ਵਾਰਿਸ ਸ਼ਾਹ ਨੂੰ ਯਾਦ ਕਰਦਿਆਂ - ਰਵੇਲ ਸਿੰਘ ਇਟਲੀ
ਕਿੱਸੇ ਹੀਰ ਦੇ ਲਿਖੇ ਨੇ ਹੋਰ ਕਈਆਂ,
ਵਾਰਿਸ ਸ਼ਾਹ ਦੇ ਲਿਖੇ ਦੀ ਰੀਸ ਕੋਈ ਨਾ।
ਕਿੱਸੇ ਪਿਆਰ ਦੇ ਲਿਖੇ ਨੇ ਬਹੁਤ ਸ਼ਾਇਰਾਂ,
ਵਾਰਿਸ ਸ਼ਾਹ ਦੇ ਵਿਸ਼ੇ ਦੀ ਰੀਸ ਕੋਈ ਨਾ।
ਜਿਵੇਂ ਹਿਜਰ ਦੇ ਗੰਮਾਂ ਦੀ ਬਾਤ ਪਾਈ,
ਵਾਰਸ ਸ਼ਾਹ ਦੇ ਹਿੱਸੇ ਦੀ ਰੀਸ ਕੋਈ ਨਾ।
ਹੂਕ ਵੰਝਲੀ ਦੀ, ਕੂਕੀ ਬੇਲਿਆਂ ਵਿੱਚ,
ਜ਼ਖਮ ਹਿਜਰ ਦੇ ਰਿਸੇ ਦੀ ਰੀਸ ਕੇਈ ਨਾ।
ਮੰਗੂ ਚਾਰਨੇ, ਇਸ਼ਕ ਦੀ ਕੈਦ ਅੰਦਰ,
ਸਮੇ ਕੈਦ ਦੇ ਮਿਥੇ ਦੀ ਰੀਸ ਕੋਈ ਨਾ।
ਕਿਵੇਂ ਕੈਦੋ ,ਕਲਹਿਣੇ, ਦੀ ਗੱਲ ਕੀਤੀ,
ਕੰਡੇ ਰਾਹਾਂ,ਚ ਵਿਛੇ ਦੀ ਰੀਸ ਕੋਈ ਨਾ।
ਕੋਝੀ ਵੰਡ ਭਰਾਂਵਾ ਸੀ, ਕਿਵੇਂ ਕੀਤੀ,
ਬੰਜਰ ਖੇਤ ਦੇ ਕਿੱਤੇ ਦੀ ਰੀਸ ਕੋਈ ਨਾ।
ਕਿਵੇਂ ਹੀਰ ਤੇ ਰਾਂਝੇ ਦੀ, ਕਥਾ ਛੇੜੀ,
ਇਸ਼ਕ,ਰੋਗ,ਵਿੱਚ ਹਿਸੇ ਦੀ ਰੀਸ ਕੋਈ ਨਾ।
ਪੱਟ ਚੀਰ ਕੇ ,ਹੀਰ ਲਈ ਮਾਸ ਭੁੰਨੇ,
ਚੱਕੀ ਪਿਆਰ ਦੀ ਪਿਸੇ ਦੀ ਰੀਸ ਕੋਈ ਨਾ।
ਵਾਰਿਸ ਸ਼ਾਹ ਵੀ ਆਪ ਸੀ ਪਿਆਰ ਰੇਗੀ,
,ਭਾਗ ਭਰੀ, ਦੇ ਪਿੱਛੇ ਦੀ ਰੀਸ ਕੋਈ ਨਾ।
ਹੀਰ ਅਮਰ ਹੋ ਗਈ ਵਾਰਿਸ ਸ਼ਾਹ ਕਰਕੇ,
ਰਾਂਝੇ ਇਸ਼ਕ ਵਿੱਚ, ਵਿਛੇ ਦੀ ਰੀਸ ਕੋਈ ਨਾ।
ਉਸ ਨੇ ਰੂਹ, ਕਲਬੂਤ, ਦੀ ਕਥਾ ਛੇੜੀ,
ਰੱਬੀ ਰੰਗ ਵਿੱਚ, ਲਿਖੇ ਦੀ ਰੀਸ ਕੋਈ ਨਾ।
ਉਸ ਨੇ ਦਰਦ ਫਿਰਾਕ ਦੀ ਜੰਗ ਵਿਢੀ,
ਅਜਬ ਬਾਨ੍ਹਣੂੰ ਕਿਲੇ ਦੀ ਰੀਸ ਕੋਈ ਨਾ।
ਵਾਰਿਸ ਸ਼ਾਹ ਦੀ ਕਲਮ ਦਾ ਹੁਨਰ ਡਾਢਾ,
ਉਸਦੀ ਸੁਰਤ,ਵਿੱਚ ਟਿਕੇ ਦੀ ਰੀਸ ਕੋਈ ਨਾ।
ਮਿਲਦਾ ਮਾਨ ਸਨਮਾਨ ਹੈ ਸ਼ਾਇਰਾਂ ਨੂੰ,
ਵਾਰਿਸ ਸ਼ਾਹ ਨੂੰ ਮਿਲੇ ਦੀ ਰੀਸ ਕੋਈ ਨਾ।