ਡਿਊਟ - ਮੁਲਾਕਾਤ - ਵੀਰਪਾਲ ਕੌਰ ਭੱਠਲ

ਮੁੰਡਾ ) ਘਰੇ ਬਹਾਨਾ ਮਾਰ ਕੇ ਕੋਈ ,
ਅੱਜ ਮਿਲਣ ਮੈਨੂੰ ਆਈਂ ਤੂੰ ।
ਮੈਂ ਕੋਈ ਗੱਲ ਜ਼ਰੂਰੀ ਕਰਨੀ ,
ਨਾਲ ਨਾ ਕੋਈ ਲਿਆਈਂ ਤੂੰ  ।

ਕੁੜੀ )ਫੋਨ ਉਤੇ ਗੱਲ ਕਰ ਸਕਦੇ ਆਂ  ,
ਮਿਲਣਾ ਕੀ ਜ਼ਰੂਰੀ ਆ।
ਅੱਜ ਤਾਂ ਸੱਜਣਾ ਮਿਲਣਾ ਮੁਸ਼ਕਲ,
ਮੇਰੀ ਵੀ ਮਜ਼ਬੂਰੀਆ  ।

ਮੁੰਡਾ) ਲੱਗਦਾ ਮੈਨੂੰ ਪਿਆਰ ਨੀ ਕਰਦੀ,
 ਜੇ ਕਰਦੀ ਤਾਂ ਨਾਂਹ ਕਹਿੰਦੀ ਨਾ ।
ਅੱਧੇ ਬੋਲ ਤੇ ਭੱਜੀ ਆਉਂਦੀ ,
ਪੈਰ ਜੁੱਤੀ ਤੇਰੇ ਪੈਂਦੀ ਨਾ  ।

ਕੁੜੀ) ਨਾ ਵੇ ਅੜਿਆ ਇੰਝ ਨਾ ਸੋਚੀਂ ,
ਕੱਲ੍ਹ ਪੇਪਰ ਤੇ ਅੱਜ ਪੜ੍ਹਦੀਆਂ ।
ਦਿਲ ਚੀਰ ਕੇ ਦੱਸ ਦਿਖਾਵਾਂ ਤੈਨੂੰ  ,
ਕਿੰਨੀ ਮੁਹੱਬਤ ਕਰਦੀਆਂ  ।

ਮੁੰਡਾ) ਅੱਛਾ ਇਹ ਗੱਲ ਹੈ ਤਾਂ ਆਜਾ ,
ਮੁਹੱਬਤ ਸਾਬਤ ਕਰਕੇ ਜਾਈਂ।
 ਮੈਂ ਜੋ ਬੋਲੂੰਗਾ ਕਰਨਾ ਪਊਗਾ ,
ਫੇਰ ਨਾ ਮੂੰਹ ਬਣਾਈ  ।
 

ਕੁੜੀ )ਜੇ ਫੋਨ ਕੱਟੇਂਗਾ ਸੋਚਾਂਗੀ ,
ਕਿ ਕਿਵੇਂ ਕਿੱਦਾਂ ਏ ਆਉਣਾ।
 ਘਰੇ ਬਹਾਨਾ ਮੰਮੀ ਨੂੰ ਵੀ,
 ਪੈਣਾ ਏ ਕੋਈ ਲਾਉਣਾ  ।

ਮੁੰਡਾ) ਚੰਗਾ  ਬਾਏ ਲਵ ਯੂ ,
ਕਿਸ ਯੂ ਮਿਸ ਯੂ  ਮੇਰੀ ਜਾਨ ।
ਮੈਂ ਵੇਟ ਕਰੂੰਗਾ ਤੇਰੀ ,
ਗੌਡ ਬਲੈੱਸ ਯੂ ਮੇਰੀ ਜਾਨ  ।

ਕੁੜੀ )ਜਾਨ ਤਲੀ ਤੇ ਧਰ ਕੇ ਆਈ ,
ਛੇਤੀ ਦੱਸ ਕੀ ਗੱਲ ਕਰਨੀ ਸੀ।
 ਵੀਰਪਾਲ ਦੇ ਨਾਲ ਸੋਹਣਿਆ,
 ਕਿਹੜੀ ਮੁਸ਼ਕਲ ਹੱਲ ਕਰਨੀ ਸੀ  ।

ਮੁੰਡਾ )ਮੈਂ  ਰਾਤ ਨੂੰ  ਮਿਲਣ ਆਉਣਾ ਅੱਜ  ,
ਗੁੱਸੇ ਰਹਿ ਚਾਹੇ ਰਾਜ਼ੀ ਤੂੰ ।
ਆਹ ਭੱਠਲ" ਨੀਂਦ ਦੀ ਫੜ ਦਵਾਈ ,
ਜਾ ਘਰਦਿਆਂ ਨੂੰ  ਪਾਦੀ ਤੂੰ।

  ਕੁੜੀ )ਇਹ ਪਿਉ ਮੇਰੇ ਦੀ ਚਿੱਟੀ ਪੱਗ ਏ,
ਨੀਂਦ ਦੀ ਕੱਲੀ ਦਵਾਈ ਨਾ।
ਇੱਕ ਗੱਲ ਆਖਾਂ ਆਪਣੀ ਭੈਣ ਤੋਂ ,
ਲੈ ਕੇ ਹੁਣ ਕੁਝ ਖਾਈਂ ਨਾ