੇ ਭੁੱਖਾਂ ਮਾਰੀ ਇਸ ਦੇਸ਼ ਦੀ ਜਨਤਾ ਨੂੰ ਦੇਸ਼ ਦੇ ਹੁਕਮਰਾਨ 'ਪੰਜ ਟ੍ਰਿਲੀਅਨ ਵਾਲੀ ਆਰਥਿਕਤਾ' ਦੇ ਗੋਲ਼ ਵੱਲ ਦੌੜਦੇ ਰਹਿਣ ਲਈ ਥਾਪੜੇ ਦੇਈ ਜਾਣਗੇ। ਧਰਮ ਦਾ ਜਿਹੜਾ ਨਾਅਰਾ ਅੱਜ ਤੱਕ ਭਗਵਾਨ ਸ਼ਿਵ ਲਈ ਵਰਤਿਆ ਜਾਂਦਾ ਸੀ, ਦੇਸ਼ ਦੇ ਅਜੋਕੇ ਲੀਡਰ ਲਈ ਇਹੋ ਨਾਅਰਾ ਲਾਉਂਦੇ ਲੋਕਾਂ ਦੀ ਭੀੜ ਨੂੰ ਅਸੀਂ ਮਾਰੂਥਲ ਵਿੱਚ ਭਟਕਦੇ ਹਿਰਨਾਂ ਵਾਂਗ ਦੌੜਦੇ ਵੇਖਾਂਗੇ।
ਸਾਨੂੰ ਹੈਰਾਨੀ ਹੁੰਦੀ ਹੈ ਕਿ ਇਹੋ ਜਿਹੇ ਮੌਕੇ ਇਸ ਦੇਸ਼ ਦੇ ਨੀਤੀਵਾਨ ਸਾਡੇ ਲੋਕਾਂ ਨੂੰ ਭਾਰਤੀ ਹਾਲਾਤ ਦੀ ਤੁਲਨਾ ਗਵਾਂਢ ਦੇ ਉਨ੍ਹਾਂ ਦੇਸ਼ਾਂ ਦੇ ਲੋਕਾਂ ਨਾਲ ਕਰਨਾ ਸਿਖਾ ਰਹੇ ਹਨ, ਜਿਨ੍ਹਾਂ ਦੇ ਪੈਰ ਕਦੀ ਜ਼ਮੀਨ ਉੱਤੇ ਟਿਕਦੇ ਹੀ ਨਹੀਂ ਸਨ ਵੇਖੇ ਗਏ। ਉਸ ਪਾਕਿਸਤਾਨ ਨਾਲ ਭਾਰਤ ਦੀ ਤੁਲਨਾ ਕੀਤੀ ਜਾਦੀ ਹੈ, ਜਿਹੜਾ ਆਜ਼ਾਦੀ ਪਿੱਛੋਂ ਦੀ ਪੌਣੀ ਸਦੀ ਤੋਂ ਵੱਧ ਅਮਰੀਕਨਾਂ ਅਤੇ ਉਨ੍ਹਾਂ ਦੇ ਸਾਥੀ ਦੇਸ਼ਾਂ ਦੇ ਦਿੱਤੇ ਪੈਸਿਆਂ ਨਾਲ ਬੁੱਤਾ ਸਾਰਦਾ ਰਿਹਾ ਤੇ ਅਮਰੀਕਨਾਂ ਨਾਲ ਯਾਰੀ ਟੁੱਟਣ ਪਿੱਛੋਂ ਓਥੋਂ ਦਾ ਹਰ ਹਾਕਮ ਠੂਠਾ ਚੁੱਕ ਕੇ ਚੀਨ ਅਤੇ ਖਾੜੀ ਦੇਸ਼ਾਂ ਨੂੰ ਦੌੜਦਾ ਰਹਿੰਦਾ ਹੈ। ਭਾਰਤ ਦੇ ਹਾਕਮਾਂ ਅਤੇ ਉਨ੍ਹਾਂ ਦੇ ਢੰਡੋਰਚੀਆਂ ਲਈ ਇਹੋ ਗੱਲ ਬੜੀ ਖੁਸ਼ੀ ਦੀ ਹੈ ਕਿ ਸੰਸਾਰ ਵਿੱਚ ਜੀ ਡੀ ਪੀ (ਸਮੁੱਚੇ ਘਰੇਲੂ ਉਤਪਾਦਨ) ਗਿਣਨ ਦੇ ਚਾਰਟ ਵਿੱਚ ਪਾਕਿਸਤਾਨ ਸਾਡੇ ਤੋਂ ਅਠਾਰਾਂ ਦਰਜੇ ਨੀਂਵਾਂ ਦਿੱਸਦਾ ਹੈ, ਬੰਗਲਾ ਦੇਸ਼ ਵੀ ਦੋ ਦਰਜੇ ਹੇਠਾਂ ਹੈ, ਪਰ ਥੋੜ੍ਹੀ ਹੋਰ ਝਾਤੀ ਮਾਰ ਲਈਏ ਤਾਂ ਇਹ ਤਸੱਲੀ ਵੀ ਖੰਭ ਲਾ ਕੇ ਉੱਡ ਜਾਂਦੀ ਹੈ। ਅਰਾਜਕਤਾ ਦਾ ਭੰਨਿਆ ਪਿਆ ਸ੍ਰੀਲੰਕਾ ਅਜੇ ਵੀ ਸਾਡੇ ਤੋਂ ਬਾਰਾਂ ਦਰਜੇ ਉੱਤੇ ਲਿਖਿਆ ਦਿੱਸਦਾ ਹੈ ਅਤੇ ਭੂਟਾਨ ਵਰਗਾ ਬਚੂੰਗੜਾ ਜਿਹਾ ਦੇਸ਼ ਭਾਰਤ ਤੋਂ ਸੱਤ ਦਰਜੇ ਉੱਚਾ ਦਿੱਸਦਾ ਹੈ। ਫਿਰ ਜੇ ਭੁੱਖਮਰੀ ਵਾਲਾ ਖਾਤਾ ਦੇਖਣ ਲੱਗ ਜਾਈਏ ਤਾਂ ਤਸੱਲੀ ਕਰਨ ਲਈ ਜੰਗਾਂ ਦਾ ਭੰਨਿਆ ਅਤੇ ਸਾਡੇ ਤੋਂ ਦੋ ਦਰਜੇ ਹੋਰ ਹੇਠਾਂ ਲਿਖਿਆ ਅਫਗਾਨਿਸਤਾਨ ਵੇਖ ਕੇ ਮਨ ਨੂੰ ਤਸੱਲੀ ਦੇਣੀ ਪਵੇਗੀ, ਪਾਕਿਸਤਾਨ ਵੀ ਇਸ ਖਾਤੇ ਵਿੱਚ ਸਾਡੇ ਨਾਲੋਂ ਅੱਠ ਦਰਜੇ ਚੰਗੇ ਥਾਂ ਲਿਖਿਆ ਹੈ। ਇਹ ਸੱਚਾਈ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ।
ਭਾਰਤ ਉਸ ਪੜਾਅ ਉੱਤੇ ਪਹੁੰਚ ਚੁੱਕਾ ਹੈ, ਜਿੱਥੇ ਸੁਫਨਿਆਂ ਨਾਲ ਬੁੱਤਾ ਸਾਰਨ ਦੀ ਥਾਂ ਹਕੀਕਤਾਂ ਪ੍ਰਵਾਨ ਕਰਨ ਦੀ ਹਿੰਮਤ ਵਿਖਾਉਣੀ ਪਵੇਗੀ। ਸੜਕ ਉੱਤੇ ਜਾਂਦਾ ਕੋਈ ਬੰਦਾ ਅਸਮਾਨ ਵੱਲ ਝਾਕਦਾ ਜਾਂਦਾ ਸੀ, ਪਿੱਛੋਂ ਆਉਂਦੇ ਟਰੱਕ ਦੇ ਡਰਾਈਵਰ ਨੇ ਹਾਰਨ ਵਜਾ ਕੇ ਕਿਹਾ ਸੀ: ਮੂਰਖਾ, ਹੇਠਾਂ ਵੇਖ ਕੇ ਚੱਲਿਆ ਕਰ, ਉੱਪਰ ਨੂੰ ਝਾਕਦਾ ਕਿਤੇ ਉਤਾਂਹ ਹੀ ਨਾ ਪਹੁੰਚ ਜਾਂਦਾ ਹੋਵੀਂ। ਭਾਰਤ ਨੂੰ ਵੀ ਖਿਆਲੀ ਉਡਾਰੀਆਂ ਲਾਉਣ ਦੀ ਥਾਂ ਆਪਣੇ ਪੈਰਾਂ ਹੇਠ ਕੰਬਦੀ ਜ਼ਮੀਨ ਦਾ ਕਾਂਬਾ ਮਹਿਸੂਸ ਕਰਨਾ ਹੋਵੇਗਾ। ਏਨਾ ਵੀ ਕਾਫੀ ਨਹੀਂ, ਇਸ ਕਾਂਬੇ ਦੇ ਕਾਰਨ ਦੂਰ ਕਰਨੇ ਹੋਣਗੇ। ਆਪਣੀ ਆਬਾਦੀ ਦੇ ਪੱਖ ਤੋਂ ਸਾਰੇ ਸੰਸਾਰ ਤੋਂ ਮੋਹਰੀ ਬਣਨ ਨੂੰ ਪ੍ਰਾਪਤੀ ਨਹੀਂ, ਸਮੱਸਿਆਵਾਂ ਦਾ ਬੋਝ ਸਮਝਣਾ ਹੋਵੇਗਾ, ਵਰਨਾ ਕਬੂਤਰ ਜੇ ਅੱਖਾਂ ਵੀ ਮੀਟ ਲਵੇ ਤਾਂ ਬਿੱਲੀ ਕਦੀ ਛੱਡ ਨਹੀਂ ਦੇਂਦੀ ਹੁੰਦੀ। ਭੁੱਖ ਨਾਲ ਆਂਦਰਾਂ ਨੂੰ ਜਦੋਂ ਮਰੋੜਾ ਪੈਣ ਲੱਗੇਗਾ ਤਾਂ ਭਾਰਤ ਦੇ ਲੋਕਾਂ ਨੂੰ ਹਾਕਮਾਂ ਦੇ ਵਿਖਾਏ ਹੋਏ ਹੁਸੀਨ ਸੁਫਨੇ ਵੀ ਡਰਾਉਣ ਵਾਲੇ ਜਾਪਣ ਲੱਗ ਸਕਦੇ ਹਨ।