ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ - ਐੱਮਕੇ ਭੱਦਰਕੁਮਾਰ
ਸਥਾਪਤੀ ਵਿਰੋਧੀ ਇਨਕਲਾਬ ਦਾ ਰਹੱਸ ਇਹੀ ਹੁੰਦਾ ਹੈ ਕਿ ਅੰਤਮ ਬਾਜ਼ੀ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਜੇ ਦੇਖਿਆ ਜਾਵੇ ਤਾਂ ਤਰਾਸਦਿਕ ਤੌਰ ਤੇ ਹੁਣ ਤੱਕ ਸਫ਼ਲਤਾ ਦੀ ਇਕਮਾਤਰ ਕਹਾਣੀ ਯੂਕਰੇਨ ਹੈ। ਨਵੰਬਰ 2004 ਤੋਂ ਲੈ ਕੇ ਜਨਵਰੀ 2005 ਤੱਕ ਹੋਏ ਰੋਸ ਪ੍ਰਦਰਸ਼ਨਾਂ ਤੇ ਸਿਆਸੀ ਘਟਨਾਵਾਂ ਦੇ ਰੂਪ ਵਿਚ ਸਾਹਮਣੇ ਆਏ ‘ਸੰਤਰੀ ਇਨਕਲਾਬ’ ਦੇ ਇੱਛਤ ਨਤੀਜੇ ਨਾ ਨਿਕਲਣ ਤੋਂ ਬਾਅਦ ਅਮਰੀਕਾ ਨੇ 2014 ਵਿਚ ਰਾਜਪਲਟਾ ਕਰਵਾਇਆ ਸੀ। ਜਾਰਜੀਆ ਇਕ ਵਾਰ ਫਿਰ ਰੂਸ ਦੇ ਨੇੜੇ ਜਾ ਰਿਹਾ ਹੈ ਜਦਕਿ ਕਿਰਗਿਜ਼ਸਤਾਨ ਵਿਚ ਤਿੰਨ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅੰਤਮ ਨਤੀਜਾ ਬਿਸ਼ਕੇਕ ਦੀ ਰੂਸ ਪੱਖੀ ਸਰਕਾਰ ਦੇ ਹੱਕ ਵਿਚ ਹੀ ਨਿਕਲਿਆ। ਸ੍ਰੀਲੰਕਾ ਦੀ ਤਸਵੀਰ ਕਿਰਗਿਜ਼ਸਤਾਨ ਨਾਲ ਮਿਲਦੀ ਜੁਲਦੀ ਹੈ ਜਿੱਥੇ ਫ਼ੌਜ ਸਥਪਾਤੀ ਵਿਰੋਧੀ ਇਨਕਲਾਬ ਦਾ ਪੱਖ ਨਹੀਂ ਲਵੇਗੀ। ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਦੇ ਹਵਾਲੇ ਨਾਲ ਕਿਹਾ ਜਾਵੇ ਤਾਂ ‘ਕੋਲੰਬੋ ਵਿਚ ਹੋਈ ਤਬਦੀਲੀ ਹਰ ਪੱਖ ਤੋਂ ਲੋਕਰਾਜੀ ਤੌਰ ਤਰੀਕਿਆਂ ਤੇ ਕਦਰਾਂ ਕੀਮਤਾਂ, ਸਥਾਪਤ ਸੰਸਥਾਵਾਂ ਜ਼ਰੀਏ ਅਤੇ ਸੰਵਿਧਾਨਕ ਚੌਖਟੇ ਅਧੀਨ ਹੋਈ ਹੈ।’ ਅਸਲ ਵਿਚ ਅਮਰੀਕਾ ਅਤੇ ਇਸ ਦੇ ਅੰਗਰੇਜ਼ੀ ਭਾਸ਼ੀ ਭਿਆਲਾਂ ਨੂੰ ‘ਨੇਮ ਆਧਾਰਿਤ ਵਿਵਸਥਾ’ ਨੂੰ ਲੈ ਕੇ ਨਾਰਾਜ਼ ਹੋਣ ਦੀ ਕੋਈ ਤੁੱਕ ਨਹੀਂ ਬਣਦੀ।
ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਦਿਨੇਸ਼ ਗੁਨਾਵਰਧਨੇ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਹੈ। ਇਹ ਦੋਵੇਂ ਸੀਨੀਅਰ ਸਿਆਸਤਦਾਨ ਇਕ ਦੂਜੇ ਦੇ ਪੂਰਕ ਸਮਝੇ ਜਾਂਦੇ ਹਨ। ਵਿਕਰਮਸਿੰਘੇ ਕੌਮਾਂਤਰੀ ਕੱਦ ਦੇ ਮਾਲਕ ਹਨ ਅਤੇ ਪੱਛਮ ਪੱਖੀ ਸੁਧਾਰਵਾਦੀ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਦਾ ਸ਼ਹਿਰੀ ਮੱਧ ਵਰਗਾਂ ਵਿਚ ਵੋਟ ਆਧਾਰ ਕਾਇਮ ਹੈ। ਉਹ ਸ਼ਰੀਫ਼, ਸ਼ਹਿਰੀ ਤੇ ਸਲੀਕੇ ਵਾਲੀ ਸ਼ਖਸ਼ੀਅਤ ਹਨ। ਦੂਜੇ ਬੰਨ੍ਹੇ, ਗੁਨਾਵਰਧਨੇ ਟ੍ਰਾਟਸਕੀਵਾਦੀ ਹਨ ਜਿਨ੍ਹਾਂ ਕੋਲ ਟਰੇਡ ਯੂਨੀਅਨਵਾਦ ਤੋਂ ਲੈ ਕੇ ਪਾਰਲੀਮੈਂਟ ਤੱਕ, ਪਾਰਲੀਮਾਨੀ ਤੋਂ ਲੈ ਕੇ ਗ਼ੈਰ-ਪਾਰਲੀਮਾਨੀ ਤੱਕ, ਵਿਰੋਧੀ ਧਿਰ ਤੋਂ ਲੈ ਕੇ ਸੱਤਾ ਧਿਰ ਤੱਕ ਬਹੁ-ਭਾਂਤਾ ਤਜਰਬਾ ਹੈ ਅਤੇ ਜਿਨ੍ਹਾਂ ਦਾ ਕੋਲੰਬੋ ਦੇ ਕੁਲੀਨ ਵਰਗਾਂ ਤੋਂ ਲੈ ਕੇ ਵਿਆਪਕ ਸਿਨਹਾਲਾ ਬੋਧੀ ਅਵਾਮ ਵਿਚ ਆਧਾਰ ਹੈ (ਜਿਸ ਦੀ ਵਿਕਰਮਸਿੰਘੇ ਕੋਲ ਘਾਟ ਹੈ)।
ਜੇ ਵਿਕਰਮਸਿੰਘੇ ਨਵ-ਉਦਾਰਵਾਦੀ ਕੁਲੀਨਤੰਤਰ ਵੱਲ ਝੁਕਾਅ ਰੱਖਦੇ ਹਨ ਤਾਂ ਗੁਨਾਵਰਧਨੇ ਤਰੱਕੀਪਸੰਦ ਕੌਮਪ੍ਰਸਤ ਆਗੂ ਹਨ ਅਤੇ ਆਰਥਿਕ ਨਵ-ਉਦਾਰਵਾਦ ਦੇ ਕੱਟੜ ਵਿਰੋਧੀ ਹਨ ਅਤੇ ਸਮਾਜ ਭਲਾਈ ਤੇ ਮਿਹਨਤਕਸ਼ ਜਮਾਤਾਂ ਦੇ ਅਲੰਬਰਦਾਰ ਹਨ। ਪੱਛਮੀ ਯੂਨੀਵਰਸਿਟੀਆਂ ਵਿਚ ਪੜ੍ਹੇ ਗੁਨਾਵਰਧਨੇ ਸ੍ਰੀਲੰਕਾ ਦੀ ਸਮਾਜਵਾਦੀ ਲਹਿਰ ਦੇ ਬਾਨੀ ਆਗੂ ਮਰਹੂਮ ਫਿਲਿਪ ਗੁਨਾਵਰਧਨੇ ਦੇ ਪੁੱਤਰ ਹਨ ਅਤੇ ਇਸ ਮੌਕੇ ਦੇਸ਼ ਦੇ ਰਾਜਨੀਤਕ ਇਤਿਹਾਸ ਦੀ ਸਭ ਤੋਂ ਵੱਡੀ ਹਸਤੀ ਗਿਣੇ ਜਾਂਦੇ ਹਨ।
ਵਿਕਰਮਸਿੰਘੇ ਤੋਂ ਉਲਟ ਕੋਈ ਵੀ ਪਾਰਲੀਮੈਂਟ ਅੰਦਰ ਜਾਂ ਬਾਹਰ ਗੁਨਾਵਰਧਨੇ ਨਾਲ ਪੰਗਾ ਲੈਣ ਦੀ ਜੁਰਅਤ ਨਹੀਂ ਦਿਖਾ ਸਕਦਾ। ਉਨ੍ਹਾਂ ਕੋਲ ਸਲੀਕੇ, ਸ਼ਰਾਰਤੀ ਜਲੌਅ ਤੇ ਨਿੱਘੀ ਮੁਸਕਰਾਹਟ ਦਾ ਜ਼ਬਰਦਸਤ ਹਥਿਆਰ ਹੈ ਅਤੇ ਆਈਐੱਮਐੱਫ ਦੇ ਮਹਾਰਥੀਆਂ ਸਾਹਵੇਂ ਟਿਕਣ ਲਈ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਹੀਂ ਹੈ ਤੇ ਜੇ ਦਬਾਓ ਹੱਦ ਤੋਂ ਜ਼ਿਆਦਾ ਵਧ ਗਿਆ ਤਾਂ ਉਹ ਕੋਲੰਬੋ ਦੀਆਂ ਸੜਕਾਂ ’ਤੇ ਨਿਕਲਣ ਦਾ ਵੀ ਦਮ ਰੱਖਦੇ ਹਨ। ਉਂਝ, ਵਿਕਰਮਸਿੰਘੇ ਤੇ ਗੁਨਾਵਰਧਨੇ ਦੋਵੇਂ ਸ੍ਰੀਲੰਕਾ ਦੀ ਰੱਜੇ ਪੁੱਜੇ ਵਰਗਾਂ ਨਾਲ ਤਾਅਲੁਕ ਰੱਖਦੇ ਹਨ ਤੇ ਸਕੂਲ ਤੋਂ ਲੈ ਕੇ ਰਾਇਲ ਕਾਲਜ, ਕੋਲੰਬੋ ਤੱਕ ਇਕੱਠੇ ਪੜ੍ਹਦੇ ਰਹੇ ਹਨ। ਲੰਮੇ ਅਰਸੇ ਤੋਂ ਰਾਜਪਕਸੇ ਭਰਾਵਾਂ ਨਾਲ ਉਨ੍ਹਾਂ ਦੀ ਦੋਸਤੀ ਰਹੀ ਹੈ ਜਿਨ੍ਹਾਂ ਭੀੜ ਪੈਣ ’ਤੇ ਇਨ੍ਹਾਂ ਦੋਵੇਂ ਆਗੂਆਂ ਦਾ ਸਹਾਰਾ ਤੱਕਿਆ ਸੀ।
ਦਿੱਲੀ ਮਨੋ-ਮਨੀ ਇਸ ਗੱਲੋਂ ਖੁਸ਼ ਹੈ ਕਿ ਵਿਕਰਮਸਿੰਘੇ ਭਾਰਤ ਦੇ ਦੋਸਤ ਗਿਣੇ ਜਾਂਦੇ ਹਨ ਜਦਕਿ ਗੁਨਾਵਰਧਨੇ ਵਿਚ ਸ੍ਰੀਲੰਕਾ ਦੇ ਕੌਮੀ ਹਿੱਤਾਂ ਦੇ ਸਨਮੁਖ ਸਿਨਹਾਲਾ ਤੇ ਤਾਮਿਲ ਕੌਮਪ੍ਰਸਤ ਸਰੋਕਾਰਾਂ ਨੂੰ ਸੰਤੁਲਤ ਕਰਨ ਦੀ ਕਾਬਲੀਅਤ ਦੇਖੀ ਜਾਂਦੀ ਹੈ। ਉਹ ਇਹ ਗੱਲ ਜਾਣਦੇ ਹਨ ਕਿ ਭਾਰਤ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ ਅਤੇ ਨਾ ਹੀ ਤਾਕਤਾਂ ਦੇ ਵਿਕੇਂਦਰੀਕਰਨ ਦੇ ਅਸੂਲ ਨੂੰ ਤਿਲਾਂਜਲੀ ਦਿੱਤੀ ਜਾ ਸਕਦੀ ਹੈ ਤੇ ਨਾ ਹੀ ਪ੍ਰਾਂਤਕ ਕੌਂਸਲ ਪ੍ਰਣਾਲੀ ਨੂੰ ਭੰਗ ਕੀਤਾ ਜਾ ਸਕਦਾ ਹੈ। ਉਂਝ, ਸ੍ਰੀਲੰਕਾ ਵਿਚ ‘ਚੀਨ ਦੇ ਕਰਜ਼ ਜਾਲ’ ਬਾਰੇ ਬੁਣੇ ਗਏ ਭਾਰਤੀ ਬਿਰਤਾਂਤ ਦੀ ਭੱਲ ਨਾ ਬਣ ਸਕਣ ਕਰ ਕੇ ਇਸ ਮੁਤੱਲਕ ਭੰਬਲਭੂਸਾ ਹੈ।
ਸਚਾਈ ਇਹ ਹੈ ਕਿ ਸ੍ਰੀਲੰਕਾ ਦੇ ਕਰਜ਼ ਜਾਲ ਵਿਚ ਫਸਣ ਲਈ ਜੇ ਕੋਈ ਜ਼ਿੰਮੇਵਾਰ ਹੈ ਤਾਂ ਉਹ ਪੱਛਮੀ ਦੇਸ਼ਾਂ ਦੀਆਂ ਤਜਾਰਤੀ ਕਰਜ਼ ਏਜੰਸੀਆਂ ਤੇ ਬਹੁ-ਪਰਤੀ ਵਿੱਤੀ ਅਦਾਰੇ ਹਨ, ਖ਼ਾਸ ਤੌਰ ’ਤੇ ਵਾਲ ਸਟਰੀਟ ਦੇ ਪੰਘੂੜਿਆਂ ਵਿਚ ਪਲਣ ਵਾਲੇ ‘ਸੁਰੱਖਿਆ ਗਰੰਟੀ ਵਾਲੇ ਫੰਡ’ (vulture fund)। ਪੱਛਮੀ ਕਰਜ਼ਦਾਤਿਆਂ ਨੇ ਸ੍ਰੀਲੰਕਾ ਦੇ ਕਰਜ਼ੇ ‘ਸੁਰੱਖਿਆ ਗਰੰਟੀ ਫੰਡ’ ਵੇਚ ਦਿੱਤੇ ਸਨ ਜੋ ਉਸ ਦੇ ਹੱਡਾਂ ਵਿਚੋਂ ਵੀ ਪਾਈ ਪਾਈ ਵਸੂਲਣ ਤੱਕ ਜਾਂਦੇ ਹਨ। ਤਰਕ ਦੇ ਜ਼ਾਵੀਏ ਤੋਂ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦਾ ਮੂਲ ਕਾਰਜ ਇਹ ਬਣਦਾ ਸੀ ਕਿ ਉਹ ਕਰਜ਼ਦਾਤਿਆਂ ਨੂੰ ਕਰਜ਼ੇ ਦਾ ਪੁਨਰਗਠਨ ਕਰਵਾਉਂਦਾ ਪਰ ਇਸ ਦੀ ਜ਼ਿਆਦਾ ਦਿਲਚਸਪੀ ਇਸ ਗੱਲ ਵਿਚ ਰਹੀ ਕਿ ਸ੍ਰੀਲੰਕਾ ਦੀ ਭਵਿੱਖੀ ਆਰਥਿਕ ਤੇ ਸਿਆਸੀ ਪਰਵਾਜ਼ ਕਿਹੋ ਜਿਹੀ ਰਹਿੰਦੀ ਹੈ ਹਾਲਾਂਕਿ ਇਹ ਵਿਰੋਧਾਭਾਸ ਵੀ ਹੈ ਕਿ ਸ੍ਰੀਲੰਕਾ ਦੇ ਵਿਦੇਸ਼ੀ ਕਰਜ਼ਿਆਂ ਦਾ ਵੱਡਾ ਹਿੱਸਾ (ਲਗਭਗ 80 ਫ਼ੀਸਦ) ਤਜਾਰਤੀ ਕਰਜ਼ਦਾਤਾ ਅਤੇ ਬਹੁ-ਪਰਤੀ ਵਿੱਤੀ ਅਦਾਰਿਆਂ ਤੋਂ ਆਇਆ ਸੀ।
ਇਹੋ ਜਿਹੇ ਹਾਲਾਤ ਵਿਚ ਅਮਰੀਕਾ ਖਾਸ ਤੌਰ ’ਤੇ ਭੂ-ਰਾਜਸੀ ਚਾਲਬਾਜ਼ੀਆਂ ਦੇ ਸੰਦ ਵਜੋਂ ਆਲਮੀ ਸ਼ਾਸਨ ਦੇ ਰੂਪ ਵਿਚ ਸਾਂਝੀਆਂ ਕਦਰਾਂ ਕੀਮਤਾਂ ਦੇ ਆਧਾਰ ’ਤੇ ਛੋਟੇ ਸਮੂਹ ਘੜਦਾ ਹੈ। ਅਮਰੀਕਾ ਨੇ ਕੋਲੰਬੋ ਦੇ ਆਰਥਿਕ ਤੇ ਵਿਦੇਸ਼ ਨੀਤੀਆਂ ’ਤੇ ਕੰਟਰੋਲ ਹਾਸਲ ਕਰਨ ਦੀ ਚਾਲ ਅਪਣਾਈ ਤਾਂ ਕਿ ਇਸ ਨੂੰ ਚੀਨ ਖਿਲਾਫ਼ ਆਪਣੇ ਫ਼ੌਜੀ ਰਣਨੀਤਕ ਹੱਲੇ ਦਾ ਅੰਗ ਬਣਾਇਆ ਜਾ ਸਕੇ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਵੱਡੀਆਂ ਤਾਕਤਾਂ ਪ੍ਰਦਰਸ਼ਨਕਾਰੀਆਂ ਦੀ ਪਿੱਠ ਠੋਕ ਰਹੀਆਂ ਹਨ।
ਜਿਸ ਵੇਲੇ ਗੋਟਾਬਾਯਾ ਰਾਜਪਕਸੇ ਇਮਦਾਦ ਹਾਸਲ ਕਰਨ ਲਈ ਇਕ ਵਫ਼ਦ ਮਾਸਕੋ ਭੇਜਣ ਦੀ ਤਿਆਰੀ ਕਰ ਰਹੇ ਸਨ ਤਦ ਰੋਸ ਪ੍ਰਦਰਸ਼ਨ ਹੋਰ ਤੇਜ਼ ਹੋ ਗਏ ਸਨ। ਰੂਸੀ ਸਮਾਚਾਰ ਏਜੰਸੀ ਤਾਸ ਦੀ ਰਿਪੋਰਟ ਮੁਤਾਬਕ ਵੱਖੋ-ਵੱਖਰੇ ਰੂਸੀ ਮੰਤਰਾਲਿਆਂ ਨੇ ਸ੍ਰੀਲੰਕਾ ਦੇ ਵਫ਼ਦ ਨਾਲ ਹਫ਼ਤਾ ਭਰ ਚੱਲਣ ਵਾਲੀਆਂ ਮੀਟਿੰਗਾਂ ਦਾ ਖਾਕਾ ਉਲੀਕ ਲਿਆ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਕੋਲੰਬੋ ਵਿਚ ਅੰਗਰੇਜ਼ੀ ਭਾਸ਼ੀ ਰਾਜਦੂਤਾਂ ਨੇ ਸੁਰੱਖਿਆ ਦਸਤਿਆਂ ਨੂੰ ਅਪੀਲ ਕੀਤੀ ਕਿ ਰੋਸ ਮੁਜ਼ਾਹਰਿਆਂ ਨੂੰ ਜਾਰੀ ਰਹਿਣ ਦਿੱਤਾ ਜਾਵੇ। ਪਹਿਲੀ ਵਾਰ ਈਸਾਈ ਚਰਚ ਨੇ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨਾਂ ਵਿਚ ਸ਼ਿਰਕਤ ਕੀਤੀ!
