ਅਧਿਕਾਰ - ਵੀਰਪਾਲ ਕੌਰ ਭੱਠਲ
ਫੇਰ ਕੀ ਹੋਇਆ ਜੇ ਕੋਈ ਵਿਧਵਾ ,
ਅੱਖ ਵਿੱਚ ਸੁਰਮਾ ਪਾ ਲੈਂਦੀ ਏ ।
ਲੋਕਾਂ ਦਾ ਕਿਉਂ ਢਿੱਡ ਦੁਖਦਾ ,
ਜੇ ਖ਼ੁਦ ਨੂੰ ਸਜਾ ਲੈਂਦੀ ਏ ।
ਬੁੱਢੀ ਤਾਂ ਨਹੀਂ ਹੋਈ ਉਹੋ ,
ਨਾ ਹੀ ਇੱਛਾ ਜਿਊਣ ਦੀ ਮੁੱਕੀ ।
ਨਾ ਹੀ ਇੱਛਾ ਖਾਣ ਦੀ ਮੁੱਕੀ।
ਨਾ ਹੀ ਇੱਛਾ ਪਾਉਣ ਦੀ ਮੁੱਕੀ ।
ਪਤੀ ਮਰਨ ਤੋਂ ਬਾਅਦ ਉਸ ਦੀ ,
ਜ਼ਿੰਦਗੀ ਤਾਂ ਨ੍ਹੀਂ ਰੁਕ ਜਾਂਦੀ ।
ਇਹ ਗੱਲ ਮੰਨਿਆ ਵੱਖਰੀ ਆ,
ਉਹ ਦੁਨੀਆਂ ਸਾਹਵੇਂ ਝੁਕ ਜਾਂਦੀ ।
ਇਹ ਥੋਨੂੰ ਕੀਹਨੇ ਹੱਕ ਦਿੱਤਾ ਏ,
ਉਹਦੇ ਤੇ ਉਂਗਲ ਚੁੱਕਣ ਦਾ।
ਉਹਦੇ ਬਾਰੇ ਕੁੱਝ ਮਾੜਾ ਬੋਲਣ,
ਤੇ ਮਾੜੀ ਅੱਖ ਰੱਖਣ ਦਾ।
ਜਦ ਉਹਦੀ ਥਾਂ ਧੀ ਥੋਡੀ ਹੋਈ ,
ਆਪਣੇ ਫੇਰ ਵਿਚਾਰ ਦਿਓੰ ।
ਦੁਨੀਆਂ ਉਹਨੂੰ ਮਾਰੂ ਤਾਹਨੇ,
ਤੁਸੀਂ ਜਿਵੇਂ ਅੱਜ ਮਾਰ ਦਿਓੰ ।
ਦਿਲ ਵਿੱਚ ਉਹਦੇ ਚਾਅ ਨਾ ਮਾਰੋ,
ਬੇਸ਼ੱਕ ਗੋਲੀ ਮਾਰ ਦਿਓ ।
ਸੋਚ ਬਦਲ ਕੇ ਆਪਣੀ,
ਜਿਉਣ ਦਾ ਉਹਨੂੰ ਵੀ ਅਧਿਕਾਰ ਦਿਓ ।
ਵੀਰਪਾਲ ਨੇ ਜੋ ਗੱਲ ਆਖੀ ,
ਹੱਡ ਬੀਤੀ ਤੇ ਜੱਗ ਬੀਤੀਆਂ ।
ਇਹ ਤਾਂ ਦਰਦ ਪਛਾਣੂ ਉਹੀ,
ਜੀਹਦੇ ਉੱਤੇ ਵੱਧ ਬੀਤੀਆਂ।