ਲੋਕਤੰਤਰ ਕਿਵੇਂ ਜ਼ਿੰਦਾ ਰਹਿੰਦੇ ਹਨ - ਰਾਮਚੰਦਰ ਗੁਹਾ
ਸਾਲ 2018 ਵਿਚ ਹਾਰਵਰਡ ਦੇ ਦੋ ਪ੍ਰੋਫੈਸਰਾਂ ਨੇ ਇਕ ਕਿਤਾਬ ਲਿਖੀ ਸੀ ਜਿਸ ਦਾ ਨਾਂ ਹੈ ‘ਹਾਓ ਡੈਮੋਕਰੇਸੀਜ਼ ਡਾਇ’ (ਲੋਕਤੰਤਰ ਕਿਵੇਂ ਮਰਦੇ ਹਨ)। ਡੋਨਲਡ ਟਰੰਪ ਦੇ ਰੂਪ ਵਿਚ ਅਮਰੀਕੀ ਸਦਰੀਅਤ ਦੀ ਹੈਰਾਨੀਜਨਕ ਚੜ੍ਹਤ ਨੂੰ ਵੇਖਦਿਆਂ ਇਸ ਕਿਤਾਬ ਵਿਚ ਦਲੀਲ ਦਿੱਤੀ ਗਈ ਸੀ ਕਿ ਪੁਰਾਣੇ ਤੇ ਸਥਾਪਤ ਲੋਕਤੰਤਰਾਂ ਨੂੰ ਵੀ ਆਪਣੀਆਂ ਰਾਜਸੀ ਪ੍ਰਣਾਲੀਆਂ ਦੇ ਚਲਦੇ ਰਹਿਣ ਨੂੰ ਬਖਸ਼ੀਸ਼ ਨਹੀਂ ਸਮਝਣਾ ਚਾਹੀਦਾ। ਵੋਟਰਾਂ ਦੀਆਂ ਸਿਰੇ ਦੀਆਂ ਪਾਸ਼ਵਿਕ ਰੁਚੀਆਂ ਨੂੰ ਪੱਠੇ ਪਾਉਣ ਵਾਲਾ ਤੇ ਸੰਸਥਾਵਾਂ ਦੀ ਖ਼ੁਦਮੁਖ਼ਤਾਰੀ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਣ ਵਾਲਾ ਕੋਈ ਉਸ਼ਟੰਡਬਾਜ਼ ਲੋਕਰਾਜੀ ਕਾਰਵਿਹਾਰ ਨੂੰ ਬੜੀ ਤੇਜ਼ੀ ਨਾਲ ਕੁਚਲ ਸਕਦਾ ਹੈ।
ਹਾਲ ਹੀ ਵਿਚ ਬਰਤਾਨੀਆ ਵਿਚ ਜੋ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਤੋਂ ਇਹ ਖਿਆਲ ਪੈਦਾ ਹੁੰਦਾ ਹੈ ਕਿ ਇਸ ਕਿਤਾਬ ਦੀ ਇਕ ਹੋਰ ਲੜੀ ਆਉਣੀ ਚਾਹੀਦੀ ਹੈ ਜਿਸ ਦਾ ਸਿਰਲੇਖ ਇਹ ਹੋ ਸਕਦਾ ਹੈ ‘ਹਾਓ ਡੈਮੋਕਰੇਸੀਜ਼ ਸਰਵਾਈਵ’ (ਲੋਕਤੰਤਰ ਜ਼ਿੰਦਾ ਕਿਵੇਂ ਰਹਿੰਦੇ ਹਨ)। ਇਸ ਕਿਤਾਬ ਵਿਚ ਮੁੱਖ ਤੌਰ ’ਤੇ ਬਰਤਾਨੀਆ ਦੀਆਂ ਕੁਝ ਹਾਲੀਆ ਘਟਨਾਵਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ ਜਿੱਥੇ ਮਸਾਂ ਢਾਈ ਕੁ ਸਾਲ ਪਹਿਲਾਂ ਕੰਜ਼ਰਵੇਟਿਵ ਪਾਰਟੀ ਨੂੰ ਜ਼ਬਰਦਸਤ ਜਿੱਤ ਦਿਵਾਉਣ ਵਾਲੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਹੈ।
ਬਰਤਾਨਵੀ ਆਮ ਚੋਣਾਂ ਵਿਚ ਦੋ (ਜਾਂ ਕੁਝ ਕੁ ਹੋਰ) ਪਾਰਟੀਆਂ ਆਹਮੋ ਸਾਹਮਣੇ ਹੁੰਦੀਆਂ ਹਨ। ਸ਼ਾਇਦ ਹੀ ਕਦੇ ਇਨ੍ਹਾਂ ਚੋਣਾਂ ਨੂੰ ਸਦਰੀਅਤ ਦਾ ਰੰਗ ਚੜ੍ਹਿਆ ਹੈ ਪਰ ਫਿਰ ਵੀ ਕੰਜ਼ਰਵੇਟਿਵ ਪਾਰਟੀ ਨੇ ਮੁੱਖ ਤੌਰ ’ਤੇ ਬੋਰਿਸ ਜੌਹਨਸਨ ਦੇ ਕ੍ਰਿਸ਼ਮੇ ਤੇ ਲੋਕਪ੍ਰਿਅਤਾ ਸਦਕਾ ਦਸੰਬਰ 2019 ਦੀਆਂ ਚੋਣਾਂ ਜਿੱਤ ਲਈਆਂ ਸਨ ਜੋ ਤਨਜ਼ੀਆ ਲਹਿਜੇ ਵਿਚ ਭਾਸ਼ਣ ਕਰਦੇ ਹਨ, ਸਿਰ ਦੇ ਵਾਲ ਖਿਲਾਰ ਕੇ ਰੱਖਦੇ ਹਨ ਤੇ ਬੇਥਵੇ ਢੰਗ ਦੇ ਕੱਪੜੇ ਪਹਿਨਦੇ ਹਨ ਜਿਨ੍ਹਾਂ ਦੇ ਅਜਿਹੇ ਅੰਦਾਜ਼ ’ਤੇ ਅੰਗਰੇਜ਼ ਵੋਟਰ ਫਿਦਾ ਹੋ ਗਏ ਸਨ। 1987 ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੂੰ ਸਭ ਤੋਂ ਵੱਡੀ ਗਿਣਤੀ ਵਿਚ ਸੀਟਾਂ ਮਿਲੀਆਂ ਸਨ ਅਤੇ ਵੋਟਾਂ ਦੀ ਫ਼ੀਸਦ ਦੇ ਮਾਮਲੇ ਵਿਚ 1979 ਤੋਂ ਬਾਅਦ ਇਹ ਹੁਣ ਤੱਕ ਦੀ ਬਿਹਤਰੀਨ ਕਾਰਗੁਜ਼ਾਰੀ ਸੀ। ਮੁੱਖ ਵਿਰੋਧੀ ਲੇਬਰ ਪਾਰਟੀ ਨੂੰ ਮਹਿਜ਼ 202 ਸੀਟਾਂ ਮਿਲ ਸਕੀਆਂ ਜੋ 1935 ਤੋਂ ਬਾਅਦ ਉਸ ਦੀਆਂ ਸਭ ਤੋਂ ਘੱਟ ਸੀਟਾਂ ਸਨ। ਹਮੇਸ਼ਾ ਲੇਬਰ ਨੂੰ ਜਿਤਾਉਂਦੇ ਰਹੇ ਉੱਤਰੀ ਖਿੱਤੇ ਦੇ ਮਿਹਨਤਕਸ਼ ਤਬਕਿਆਂ ਵਾਲੇ ਜ਼ਿਲ੍ਹੇ ਵੀ ਵੱਡੇ ਪੱਧਰ ’ਤੇ ਕੰਜ਼ਰਵੇਟਿਵਾਂ ਦੇ ਹੱਕ ਵਿਚ ਭੁਗਤੇ।
ਚੋਣਾਂ ਵਿਚ ਬੋਰਿਸ ਜੌਹਨਸਨ ਦੀ ਕਾਮਯਾਬੀ ਨੇ ਪਾਰਟੀ ਅੰਦਰ ਉਸ ਦਾ ਦਬਦਬਾ ਕਾਇਮ ਕਰ ਦਿੱਤਾ ਸੀ। ਖ਼ਾਸ ਤੌਰ ’ਤੇ ਪਹਿਲੀ ਵਾਰ ਚੁਣੇ ਗਏ ਟੋਰੀ ਸੰਸਦ ਮੈਂਬਰ ਤਾਂ ਉਸ ਨੂੰ ਮਸੀਹੇ ਵਾਲੀ ਹੈਸੀਅਤ ਵਿਚ ਰੱਖ ਕੇ ‘ਬੋਜੋ’ ਕਹਿ ਕੇ ਪੁਕਾਰਨ ਲੱਗ ਪਏ ਤੇ ਹਰ ਕੋਈ ਉਸ ਦੀ ਆਲੋਚਨਾ ਕਰਨ ਤੋਂ ਤ੍ਰਹਿੰਦਾ ਸੀ। ਜ਼ਾਹਰਾ ਤੌਰ ’ਤੇ ਜੌਹਨਸਨ ਟਰੰਪ ਦੀ ਸਫ਼ਲਤਾ ਤੋਂ ਪ੍ਰਭਾਵਿਤ ਸੀ ਅਤੇ ਇਸ ਅਮਰੀਕੀ ਉਸ਼ਟੰਡਬਾਜ਼ ਨੂੰ ਪ੍ਰੇਰਤ ਕਰਨ ਵਿਚ ਉਸ ਦੀ ਸਿਆਸਤ ਨੇ ਵੀ ਭੂਮਿਕਾ ਨਿਭਾਈ ਸੀ। ਉਸ ਨੇ ਪਾਰਟੀ ਮਸ਼ੀਨਰੀ ਨੂੰ ਲਾਂਭੇ ਕਰ ਕੇ ਸਿੱਧਾ ਜਨਤਾ ਨਾਲ ਜੁੜਨਾ ਚਾਹਿਆ ਸੀ। ਉਸ ਨੂੰ ਮਸ਼ਵਰੇ ਦੇਣ ਵਾਲਿਆਂ ’ਚ ਉਸ ਦੇ ਮੰਤਰੀਆਂ ਨਾਲੋਂ ਬਾਹਰਲੇ ਸਲਾਹਕਾਰ ਜ਼ਿਆਦਾ ਸਨ। ਉਹ ਵੀ ਬਰਤਾਨੀਆ ਨੂੰ ਮੁੜ ਤੋਂ ਮਹਾਨ ਬਣਾਉਣ ਦੀਆਂ ਫੜ੍ਹਾਂ ਮਾਰਦਾ ਰਹਿੰਦਾ ਸੀ।
