ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

24 ਜੁਲਾਈ 2022

ਤੇਜ਼ੀ ਨਾਲ਼ ਉਭਰ ਰਹੀ ਭਾਰਤੀ ਅਰਥ ਵਿਵਸਥਾ ਭਾਜਪਾ ਨੇ ਕੀਤੀ ਬਰਬਾਦ- ਰਾਹੁਲ ਗਾਂਧੀ

ਵਾਰਸ ਸ਼ਾਹ ਜਾਂ ‘ਹੀਰ’ ਨੂੰ ਖ਼ਬਰ ਹੋਈ, ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ

ਹੰਸ ਰਾਜ ਹੰਸ ਵਲੋਂ ਦਲੇਰ ਮਹਿੰਦੀ ਨਾਲ਼ ਜੇਲ੍ਹ ਵਿਚ ਮੁਲਾਕਾਤ- ਇਕ ਖ਼ਬਰ

ਸਿੱਲ੍ਹੀ ਸਿੱਲ੍ਹੀ ਆਉਂਦੀ ਏ ਹਵਾ, ਕਿਤੇ ਕੋਈ ਰੋਂਦਾ ਹੋਵੇਗਾ।

ਆਟਾ, ਚੌਲ਼ਾਂ ਸਮੇਤ ਹੋਰ ਵਸਤਾਂ ਮਹਿੰਗੀਆਂ ਹੋਣ ਨਾਲ਼ ਲੋਕਾਂ ‘ਚ ਰੋਸ- ਇਕ ਖ਼ਬਰ

ਲੋਕ ਆਟੇ ਦੀ ਜਗ੍ਹਾ ਬਰੈੱਡ ਖ਼ਰੀਦ ਲੈਣ ਤੇ ਚੌਲਾਂ ਦੀ ਜਗ੍ਹਾ ਖੀਰ ਖਾਣ।

ਰਾਜਾ ਵੜਿੰਗ ਨੇ ਪ੍ਰਧਾਨ ਬਣਨ ਤੋਂ ਬਾਅਦ ਆਪਣੀ ਪਾਰਟੀ ਹੀ ਖ਼ਤਮ ਕਰ ਦਿਤੀ- ਲਾਲਜੀਤ ਸਿੰਘ ਭੁੱਲਰ

ਨਾ ਰਹੇ ਬਾਂਸ, ਨਾ ਵੱਜੇ ਬੰਸਰੀ।

ਕੇਜਰੀਵਾਲ ਦੇ ਸਿੰਘਾਪੁਰ ਦੌਰੇ ਦੀ ਫਾਈਲ ਰੱਦ, ਜਾਣ ਦੀ ਇਜਾਜ਼ਤ ਨਹੀਂ ਮਿਲੀ- ਇਕ ਖ਼ਬਰ

ਕੱਦ ਏਸ ਦਾ ਅਸਾਂ ਨਹੀਂ ਵਧਣ ਦੇਣਾ, ਛਾਂਗ ਦਿਆਂਗੇ ਏਸ ਨੂੰ ਗਿੱਟਿਆਂ ਤੋਂ

ਅਗਨੀਪੱਥ ਨਾਲ਼ ਸਬੰਧਤ ਸਾਰੀਆਂ ਪਟੀਸ਼ਨਾਂ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਨੂੰ ਭੇਜੀਆਂ- ਇਕ ਖ਼ਬਰ

ਵਾਹ ਵਾਹ ਰੇ ਤੇਰੀ ਚਤੁਰਾਈ, ਤਬੇਲੇ ਦੀ ਬਲਾਅ ਵਛੇਰੇ ਗਲ਼ ਪਾਈ।

ਹਰਸਿਮਰਤ ਬਾਦਲ ਨੇ ਲੋਕ ਸਭਾ ‘ਚ ਐਮ.ਐਸ.ਪੀ. ਦਾ ਮੁੱਦਾ ਚੁੱਕਿਆ- ਇਕ ਖ਼ਬਰ

ਜਿਹਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਹਨੀਂ ਰਾਹੀਂ ਵੇ ਮੈਨੂੰ ਤੁਰਨਾ ਪਿਆ।