ਅੰਗਰੇਜ਼ੀ ਭਾਸ਼ੀ ਮੁਲਕਾਂ ਨੇ ਸਿਆਸੀ ਜੋੜ ਤੋੜ ਵਿਚ ਵੀ ਖਾਸੀ ਦਿਲਚਸਪੀ ਦਿਖਾਈ ਹੈ। ਵਿਕਰਮਸਿੰਘੇ ਦੀ ਚੋਣ ਤੋਂ ਦੋ ਦਿਨ ਪਹਿਲਾਂ ਅਮਰੀਕਾ, ਬਰਤਾਨੀਆ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ (ਫਾਈਵ ਆਈਜ਼) ਦੇ ਰਾਜਦੂਤਾਂ ਨੇ ਸਾਂਝੇ ਰੂਪ ਵਿਚ ਸਪੀਕਰ ਅਭੈਵਰਧਨੇ ਨਾਲ ਮੁਲਾਕਾਤ ਕੀਤੀ। ਬਹਰਹਾਲ, ਵਿਕਰਮਸਿੰਘੇ ਦੀ ਚੋਣ ਹੋ ਗਈ। ਸ਼ੁੱਕਰਵਾਰ ਵਾਲੇ ਦਿਨ ਸੁਰੱਖਿਆ ਦਸਤਿਆਂ ਵਲੋਂ ਰਾਤੋ-ਰਾਤ ਕੋਲੰਬੋ ਦੇ ਮੁੱਖ ਚੌਕ ਨੂੰ ਪ੍ਰਦਰਸ਼ਨਕਾਰੀਆਂ ਕੋਲੋਂ ਖਾਲੀ ਕਰਾਉਣ ਦੇ ਸਵਾਲ ’ਤੇ ਅਮਰੀਕੀ ਰਾਜਦੂਤ ਨੇ ਵਿਕਰਮਸਿੰਘੇ ਨਾਲ ਮੁਲਾਕਾਤ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਖਿਲਾਫ਼ ਬੇਲੋੜੀ ਹਿੰਸਾ ਤੇ ਪ੍ਰੇਸ਼ਾਨਕੁਨ ਹਿੰਸਾ ਦੀ ਵਰਤੋਂ ’ਤੇ ਚਿੰਤਾ ਜਤਾਈ ਹਾਲਾਂਕਿ ਵਿਕਰਮਸਿੰਘੇ ਪ੍ਰਭੂਤਾ ਸੰਪੰਨ ਮੁਲਕ ਦੇ ਸੰਵਿਧਾਨਕ ਤੌਰ ’ਤੇ ਚੁਣੇ ਗਏ ਰਾਜ ਦੇ ਮੁਖੀ ਹਨ। ਇਸ ਕਿਸਮ ਦੇ ਆਕੜਖੋਰ ਰਵੱਈਏ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ‘ਸੱਤਾ ਬਦਲੀ’ ਦੇ ਨਤੀਜੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਮਾਯੂਸੀ ਹੈ।
