ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
02 ਅਗਸਤ 2022
ਰਾਮ ਨਾਥ ਕੋਵਿੰਦ ਨੇ ਸੰਵਿਧਾਨ ਦੇ ਨਾਮ ‘ਤੇ ਭਾਜਪਾ ਦੇ ਸਿਆਸੀ ਏਜੰਡੇ ਨੂੰ ਪੂਰਾ ਕੀਤਾ- ਮਹਿਬੂਬਾ ਮੁਫ਼ਤੀ
ਸ਼ਾਹ ਮੁਹੰਮਦਾ ਪੁੱਛਦੇ ਲੋਕ ਸਿੰਘ ਜੀ, ਤੁਸੀਂ ਚੰਗੀਆਂ ਪੂਰੀਆਂ ਪਾ ਆਏ।
ਐਮ.ਐਸ.ਪੀ ਲਈ ਕਮੇਟੀ ਨਹੀਂ, ਕਾਨੂੰਨੀ ਗਾਰੰਟੀ ਚਾਹੀਦੀ ਹੈ-ਡੱਲੇਵਾਲ
ਕਾਦਰਯਾਰ ਅਸਵਾਰ ਹੋ ਖ਼ਾਲਸਾ ਜੀ, ਮੱਥਾ ਨਾਲ਼ ਫਿਰੰਗੀ ਦੇ ਲਾਂਵਦੇ ਨੇ।
ਮੱਧ ਪ੍ਰਦੇਸ਼ ‘ਚ ਇਕ ਹੀ ਸਰਿੰਜ ਨਾਲ਼ 39 ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾ ਦਿਤੀ- ਇਕ ਖ਼ਬਰ
ਡਿਜੀਟਲ ਇੰਡੀਆ।
ਪਾਣੀਆਂ ਦੀ ਵੰਡ ਵੇਲੇ ਪੰਜਾਬ ਨਾਲ਼ ਧੱਕਾ ਕੀਤਾ ਗਿਆ- ਰਾਜੇਵਾਲ
ਮੇਰਾ ਤੱਤੜੀ ਦਾ ਗਲ਼ ਖਾਲੀ, ਆਪ ਤੇ ਜ਼ੰਜੀਰੀ ਰੱਖਦਾ।
ਦੁਨੀਆਂ ਵਿਚ ਅਰਥ ਵਿਵਸਥਾ ਖ਼ਰਾਬ ਪਰ ਭਾਰਤ ‘ਚ 80 ਕਰੋੜ ਲੋਕਾਂ ਨੂੰ ਮਿਲਦੈ ਮੁਫ਼ਤ ਅਨਾਜ- ਮੋਦੀ
ਮੋਦੀ ਸਾਹਿਬ, ਇਹ ਵੀ ਦੱਸੋ ਕਿ 80 ਕਰੋੜ ਲੋਕ ਗ਼ਰੀਬ ਕਿਉਂ ਹਨ?
ਅਰਪਿਤਾ ਮੁਖਰਜੀ ਦੀਆਂ ਚਾਰ ‘ਗ਼ਾਇਬ’ ਕਾਰਾਂ ਦੀ ਭਾਲ਼ ਕਰ ਰਹੀ ਹੈ ਈ.ਡੀ.-ਇਕ ਖ਼ਬਰ
ਵਾਸ਼ਿੰਗ ਮਸ਼ੀਨ ਇਕ ਵਾਰੀ ਫੇਰ ਖੋਲ੍ਹ ਕੇ ਚੈੱਕ ਕਰੋ ਬਈ, ਸ਼ਾਇਦ ਉੱਥੇ ਲੁਕੋਈਆਂ ਹੋਣ।
ਸੜਕ ‘ਤੇ ਪਏ ਬੈਗ ‘ਚੋਂ ਮਿਲੇ 45 ਲੱਖ ਰੁਪਏ ਪੁਲਿਸ ਕਾਂਸਟੇਬਲ ਨੇ ਥਾਣੇ ‘ਚ ਜਮ੍ਹਾਂ ਕਰਵਾਏ- ਇਕ ਖ਼ਬਰ
ਕੋਈ ਹਰਿਆ ਬੂਟ ਰਹਿਓ ਈ।
ਸਵਿਸ ਬੈਂਕਾਂ ‘ਚ ਜਮ੍ਹਾਂ ਭਾਰਤੀ ਨਾਗਰਿਕਾਂ, ਕੰਪਨੀਆਂ ਦੇ ਪੈਸੇ ਦਾ ਕੋਈ ਸਰਕਾਰੀ ਅੰਦਾਜ਼ਾ ਨਹੀਂ- ਸਰਕਾਰ