ਮਨਪ੍ਰੀਤ ਸਿੰਘ ਇਆਲੀ ਵਲੋਂ ਬਾਦਲਾਂ ਵਿਰੁੱਧ ਬਗ਼ਾਵਤ ਸ਼ੁੱਭ ਸੰਕੇਤ- ਭਾਈ ਢਪਾਲੀ

ਰੇਲੇ ਚੜ੍ਹਦੇ ਨੂੰ, ਹੱਥ ਜੋੜ ਕੇ ਰੁਮਾਲ ਫੜਾਵਾਂ।

ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਵਲੋਂ ਐਮ.ਐਸ.ਪੀ. ਬਾਰੇ ਬਣਾਈ ਕਮੇਟੀ ਰੱਦ ਕੀਤੀ- ਇਕ ਖ਼ਬਰ

ਮੇਰੇ ਨਰਮ ਕਾਲਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਤਿਆਗ ਦੀ ਭਾਵਨਾ ਦਿਖਾਉਣ ਦੀ ਲੋੜ- ਭਾਈ ਮਨਜੀਤ ਸਿੰਘ

ਕਰ ਲੈ ਬੰਦਗੀ ਤੂੰ ਸੁੱਤਾ ਜਾਗ ਬੰਦਿਆ, ਹੱਥ ਭਲਕ ਨੂੰ ਆਵਣਾ ਅੱਜ ਨਹੀਂ।

ਅਫ਼ਸਰ ਆਪਣੀਆਂ ਪੁਰਾਣੀਆਂ ਆਦਤਾਂ ਛੱਡ ਦੇਣ- ਮੰਤਰੀ ਡਾ. ਨਿੱਜਰ

ਡਾਕਟਰ ਆਉਂਦਾ ਪਰੈਣੀ ਕੱਸੀ, ਰੱਬਾ ਹੁਣ ਕੀ ਕਰੀਏ।

ਸ਼੍ਰੋਮਣੀ ਕਮੇਟੀ ਦੀ ਦਹਾੜ ਦਿੱਲੀ ਨੂੰ ਕੰਬਣੀ ਛੇੜ ਦਿੰਦੀ ਸੀ, ਹੁਣ ਅਗਲੇ ਅੰਦਰ ਵੀ ਨਹੀਂ ਬੁਲਾਉਂਦੇ- ਜਥੇਦਾਰ

ਜਥੇਦਾਰ ਜੀ, ਮੁਜਰਿਮਾਂ ‘ਤੇ ਉਂਗਲ ਰੱਖਣ ਦੀ ਹੈ ਹਿੰਮਤ ਤੁਹਾਡੇ ਕੋਲ਼?

‘ਆਪ’ ਦੇ ਸੰਸਦ ਮੈਂਬਰਾਂ ਨੇ ਪੰਜਾਬ ਦੇ ਮੁੱਦਿਆਂ ‘ਤੇ ਨਾ ਬੋਲ ਕੇ ਪੰਜਾਬੀਆਂ ਨਾਲ਼ ਧੋਖਾ ਕੀਤਾ- ਪ੍ਰਤਾਪ ਬਾਜਵਾ

ਜੇ ਮਾਏਂ ਕੁਝ ਦਿਸਦਾ ਹੋਵੇ, ਥੋੜ੍ਹਾ ਕਰਾਂ ਅੰਦੇਸਾ। 

ਘੁੰਮ ਫਿਰ ਕੇ ਹੁਣ ਕਾਂਗਰਸੀ ਨਵਜੋਤ ਸਿੱਧੂ ਨੂੰ ਅੱਗੇ ਲਿਆਉਣ ਲਈ ਕਾਹਲੇ- ਇਕ ਖ਼ਬਰ

ਕੋਠੀ ‘ਚੋਂ ਲਿਆ ਦੇ ਘੁੰਗਰੂ, ਬੱਗੇ ਬਲਦ ਖਰਾਸੇ ਜਾਣਾ।