ਬਾਬਲੇ ਦੀ ਪੱਗ -  ਵੀਰਪਾਲ ਕੌਰ ਭੱਠਲ


   ਤੇਰੇ ਪਿਆਰ ਲਈ ਕਿਵੇਂ ਪੈਰਾਂ ਵਿੱਚ ਰੋਲ਼ ਦਿਆਂ
            ਦੱਸ ਚਿੱਟੀ ਬਾਬਲੇ ਦੀ ਪੱਗ ਨੂੰ
       ਹਿੱਕ ਤਾਣ ਤਾਣ ਮੇਰੇ ਤੁਰਦੇ ਨੇ ਵੀਰ
            ਫੇਰ ਦੇਣਗੇ ਜਵਾਬ ਕੀ ਵੇ ਜੱਗ ਨੂੰ
       ਤੇਰੀ ਮੇਰੀ ਗੱਲ ਜਦੋਂ ਪਿੰਡ ਵਿੱਚ ਉੱਡੂ
            ਰੱਸਾ ਵੀਰ ਮੇਰੇ ਗਲ਼ ਨੂੰ ਵੇ ਪਾ ਲੈਣਗੇ
        ਆਹ ਧੀ ਸਰਦਾਰਾਂ ਦੀ ਨੇ ਚੰਨ ਚਾੜ੍ਹਤਾ
           ਵੇ ਕਿਵੇਂ ਸੁਣੂ ਮੇਰਾ ਬਾਪੂ ਜਦੋਂ ਲੋਕ ਕਹਿਣਗੇ।

  . ਮਾਪਿਆਂ ਦੀ ਇੱਜ਼ਤ ਤਮਾਸ਼ਾ ਬਣ ਜਾਊ
            ਲੋਕ ਲੈਣਗੇ ਸਵਾਦ ਗੱਲਾਂ ਕਰਕੇ
        ਖਾਣਗੇ ਸ਼ਰੀਕਾਂ ਦੇ ਵੇ ਤਾਂਨ੍ਹੇ ਨੋਚ ਨੋਚ
            ਸਿਰ ਝੁਕਜੂ ਵੀਰਾਂ ਦਾ ਮੇਰੇ ਕਰਕੇ
        ਧੌਣ ਉੱਚੀ ਕਰ ਜਿਹੜੇ ਤੁਰਦੇ ਨੇ ਅੱਜ
            ਕੱਲ੍ਹ ਚਾਰ ਬੰਦਿਆਂ ਚ ਦੱਸ ਕਿੱਦਾਂ ਬਹਿਣਗੇ
 ਆਹ  ਧੀ ਸਰਦਾਰਾਂ ਦੀ ਨੇ ਚੰਨ ਚਾੜ੍ਹਤਾ
          ਵੇ  ਕਿਵੇਂ ਸੁਣੂ ਮੇਰਾ ਬਾਪੂ ਜਦੋਂ ਲੋਕ ਕਹਿਣਗੇ

 
   ਪੁੱਤਾਂ ਨਾਲੋਂ ਵੱਧ ਬਾਪੂ ਮੇਰੇ ਉੱਤੇ ਮਾਣ ਕਰੇ
            ਲਾਡਲੀ ਆਂ ਭੈਣ ਮੈਂ ਭਰਾਵਾਂ ਦੀ
         ਮਾਂ ਦੇ ਸੰਸਕਾਰ ਕਿਵੇਂ ਮਿੱਟੀ ਵਿਚ ਰੋਲ਼ਾਂ
            ਕਿਵੇ ਚਾੜ੍ਹ ਦਿਆਂ ਬਲੀ ਓਹਦੇ ਚਾਵਾਂ ਦੀ
ਮਾਪਿਆਂ ਦੇ ਉੱਤੇ ਉਦੋਂ ਦੱਸ ਕੀ ਬੀਤੂਗੀ
 ਜਦੋਂ ਚਾਵਾਂ ਵਾਲੇ ਉਨ੍ਹਾਂ ਦੇ ਵੇ ਮਹਿਲ ਢਹਿਣਗੇ  
ਆਹ  ਧੀ ਸਰਦਾਰਾਂ ਦੀ ਨੇ ਚੰਨ ਚਾੜ੍ਹਤਾ
          ਵੇ  ਕਿਵੇਂ ਸੁਣੂ ਮੇਰਾ ਬਾਪੂ ਜਦੋਂ ਲੋਕ ਕਹਿਣਗੇ

ਵੀਰਪਾਲ ਭੱਠਲ ਦੇ ਨਾਲ ਸੋਹਣਿਆ
 ਵੇ ਕਿਤੇ ਵੇਖੀ ਨਾ ਤੂੰ ਲੋਕਾਂ ਵਾਲੀ ਕਰਦੀ
  ਘਰੋਂ ਭੱਜ ਤੇਰੇ ਨਾਲ ਜਾ ਨਹੀਂ ਸਕਦੀ
 ਵਿਆਹ ਕੇ ਮੈਨੂੰ ਲੈ ਜਾ ਜਦੋਂ ਮਰਜ਼ੀ  
ਹੱਥੀਂ ਜਦੋਂ ਤੋਰਨਗੇ ਡੋਲੀ ਮੇਰੀ ਮਾਪੇ
ਪਤਾ ਸੁਤਾ ਫਿਰ ਮੇਰਾ  ਲੈਂਦੇ ਰਹਿਣਗੇ  
ਆਹ  ਧੀ ਸਰਦਾਰਾਂ ਦੀ ਨੇ ਚੰਨ ਚਾੜ੍ਹਤਾ
         ਵੇ   ਕਿਵੇਂ ਸੁਣੂ ਮੇਰਾ ਬਾਪੂ ਜਦੋਂ ਲੋਕ ਕਹਿਣਗੇ