ਸ੍ਰੀਲੰਕਾ ਦੇ ਸਿਆਸੀ ਕੁਲੀਨ ਵਰਗ ਨੂੰ ਉਨ੍ਹਾਂ ਦੇ ਦੇਸ਼ ਮੁਤੱਲਕ ਆਈਐੱਮਐੱਫ ਸੇਧਤ ਆਰਥਿਕ ਰਣਨੀਤੀ ਬਾਰੇ ਕੋਈ ਮੁਗ਼ਾਲਤਾ ਨਹੀਂ ਰਿਹਾ ਕਿ ਇਹ ਰਣਨੀਤੀ ਬਰਬਾਦੀ ਦਾ ਸਬੱਬ ਸਾਬਿਤ ਹੋਵੇਗੀ। ਨਾ ਹੀ ਉਹ ਅਮਰੀਕਾ ਦੀ ਅਗਵਾਈ ਵਾਲੀ ਹਿੰਦ ਪ੍ਰਸ਼ਾਂਤ ਮਹਾਸਾਗਰੀ ਰਣਨੀਤੀ ਦੇ ਚੱਕਰ ਦੀ ਇਕ ਹੋਰ ਦੱਖਣ ਏਸ਼ਿਆਈ ਚੂਲ ਬਣਨਾ ਚਾਹੁੰਦੇ ਹਨ। ਵਿਕਰਮਸਿੰਘੇ-ਗੁਨਾਵਰਧਨੇ ਜੋੜੀ ਰਣਨੀਤਕ ਖ਼ੁਦਮੁਖ਼ਤਾਰੀ ਦੇ ਸਵਾਲ ’ਤੇ ਕੋਈ ਸੌਦਾ ਨਹੀਂ ਕਰੇਗੀ। ਸ੍ਰੀਲੰਕਾ ਦੇ ਨਵੇਂ ਸ਼ਾਸਕੀ ਨਿਜ਼ਾਮ ਲਈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਲੋਂ ਦਿਲ ਖੋਲ੍ਹ ਕੇ ਦਿੱਤ ਗਈ ਹਮਾਇਤ ਨੂੰ ਇਸੇ ਪ੍ਰਸੰਗ ਵਿਚ ਦੇਖਿਆ ਜਾਣਾ ਚਾਹੀਦਾ ਹੈ। ਭਾਰਤ ਨੂੰ ਆਪਣੇ ਨੇੜਲੇ ਗੁਆਂਢ ਵਿਚ ਪੱਕ ਰਹੀ ਨਵ-ਬਸਤੀਵਾਦੀ ਐਂਗਲੋ-ਸੈਕਸਨ ਸਾਜਿ਼ਸ਼ ਬਾਰੇ ਹੱਥ ’ਤੇ ਹੱਥ ਧਰ ਕੇ ਬੈਠੇ ਨਹੀਂ ਰਹਿਣਾ ਚਾਹੀਦਾ। ਸ੍ਰੀਲੰਕਾ ਦੇ ਸੰਕਟ ਦੀਆਂ ਜੜ੍ਹਾਂ ਕਈ ਤਰ੍ਹਾਂ ਦੇ ਨਾਗਵਾਰ ਹਾਲਾਤ ਵਿਚ ਵਿਦੇਸ਼ੀ ਮੁਦਰਾ ਦੀ ਕਿੱਲਤ ਨਾਲ ਜੁੜੀਆਂ ਹੋਈਆਂ ਹਨ। ਕਰਜ਼ੇ ਨੂੰ ਮੁੜ ਸ਼ਡਿਊਲ ਕਰਨ ਨਾਲ ਰਾਹਤ ਮਿਲ ਜਾਵੇਗੀ। ਸ੍ਰੀਲੰਕਾ ਨੂੰ ਵਿਕਾਸ ਦੀ ਅਜਿਹੀ ਨਵੀਂ ਰਣਨੀਤੀ ਦੀ ਸਖ਼ਤ ਲੋੜ ਹੈ ਜੋ ਇਸ ਦੀਆਂ ਕੌਮੀ ਹਾਲਤਾਂ ਲਈ ਸਾਜ਼ਗਾਰ ਹੋਵੇ।
* ਲੇਖਕ ਭਾਰਤ ਦਾ ਸਾਬਕਾ ਰਾਜਦੂਤ ਹੈ।