ਸਾਲ 2019 ਦੀਆਂ ਚੋਣਾਂ ਵਿਚ ਜਦੋਂ ਉਸ ਦੀ ਪਾਰਟੀ ਜੇਤੂ ਰਹੀ ਤਾਂ ਬੋਰਿਸ ਜੌਹਨਸਨ ਦੀ ਉਮਰ ਮਹਿਜ਼ 55 ਸਾਲ ਸੀ। ਇਸ ਹਿਸਾਬ ਨਾਲ ਜਦੋਂ ਨਰਿੰਦਰ ਮੋਦੀ ਭਾਰਤ ਦਾ ਪ੍ਰਧਾਨ ਬਣਿਆ ਸੀ ਤਾਂ ਉਹ (ਜੌਹਨਸਨ) ਉਸ ਤੋਂ ਅੱਠ ਸਾਲ ਅਤੇ ਅਮਰੀਕੀ ਰਾਸ਼ਟਰਪਤੀ ਬਣਨ ਵਾਲੇ ਡੋਨਲਡ ਟਰੰਪ ਤੋਂ ਪੂਰੇ ਪੰਦਰ੍ਹਾਂ ਸਾਲ ਛੋਟਾ ਸੀ। ਦਸੰਬਰ 2019 ਵਿਚ ਜੌਹਨਸਨ ਦੋ ਜਾਂ ਤਿੰਨ ਟਰਮਾਂ ਦੀ ਸੱਤਾ ਮਾਣਨ ਦੇ ਸੁਫ਼ਨੇ ਦੇਖ ਰਿਹਾ ਸੀ। ਉਹ ਅਜੇ ਅਧਖੜ ਸੀ ਤੇ ਪਾਰਟੀ ਤੇ ਵੋਟਰਾਂ ’ਤੇ ਪਕੜ ਬਣੀ ਹੋਈ ਸੀ ਤੇ ਮੁੱਖ ਵਿਰੋਧੀ ਪਾਰਟੀ ਲੇਬਰ ਡਾਵਾਂਡੋਲ ਹਾਲਤ ਵਿਚ ਸੀ।
ਅੱਧਾ ਕੁ ਕਾਰਜਕਾਲ ਹੋਣ ’ਤੇ ਹੀ ਬੋਰਿਸ ਜੌਹਨਸਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪੈ ਗਿਆ- ਤੇ ਉਹ ਵੀ ਆਪਣੀ ਮਰਜ਼ੀ ਨਾਲ ਨਹੀਂ ਸਗੋਂ ਪੂਰੀ ਤਰ੍ਹਾਂ ਬੇਇੱਜ਼ਤ ਹੋਣ ਤੋਂ ਬਾਅਦ। ਇਹ ਸਭ ਕੁਝ ਕਿਵੇਂ ਵਾਪਰਿਆ? ਇਹ ਇਸ ਕਰਕੇ ਹੋਇਆ ਕਿਉਂਕਿ ਬਰਤਾਨਵੀ ਲੋਕਤੰਤਰ ਦੀਆਂ ਅਜੇ ਤਾਈਂ ਕਾਇਮ ਦਾਇਮ ਸੰਸਥਾਵਾਂ ਵੱਲੋਂ ਉਸ ਨੂੰ ਉਸ ਦੀਆਂ ਕਾਰਵਾਈਆਂ ਲਈ ਜਵਾਬਦੇਹ ਠਹਿਰਾਇਆ ਜਾ ਸਕਿਆ ਹੈ। ਮਿਸਾਲ ਦੇ ਤੌਰ ’ਤੇ ਪ੍ਰੈਸ ਦੀ ਗੱਲ ਕਰ ਲਓ। ਸਿਆਸਤ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਟਰੰਪ ਦੇ ਉਲਟ ਜੌਹਨਸਨ ਆਪਣੀ ਹਕੀਕਤਪਸੰਦੀ ਕਰਕੇ ਜਾਣੇ ਜਾਂਦੇ ਸਨ। ਲੰਡਨ ਦੇ ਮੇਅਰ ਜਾਂ ਵਿਦੇਸ਼ ਮੰਤਰੀ ਹੁੰਦਿਆਂ ਵੀ ਉਨ੍ਹਾਂ ਦੀ ਆਪਣਾ ਖਾਸਾ ਛੁਪਾਉਣ ਦੀ ਕਲਾ ਕੋਈ ਵੱਡੀ ਖ਼ਬਰ ਨਹੀਂ ਬਣੀ ਪਰ ਜਦੋਂ ਉਹ ਪ੍ਰਧਾਨ ਮੰਤਰੀ ਬਣ ਗਏ ਤਾਂ ਸੁਤੰਤਰ ਮੀਡੀਆ ਨੇ ਉਨ੍ਹਾਂ ਦੀ ਅਸਲੀਅਤ ਦੀ ਹੋਰ ਜ਼ਿਆਦਾ ਪੁਣਛਾਣ ਕਰਨੀ ਸ਼ੁਰੂ ਕਰ ਦਿੱਤੀ। ਇੰਝ, ਜਦੋਂ ਇਹ ਗੱਲ ਸਾਹਮਣੇ ਆਈ ਕਿ ਕੋਵਿਡ ਲੌਕਡਾਊਨ ਦੌਰਾਨ ਉਹ ਆਪਣੇ ਸਟਾਫ ਨਾਲ ਦਾਅਵਤਾਂ ਉਡਾਉਂਦੇ ਰਹੇ ਸਨ ਤਾਂ ਉਨ੍ਹਾਂ ਦੀਆਂ ਕੁਚੱਜੀਆਂ ਹਰਕਤਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਗਈਆਂ ਤੇ ਟੈਲੀਵਿਜ਼ਨ ਚੈਨਲਾਂ ’ਤੇ ਇਨ੍ਹਾਂ ਦੀ ਖ਼ੂਬ ਚਰਚਾ ਹੋਈ।
ਡਿੱਗਦੇ ਢਹਿੰਦੇ ਲੋਕਤੰਤਰਾਂ ਵਿਚ ਅਖ਼ਬਾਰਾਂ, ਰੇਡੀਓ ਅਤੇ ਟੈਲੀਵਿਜ਼ਨਾਂ ’ਤੇ ਪ੍ਰਧਾਨ ਮੰਤਰੀ ਦੇ ਝੂਠ ਫਰੇਬ ਦੀ ਬਹੁਤੀ ਛਾਣਬੀਣ ਨਹੀਂ ਕੀਤੀ ਜਾਂਦੀ। ਬਰਤਾਨੀਆ ਵਿਚ ਕੁਝ ਅਜਿਹੇ ਅਖ਼ਬਾਰ ਹਨ ਜੋ ਲੇਬਰ ਜਾਂ ਟੋਰੀ ਪਾਰਟੀ ਵੱਲ ਝੁਕਾਅ ਰੱਖਦੇ ਹਨ ਪਰ ਉਸ ਮੁਲਕ ਵਿਚ ਅਜਿਹਾ ‘ਗੋਦੀ ਮੀਡੀਆ’ ਬਿਲਕੁਲ ਨਹੀਂ ਹੈ ਜੋ ਸੱਤਾ ’ਚ ਬੈਠੇ ਸਿਆਸਤਦਾਨਾਂ ਤੋਂ ਸੇਧਾਂ ਲੈ ਕੇ ਚਲਦਾ ਹੋਵੇ।
ਇਕੇਰਾਂ ਜਦੋਂ ਪ੍ਰੈਸ ਨੇ ਬਰਤਾਨਵੀ ਪ੍ਰਧਾਨ ਮੰਤਰੀ ਵੱਲੋਂ ਕਾਨੂੰਨ ਤੇ ਮਰਿਆਦਾ ਦੀ ਖਿਲਾਫ਼ਵਰਜ਼ੀ ਦੀਆਂ ਰਿਪੋਰਟਾਂ ਛਾਪ ਦਿੱਤੀਆਂ ਤਾਂ ਇਹ ਮਾਮਲਾ ਦੇਸ਼ ਦੀ ਪਾਰਲੀਮੈਂਟ ਵਿਚ ਪੁਰਜ਼ੋਰ ਢੰਗ ਨਾਲ ਉੱਠਿਆ। ਮਾਮਲਾ ਛੋਟਾ ਹੋਵੇ ਭਾਵੇਂ ਵੱਡਾ, ਬਰਤਾਨਵੀ ਪਾਰਲੀਮੈਂਟ ਵਿਚ ਅਸਲੀਅਤ ’ਚ ਬਹਿਸ ਕੀਤੀ ਜਾਂਦੀ ਹੈ, ਨਾ ਕਿ ਸਾਡੇ ਦੇਸ਼ ਵਾਂਗ ਜਿੱਥੇ ਪ੍ਰਧਾਨ ਮੰਤਰੀ ਨੂੰ ਕਦੇ ਵੀ ਵਿਰੋਧੀ ਧਿਰ ਵੱਲੋਂ ਉਠਾਏ ਗਏ ਕਿਸੇ ਸਵਾਲ ਦਾ ਜਵਾਬ ਦੇਣ ਲਈ ਨਹੀਂ ਕਿਹਾ ਗਿਆ। ਦੂਜੇ ਪਾਸੇ, ਬਰਤਾਨੀਆ ਵਿਚ ਪ੍ਰਧਾਨ ਮੰਤਰੀ ਦੇ ਪ੍ਰਸ਼ਨਾਂ ਦੀ ਰਵਾਇਤ ਤਹਿਤ ਲੇਬਰ ਪਾਰਟੀ ਦੇ ਨਵੇਂ ਆਗੂ ਕੀਰ ਸਟਾਰਮਰ ਨੇ ਬੋਰਿਸ ਜੌਹਨਸਨ ਨੂੰ ਬੁਰੀ ਤਰ੍ਹਾਂ ਘੇਰਿਆ। ਪ੍ਰਧਾਨ ਮੰਤਰੀ ਨੂੰ ਆਪਣਾ ਬਚਾਓ ਕਰਨ ਦਾ ਪੂਰਾ ਮੌਕਾ ਮਿਲਿਆ ਭਾਵੇਂ ਉਹ ਪੂਰੀ ਤਰ੍ਹਾਂ ਆਪਣਾ ਬਚਾਓ ਕਰ ਨਹੀਂ ਸਕੇ।
