ਡਾ ਸਤਿੰਦਰ ਪਾਲ ਸਿੰਘ ਦੀ ਪੁਸਤਕ 'ਸਿੱਖੀ ਸੁੱਖ ਸਾਗਰ' ਸਹਿਜਤਾ ਤੇ ਵਿਸਮਾਦ ਦਾ ਸੁਮੇਲ - ਉਜਾਗਰ ਸਿੰਘ
ਡਾ ਸਤਿੰਦਰ ਪਾਲ ਸਿੰਘ ਸਿੱਖ ਵਿਦਵਾਨ ਹਨ ਜੋ ਕਿ ਸਿੱਖੀ ਸੋਚ ਨੂੰ ਪ੍ਰਣਾਏ ਹੋਏ ਹਨ। ਉਨ੍ਹਾਂ ਦੀ ਪੁਸਤਕ 'ਸਿੱਖੀ ਸੁੱਖ ਸਾਗਰ' ਸਿੱਖ ਵਿਚਾਰਧਾਰਾ 'ਤੇ ਪਹਿਰਾ ਦੇ ਕੇ ਸਿੱਖੀ ਸੋਚ ਨੂੰ ਪ੍ਰਫੁਲਤ ਕਰਨ ਵਿੱਚ ਸਹਾਈ ਸਾਬਤ ਹੋ ਰਹੀ ਹੈ। ਡਾ ਸਤਿੰਦਰ ਪਾਲ ਸਿੰਘ ਦੀ ਇਸ ਪੁਸਤਕ 'ਸਿੱਖੀ ਸੁੱਖ ਸਾਗਰ' ਵਿੱਚ 7 ਲੇਖ ਹਨ। ਇਹ ਸਾਰੇ ਲੇਖ ਹੀ ਇਕ ਦੂਜੇ ਦੇ ਪੂਰਕ ਹਨ। ਭਾਵ ਪਹਿਲੇ ਲੇਖ ਦਾ ਮੰਤਵ ਉਸਤੋਂ ਅਗਲੇ ਲੇਖ ਦੇ ਅਮਲ ਤੋਂ ਬਿਨਾਂ ਅਸੰਭਵ ਹੈ। ਜਿਵੇਂ 'ਇੱਕੋ ਸੁੱਖ ਦਾਤਾ' ਲੇਖ ਵਿੱਚ ਪਰਮਾਤਮਾ ਸੁੱਖ ਦਾਤਾ ਹੈ। ਇਸ ਸੁੱਖ ਨੂੰ ਪ੍ਰਾਪਤ ਕਰਨ ਲਈ 'ਅ੍ਰੰਮਿਤ ਵੇਲਾ' ਫਿਰ 'ਅੰਮ੍ਰਿਤ ਇਸ਼ਨਾਨ' ਤੋਂ ਬਾਅਦ 'ਅੰਮ੍ਰਿਤ ਬਾਣੀ' ਤੇ ਫਿਰ 'ਦੁੱਖ ਕੀ ਹੈ' ਉਸ ਤੋਂ ਪਿਛੋਂ 'ਸੁੱਖ' ਅਤੇ ਅਖ਼ੀਰ 'ਪਰਮ ਸੁੱਖ' ਮਿਲਦਾ ਹੈ। ਇਹ ਸਾਰੇ ਲੇਖ ਸਿੱਖ ਵਿਚਾਰਧਾਰਾ ਦੇ ਪ੍ਰਤੀਕ ਹਨ। ਇਹ ਲੇਖ ਜ਼ਿੰਦਗੀ ਜਿਓਣ, ਸਮਾਜ ਵਿੱਚ ਵਿਚਰਨ ਅਤੇ ਦੁੱਖਾਂ ਅਤੇ ਭਟਕਣਾ 'ਤੇ ਕਾਬੂ ਪਾ ਕੇ ਸਹਿਜਤਾ ਨਾਲ ਜੀਵਨ ਬਸਰ ਕਰਦਿਆਂ ਮਾਰਗ ਦਰਸ਼ਨ ਕਰਦੇ ਹਨ। ਸਮਾਜਿਕ ਤਾਣਾ ਬਾਣਾ ਅਨੇਕਾਂ ਦੁਸ਼ਾਵਰੀਆਂ, ਅਲਾਮਤਾਂ, ਖਾਹਿਸ਼ਾਂ ਅਤੇ ਬੇਬਸੀਆਂ ਨਾਲ ਉਲਝਿਆ ਪਿਆ ਹੈ। ਇਨਸਾਨ ਚਤੋ ਪਹਿਰ ਖਾਹਿਸ਼ਾਂ ਅਤੇ ਪ੍ਰਾਪਤੀਆਂ ਦੀ ਦੌੜ ਵਿੱਚ ਭੱਜਿਆ ਫਿਰਦਾ ਹੈ। ਉਹ ਇਹ ਸਮਝ ਰਿਹਾ ਹੈ ਕਿ ਉਸ ਨਾਲੋਂ ਸਮਝਦਾਰ ਇਸ ਦੁਨੀਆਂ ਤੇ ਕੋਈ ਨਹੀਂ, ਇਸ ਲਈ ਉਸਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਅਰਥਾਤ ਹਓਮੈ ਦਾ ਸ਼ਿਕਾਰ ਹੋਇਆ ਫਿਰਦਾ ਹੈ। ਇਸ ਪੁਸਤਕ ਦੇ ਸਾਰੇ ਲੇਖ ਇਨਸਾਨ ਨੂੰ ਆਪਣੇ ਆਪ ਸਹੇੜੀ ਹਓਮੈ ਦੀ ਉਲਝਣ ਵਿੱਚੋਂ ਬਾਹਰ ਕੱਢਣ ਦੀਆਂ ਤਰਕੀਬਾਂ ਦਾ ਮੁਜੱਸਮਾ ਹਨ। ਜ਼ਿੰਦਗੀ ਆਪਣੇ ਆਪ ਵਿੱਚ ਵਾਹਿਗੁਰੂ ਦਾ ਸਰਵੋਤਮ ਤੋਹਫ਼ਾ ਹੈ। ਇਸ ਤੋਹਫ਼ੇ ਦਾ ਮੁੱਖ ਮੰਤਵ ਇਨਸਾਨ ਨੇ ਇਸ ਦਾ ਸਦਉਪਯੋਗ ਕਿਸੇ ਹੋਰ ਇਨਸਾਨ ਨੂੰ ਨੁਕਸਾਨ ਪਹੁੰਚਾਉਣ ਤੋਂ ਬਿਨਾ ਕਿਵੇਂ ਕਰਨਾ ਹੈ? ਇਹ ਸਾਰੇ ਗੁਰ 'ਸਿੱਖੀ ਸੁੱਖ ਸਾਗਰ' ਪੁਸਤਕ ਦੱਸਦੀ ਹੈ। ਪੁਸਤਕ ਦਾ ਪਹਿਲਾ ਲੇਖ 'ਇੱਕੋ ਸੁੱਖ ਦਾਤਾ' ਲੋਕਾਈ ਨੂੰ ਸਮਝਾਉਂਦਾ ਹੈ ਕਿ ਸੁੱਖ ਦੀ ਪ੍ਰਾਪਤੀ ਲਈ ਇਨਸਾਨ ਨੂੰ ਕੋਈ ਮਾਰਗ ਦਰਸ਼ਕ ਅਰਥਾਤ ਗੁਰੂ ਲੱਭਣਾ ਪਵੇਗਾ। ਉਹ ਗੁਰੂ ਤਾਂ ਹੀ ਪ੍ਰਾਪਤ ਹੋਵੇਗਾ ਜੇਕਰ ਵਾਹਿਗੁਰੂ ਦੀ ਮਿਹਰ ਹੋਵੇਗੀ। ਮਨ ਤੇ ਕਾਬੂ ਪਾ ਕੇ ਇਕਾਗਰ ਚਿਤ ਹੋਣਾ ਪਵੇਗਾ। ਦੁਨਿਆਵੀ ਪ੍ਰਾਪਤੀਆਂ ਮਨ ਨੂੰ ਟਿਕਣ ਨਹੀਂ ਦਿੰਦੀਆਂ। ਜਿਸਨੇ ਸਿੱਖੀ ਸੋਚ ਨੂੰ ਪਹਿਚਾਣ ਕੇ ਅਪਣਾ ਲਿਆ, ਉਸਦੀ ਰੂਹ ਰੌਸ਼ਨ ਹੋ ਗਈ। ਸੱਚੇ ਗੁਰੂ ਨਾਲ ਮੇਲ ਹੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਮਨ ਬਹੁਤ ਚੰਚਲ ਹੁੰਦਾ ਹੈ। ਇਸ 'ਤੇ ਕਾਬੂ ਰੱਖਕੇ ਪਰਮਾਤਮਾ ਦੇ ਅੰਗ ਸੰਗ ਹੋਵੋ ਫਿਰ ਕਾਮ, ਕ੍ਰੋਧ, ਮੋਹ ਅਤੇ ਹੰਕਾਰ ਵਸ 'ਚ ਆ ਜਾਂਦੇ ਹਨ। ਸਹਿਜ, ਸੰਜਮ, ਸੰਤੋਖ, ਪ੍ਰੇਮ ਦਇਆ ਵਰਗੇ ਗੁਣ ਨਿਰਮਲ ਅੰਤਰ ਅਵਸਥਾ ਬਣਾਉਂਦੇ ਹਨ। ਪਰਮਾਤਮਾ ਸੁੱਖ ਦੇ ਕੇ ਮਨੁੱਖ ਦੇ ਜੀਵਨ ਵਿੱਚ ਅਨੰਦ ਭਰਦਾ ਹੈ। 'ਅੰਮ੍ਰਿਤ ਵੇਲਾ' ਲੇਖ ਵੀ ਸਿੱਖੀ ਵਿਚਾਰਧਾਰਾ ਅਨੁਸਾਰ ਅੰਮ੍ਰਿਤ ਵੇਲੇ ਦਾ ਸਦਉਪਯੋਗ ਕਰਨ ਦੀ ਸਲਾਹ ਦਿੰਦਾ ਹੈ। ਅੰਮ੍ਰਿਤ ਵੇਲਾ ਰਾਤ ਦੇ ਹਨ੍ਹੇਰੇ ਦੀ ਸਮਾਪਤੀ ਅਰਥਾਤ ਇਨਸਾਨ ਦੇ ਮਨ ਦੇ ਹਨ੍ਹੇਰੇ ਨੂੰ ਖ਼ਤਮ ਕਰਨ ਦਾ ਪ੍ਰਤੀਕ ਹੁੰਦਾ ਹੈ। ਇਸ ਲਈ ਸਿੱਖ ਵਿਚਾਰਧਾਰਾ ਅਨੁਸਾਰ ਇਸ ਵੇਲੇ ਦਾ ਲਾਭ ਉਠਾਕੇ ਪਰਮਾਤਮਾ ਨਾਲ ਜੁੜਕੇ ਵਾਹਿਗੁਰੂ ਦੀਆਂ ਰਹਿਮਤਾਂ ਦਾ ਆਨੰਦ ਮਾਨਣ ਦਾ ਸਭ ਤੋਂ ਉਤਮ ਸਮਾਂ ਹੈ। ਅੰਮ੍ਰਿਤ ਵੇਲੇ ਸਿਮਰਨ ਕਰਨ ਨਾਲ ਤਨ ਦੇ ਨਾਲ ਮਨ ਦੇ ਅੰਦਰ ਚਲਣ ਵਾਲੇ ਵਿਕਾਰਾਂ ਦਾ ਖ਼ਤਮਾ ਹੁੰਦਾ ਹੈ। ਜਿਵੇਂ ਇਹ ਭਾਵਨਾ ਦ੍ਰਿੜ੍ਹ ਹੁੰਦੀ ਹੈ, ਤਿਵਂੇ ਮਨ ਪਰਮਤਮਾ ਦੀ ਪ੍ਰੀਤ ਵਿੱਚ ਰੰਗਿਆ ਜਾਂਦਾ ਹੈ। ਫਿਰ ਇਨਸਾਨ ਨੂੰ ਲੋੜ ਤੋਂ ਵੱਧ ਸੰਸਾਰਕ ਪਦਾਰਥਾਂ ਦੀ ਲੋੜ ਨਹੀਂ ਰਹਿੰਦੀ। ਇਨਸਾਨ ਆਲਸ ਤਿਆਗ ਕੇ ਕਿਰਿਆਸ਼ੀਲ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਜਾਗਣ ਦੀ ਪਹਿਲਾਂ ਆਪਣੀ ਮਿਸਾਲ ਦਿੱਤੀ, ਬਾਅਦ ਵਿੱਚ ਗੁਰਸਿੱਖਾਂ ਨੂੰ ਪ੍ਰੇਰਿਆ। 'ਅੰਮ੍ਰਿਤ ਇਸ਼ਨਾਨ' ਚੈਪਟਰ ਵਿੱਚ ਲੇਖਕ ਨੇ ਦੱਸਿਆ ਹੈ ਕਿ ਗੁਰਸਿੱਖ ਦਾ ਇਸ਼ਨਾਨ ਕਰਨਾ ਪਰਮਾਤਮਾ ਦਾ ਸਿਮਰਨ ਕਰਨ ਦੀ ਤਿਆਰੀ ਹੈ। ਇਸ਼ਨਾਨ ਤੋਂ ਬਾਅਦ ਕੀਤੀ ਜਾਣ ਵਾਲੀ ਪਰਮਾਤਮਾ ਦੀ ਭਗਤੀ ਮਨ ਤੇ ਤਨ ਨੂੰ ਅਰੋਗ ਕਰਨ ਵਾਲੀ ਹੋਵੇ ਤਾਂ ਇਸ਼ਨਾਨ ਕਿਰਿਆ ਵੀ ਆਨੰਦ ਕਿਰਿਆ ਬਣ ਜਾਂਦੀ ਹੈ। ਇਸ਼ਨਾਨ ਭਾਵਨਾ ਕਾਰਨ ਅੰਮ੍ਰਿਤ ਇਸ਼ਨਾਨ ਬਣ ਜਾਂਦਾ ਹੈ। ਭਾਵਨਾ ਨਾਲ ਇਸ਼ਨਾਨ ਕੀਤਾ ਹੋਵੇ ਤਾਂ ਮਨ ਨਿਰਮਲ ਹੋ ਜਾਂਦਾ ਹੈ, ਜੋ ਪਰਮਾਤਮਾ ਦੇ ਮਾਰਗ 'ਤੇ ਚਲਣ ਲਈ ਪ੍ਰੇਰਿਤ ਕਰਦੀ ਹੈ। ਇਹ ਭਾਵਨਾ ਸ਼੍ਰੇਸ਼ਟ ਗੁਣਾਂ ਦਾ ਪ੍ਰਤੀਕ ਹੈ। ਗੁਰਸਿੱਖ ਭਾਵੇਂ ਜਲ ਇਸ਼ਨਾਨ ਕਰਦਾ ਹੈ ਪਰ ਉਸਦੀ ਭਾਵਨਾ ਅੰਮ੍ਰਿਤ ਫਲ ਦੇਣ ਵਾਲੀ ਬਣ ਜਾਂਦੀ ਹੈ। ਗੁਰਬਾਣੀ ਮਨ ਅੰਦਰ ਵਸਾਉਣ ਦਾ ਫਲ ਹੁੰਦਾ ਹੈ, ਜਿਸ ਕਰਕੇ ਸਹਿਜ, ਸੰਤੋਖ, ਨਿਮ੍ਰਤਾ, ਸੰਜਮ ਅਤੇ ਸੇਵਾ ਆਦਿ ਦਾ ਗੁਣ ਪੈਦਾ ਹੋ ਜਾਂਦਾ ਹੈ। ਜਦੋਂ ਮਨ ਅੰਦਰ ਨਾਮ ਦਾ ਜਾਪ ਚਲ ਰਿਹਾ ਹੋਵੇ ਤਾਂ ਮਨ ਦੀਆਂ ਸ਼ਰਧਾ, ਪ੍ਰੇਮ ਅਤੇ ਸਮਰਪਣ ਦੀਆਂ ਤਰੰਗਾਂ ਬਾਹਰ ਦੇ ਜਲ ਨੂੰ ਨਿਰਮਲ ਤੇ ਗੁਣੀ ਬਣਾ ਦਿੰਦੀਆਂ ਹਨ। ਇਸ਼ਨਾਨ ਮਨ ਦੇ ਅੰਦਰਲੀ ਤੇ ਬਾਹਰਲੀ ਮੈਲ ਲਾਹ ਦਿੰਦਾ ਹੈ। ਸੱਚਾ ਇਸ਼ਨਾਨ ਤਾਂ ਸਾਧ ਸੰਗਤ ਵਿੱਚ ਤਨ, ਮਨ ਦੀ ਮੈਲ ਉਤਾਰਨਾ ਹੈ। ਤਨ ਦਾ ਇਸ਼ਨਾਨ ਤਾਂ ਮਨ ਦੇ ਇਸ਼ਨਾਨ ਵਲ ਵੱਧਣਾ ਹੈ। 'ਅੰਮ੍ਰਿਤ ਬਾਣੀ' ਲੇਖ ਵਿੱਚ ਲਿਖਿਆ ਹੈ ਕਿ 'ਅੰਮ੍ਰਿਤ ਬਾਣੀ' ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜ ਗੁਰੂਆਂ, ਭਗਤਾਂ ਅਤੇ 11 ਭੱਟਾਂ ਦੀ ਬਾਣੀ ਸੰਕਲਨ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੰਮਿਲਤ ਕਰਕੇ ਸੰਪੂਰਨਤਾ ਪ੍ਰਦਾਨ ਕੀਤੀ। ਆਦਿ ਗ੍ਰੰਥ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਣ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਪ੍ਰਦਾਨ ਕੀਤੀ। ਸ਼ਬਦ ਸ਼ਕਤੀ ਹੈ। ਗੁਰਸਿੱਖ ਉਹ ਹੈ ਜੋ ਗੁਰੂ ਤੇ ਗੁਰਸ਼ਬਦ ਵਿੱਚ ਕੋਈ ਭੇਦ ਨਾ ਕਰੇ। ਗੁਰੂ ਨਾਲ ਮੇਲ ਲਈ ਗੁਰਸਿੱਖ, ਗੁਰ ਸ਼ਬਦ ਨਾਲ ਮਨ ਜੋੜਦਾ ਹੈ। ਸ਼ਬਦ ਤੇ ਸੁਰਤ ਦੋਵੇਂ ਨਾਲ ਨਾਲ ਚਲਣੇ ਚਾਹੀਦੇ ਹਨ। ਗੁਰਬਾਣੀ ਸਤ, ਸੰਤੋਖ ਆਦਿ ਸਾਰੇ ਉਤਮ ਗੁਣਾਂ ਨਾਲ ਜੋੜਦੀ ਹੈ। ਭਗਤੀ ਦਾ ਮਨੋਰਥ ਵੰਦਨਾ ਕਰਨਾ ਹੈ। ਇਨਸਾਨ ਨੂੰ ਚਾਕਰੀ ਇਕੋ ਇਕ ਪਰਮਾਤਮਾ ਦੀ ਕਰਨੀ ਚਾਹੀਦੀ ਹੈ। ਗੁਰਬਾਣੀ ਅਜਿਹਾ ਅੰਮ੍ਰਿਤ ਹੈ, ਜਿਸ ਦਾ ਪਾਠ ਕਰਨ ਨਾਲ ਸੁਚੱਜ ਤੇ ਕੁਚੱਜ ਦਾ ਫਰਕ ਪਤਾ ਲੱਗ ਜਾਂਦਾ ਹੈ। ਭਾਵ ਅੰਮ੍ਰਿਤ ਪ੍ਰਾਪਤ ਕਰਨ ਲਈ ਅੰਮ੍ਰਿਤ ਦ੍ਰਿਸ਼ਟੀ ਚਾਹੀਦੀ ਹੈ। ਵਿਕਾਰਾਂ ਤੇ ਮਾਇਆ ਜ਼ਰੀਏ ਜੋ ਪ੍ਰਾਪਤੀ ਹੁੰਦੀ ਹੈ, ਉਸ ਦਾ ਸੁੱਖ ਥੋੜ੍ਹੇ ਸਮੇਂ ਲਈ ਹੁੰਦਾ ਹੈ। ਗੁਰਬਾਣੀ ਸੱਚ ਦਾ ਗਿਆਨ ਹੈ। ਜੇ ਮਨ ਵੇਚ ਕੇ ਪਰਮਾਤਮਾ ਮਿਲ ਜਾਏ ਤਾਂ ਇਸ ਤੋਂ ਸਸਤਾ ਸੌਦਾ ਕੋਈ ਨਹੀਂ। ਗੁਰਬਾਣੀ ਦੇ ਅੰਮ੍ਰਿਤ ਫਲ ਦੀ ਮਿਠਾਸ ਤ੍ਰਿਪਤ ਕਰਦੀ ਹੈ। ਪਰਮਾਤਮਾ ਦਾ ਨਾਮ ਸੁੱਖਾਂ ਦਾ ਸਾਗਰ ਹੈ। ਗੁਰਬਾਣੀ ਮਨ ਅੰਦਰ ਜਲ ਰਹੀ ਤ੍ਰਿਸ਼ਨਾ ਦੀ ਅਗਨੀ ਨੂੰ ਬਝਾਉਂਦੀ ਹੈ। ਜਦੋਂ ਗੁਰਬਾਣੀ ਅੰਮ੍ਰਿਤ ਹੈ ਤਾਂ ਉਸ 'ਚੋਂ ਪ੍ਰਾਪਤ ਨਾਮ ਦੀ ਦਾਤ ਅੰਮ੍ਰਿਤ ਹੀ ਹੋਵੇਗੀ। ਗੁਰਬਾਣੀ ਸੁੱਖਾਂ ਦਾ ਅਨੰਤ ਸ੍ਰੋਤ ਹੈ। ਗੁਰਬਾਣੀ ਦਾ ਅੰਮ੍ਰਿਤ ਗੁਰਸਿੱਖ ਲਈ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਹੈ। 'ਦੁੱਖ ਕੀ ਹੈ' ਇਹ ਤਾਂ ਹੀ ਪਤਾ ਲੱਗ ਸਕਦਾ ਹੈ ਜੇ ਇਨਸਾਨ ਨੂੰ ਸੁੱਖ ਤੇ ਦੁੱਖ ਦੇ ਅੰਤਰ ਦਾ ਪਤਾ ਹੋਵੇ। ਮਨੁੱਖ ਦਾ ਆਚਰਣ ਹੀ ਦੁੱਖਾਂ ਦੀ ਪੰਡ ਭਾਰੀ ਕਰਨ ਵਾਲਾ ਹੋ ਗਿਆ ਹੈ। ਦੁੱਖ ਦੀ ਖੇਡ ਬਹੁਤ ਰਹੱਸਮਈ ਹੈ। ਦੁੱਖਾਂ ਦੇ ਕਾਰਨਾ ਦਾ ਅਸਰ ਵਿਆਪਕ ਹੈ। ਮੋਹ ਵੀ ਦੁੱਖ ਦਾ ਕਾਰਨ ਬਣਦਾ ਹੈ। ਗੁਰਸਿੱਖ ਤਾਂ ਗ੍ਰਹਿਸਤ ਜੀਵਨ ਦਾ ਪਾਲਨ ਕਰਨ ਵਾਲਾ ਹੈ ਪ੍ਰੰਤੂ ਉਸਦਾ ਜੀਵਨ ਜਲ ਵਿੱਚ ਕਮਲ ਦੇ ਫੁੱਲ ਵਰਗਾ ਨਿਰਲੇਪ ਹੋਣਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਸੰਸਰਿਕ ਭੋਗ ਵਿਲਾਸ ਲਈ ਸ਼ੈਦਾਈ ਹੈ। ਇਹ ਸੁੱਖ ਦੀ ਥਾਂ ਦੁੱਖ ਦਾ ਕਾਰਨ ਬਣਦੇ ਹਨ। ਮਨੁੱਖ ਸੁੱਖ ਭੋਗਣ ਲਈ ਠੱਗੀ ਮਾਰਦਾ ਹੈ। ਪਰਮਾਤਮਾ ਨੂੰ ਚੇਤੇ ਨਾ ਕਰਨਾ ਦੁੱਖਾਂ ਦੀ ਖੇਤੀ ਹੈ। ਧਰਮ ਦੇ ਨਾਂ ਤੇ ਪਾਣੀ ਰਿੜਕਿਆ ਜਾ ਰਿਹਾ ਹੈ। ਜਿਨ੍ਹਾਂ ਦੇ ਮਨ ਮੈਲੇ ਅਤੇ ਆਚਾਰ ਮੰਦੇ ਹਨ, ਉਹ ਵੀ ਧਰਮ ਕਰਮ ਦੇ ਠੇਕੇਦਾਰ ਬਣੇ ਫਿਰਦੇ ਹਨ। ਆਵਾਗਮਨ ਦਾ ਚਕ੍ਰ ਦੁੱਖ ਹੈ। ਜਨਮ ਤੇ ਮਰਨ ਦੋਵੇਂ ਹੀ ਦੁੱਖ ਹਨ। ਜਿਸ ਨੇ ਜਨਮ ਲਿਆ ਹੈ, ਉਸ ਦੀ ਮੌਤ ਤੈਅ ਹੈ। ਮਨੁੱਖ ਕਿਤਨੇ ਵੱਡੇ ਘਰ ਬਣਾ ਲਵੇ, ਰਾਤ ਤਾਂ ਬਸ ਇਕ ਕਮਰੇ ਵਿੱਚ ਹੀ ਗੁਜਰਦੀ ਹੈ। ਦੁੱਖ ਨੂੰ ਦੁੱਖ ਸਮਝਣਾ ਤੇ ਸਵੀਕਾਰ ਕਰਨਾ ਮਨੁੱਖ ਦੇ ਹੱਥ ਵਿੱਚ ਹੈ। ਰਸਨਾ ਦਾ ਰਸ ਮਨੁੱਖ ਨੂੰ ਬਹੁਤ ਦੁੱਖ ਦਿੰਦਾ ਹੈ। ਕਲਪਨਾਂ ਤੇ ਭੁਲੇਖਾ ਮਨੁੱਖ ਨੂੰ ਸੱਚ ਤੋਂ ਦੂਰ ਕਰ ਦਿੰਦਾ ਹੈ। ਪਰਮਾਤਮਾ ਤੋਂ ਵੇਮੁੱਖ ਮਨੁੱਖ ਦਾ ਚਿਤ ਸਦਾ ਵਾਸ਼ਨਵਾਂ ਵਿੱਚ ਲਗਦਾ ਹੈ। ਕਾਮ ਦਾ ਫਲ ਦੁੱਖ ਹੈ। ਸੇਵਾ ਦਾ ਫਲ ਸੁੱਖ ਹੈ। ਮੂਰਖ ਵਿਅਕਤੀ ਸੁੱਖ ਦੇ ਜੋ ਉਪਾਏ ਕਰਦਾ ਹੈ, ਉਨ੍ਹਾਂ ਤੋਂ ਹੀ ਰੋਗ ਤੇ ਦੁੱਖ ਉਪਜਦੇ ਹਨ। ਸੰਜਮ ਭਰਿਆ ਜੀਵਨ ਹੋਵੇ ਤਾਂ ਲੋੜਾਂ ਪੂਰੀਆਂ ਹੋਣ ਤੇ ਮਨ 'ਚ ਆਨੰਦ ਪੈਦਾ ਹੁੰਦਾ ਹੈ। ਜੋ ਸਮਝ ਨਾ ਆ ਸਕੇ ਉਹ ਮਾਇਆ ਹੈ। ਵਿਕਾਰ ਮਨੁੱਖ 'ਤੇ ਸੁਹਾਗੇ ਦਾ ਕੰਮ ਕਰਦੇ ਹਨ। 'ਸੁੱਖ' ਅਗਿਆਨਤਾ ਕਰਕੇ ਮਨੁੱਖ ਜਿਸ ਨੂੰ ਸੁੱਖ ਮੰਨ ਕੇ ਜੀਵਨ ਬਤੀਤ ਕਰਦਾ ਹੈ, ਅਸਲ ਵਿੱਚ ਉਹ ਸੁੱਖ ਦੇ ਭੇਖ ਵਿੱਚ ਦੁੱਖ ਸੀ। ਮਨੁੱਖ ਸੁੱਖ ਚਾਹੁੰਦਾ ਹੈ ਪ੍ਰੰਤੂ ਪਰਮਾਤਮਾ ਨੂੰ ਵਿਸਾਰ ਕੇ ਮਨੁੱਖ ਸੰਸਾਰ ਦੇ ਰਸ ਵਿੱਚ ਰਚਿਆ ਹੋਇਆ ਹੈ। ਮਨੁੱਖ ਨੂੰ ਭੁਲੇਖਾ ਹੈ ਕਿ ਉਸ ਕੋਲ ਜੋ ਹੈ, ਉਸ ਨੇ ਆਪ ਕਮਾਇਆ ਹੈ ਪ੍ਰੰਤੂ ਇਹ ਪਰਮਾਤਮਾ ਦੀ ਦੇਣ ਹੈ। ਜੇ ਉਹ ਸੁੱਖ ਚਾਹੁੰਦਾ ਹੈ ਤਾਂ ਪਰਮਾਤਮਾ ਦੀ ਭਗਤੀ ਕਰੇ। ਪਰਮਾਤਮਾ ਗੁਣਾਂ ਦਾ ਸਾਗਰ ਹੈ। ਇਹ ਨਹੀਂ ਹੋ ਸਕਦਾ ਕਿ ਮਨੁੱਖ ਦੁੱਖਾਂ ਦੇ ਰਾਹ 'ਤੇ ਚਲਦਾ ਵੀ ਰਹੇ ਤੇ ਸੁੱਖਾਂ ਦੀ ਆਸ ਵੀ ਕਰੇ। ਸੁੱਖ ਪਰਮਾਤਮਾ ਦੀ ਕਿਰਪਾ ਨਾਲ ਮਿਲਦੇ ਹਨ। ਸੁੱਖ ਤੇ ਦੁੱਖ ਦਾ ਅੰਤਰ ਜਾਨਣ ਲਈ ਦੋਹਾਂ ਨੂੰ ਸਮਝਣਾ ਪਵੇਗਾ। ਨਿੰਦਾ ਦੁੱਖ ਹੈ, ਲੋਭ, ਮੋਹ, ਹੰਕਾਰ, ਕਾਮ, ਕ੍ਰੋਧ ਆਦਿਕ ਦੁੱਖ ਹਨ। ਸੰਸਾਰੀ ਸੁੱਖਾਂ ਦਾ ਮੋਹ ਤਿਆਗਣਾ ਔਖਾ ਹੈ। ਪਰਮਾਤਮਾ ਦੇ ਹੁਕਮ ਅੰਦਰ ਰਹਿਣਾ ਸੁੱਖ ਹੈ। ਪਰਮਾਤਮਾ ਸੁੱਖ ਨਿਧਾਨ ਹੈ। ਜੇ ਉਹ ਮਨ ਅੰਦਰ ਵਸ ਗਿਆ ਤਾਂ ਸੁੱਖ ਹੀ ਸੁੱਖ ਹਨ। 'ਪਰਮ ਸੁੱਖ' ਸਾਰੀ ਪੁਸਤਕ ਦਾ ਸਾਰੰਸ਼ ਹੈ। ਮਾਇਆ ਤੇ ਵਿਕਾਰਾਂ ਦੀ ਕੈਦ ਤੋਂ ਆਜ਼ਾਦ ਹੋ ਜਾਣਾ ਸੁੱਖ ਦਾ ਸ਼ਿਖ਼ਰ ਹੈ। ਆਵਾਗਵਨ ਤੋਂ ਮੁਕਤ ਹੋ ਜਾਣਾ 'ਪਰਮ ਸੁੱਖ' ਹੈ। ਮਨ ਕਿਸਾਨ ਹੈ, ਜਿਸ ਨੇ ਖੇਤ ਤਿਆਰ ਕਰਨਾ ਹੈ, ਬੀਜ ਬੀਜਣੇ ਹਨ ਤੇ ਫ਼ਸਲ ਦੀ ਪੈਦਾਵਾਰ ਕਰਨੀ ਹੈ। ਮਨ ਸੁੱਖਾਂ ਦੀ ਖੇਤੀ ਕਰਨ ਜੋਗ ਬਣਦਾ ਹੈ। ਨਿਰਬਾਨ ਪਦ ਜਾਂ ਜੀਵਨ ਮੁਕਤ ਹੋਣ ਵਿੱਚ ਹੀ ਪਰਮ ਸੁੱਖ ਹੈ। ਗੁਰਸਿੱਖ ਨੇ ਜੋ ਕਰਨਾਂ ਹੈ, ਉਹ ਸਹਿਜ ਹੈ। ਉਹ ਹੀ ਸੰਪੂਰਨ ਮਨੁੱਖ ਹੈ, ਜਿਸਨੇ ਉਸਦੀ ਰਜਾ ਵਿੱਚ ਰਹਿ ਕੇ ਸਹਿਜਤਾ ਪ੍ਰਾਪਤ ਕਰ ਲਈ ਹੈ। ਡਾ ਸਤਿੰਦਰ ਸਿੰਘ ਨੇ ਸਿੱਖੀ ਸੋਚ ਤੇ ਵਿਚਾਰਧਾਰਾਂ ਨੂੰ ਸੰਖੇਪ ਵਿੱਚ ਪਾਠਕਾਂ ਨੂੰ ਪ੍ਰੋਸਕੇ ਦਿੱਤੀ ਹੈ। ਪਾਠਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ।
200 ਪੰਨਿਆਂ ਅਤੇ 300 ਰੁਪਏ ਭੇਟਾ ਵਾਲੀ ਇਹ ਪੁਸਤਕ ਭਾ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com