ਸਾਮਰਾਜੀ ਸੰਕਟ ਅਤੇ ਆਰਥਿਕ ਮੰਦੀ ਹੇਠ ਪਿਸਦੇ ਲੋਕ - ਮੋਹਨ ਸਿੰਘ (ਡਾ.)
ਸਾਮਰਾਜੀ ਪ੍ਰਬੰਧ 2007-08 ਦੀ ਆਰਥਿਕ ਸੰਕਟ ਵਿਚੋਂ ਅਜੇ ਉਭਰ ਨਹੀਂ ਸਕਿਆ ਸੀ ਕਿ ਹੁਣ ਇਹ ਇਕ ਹੋਰ ਭਿਆਨਕ ਆਰਥਿਕ ਸੰਕਟ ਵੱਲ ਵਧ ਰਿਹਾ ਹੈ। ਸਾਰੇ ਦੇਸ਼ਾਂ ਅੰਦਰ ਆਰਥਿਕ ਮੰਦੀ ਦੇ ਬੱਦਲ ਛਾਏ ਹੋਏ ਹਨ। ਉਂਝ, ਹੁਣ ਵਾਲਾ ਸੰਕਟ ਪਹਿਲਾਂ ਵਰਗੇ ਆਰਥਿਕ ਸੰਕਟਾਂ ਵਰਗਾ ਨਹੀਂ। 2007-08 ਦੀ ਮੰਦੀ ਵੇਲੇ ਅਮਰੀਕਾ ਅੰਦਰ ਮਹਿੰਗਾਈ ਅਤੇ ਵਿਆਜ ਦਰਾਂ ਘੱਟ ਸਨ, ਖਾਧ ਪਦਾਰਥਾਂ ਦਾ ਸੰਕਟ ਵੀ ਨਹੀਂ ਸੀ, ਹੁਣ ਦੁਨੀਆ ਨੂੰ ਵੱਡਾ ਖਾਧ ਸੰਕਟ, ਜਲਵਾਯੂ ਸੰਕਟ, ਕੋਵਿਡ-19 ਦੀ ਮਹਾਮਾਰੀ ਆਦਿ ਗੰਭੀਰ ਵਰਤਾਰੇ ਦਰਪੇਸ਼ ਹਨ। ਇਸ ਤੋਂ ਇਲਾਵਾ ਇਕ ਪਾਸੇ ਰੂਸ ਚੀਨ ਅਤੇ ਦੂਜੇ ਪਾਸੇ ਅਮਰੀਕਾ ਯੂਰੋਪ ਵਿਚਕਾਰ ਤੇਜ਼ ਵਿਰੋਧਤਾਈ ਹੈ। ਵਾਤਾਵਰਨ ਬਚਾਉਣ ਲਈ ਪੈਰਿਸ ਵਾਰਤਾ ਫੇਲ੍ਹ ਹੋ ਚੁੱਕੀ ਹੈ ਅਤੇ ਸੰਸਾਰ ਵਪਾਰ ਸੰਸਥਾ ਦੀ ਬੈਠਕ ਬਿਨਾ ਨਤੀਜੇ ਖ਼ਤਮ ਹੋ ਗਈ ਹੈ। ਸਾਮਰਾਜਵਾਦ ਦੀਆਂ ਨਵ-ਉਦਾਰਵਾਦੀ ਨੀਤੀਆਂ ਕਾਰਨ ਬ੍ਰਹਿਮੰਡ ਅਤੇ ਧਰਤੀ ਦੇ ਵਾਤਾਰਵਨ ਅੰਦਰ ਝੱਖੜ, ਮੀਂਹ, ਹਨੇਰੀਆਂ, ਤੂਫ਼ਾਨ, ਤਪਸ਼, ਠੰਢ, ਜੰਗਲਾਂ ਦੀ ਕਟਾਈ, ਹੜ੍ਹ, ਗਲੇਸ਼ੀਅਰ ਪਿਘਲਣ ਆਦਿ ਨਾਲ ਵੱਡੇ ਪੱਧਰ ’ਤੇ ਮੌਸਮੀ ਤਬਦੀਲੀਆਂ ਹੋ ਰਹੀਆਂ ਹਨ ਜਿਸ ਨਾਲ ਬ੍ਰਹਿਮੰਡ ਅਤੇ ਪ੍ਰਿਥਵੀ ਦੇ ਸੰਤੁਲਤ ਸਿਸਟਮ ’ਚ ਵਿਗਾੜ ਪੈਦਾ ਹੋ ਗਏ ਹਨ। ਵਾਤਾਵਰਨ ਤਬਦੀਲੀਆਂ ਨਾਲ ਵਿਕਸਤ ਦੇਸ਼ਾਂ ਅੰਦਰ ਵੀ ਜੰਗਲੀ ਅੱਗਾਂ ਲੱਗ ਰਹੀਆਂ ਹਨ, 50 ਦਰਜੇ ਤੱਕ ਦੀ ਤਪਸ਼ ਪੈਦਾ ਹੋ ਰਹੀ ਹੈ।
2007-08 ਦੇ ਸੰਸਾਰ ਵਿੱਤੀ ਸੰਕਟ ਤੋਂ ਬਾਅਦ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਅੰਦਰ ਖਾਧ ਪਦਾਰਥਾਂ ਦੀ ਕਮੀ ਹੋਣ ਕਾਰਨ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋ ਗਿਆ ਅਤੇ ਬਹੁ-ਕੌਮੀ ਕੰਪਨੀਆਂ ਦੀ ਜ਼ਮੀਨਾਂ ’ਤੇ ਕਬਜ਼ੇ ਦੀ ਦੌੜ ਲੱਗ ਗਈ ਹੈ। ਸ਼ਹਿਰੀਕਰਨ ਦੇ ਵਧਦੇ ਅਸਰ ਨਾਲ ਫ਼ਸਲੀ ਉਪਜਾਊ ਜ਼ਮੀਨ ਘਟ ਰਹੀ ਹੈ ਅਤੇ ਪੂੰਜੀਵਾਦ ਦੀ ਮੁਨਾਫ਼ੇ ਲਈ ਹਵਸ ਨਾਲ ਕੁਦਰਤੀ ਸਰੋਤਾਂ ਦੀ ਅੰਨ੍ਹੀ ਲੁੱਟ ਤੇਜ਼ ਹੋ ਰਹੀ ਹੈ। ਜੰਗਲਾਂ ਦੀ ਤਬਾਹੀ ਹੋ ਰਹੀ ਹੈ। ਯੂਕਰੇਨ ਜੰਗ, ਹਿੰਦਪ੍ਰਸ਼ਾਂਤ ਮਹਾਸਾਗਰ ਅਤੇ ਤਾਈਵਾਨ ਵਿਚ ਸਾਮਰਾਜੀ ਦੇਸ਼ਾਂ ਵਿਚਕਾਰ ਵਧ ਰਹੇ ਤਣਾਅ ਨੇ ਇਸ ਨੂੰ ਹੋਰ ਭਿਆਨਕ ਬਣਾ ਦਿੱਤਾ ਹੈ। ਸੰਸਾਰ ਦੀ ਸਭ ਤੋਂ ਵੱਡੀ, ਅਮਰੀਕੀ ਆਰਥਿਕਤਾ ਦੀ ਪਹਿਲੀ ਤਿਮਾਹੀ ਦੀ ਕੁੱਲ ਘਰੇਲੂ ਪੈਦਾਵਾਰ ਮਨਫ਼ੀ 1.4 ਪ੍ਰਤੀਸ਼ਤ ਤੱਕ ਸੁੰਗੜ ਗਈ ਹੈ ਅਤੇ ਮਹਿੰਗਾਈ ਪਿਛਲੇ 40 ਸਾਲਾਂ ਵਿਚ ਸਭ ਤੋਂ ਵੱਧ 15 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਮਹਿੰਗਾਈ ਕੰਟਰੋਲ ਕਰਨ ਲਈ ਅਮਰੀਕਾ ਨੂੰ ਵਿਆਜ ਦਰਾਂ ਵਧਾਉਣੀਆਂ ਪੈ ਰਹੀਆਂ ਹਨ ਜਿਸ ਨਾਲ ਨਿਵੇਸ਼ ਹੋਰ ਘਟ ਰਿਹਾ ਹੈ।