ਹਾਲਾਂਕਿ ਸਟਾਰਮਰ ਵਿਚ ਉਸ ਕਿਸਮ ਦਾ ਕ੍ਰਿਸ਼ਮਾ ਨਹੀਂ ਹੈ ਪਰ ਉਹ ਆਪਣੇ ਪੂਰਬਲੇ ਆਗੂ ਜੈਰੇਮੀ ਕੌਰਬਿਨ ਨਾਲੋਂ ਜ਼ਿਆਦਾ ਇਕਾਗਰਤਾ ਤੇ ਮਿਹਨਤ ਨਾਲ ਕੰਮ ਕਰ ਰਹੇ ਹਨ ਤੇ ਨੀਤੀ ਵਿਚ ਗਹਿਰੀ ਦਿਲਚਸਪੀ ਲੈਂਦੇ ਹਨ। ਲਗਾਤਾਰ ਦੋ ਚੋਣਾਂ ਵਿਚ ਹਾਰ ਹੋਣ ਤੋਂ ਬਾਅਦ ਲੇਬਰ ਵੱਲੋਂ ਕੌਰਬਿਨ ਨੂੰ ਲਾਂਭੇ ਕਰਨਾ ਅਤੇ ਆਪਣੇ ਆਪ ਨੂੰ ਇਕ ਵਾਰ ਫਿਰ ਮੁਕਾਬਲੇ ਲਈ ਤਿਆਰ ਕਰਨਾ ਭਾਰਤ ਦੀ ਮੁੱਖ ਵਿਰੋਧੀ ਪਾਰਟੀ ਵੱਲੋਂ ਵਿਸ਼ੇਸ਼ਾਧਿਕਾਰ ਯਾਫ਼ਤਾ ਤੇ ਨਾਅਹਿਲ ਪ੍ਰਥਮ ਪਰਿਵਾਰ ਤੋਂ ਖਹਿੜਾ ਛੁਡਵਾ ਸਕਣ ਦੀ ਲਾਚਾਰੀ ਤੋਂ ਐਨ ਉਲਟ ਗੱਲ ਜਾਪਦੀ ਹੈ। ਰਾਹੁਲ ਗਾਂਧੀ ਬਾਰੇ ਸਿੱਧ ਹੋ ਚੁੱਕਿਆ ਹੈ ਕਿ ਵੋਟਾਂ ਹਾਸਲ ਕਰਨੀਆਂ ਉਸ ਦੇ ਵੱਸ ਦੀ ਗੱਲ ਨਹੀਂ ਹੈ (ਜੋ ਆਪਣੇ ਪਰਿਵਾਰ ਦੇ ਜੇਬ੍ਹੀ ਹਲਕੇ ਵਿਚ ਵੀ ਦੂਜੀ ਵਾਰ ਚੋਣ ਨਹੀਂ ਜਿੱਤ ਸਕੇ)। ਇਸ ਦੇ ਬਾਵਜੂਦ ਇਉਂ ਜਾਪ ਰਿਹਾ ਹੈ ਕਿ ਜਦੋਂ ਇਕੇਰਾਂ ਉਨ੍ਹਾਂ ਦੀ ਮਾਤਾ ਜੋ ਪਿਛਲੇ ਤਿੰਨ ਸਾਲਾਂ ਤੋਂ ਪਾਰਟੀ ਦੀ ਅੰਤਰਿਮ ਪ੍ਰਧਾਨ ਚਲੇ ਆ ਰਹੇ ਹਨ, ਇਸ ਸੰਬੰਧੀ ਹਰੀ ਝੰਡੀ ਦਿਖਾ ਦੇਣ ਤਾਂ ਉਹ (ਰਾਹੁਲ ਗਾਂਧੀ) ਸ਼ਾਇਦ ਇਕ ਵਾਰ ਫਿਰ ਪਾਰਟੀ ਦੀ ਪ੍ਰਧਾਨਗੀ ਸੰਭਾਲਣ। ਸ਼ਾਇਦ ਲੇਬਰ ਪਾਰਟੀ ਨੇ ਸਮਾਂ ਪਾ ਕੇ ਇਹ ਪ੍ਰਵਾਨ ਕਰ ਲਿਆ ਕਿ ਜੈਰੇਮੀ ਕੌਰਬਿਨ ਨੂੰ ਆਪਣਾ ਆਗੂ ਰੱਖਣ ਨਾਲ ਕੰਜ਼ਰਵੇਟਿਵ ਪਾਰਟੀ ਨੂੰ ਹੀ ਲਾਹਾ ਮਿਲੇਗਾ ਪਰ ਕਾਂਗਰਸ ਜ਼ਾਹਰਾ ਤੌਰ ’ਤੇ ਇਹ ਕਦੇ ਵੀ ਪ੍ਰਵਾਨ ਨਹੀਂ ਕਰੇਗੀ ਕਿ ਰਾਹੁਲ ਗਾਂਧੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਲਈ ਸਭ ਤੋਂ ਵੱਡਾ ਤੋਹਫ਼ਾ ਸਾਬਿਤ ਹੁੰਦੇ ਆ ਰਹੇ ਹਨ। (ਇਹ ਕਾਲਮ ਜਦੋਂ ਲਿਖਿਆ ਜਾ ਰਿਹਾ ਹੈ ਤਾਂ ਖ਼ਬਰ ਆ ਰਹੀ ਸੀ ਕਿ ਰਾਹੁਲ ਗਾਂਧੀ ਮੁੜ ਯੂਰਪ ਦੇ ਦੌਰੇ ’ਤੇ ਜਾ ਰਹੇ ਹਨ, ਜੋ ਕਿ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਉਹ ਅਜੇ ਤੱਕ ਭਾਜਪਾ ਦੇ ਸਭ ਤੋਂ ਭਰੋਸੇਮੰਦ ਸਿਆਸੀ ਸਹਿਯੋਗੀ ਬਣੇ ਹੋਏ ਹਨ)।