ਏਸੇ ਕਰ ਕੇ ਹੀ ਸਰਕਾਰ ਲੋਕਾਂ ਨੂੰ ਪੰਦਰਾਂ ਪੰਦਰਾਂ ਲੱਖ ਰੁਪਿਆ ਨਹੀਂ ਦੇ ਸਕੀ।
ਵੇਸਵਾਗਮਨੀ ਦੇ ਦੋਸ਼ਾਂ ‘ਚ ਘਿਰੇ ਭਾਜਪਾ ਆਗੂ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ- ਇਕ ਖ਼ਬਰ
ਉੜਨ ਖਟੋਲੇ ਪੇ ਉੜ ਜਾਊਂਗਾ, ਪੁਲਿਸ ਕੇ ਹਾਥ ਨਾ ਆਊਂਗਾ।
ਪੰਜਾਬ ਅਤੇ ਪੰਜਾਬੀਅਤ ਦੇ ਭਲੇ ਲਈ ਸਾਰੇ ਅਕਾਲੀ ਦਲ ਇਕ ਝੰਡੇ ਹੇਠ ਇਕੱਠੇ ਹੋਣ- ਜਸਟਿਸ ਨਿਰਮਲ ਸਿੰਘ
ਨਾ ਨੌਂ ਮਣ ਤੇਲ ਹੋਵੇ, ਨਾ ਰਾਧਾ ਨੱਚੇ।
ਅਨਮੋਲ ਰਤਨ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ- ਭਗਵੰਤ ਮਾਨ
ਅੜੀ ਵੇ ਅੜੀ, ਨਾ ਕਰ ਬਹੁਤੀ ਤੂੰ ਅੜੀ, ਕਾਹਨੂੰ ਜ਼ਿਦ ਤੂੰ ਫੜੀ।
ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਸ੍ਰੀਲੰਕਾ ਵਾਪਸ ਪਰਤਣਗੇ- ਇਕ ਖ਼ਬਰ
ਕਾਹਲੀ ਕਾਹਲੀ ‘ਚ ਕਈ ਬੰਡਲ ਜਹਾਜ਼ ‘ਚ ਰੱਖ ਨਹੀਂ ਸੀ ਹੋਏ ਬਈ।
ਮਿਨੀ ਪੀ,ਐਚ.ਸੀ. ਨੂੰ ਚਲਾ ਰਿਹਾ ਹੈ ਦਰਜਾ ਚਾਰ ਮੁਲਾਜ਼ਮ- ਇਕ ਖ਼ਬਰ
ਸ਼ੁਕਰ ਹੈ ਕਿ ਕੋਈ ਤਾਂ ਹੈ, ਏਥੇ ਤਾਂ ਬਿਨਾਂ ਮੁਲਾਜ਼ਮਾਂ ਤੋਂ ਵੀ ਚਲਦੇ ਐ।
ਕਦੀ ਕਦੀ ਸਿਆਸਤ ਛੱਡਣ ਨੂੰ ਦਿਲ ਕਰਦਾ ਹੈ- ਨਿਤਿਨ ਗਡਕਰੀ
ਮਾਏਂ ਮੇਰਾ ਚਿੱਤ ਕਰਦਾ, ਪਾ ਬਗਲੀ ਸਾਧ ਹੋ ਜਾਵਾਂ।
ਅਕਾਲੀ ਦਲ ਨੇ ਪਾਰਟੀ ਦੇ ਪੁਨਰਗਠਨ ਦੇ ਅਧਿਕਾਰ ਸੁਖਬੀਰ ਬਾਦਲ ਨੂੰ ਸੌਂਪੇ- ਇਕ ਖ਼ਬਰ
ਬੋਹਲ਼ ਦੀ ਰਾਖੀ ਬੱਕਰਾ।
ਪੰਜਾਬ ਦੀ ਵਿਤੀ ਹਾਲਤ ਵਿਚ ਸੁਧਾਰ ਕਰਾਂਗੇ-ਹਰਪਾਲ ਚੀਮਾ
ਤੈਨੂੰ ਲੈ ਦਊਂ ਸਲੀਪਰ ਕਾਲ਼ੇ, ਨੀਂ ਬਾਜਰੇ ਨੂੰ ਪੱਕ ਲੈਣ ਦੇ।