ਉਧਰ ਜਾਪਾਨ ਉਪਰ ਕਰਜ਼ਾ ਜੀਡੀਪੀ ਦੇ ਨਿਸਬਤ 250 ਪ੍ਰਤੀਸ਼ਤ ਤੱਕ ਵਧ ਗਿਆ ਹੈ ਅਤੇ ਇਹ ਪਹਿਲੀ ਵਾਰ 7 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਜਾਪਾਨ ਦੇ ਯੈੱਨ ਦੀ ਕੀਮਤ ਡਾਲਰ ਦੇ ਮੁਕਾਬਲੇ 12 ਪ੍ਰਤੀਸ਼ਤ ਡਿਗ ਗਈ ਹੈ। ਫਰਾਂਸ ਦਾ ਅਰਥਚਾਰਾ ਵੀ 2022 ਦੀ ਪਹਿਲੀ ਤਿਮਾਹੀ ਵਿਚ ਮਨਫ਼ੀ 0.1 ਪ੍ਰਤੀਸ਼ਤ ਗਿਰਾਵਟ ਵਿਚ ਚਲਾ ਗਿਆ ਹੈ। ਯੂਕਰੇਨ ਜੰਗ ਕਾਰਨ ਪੱਛਮੀ ਸਾਮਰਾਜੀ ਦੇਸ਼ਾਂ ਵੱਲੋਂ ਆਰਥਿਕ ਪਾਬੰਦੀਆਂ ਲਾਉਣ ਨਾਲ ਰੂਸ ਡਿਫਾਲਟਰ ਹੋ ਗਿਆ ਹੈ। 2007-08 ਵਿਚ ਜਦੋਂ ਅਮਰੀਕਾ ਦੀ ਆਰਥਿਕਤਾ ਮੰਦੀ ਵਿਚ ਫਸ ਗਈ ਸੀ ਤਾਂ ਅਮਰੀਕਾ ਦੀਆਂ ਧੜਵੈਲ ਬਹੁ-ਕੌਮੀ ਕੰਪਨੀਆਂ ਅਤੇ ਲਹਿਮਨ ਬ੍ਰਦਰਜ਼ ਵਰਗੀਆਂ ਵੱਡੀਆਂ ਬੈਂਕਾਂ ਤਬਾਹ ਹੋ ਗਈਆਂ ਸਨ ਅਤੇ ਅਮਰੀਕਾ ਦੀ 23 ਟ੍ਰਿਲੀਅਨ ਡਾਲਰ ਦੀ ਪੂੰਜੀ ਤਬਾਹ ਹੋ ਗਈ ਸੀ। ਹੁਣ ਪਾਕਿਸਤਾਨ, ਨੇਪਾਲ, ਬੰਗਲਾ ਦੇਸ਼, ਇੰਡੋਨੇਸ਼ੀਆ, ਵੈਨੇਜ਼ੁਵੇਲਾ, ਤੁਰਕੀ, ਬੇਲਾਰੂਸ, ਇਥੋਪੀਆ ਆਦਿ ਪਛੜੇ ਦੇਸ਼ ਪਹਿਲਾਂ ਹੀ ਆਰਥਿਕ ਸੰਕਟ ਵਿਚ ਹਨ। ਇਸ ਮੰਦੀ ਨੇ ਸ੍ਰੀਲੰਕਾ ਨੂੰ ਸਭ ਤੋਂ ਪਹਿਲਾਂ ਝਟਕ ਲਿਆ ਅਤੇ ਲੋਕਾਂ ਨੇ ਭੋਜਨ, ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਕਾਰਨ ਰਾਸ਼ਟਰਪਤੀ ਦੇ ਮਹਿਲਾਂ ’ਤੇ ਕਬਜ਼ਾ ਕਰ ਲਿਆ ਹੈ। ਇਧਰ ਭਾਰਤ ਦਾ ਰੁਪਈਆ ਵੀ ਦਮ ਤੋੜ ਗਿਆ ਹੈ ਅਤੇ ਗਿਰ ਕੇ 80 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ ਹੈ। ਕੇਂਦਰ ਸਰਕਾਰ ਇਕ ਪਾਸੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਅਤੇ ਆਟੇ, ਦਾਲ, ਦੁੱਧ, ਦਹੀਂ, ਪਨੀਰ ਵਰਗੀਆ ਜ਼ਰੂਰੀ ਵਸਤਾਂ ਉਪਰ ਜੀਐੱਸਟੀ ਹੋਰ ਵਧਾ ਕੇ ਆਰਥਿਕ ਸੰਕਟ ਦਾ ਭਾਰ ਲੋਕਾਂ ’ਤੇ ਸੁੱਟ ਰਹੀ ਹੈ, ਦੂਜੇ ਪਾਸੇ, ਜੋਟੀਦਾਰ ਧਨਾਢ ਨੂੰ ਇਜ਼ਰਾਈਲ ਅੰਦਰ ਇਕ ਹੋਰ ਬੰਦਰਗਾਹ ’ਤੇ ਕਬਜ਼ਾ ਕਰਾ ਕੇ ਮਾਲੋਮਾਲ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਆਈਯੂਯੂਆਈ (ਇੰਡੀਆ, ਯੂਨਾਈਟਿਡ ਅਰਬ ਅਮੀਰਾਤ ਅਤੇ ਯੂਐੱਸ, ਇਜ਼ਰਾਈਲ ਗੱਠਜੋੜ ਬਣਾ ਕੇ) ਭਾਰਤ ਅੰਦਰ ਖਾਧ ਪਦਾਰਥਾਂ ਦੇ ਪੈਦਾ ਹੋ ਰਹੇ ਸੰਕਟ ਦੇ ਬਾਵਜੂਦ ਯੂਨਾਈਟਿਡ ਅਮੀਰਾਤ ਨੂੰ ਅੰਨ ਬਰਾਮਦ ਕੀਤਾ ਜਾ ਰਿਹਾ ਹੈ।
ਯੂਕਰੇਨ-ਰੂਸ ਜੰਗ ਲਮਕਣ ਕਾਰਨ ਦੁਨੀਆ ਦੇ ਵੱਡੇ ਸਾਮਰਾਜੀ ਮੁਲਕ ਇਸ ਵਿਚ ਬੁਰੀ ਤਰ੍ਹਾਂ ਉਲਝ ਗਏ ਹਨ। ਇਸ ਨੇ ਦੁਨੀਆ ਭਰ ਅੰਦਰ ਕਤਾਰਬੰਦੀ ਕਰ ਦਿੱਤੀ ਹੈ। ਰੂਸ ਉਪਰ ਆਰਥਿਕ ਪਾਬੰਦੀਆਂ ਅਤੇ ਰੂਸ ਦੇ ਮੋੜਵੇਂ ਜਵਾਬ ਵਿਚ ਯੂਰੋਪੀਅਨ ਦੇਸ਼ਾਂ ਨੂੰ ਗੈਸ-ਪੈਟਰੋਲ ਦੀ ਸਪਲਾਈ ’ਤੇ ਕਟੌਤੀ ਨਾਲ ਯੂਰੋਪੀਅਨ ਦੇਸ਼ਾਂ ਦਾ ਆਰਥਿਕ ਸੰਕਟ ਵਧ ਗਿਆ ਹੈ। ਇਸ ਨਾਲ ਬਰਲਿਨ ਦੀਵਾਰ ਢਹਿਣ ਤੋਂ ਬਾਅਦ ਯੂਰੋਪ ਦੀ ਸਭ ਤੋਂ ਵੱਡੀ ਆਰਥਿਕਤਾ, ਜਰਮਨੀ ਦੀ ਪੈਦਾਵਾਰ ਮਨਫ਼ੀ ਵਿਚ ਚਲੀ ਗਈ ਹੈ। ਅਮਰੀਕਾ ਵੱਲੋਂ ਮਹਿੰਗਾਈ ਕੰਟਰੋਲ ਕਰਨ ਲਈ ਵਧਾਈਆਂ ਵਿਆਜ ਦਰਾਂ ਕਾਰਨ ਡਾਲਰ ਦਾ ਵਹਾਅ ਅਮਰੀਕਾ ਵਿਚ ਇਕੱਤਰ ਹੋ ਰਹੇ ਹਨ ਅਤੇ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰਾਂ ਨੂੰ ਵੱਡੀ ਪੱਧਰ ’ਤੇ ਖੋਰਾ ਲੱਗ ਰਿਹਾ ਹੈ। ਭਾਰਤ ਅੰਦਰ ਆਉਂਦੇ ਇਕ ਸਾਲ ਅੰਦਰ ਸੌ ਅਰਬ ਡਾਲਰ ਬਾਹਰ ਨਿਕਲਣ ਦੇ ਅੰਦਾਜ਼ਾ ਹੈ, ਫਲਸਰੂਪ, ਭਾਰਤ ਅੰਦਰ ਸ਼ੇਅਰ ਬਾਜ਼ਾਰ ਗੋਤਾ ਖਾ ਰਹੇ ਹਨ ਤੇ ਮਹਿੰਗਾਈ ਰਿਕਾਰਡ ਤੋੜ ਰਹੀ ਹੈ। ਵਿਆਜ ਦਰਾਂ ਵਧਣ ਨਾਲ ਨਿਵੇਸ਼ ਘਟ ਰਿਹਾ ਹੈ ਅਤੇ ਖਾਧ ਪਦਾਰਥ ਮਹਿੰਗੇ ਹੋਣ ਨਾਲ ਮਿਹਨਤਕਸ਼ਾਂ ਦਾ ਜਿਊਣਾ ਮੁਸ਼ਕਿਲ ਹੋ ਰਿਹਾ ਹੈ। ਲੋਕਾਂ ਦੀ ਖਰੀਦ ਸ਼ਕਤੀ ਘਟ ਰਹੀ ਹੈ ਜਿਸ ਸਦਕਾ ਭਾਰਤੀ ਆਰਥਿਕਤਾ ਦਾ ਸੰਕਟ ਹੋਰ ਵਧ ਰਿਹਾ ਹੈ।
ਪੈਟਰੋਲ, ਡੀਜ਼ਲ, ਗੈਸ ਅਤੇ ਬਿਜਲੀ ਮਹਿੰਗੀ ਹੋਣ ਨਾਲ ਦੁਨੀਆ ਦੇ ਪਛੜੇ ਦੇਸ਼ਾਂ ਅੰਦਰ ਮਹਿੰਗਾਈ ਵਧੀ ਹੈ। ਕਈ ਦੇਸ਼ਾਂ ਵਿਚ ਵਧਦੀ ਮਹਿੰਗਾਈ ਖਿ਼ਲਾਫ਼ ਅੰਦੋਲਨ ਸ਼ੁਰੂ ਹੋ ਗਏ ਹਨ। ਵਿਦੇਸ਼ੀ ਮੁਦਰਾ ਦੀ ਘਾਟ ਕਾਰਨ ਪਾਕਿਸਤਾਨ ਸਰਕਾਰ ਚਾਹ ਘੱਟ ਪੀਣ ਲਈ ਕਹਿ ਰਹੀ ਹੈ। ਇਥੋਪੀਆ ਅੰਦਰ ਪੈਟਰੋਲ ਕੀਮਤਾਂ ਵਧਣ ਕਾਰਨ ਲੋਕ ਪ੍ਰਦਰਸ਼ਨ ਕਰ ਰਹੇ ਹਨ। ਅਮਰੀਕਾ ਅੰਦਰ ਗੈਸੋਲੀਨ ਦੇ ਪ੍ਰਤੀ ਗੈਲਨ ਰੇਟ ਵਧ ਗਏ ਸਨ, ਹੁਣ ਮੱਧਕਾਲੀਨ ਚੋਣਾਂ ਦੇ ਸਨਮੁੱਖ ਰਾਸ਼ਟਰਪਤੀ ਜੋਅ ਬਾਈਡਨ ’ਤੇ ਰੇਟ ਘਟਾਉਣ ਲਈ ਦਬਾਅ ਹੈ। ਨਾਈਜੀਰੀਆ ਵਿਚ ਬਿਜਲੀ ਦੀ ਕਿੱਲਤ ਕਾਰਨ ਸੈਲੂਨਾਂ ਅੰਦਰ ਮੋਬਾਈਲ ਫੋਨ ਦੀ ਲਾਈਟ ਨਾਲ ਵਾਲ ਕੱਟਣੇ ਪੈ ਰਹੇ ਹਨ। ਹੰਗਰੀ ਨੇ ਕਾਰਾਂ ਵਿਚ ਪ੍ਰਤੀ ਦਿਨ 50 ਲਿਟਰ ਤੋਂ ਵੱਧ ਗੈਸ ਪਾਉਣ ’ਤੇ ਰੋਕ ਲਾ ਦਿੱਤੀ ਹੈ। ਘਾਨਾ ਵਿਚ ਮਹਿੰਗਾਈ ਵਿਰੋਧੀ ਪ੍ਰਦਰਸ਼ਨ ਠੱਲ੍ਹਣ ਲਈ ਹੰਝੂ ਗੈਸ ਵਰਤੀ ਜਾ ਰਹੀ ਹੈ। ਇਉਂ ਦੁਨੀਆ ਭਰ ਦੇ ਲੋਕਾਂ ਨੂੰ ਆਰਥਿਕ ਮੰਦੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੂੰਜੀਵਾਦੀ ਸਾਮਰਾਜੀ ਪ੍ਰਬੰਧ ਲਗਾਤਾਰ ਏਕੀਕ੍ਰਿਤ ਬਣ ਰਿਹਾ ਹੈ, ਇਸ ਪ੍ਰਬੰਧ ਦੇ ਇਕ ਦੇਸ਼ ਦਾ ਘਟਨਾਕ੍ਰਮ ਸਮੁੱਚੇ ਪੂੰਜੀਵਾਦੀ ਪ੍ਰਬੰਧ ਨੂੰ ਪ੍ਰਭਾਵਿਤ ਕਰਦਾ ਹੈ। ਅੱਜਕਲ੍ਹ ਯੂਕਰੇਨ ਭਾਵੇਂ ਦੁਨੀਆ ਦਾ ਛੋਟਾ ਜਿਹਾ ਮੁਲਕ ਹੈ ਪਰ ਉੱਥੇ ਲੱਗੀ ਜੰਗ ਦੁਨੀਆ ’ਤੇ ਅਸਰ ਪਾ ਰਹੀ ਹੈ ਅਤੇ ਸੰਕਟ ਵਿਚ ਫਸੇ ਸੰਸਾਰ ਨੂੰ ਇਕ ਹੋਰ ਆਰਥਿਕ ਸੰਕਟ ਵੱਲ ਧੱਕ ਰਹੀ ਹੈ। ਯੂਐੱਨਓ, ਐੱਫਏਓ ਅਤੇ ਸੰਸਾਰ ਸਿਹਤ ਸੰਸਥਾਵਾਂ ਪਹਿਲਾਂ ਹੀ ਜਲਵਾਯੂ ਤਬਦੀਲੀਆਂ ਨਾਲ ਅਣਕਿਆਸੀਆਂ ਸੁਨਾਮੀਆਂ, ਹੜ੍ਹ, ਸੋਕੇ ਅਤੇ ਬੇਮੌਸਮੇ ਮੀਂਹਾਂ ਕਾਰਨ ਖਾਧ ਸੰਕਟ ਬਾਰੇ ਚਿਤਾਵਨੀਆਂ ਦੇ ਰਹੀਆਂ ਸਨ। ਸਮੁੰਦਰ ਅੰਦਰ ਪਲਾਸਟਿਕ, ਗੰਦਗੀ ਅਤੇ ਕੂੜਾ ਸੁੱਟਣ ਨਾਲ ਪ੍ਰਦੂਸ਼ਣ ਫੈਲ ਰਿਹਾ ਹੈ ਜਿਸ ਨਾਲ ਵੱਡੇ ਪੱਧਰ ’ਤੇ ਮੱਛੀਆਂ ਮਰਨ ਨਾਲ ਭੋਜਨ ਸੰਕਟ ਵਧ ਰਿਹਾ ਹੈ ਅਤੇ ਮੱਛੀਆਂ ਫੜਨ ਲਈ ਵੱਖ ਵੱਖ ਦੇਸ਼ਾਂ ਵਿਚਕਾਰ ਤਣਾਅ ਵਧ ਰਿਹਾ ਹੈ। ਕੌਮਾਂਤਰੀ ਊਰਜਾ ਏਜੰਸੀ ਦਾ ਅਨੁਮਾਨ ਹੈ ਕਿ ਊਰਜਾ ਦੇ ਮੁੱਲ ਵਧੇਰੇ ਹੋਣ ਕਾਰਨ ਏਸ਼ੀਆ ਅਫਰੀਕਾ ਦੇ ਨੌਂ ਕਰੋੜ ਲੋਕਾਂ ਨੂੰ ਬਿਜਲੀ ਨਹੀਂ ਮਿਲੇਗੀ। ਮਹਿੰਗੀ ਊਰਜਾ ਅਤੇ ਖਾਧ ਪਦਾਰਥਾਂ ਦੀ ਘਾਟ ਨੂੰ ਨਜਿੱਠਣ ਲਈ ਅਰਬਾਂ ਰੁਪਏ ਦੀ ਜ਼ਰੂਰਤ ਹੈ ਪਰ ਇਸ ਰਕਮ ਦੀ ਪੂਰਤੀ ਲਈ ਕੋਈ ਵੀ ਦੇਸ਼ ਤਿਆਰ ਨਹੀਂ ਹੈ। ਅੰਤ ਇਸ ਆਰਥਿਕ ਮੰਦੀ ਵਿਚੋਂ ਪੈਦਾ ਹੁੰਦੀਆਂ ਮੁਸ਼ਕਿਲਾਂ ਗਰੀਬਾਂ ਨੂੰ ਹੀ ਝੱਲਣੀਆਂ ਪੈਣਗੀਆਂ।
ਸੰਪਰਕ : 78883-27695