ਬਰਤਾਨੀਆ ਵਿਚ ਪ੍ਰਧਾਨ ਮੰਤਰੀ ਦੇ ਦੁਰਵਿਹਾਰ ਬਾਰੇ ਅਖ਼ਬਾਰਾਂ ਵਿਚ ਇੰਕਸ਼ਾਫ ਹੋਣ ਤੋਂ ਬਾਅਦ ਪਾਰਲੀਮੈਂਟ ਵਿਚ ਇਸ ’ਤੇ ਖੁੱਲ੍ਹ ਕੇ ਬਹਿਸ ਹੋਈ ਤੇ ਬੋਰਿਸ ਜੌਹਨਸਨ ਨੂੰ ਮਾਮਲੇ ਦੀ ਅਧਿਕਾਰਤ ਜਾਂਚ ਕਰਵਾਉਣੀ ਪਈ। ਬਰਤਾਨਵੀ ਪੁਲੀਸ ਤੇ ਸਿਵਲ ਸੇਵਾ ਨੂੰ ਇਹ ਜ਼ਿੰਮਾ ਸੌਂਪੇ ਜਾਣ ਤੋਂ ਬਾਅਦ ਉਨ੍ਹਾਂ ਲਾਮਿਸਾਲ ਕੁਸ਼ਲਤਾ ਨਾਲ ਜਾਂਚ ਕੀਤੀ ਅਤੇ ਸੱਤਾਧਾਰੀ ਹਾਕਮਾਂ ਦੇ ਦੁਰਾਚਾਰਾਂ ਨੂੰ ਦਸਤਾਵੇਜ਼ੀ ਰੂਪ ਦੇਣ ਦੇ ਕਾਰਜ ਤੋਂ ਜ਼ਰਾ ਵੀ ਨਾ ਥਿੜਕੇ। ਇਸ ਦੀ ਤੁਲਨਾ ਭਾਰਤ ਨਾਲ ਕਰ ਕੇ ਦੇਖੋ। ਸ਼ਾਸਨ ਦੇ ਨੁਕਸਾਂ ਦੀ ਅਧਿਕਾਰਤ ਜਾਂਚ ਕਰਾਉਣੀ ਦੂਰ ਦੀ ਗੱਲ ਹੈ, ਸਰਕਾਰ ਤਾਂ ਮਹੱਤਵਪੂਰਨ ਬਿਲਾਂ ਨੂੰ ਸੰਸਦੀ ਕਮੇਟੀਆਂ ਕੋਲ ਵੀ ਨਹੀਂ ਭੇਜਦੀ। ਤੇ ਜੇ ਕਦੇ ਕਦਾਈਂ ਕੋਈ ਜਾਂਚ ਬਿਠਾਈ ਵੀ ਜਾਂਦੀ ਹੈ ਤਾਂ ਭਾਰਤੀ ਸਿਵਲ ਸੇਵਾ ਇੰਨੀ ਜ਼ਿਆਦਾ ਨਾਕਾਬਲ ਤੇ ਡਰਪੋਕ ਬਣ ਚੁੱਕੀ ਹੈ ਕਿ ਅਜਿਹਾ ਕੋਈ ਸਬੂਤ ਰਿਕਾਰਡ ’ਤੇ ਲਿਆਉਣ ਤੋਂ ਗੁਰੇਜ਼ ਕਰਦੀ ਹੈ ਜਿਸ ਨਾਲ ਸੱਤਾਧਾਰੀਆਂ ’ਤੇ ਕੋਈ ਉਂਗਲ ਉੱਠ ਸਕੇ।
ਜਿਸ ਵੇਲੇ ਇਹ ਜਾਂਚਾਂ ਕੀਤੀਆਂ ਜਾ ਰਹੀਆਂ ਸਨ ਅਤੇ ਪ੍ਰੈਸ ਤੇ ਪਾਰਲੀਮੈਂਟ ਵਿਚ ਬਹਿਸ ਮੁਬਾਹਿਸਾ ਭਖਿਆ ਹੋਇਆ ਸੀ ਤਾਂ ਬੋਰਿਸ ਜੌਹਨਸਨ ਨੇ ਇਸ ਜਮਹੂਰੀ ਪ੍ਰਕਿਰਿਆ ਤੋਂ ਬਚਣ ਲਈ ਇਹ ਆਖਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਦੁਨੀਆ ਭਰ ਵਿਚ ਬਰਤਾਨੀਆ ਦਾ ਮਾਣ ਵਧਾਉਣ ਵਾਲੇ ਕੌਮਾਂਤਰੀ ਰਾਜਨੀਤੀਵਾਨ ਹਨ। ਉਨ੍ਹਾਂ ਕੀਵ ਦੇ ਦੌਰੇ ਕਰ ਕੇ ਯੂਕਰੇਨ ’ਤੇ ਰੂਸੀ ਹਮਲੇ ਨੂੰ ਵਰਤ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਪੀੜਤਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਭਾਰਤ ਦਾ ਦੌਰਾ ਵੀ ਕੀਤਾ ਤੇ ਉਸ ਸ਼ਖ਼ਸ ਨਾਲ ਵਪਾਰਕ ਸੰਧੀ ਸਹੀਬੰਦ ਕਰਨ ਦੀ ਸ਼ੇਖੀ ਵੀ ਮਾਰੀ ਜੋ ਜੌਹਨਸਨ ਨੂੰ ਆਪਣਾ ‘ਖ਼ਾਸ ਦੋਸਤ’ ਕਹਿੰਦਾ ਹੈ।
ਜੌਹਨਸਨ ਦੇ ਵਾਹ-ਵਾਹ ਖੱਟਣ ਦੇ ਇਨ੍ਹਾਂ ਸਾਰੇ ਹੀਲੇ ਵਸੀਲਿਆਂ ਦਾ ਇਕੋ ਇਕ ਮਕਸਦ ਆਪਣੀ ਪਾਰਟੀ ਅੰਦਰ ਹਮਾਇਤ ਜੁਟਾਉਣਾ ਸੀ ਪਰ ਇਹ ਸੰਭਵ ਨਾ ਹੋ ਸਕਿਆ। ਜਦੋਂ ਆਪਣੇ ਆਗੂ ਦੇ ਫਰੇਬੀ ਆਚਰਣ ਬਾਰੇ ਪੁਖ਼ਤਾ ਸਬੂਤ ਸਾਹਮਣੇ ਆ ਗਏ ਜਿਨ੍ਹਾਂ ਨੂੰ ਪ੍ਰੈਸ ਨੇ ਬੇਬਾਕ ਢੰਗ ਨਾਲ ਛਾਪਿਆ, ਜਿਨ੍ਹਾਂ ’ਤੇ ਪਾਰਲੀਮੈਂਟ ਵਿਚ ਨਿੱਠ ਕੇ ਚਰਚਾ ਕੀਤੀ ਗਈ ਅਤੇ ਬੇਲਾਗ ਪੁਲੀਸ ਤੇ ਸਿਵਲ ਸੇਵਾ ਵਲੋਂ ਤਸਦੀਕ ਕੀਤੀ ਗਈ ਤਾਂ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਉਸੇ ਪ੍ਰਧਾਨ ਮੰਤਰੀ ਜੌਹਨਸਨ ਨਾਲੋਂ ਨਾਤਾ ਤੋੜਨ ਲੱਗ ਪਏ ਜਿਸ ਦੀ ਅਗਵਾਈ ਹੇਠ ਦਸੰਬਰ 2019 ਦੀਆਂ ਆਮ ਚੋਣਾਂ ਵਿਚ ਉਨ੍ਹਾਂ ਜਿੱਤ ਹਾਸਲ ਕੀਤੀ ਸੀ। ਪਾਰਟੀ ਦੇ ਸੰਸਦ ਮੈਂਬਰਾਂ ਦਾ ਵਿਸ਼ਵਾਸ ਮਤ ਕਰਵਾਇਆ ਗਿਆ ਜੋ ਜੌਹਨਸਨ ਦੇ ਹੱਕ ਵਿਚ ਰਿਹਾ ਪਰ ਉਨ੍ਹਾਂ ਦੀ ਅਗਵਾਈ ’ਤੇ ਸਵਾਲ ਬਣਿਆ ਰਿਹਾ। ਸੰਕੇਤ ਪੜ੍ਹ ਕੇ ਉਨ੍ਹਾਂ ਦੇ ਮੰਤਰੀਆਂ ਨੇ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ ਅਤੇ ਆਖ਼ਰਕਾਰ ਨਾ ਚਾਹੁੰਦਿਆਂ ਵੀ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇਣਾ ਪਿਆ।
ਜਿਵੇਂ ਟਰੰਪ ਨੇ ਰਿਪਬਲਿਕਨ ਪਾਰਟੀ ਅੰਦਰ ਅਤੇ ਮੋਦੀ ਨੇ ਭਾਰਤੀ ਜਨਤਾ ਪਾਰਟੀ ਅੰਦਰ ਆਪਣਾ ਸ਼ਖ਼ਸੀ ਕਲਟ ਕਾਇਮ ਕੀਤਾ ਸੀ, ਉਸੇ ਤਰ੍ਹਾਂ ਬੋਰਿਸ ਜੌਹਨਸਨ ਨੇ ਕੰਜ਼ਰਵੇਟਿਵ ਪਾਰਟੀ ਅੰਦਰ ਆਪਣਾ ਸ਼ਖ਼ਸੀ ਕਲਟ ਕਾਇਮ ਕਰਨਾ ਚਾਹਿਆ ਸੀ। ਟਰੰਪ ਤੇ ਮੋਦੀ ਦੇ ਉਲਟ ਉਹ ਕਾਮਯਾਬ ਨਹੀਂ ਹੋ ਸਕਿਆ। ਇਸ ਦਾ ਇਕ ਛੋਟਾ ਕਾਰਨ ਇਹ ਰਿਹਾ ਹੈ ਕਿ ਨਘੋਚੀ ਬਰਤਾਨਵੀ ਲੋਕ ਬਹੁਤੀ ਨਾਇਕ ਪੂਜਾ ਵਿਚ ਯਕੀਨ ਨਹੀਂ ਰੱਖਦੇ- ਉਨ੍ਹਾਂ ਤਾਂ ਦੂਜੀ ਆਲਮੀ ਜੰਗ ਜਿੱਤਣ ਤੋਂ ਬਾਅਦ ਵਿੰਸਟਨ ਚਰਚਿਲ ਨੂੰ ਗੱਦੀਓਂ ਲਾਹ ਮਾਰਿਆ ਸੀ। ਇਸ ਵੱਡਾ ਕਾਰਨ ਇਹ ਸੀ ਕਿ ਕੰਜ਼ਰਵੇਟਿਵ ਸੰਸਦ ਮੈਂਬਰ ਹੁਣ ਇਹ ਗੱਲ ਸ਼ਰ੍ਹੇਆਮ ਕਹਿਣ ਲਈ ਤਿਆਰ ਹੋ ਗਏ ਸਨ ਕਿ ਜੌਹਨਸਨ ਉਨ੍ਹਾਂ ਦੀ ਪਾਰਟੀ ਦੇ ਆਗੂ ਜਾਂ ਪ੍ਰਧਾਨ ਮੰਤਰੀ ਬਣਨ ਦੇ ਲਾਇਕ ਨਹੀਂ ਰਹੇ। ਜੇ ਇਕ ਵਾਰ ਫਿਰ ਭਾਰਤ ਨਾਲ ਤੁਲਨਾ ਕੀਤੀ ਜਾਵੇ ਤਾਂ ਨਿਰਾਸ਼ਾ ਪੱਲੇ ਪੈਂਦੀ ਹੈ। ਭਾਜਪਾ ਦੇ 300 ਤੋਂ ਵੱਧ ਸੰਸਦ ਮੈਂਬਰਾਂ ’ਚੋਂ ਇਕ ਸੰਸਦ ਮੈਂਬਰ ਨਹੀਂ ਹੈ ਜੋ ਪਾਰਟੀ ਦੀ ਕਿਸੇ ਮੀਟਿੰਗ ਵਿਚ ਨੋਟਬੰਦੀ ਤੋਂ ਲੈ ਕੇ ਪਹਿਲੇ ਕੋਵਿਡ ਲੌਕਡਾਊਨ ਤੱਕ ਤਬਾਹਕਾਰੀ ਨੀਤੀਆਂ ਦੇ ਸੰਬੰਧ ਵਿਚ ਪ੍ਰਧਾਨ ਮੰਤਰੀ ਦੇ ਕਾਰਵਿਹਾਰ ਦੀ ਆਲੋਚਨਾ ਕਰਨ ਦੀ ਜੁਰੱਅਤ ਤੇ ਦਲੇਰੀ ਰੱਖਦਾ ਹੋਵੇ। ਇਸ ਦੇ ਉਲਟ ਉਹ ਇਕ ਦੂਜੇ ਤੋਂ ਵਧ ਚੜ੍ਹ ਕੇ ਜਨਤਕ ਤੌਰ ’ਤੇ ਆਪਣੇ ਮਹਾਨ ਆਗੂ ਦੀ ਖੁਸ਼ਾਮਦ ਕਰਨ ਵਿਚ ਗ਼ਲਤਾਨ ਰਹਿੰਦੇ ਹਨ।
ਬੋਰਿਸ ਜੌਹਨਸਨ ਦੀ ਹਾਰ ਬਰਤਾਨਵੀ ਲੋਕਤੰਤਰ ਦੀਆਂ ਸੰਸਥਾਵਾਂ ਲਈ ਵਡਿੱਤਣ ਹੈ। ਇਸ ਦੇ ਮੀਡੀਆ, ਪਾਰਲੀਮੈਂਟ, ਸਿਵਲ ਸੇਵਾ, ਵਿਰੋਧੀ ਧਿਰ ਤੇ ਸੱਤਾਧਾਰੀ ਪਾਰਟੀ ਨੂੰ ਜਿਵੇਂ ਕੰਮ ਕਰਨਾ ਚਾਹੀਦਾ ਸੀ, ਉਵੇਂ ਹੀ ਕੀਤਾ ਹੈ ਤੇ ਇਸ ਤਰ੍ਹਾਂ ਇਨ੍ਹਾਂ ਸਭਨਾਂ ਨੇ ਬਰਤਾਨਵੀ ਰਾਜ ਪ੍ਰਣਾਲੀ ਨੂੰ ਡਿੱਗਣ ਤੋਂ ਬਚਾਉਣ ਤੇ ਆਪਣੀ ਕਾਇਆਕਲਪ ਕਰਨ ਵਿਚ ਮਦਦ ਦਿੱਤੀ ਹੈ। ਦੂਜੇ ਬੰਨੇ, ਸਾਡੇ ਮੁਲਕ ਵਿਚ ਇਨ੍ਹਾਂ ਪੰਜੇ ਸੰਸਥਾਵਾਂ ਕਾਰਗਰ ਨਹੀਂ ਰਹੀਆਂ ਜਾਂ ਫਿਰ ਇਹ ਲਿਫ਼ ਗਈਆਂ ਹਨ। ਲਿਹਾਜ਼ਾ, ਅਸੀਂ ਭਾਰਤੀ ਲੋਕ ਬਰਤਾਨੀਆ ਦੇ ਸਾਮਰਾਜੀ ਅਤੀਤ ਨੂੰ ਲੈ ਕੇ ਉੱਥੋਂ ਦੇ ਆਵਾਮ ਦਾ ਭਾਵੇਂ ਕਿੰਨਾ ਮਰਜ਼ੀ ਤ੍ਰਿਸਕਾਰ ਕਰੀਏ ਪਰ ਆਪਣੇ ਵਰਤਮਾਨ ਲੋਕਤੰਤਰ ਨੂੰ ਕਿੰਝ ਚਲਾਇਆ ਜਾਂਦਾ ਹੈ, ਇਹ ਸਬਕ ਉਨ੍ਹਾਂ ਤੋਂ ਜ਼ਰੂਰ ਸਿੱਖਣਾ ਚਾਹੀਦਾ ਹੈ।