ਐਟਮੀ ਤਾਕਤ ਦੇ ਕਿੰਨੇ ਸਾਰੇ ਦਾਅਵੇਦਾਰ ਹੁੰਦਿਆਂ ਜੰਗਬਾਜ਼ ਹੋਣ ਦਾ ਸ਼ੌਕ ਘਾਣ ਕਰ ਸਕਦੈ ਮਨੁੱਖਤਾ ਦਾ -ਜਤਿੰਦਰ ਪਨੂੰ
ਇਹ ਲਿਖਤ ਅਸੀਂ ਛੇ ਅਗਸਤ ਸਵੇਰੇ ਉੱਠ ਕੇ ਓਦੋਂ ਲਿਖਣੀ ਸ਼ੁਰੂ ਕੀਤੀ, ਜਦੋਂ ਦੂਰ ਪੂਰਬ ਦੇ ਦੇਸ਼ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਦੇ ਲੋਕ ਸਤੱਤਰ ਸਾਲ ਪੁਰਾਣੇ ਦਿਲ ਹਿਲਾਊ ਕਾਂਡ ਨੂੰ ਯਾਦ ਕਰਦੇ ਪਏ ਸਨ। ਉਸ ਦਿਨ ਹੋਏ ਇੱਕ ਐਟਮੀ ਤਜਰਬੇ ਕਾਰਨ ਹਜ਼ਾਰਾਂ ਲੋਕ ਮਾਰੇ ਗਏ ਸਨ। ਦੁਨੀਆ ਵਿੱਚ ਆਪਣੀ ਤਰ੍ਹਾਂ ਦਾ ਇਹ ਪਹਿਲਾ ਬੰਬ ਅਮਰੀਕਨ ਫੌਜ ਦੇ ਜਿਸ ਜਹਾਜ਼ ਨੇ ਸੁੱਟਿਆ ਸੀ, ਹੇਠਾਂ ਤਬਾਹੀ ਦੇ ਸੰਕੇਤ ਵੇਖ ਕੇ ਖੁਦ ਉਸ ਦੇ ਕੈਪਟਨ ਦੇ ਮੂੰਹੋਂ ਨਿਕਲਿਆ ਸੀ: 'ਜੋ ਕੁਝ ਵੇਖਿਆ ਹੈ, ਉਸ ਦਾ ਯਕੀਨ ਕਰਨਾ ਮੁਸ਼ਕਲ ਹੈ।' ਨਾਲ ਬੈਠੀ ਕਹਿਰ ਵਰ੍ਹਾਊ ਟੀਮ ਦੇ ਇੱਕ ਮੈਂਬਰ ਦੇ ਮੂੰਹੋਂ ਨਿਕਲਿਆ ਸੀ: 'ਓ ਰੱਬਾ!' ਇਸ ਦਾ ਮਤਲਬ ਹੈ ਕਿ ਜਿਨ੍ਹਾਂ ਨੇ ਇਹ ਐਟਮ ਬੰਬ ਸੁੱਟਿਆ ਸੀ ਤੇ ਤਬਾਹੀ ਮਚਾਈ ਸੀ, ਉਹ ਵੀ ਇਹ ਨਹੀਂ ਸੀ ਜਾਣਦੇ ਕਿ ਤਬਾਹੀ ਏਨੀ ਵੱਡੀ ਹੋਵੇਗੀ। ਸਿਰਫ ਤਿੰਨ ਦਿਨ ਲੰਘਣ ਮਗਰੋਂ ਏਸੇ ਅਮਰੀਕੀ ਫੌਜ ਨੇ ਇੱਕ ਹੋਰ ਜਾਪਾਨੀ ਸ਼ਹਿਰ ਨਾਗਾਸਾਕੀ ਉੱਤੇ ਏਦਾਂ ਦਾ ਦੂਸਰਾ ਬੰਬ ਜਾ ਸੁੱਟਿਆ ਅਤੇ ਜਿੰਨੀ ਤਬਾਹੀ ਏਥੇ ਹੋਈ ਸੀ, ਸ਼ਾਇਦ ਉਸ ਤੋਂ ਵੱਧ ਨਾਗਾਸਾਕੀ ਵਿੱਚ ਕਰ ਕੇ ਇਹ ਪਰਖ ਕੀਤੀ ਗਈ ਸੀ ਕਿ ਜਿਹੜਾ ਬੰਬ ਅਮਰੀਕੀਆਂ ਕੋਲ ਆ ਗਿਆ ਹੈ, ਇਸ ਦੇ ਅੱਗੇ ਕੋਈ ਟਿਕ ਨਹੀਂ ਸਕੇਗਾ। ਨਤੀਜਾ ਇਹ ਸੀ ਕਿ ਉਸ ਦਹਾਕੇ ਦੇ ਸ਼ੁਰੂ ਵਿੱਚ ਜਿਹੜੇ ਹੀਰੋਸ਼ੀਮਾ ਦੀ ਆਬਾਦੀ ਸਾਢੇ ਕੁ ਤਿੰਨ ਲੱਖ ਸੀ ਤੇ ਵਾਧੇ ਦੀ ਦਰ ਵੇਖਦਿਆਂ ਅਗਲੇ ਦਹਾਕੇ ਦੇ ਬਾਅਦ ਉਸ ਦੇ ਚਾਰ ਲੱਖ ਹੋ ਜਾਣ ਦੀ ਆਸ ਸੀ, ਇਹ ਬੰਬ ਸੁੱਟੇ ਜਾਣ ਦੇ ਇੱਕੋ ਸਾਲ ਵਿੱਚ ਘਟ ਕੇ ਡੇਢ ਲੱਖ ਤੋਂ ਹੇਠਾਂ ਆ ਡਿੱਗੀ ਅਤੇ ਮਸਾਂ ਇੱਕ ਲੱਖ ਸੈਂਤੀ ਹਜ਼ਾਰ ਲੋਕ ਓਥੇ ਰਹਿ ਗਏ ਸਨ। ਹਜ਼ਾਰਾਂ ਲੋਕ ਮਾਰੇ ਗਏ ਸਨ, ਹਜ਼ਾਰਾਂ ਹੋਰ ਸਰੀਰਕ ਪੱਖੋਂ ਪੱਕੇ ਨਾਕਾਰਾ ਹੋ ਕੇ ਹਸਪਤਾਲਾਂ ਵਿੱਚ ਜਾ ਪਏ ਸਨ ਅਤੇ ਬਾਕੀ ਦੇ ਹਜ਼ਾਰਾਂ ਲੋਕ ਕਾਰੋਬਾਰ ਤਬਾਹ ਹੋਣ ਅਤੇ ਘਰ ਢਹਿ ਜਾਣ ਕਾਰਨ ਸਿਰ ਉੱਤੇ ਛੱਤ ਤੇ ਦੋ ਡੰਗ ਦੇ ਖਾਣੇ ਦੀ ਭਾਲ ਵਿੱਚ ਸ਼ਹਿਰ ਤੋਂ ਨਿਕਲ ਗਏ ਸਨ। ਇਹੋ ਹਾਲ ਇਸ ਪਿੱਛੋਂ ਸੁੱਟੇ ਗਏ ਦੂਸਰੇ ਬੰਬ ਨਾਲ ਨਾਗਾਸਾਕੀ ਸ਼ਹਿਰ ਦਾ ਹੋਇਆ ਸੀ, ਜਿਸ ਦੇ ਵੇਰਵੇ ਪੜ੍ਹ ਕੇ ਕਲੇਜਾ ਮੂੰਹ ਨੂੰ ਆ ਜਾਂਦਾ ਹੈ।
ਇਨ੍ਹਾਂ ਦੋਵਾਂ ਸ਼ਹਿਰਾਂ ਉੱਤੇ ਬੰਬ ਸੁੱਟਣ ਵਾਲਿਆਂ ਨੇ ਕਿਹਾ ਸੀ ਕਿ ਜੰਗ ਵਿੱਚ ਜਾਪਾਨ ਨੂੰ ਨੱਥ ਪਾਉਣ ਤੇ ਦੂਸਰੀ ਜੰਗ ਮੁਕਾਉਣ ਲਈ ਇਹ ਬੰਬ ਸੁੱਟੇ ਸਨ। ਸੱਚਾਈ ਇਹ ਸੀ ਕਿ ਸੰਸਾਰ ਜੰਗ ਵਿੱਚ ਫਾਸ਼ੀਵਾਦੀ ਧੜੇ ਦਾ ਆਗੂ ਅਡੌਲਫ ਹਿਟਲਰ ਪੰਝੀ ਅਪਰੈਲ ਨੂੰ ਖੁਦਕੁਸ਼ੀ ਕਰ ਗਿਆ ਸੀ ਅਤੇ ਉਸ ਦਾ ਜੋੜੀਦਾਰ ਮੁਸੋਲਿਨੀ ਅਠਾਈ ਅਪਰੈਲ ਨੂੰ ਮਾਰਿਆ ਗਿਆ ਸੀ। ਬਾਕੀ ਜੰਗ ਕੋਈ ਖਾਸ ਨਹੀਂ ਸੀ ਰਹਿ ਗਈ ਅਤੇ ਕੁਝ ਦਿਨਾਂ ਵਿੱਚ ਮੁੱਕ ਜਾਣੀ ਸੀ। ਅਸਲ ਵਿੱਚ ਇਹ ਬੰਬ ਜੰਗ ਛੇਤੀ ਮੁਕਾਉਣ ਲਈ ਨਹੀਂ, ਉਹ ਜੰਗ ਮੁੱਕਣੋਂ ਪਹਿਲਾਂ ਪਰਖਣ ਲਈ ਸੁੱਟੇ ਗਏ ਸਨ, ਕਿਉਂਕਿ ਇੱਕ ਪਾਸੇ ਇਹ ਸੋਚ ਸੀ ਕਿ ਦੁਨੀਆ ਨੂੰ ਆਪਣੀ ਤਾਕਤ ਵਿਖਾਉਣੀ ਹੈ ਤੇ ਦੂਸਰੇ ਪਾਸੇ ਇਹ ਖਿਆਲ ਸੀ ਕਿ ਜੰਗ ਖਤਮ ਹੋ ਜਾਣ ਪਿੱਛੋਂ ਇਸ ਬੰਬ ਨੂੰ ਜ਼ਮੀਨੀ ਤੌਰ ਉੱਤੇ ਪਰਖਣ ਦਾ ਮੌਕਾ ਨਹੀਂ ਰਹਿ ਜਾਣਾ। ਮੁੱਕਦੀ ਜੰਗ ਦੇ ਸਿਰੇ ਉੱਤੇ ਇਸ ਬੰਬ ਦੀ ਪਰਖ ਦੇ ਖਿਆਲ ਨਾਲ ਦੋਵਾਂ ਸ਼ਹਿਰਾਂ ਦੇ ਕੁੱਲ ਮਿਲਾ ਕੇ ਦੋ ਲੱਖ ਜਾਂ ਉਸ ਤੋਂ ਵੱਧ ਲੋਕ ਮਾਰੇ ਗਏ ਤੇ ਅਗਲੀ ਪੀੜ੍ਹੀ ਦੇ ਕਿੰਨੇ ਲੋਕ ਇਸ ਬੰਬ ਦੇ ਅਸਰ ਵਾਲੀਆਂ ਬਿਮਾਰੀਆਂ ਲੈ ਕੇ ਜੰਮੇ ਸਨ, ਇਸ ਨਾਲ ਬੰਬ-ਬਾਜ਼ਾਂ ਦੀ ਮੋਹਰੀ ਧਿਰ ਅਮਰੀਕਾ ਨੂੰ ਕੋਈ ਫਰਕ ਨਹੀਂ ਸੀ ਪੈਂਦਾ। ਨਾ ਉਸ ਨੂੰ ਓਦੋਂ ਕੋਈ ਫਰਕ ਪੈਂਦਾ ਸੀ, ਨਾ ਅੱਜ ਪੈਂਦਾ ਨਜ਼ਰ ਆਉਂਦਾ ਹੈ।
ਅੱਜਕੱਲ੍ਹ ਅਸੀਂ ਇੱਕ ਪਾਸੇ ਰੂਸ ਤੇ ਯੂਕਰੇਨ ਦੀ ਜੰਗ ਚੱਲਦੀ ਵੇਖਦੇ ਹਾਂ, ਜਿਸ ਦੌਰਾਨ ਰੂਸ ਦੀ ਹਮਲਾਵਰੀ ਨੂੰ ਕੋਈ ਵੀ ਠੀਕ ਨਹੀਂ ਕਹੇਗਾ, ਪਰ ਇਹ ਗੱਲ ਫਿਰ ਆਪਣੀ ਥਾਂ ਹੈ ਕਿ ਇਸ ਜੰਗ ਦੇ ਹਾਲਾਤ ਅਮਰੀਕਾ ਅਤੇ ਉਸ ਦੇ ਨਾਟੋ ਗੱਠਜੋੜ ਵਾਲੇ ਦੇਸ਼ਾਂ ਨੇ ਬਣਾਏ ਸਨ। ਯੂਕਰੇਨ ਨੂੰ ਆਪਣੇ ਨਾਟੋ ਗੱਠਜੋੜ ਵਿੱਚ ਮਿਲਾਉਣ ਦੀ ਜ਼ਿਦ, ਜਿਸ ਕਾਰਨ ਯੂਕਰੇਨ ਦੀ ਰਾਖੀ ਦੇ ਬਹਾਨੇ ਰੂਸ ਦੀਆਂ ਜੜ੍ਹਾਂ ਲਾਗੇ ਐਟਮੀ ਮਿਜ਼ਾਈਲਾਂ ਬੀੜਨ ਦਾ ਇਰਾਦਾ ਸੀ, ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਮਾਹੌਲ ਬਣਾਉਂਦੀ ਰਹੀ ਸੀ। ਹਾਲੇ ਉਹ ਜੰਗ ਸਿਰੇ ਨਹੀਂ ਲੱਗੀ ਕਿ ਤਾਈਵਾਨ ਨੂੰ ਚੁੱਕਣਾ ਦੇ ਕੇ ਉਸ ਨੂੰ ਚੀਨ ਨਾਲ ਲੜਨ ਨੂੰ ਉਕਸਾਇਆ ਜਾਣ ਲੱਗਾ ਹੈ। ਅਸੀਂ ਚੀਨ ਦੇ ਹਾਕਮਾਂ ਦੀਆਂ ਨੀਤੀਆਂ ਦੇ ਵਿਰੋਧੀ ਵੀ ਹੋਈਏ ਤਾਂ ਇਹ ਗੱਲ ਸੰਘੋਂ ਹੇਠਾਂ ਨਹੀਂ ਉੱਤਰਦੀ ਕਿ ਤਾਈਵਾਨ ਅਚਾਨਕ ਉਸ ਅਮਰੀਕਾ ਦੇ ਹਾਕਮਾਂ ਨੂੰ ਪਿਆਰਾ ਲੱਗਣ ਲੱਗ ਪਿਆ ਹੈ, ਜਿਨ੍ਹਾਂ ਨੇ ਕਿਸੇ ਸਮੇਂ ਰੂਸ ਨਾਲ ਵਿਰੋਧ ਕਾਰਨ ਖੁਦ ਚੀਨ ਨਾਲ ਨੇੜ ਕੀਤਾ ਅਤੇ ਤਾਈਵਾਨ ਨੂੰ ਅਣਗੌਲਿਆ ਕਰ ਦਿੱਤਾ ਸੀ। ਰੂਸ ਵਿੱਚ ਕਮਿਊਨਿਸਟ ਹਕੂਮਤ ਖਤਮ ਹੁੰਦੇ ਸਾਰ ਅਮਰੀਕਾ ਨੂੰ ਚੀਨ ਦੀ ਲੋੜ ਨਾ ਰਹੀ ਅਤੇ ਉਸ ਪਿੱਛੋਂ ਉਹ ਚੀਨ ਦੇ ਜੜ੍ਹੀਂ ਤੇਲ ਦੇਣ ਲਈ ਫਿਰ ਤਾਈਵਾਨ ਦੇ ਹੇਜਲੇ ਹੋਣ ਦੀ ਦੁਹਾਈ ਦੇਣ ਲੱਗ ਪਏ ਸਨ।
ਅਸੀਂ ਫਿਰ ਗੱਲ ਕਹਿ ਸਕਦੇ ਹਾਂ ਕਿ ਅਸੀਂ ਚੀਨ ਦੇ ਹਮਾਇਤੀ ਨਹੀਂ, ਪਰ ਇਤਹਾਸ ਦੇ ਵਰਕੇ ਪੜ੍ਹਨ ਦੀ ਲੋੜ ਹੈ, ਉਨ੍ਹਾਂ ਨੂੰ ਪਾੜਨ ਦੀ ਲੋੜ ਨਹੀਂ। ਇਤਹਾਸ ਦੱਸਦਾ ਹੈ ਕਿ ਕਿਸੇ ਸਮੇਂ ਚੀਨ ਵਿੱਚੋਂ ਜਦੋਂ ਚਿਆਂਗ ਕਾਈ ਸ਼ੈਕ ਵਾਲੀ ਧਿਰ ਲੋਕਾਂ ਦੇ ਉਭਾਰ ਤੋਂ ਡਰ ਕੇ ਤਾਈਵਾਨ ਨੂੰ ਭੱਜ ਗਈ, ਸੰਸਾਰ ਦੀ ਪੰਚਾਇਤ ਯੂ ਐੱਨ ਓ ਵਿੱਚ ਅਮਰੀਕਾ ਤੇ ਉਸ ਦੇ ਸਾਥੀਆਂ ਦੀ ਹਮਾਇਤ ਕਾਰਨ ਓਦੋਂ ਵੀ ਤਾਈਵਾਨ ਨੂੰ ਅਸਲੀ ਚੀਨ ਮੰਨਿਆ ਜਾਂਦਾ ਸੀ, ਜਦ ਕਿ ਉਨ੍ਹਾਂ ਨਾਲੋਂ ਅਜੋਕੇ ਚੀਨ ਦੀ ਆਬਾਦੀ ਓਦੋਂ ਵੀ ਕਈ ਗੁਣੀ ਸੀ। ਫਿਰ ਜਦੋਂ ਆਪਣੀ ਲੋੜ ਲਈ ਅਮਰੀਕੀ ਧਿਰ ਤਾਈਵਾਨ ਨੂੰ ਖੂੰਜੇ ਸੁੱਟਣ ਤੇ ਬੀਜਿੰਗ ਰਾਜਧਾਨੀ ਵਾਲੇ ਚੀਨ ਨੂੰ ਯੂ ਐੱਨ ਓ ਦਾ ਵੀਟੋ ਤਾਕਤ ਵਾਲਾ ਦੇਸ਼ ਬਣਾਉਣ ਦੀ ਹਮਾਇਤ ਵਿੱਚ ਆ ਖੜੋਤੀ ਤਾਂ ਚੀਨ ਦੀ ਖੁਸ਼ੀ ਲਈ ਅਮਰੀਕੀ ਰਾਸ਼ਟਰਪਤੀ ਉਸੇ ਵਾਂਗ 'ਵੰਨ ਚਾਈਨਾ ਪਾਲਿਸੀ' ਦੀ ਹਮਾਇਤ ਕਰਦੇ ਰਹੇ ਸਨ ਤੇ ਚੀਨ ਵੀ ਉਨ੍ਹਾਂ ਦੀ ਯਾਰੀ ਵਿੱਚ ਬਾਕੀ ਸਾਰੇ ਕਮਿਊਨਿਸਟ ਬਲਾਕ ਦਾ ਵਿਰੋਧੀ ਬਣ ਤੁਰਿਆ ਸੀ। ਯੂ ਐੱਨ ਓ ਦੀ ਵੀਟੋ ਤਾਕਤ ਵਾਲੀ ਮੈਂਬਰੀ ਚੀਨ ਨੂੰ ਦੇਂਦੇ ਸਮੇਂ ਤਾਈਵਾਨ ਨੂੰ ਯੂ ਐੱਨ ਦੀ ਮੈਂਬਰੀ ਤੋਂ ਕੱਢਣ ਵੇਲੇ ਉਸ ਨੂੰ ਯੂ ਐੱਨ ਦੀਆਂ ਸਾਰੀਆਂ ਜਥੇਬੰਦੀਆਂ ਤੋਂ ਵੀ ਕੱਢਿਆ ਗਿਆ ਸੀ। ਇਹੀ ਨਹੀਂ, ਉਸ ਵੇਲੇ ਯੂ ਐੱਨ ਓ ਦੇ ਸੈਕਟਰੀ ਜਨਰਲ ਊ ਥਾਂਟ ਨੇ ਇਸ ਬਾਰੇ ਮਤਾ ਪਾਸ ਹੋਣ ਦਾ ਐਲਾਨ ਕਰਨ ਦੇ ਭਾਸ਼ਣ ਵਿੱਚ ਕਿਹਾ ਸੀ ਕਿ ਅੱਜ ਤੋਂ ਤਾਈਵਾਨ ਨਾਂਅ ਦਾ ਕੋਈ ਵੱਖਰਾ ਦੇਸ਼ ਨਹੀਂ ਗਿਣਿਆ ਜਾਵੇਗਾ ਅਤੇ ਇਸ ਨੂੰ ਚੀਨ ਦਾ ਇੱਕ ਸੂਬਾ ਮੰਨਿਆ ਜਾਵੇਗਾ। ਇਸ ਤੋਂ ਸਾਫ ਹੈ ਕਿ ਅਸਲੀ ਚੀਨ ਦੋਵਾਂ ਵਿੱਚ ਕਿਸ ਨੂੰ ਮੰਨਣਾ ਹੈ, ਇਹ ਫੈਸਲਾ ਅੱਜ ਤੋਂ ਇਕਵੰਜਾ ਸਾਲ ਪਹਿਲਾਂ ਹੋ ਗਿਆ ਸੀ ਤੇ ਤਾਈਵਾਨ ਨੂੰ ਅੱਜ ਜੇ ਕੋਈ ਅਸਲੀ ਜਾਂ ਆਜ਼ਾਦ ਚੀਨ ਦੇਸ਼ ਮੰਨਣ ਦਾ ਨਾਟਕ ਕਰਦਾ ਹੈ ਤਾਂ ਉਹ ਸੰਸਾਰ ਦੀ ਸੱਥ ਯੂ ਐੱਨ ਓ ਦੇ ਉਸ ਵਕਤ ਦੇ ਮਤੇ ਦੀ ਉਲੰਘਣਾ ਕਰ ਕੇ ਸੰਸਾਰ ਦਾ ਮਾਹੌਲ ਵਿਗਾੜਨ ਦੇ ਰਾਹ ਪੈ ਗਿਆ ਹੈ। ਅਮਰੀਕਾ ਅਤੇ ਉਸ ਦੇ ਨਾਟੋ ਧੜੇ ਵਾਲੇ ਸਾਥੀ ਦੇਸ਼ਾਂ ਨੂੰ ਇਸ ਰਾਹ ਤੋਂ ਪਿੱਛੇ ਹਟਣਾ ਅਤੇ ਸੰਸਾਰ ਵਿੱਚ ਠੰਢ ਰੱਖਣੀ ਚਾਹੀਦੀ ਹੈ।
ਇਸ ਦਾ ਮਤਲਬ ਇਹ ਨਹੀਂ ਕਿ ਚੀਨ ਜੋ ਵੀ ਕਰੀ ਜਾਵੇ, ਉਸ ਵੱਲੋਂ ਸੰਸਾਰ ਦੇ ਦੇਸ਼ ਅੱਖਾਂ ਮੀਟ ਲੈਣ, ਉਸ ਦੇ ਹਰ ਗਲਤ ਕਦਮ ਦਾ ਵਿਰੋਧ ਕੀਤਾ ਜਾ ਸਕਦਾ ਹੈ, ਪਰ ਖਿਆਲ ਰੱਖਣ ਵਾਲੀ ਗੱਲ ਹੈ ਕਿ ਅੱਜ ਦਾ ਸੰਸਾਰ ਹਿਟਲਰ ਦੇ ਸਮੇਂ ਲੱਗੀ ਸੰਸਾਰ ਜੰਗ ਦੇ ਵਕਤ ਵਾਲਾ ਨਹੀਂ। ਉਸ ਜੰਗ ਦੇ ਮੁੱਕਣ ਤੱਕ ਸਿਰਫ ਅਮਰੀਕਾ ਕੋਲ ਐਟਮ ਬੰਬ ਹੋਣ ਦੀ ਝਲਕ ਹੀਰੋਸ਼ੀਮਾ ਤੇ ਨਾਗਾਸਾਕੀ ਦੀ ਤਬਾਹੀ ਨਾਲ ਮਿਲੀ ਸੀ। ਅੱਜ ਸਥਿਤੀ ਬਦਲ ਚੁੱਕੀ ਹੈ। ਸਾਡੇ ਭਾਰਤੀ ਲੋਕਾਂ ਵਿੱਚ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਬਿਹਾਰ ਤੇ ਉਸ ਦੇ ਨਾਲ ਜੁੜਦੇ ਕੁਝ ਰਾਜਾਂ ਵਿੱਚ ਬੰਬ ਰੇੜ੍ਹੀਆਂ ਉੱਤੇ ਰੱਖੇ ਕੱਦੂਆਂ ਵਾਂਗ ਵਿਕਦੇ ਫਿਰਦੇ ਹਨ। ਅੱਜ ਦੇ ਸੰਸਾਰ ਵਿੱਚ ਐਟਮ ਬੰਬ ਛੋਟੇ-ਛੋਟੇ ਦੇਸ਼ਾਂ ਕੋਲ ਪਹੁੰਚਣ ਦੇ ਬਾਅਦ ਉਹ ਆਪਣੀ ਔਕਾਤ ਵੇਖੇ ਬਿਨਾਂ ਲਲਕਾਰੇ ਮਾਰਦੇ ਫਿਰਦੇ ਹਨ। ਪਾਕਿਸਤਾਨ ਵਰਗਾ ਦੇਸ, ਜਿਸ ਦੀ ਸਰਕਾਰ ਕੋਲ ਆਪਣੇ ਰੋਜ਼ ਦੇ ਕੰਮ ਚਲਾਉਣ ਨੂੰ ਚਾਰ ਪੈਸਿਆਂ ਦਾ ਜੁਗਾੜ ਨਹੀਂ ਤੇ ਜਿਸ ਦੇ ਹਾਕਮ ਠੂਠਾ ਫੜ ਕੇ ਸੰਸਾਰ ਦੇ ਦੇਸ਼ਾਂ ਤੋਂ ਚੰਦ ਡਾਲਰਾਂ ਦੀ ਖੈਰਾਤ ਮੰਗਣ ਚੜ੍ਹੇ ਰਹਿੰਦੇ ਹਨ, ਉਹ ਵੀ ਗਵਾਂਢੀ ਦੇਸ਼ਾਂ ਨੂੰ ਹਰ ਮੌਕੇ ਦਬਕੇ ਮਾਰਦਾ ਹੈ ਕਿ ਉਸ ਕੋਲ ਐਟਮ ਬੰਬ ਹੈ। ਉਸ ਦੇ ਇੱਕ ਕੈਬਨਿਟ ਮੰਤਰੀ ਨੇ ਦੋ ਸਾਲ ਪਹਿਲਾਂ ਇਹ ਵੀ ਕਿਹਾ ਸੀ ਕਿ ਪਾਕਿਸਤਾਨ ਕੋਲ ਪਾਈਆ-ਪਾਈਆ ਦੇ ਐਟਮ ਬੰਬ ਹਨ, ਜਿਹੜੇ ਭਾਰਤ ਵਿਰੁੱਧ ਵਰਤੇ ਜਾ ਸਕਦੇ ਹਨ। ਅਮਰੀਕਾ ਅਤੇ ਉਸ ਦੇ ਸਾਥੀ ਦੇਸ਼ਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਦੋਂ ਪਾਈਆ-ਪਾਈਆ ਦੇ ਐਟਮ ਬੰਬਾਂ ਦੀਆਂ ਛੁਰਲੀਆਂ ਛੱਡਣ ਵਾਲੇ ਦੇਸ਼ ਵੀ ਆਪਣੇ ਆਪ ਨੂੰ ਰਾਣੀ ਖਾਂ ਦੇ ਰਿਸ਼ਤੇਦਾਰ ਸਮਝਦੇ ਹਨ ਤਾਂ ਅੱਜ ਦੇ ਯੁੱਗ ਵਿੱਚ ਜੰਗਾਂ ਵਾਲਾ ਸ਼ੌਕ ਕਿਸੇ ਦਿਨ ਸੰਸਾਰ ਦੀ ਸਮੁੱਚੀ ਮਨੁੱਖਤਾ ਦੇ ਘਾਣ ਦਾ ਕਾਰਨ ਵੀ ਬਣ ਸਕਦਾ ਹੈ। ਹੀਰੋਸ਼ੀਮਾ ਜਾਂ ਦੂਸਰੇ ਤਬਾਹ ਹੋਏ ਸ਼ਹਿਰ ਨਾਗਾਸਾਕੀ ਦੇ ਲੋਕਾਂ ਨੂੰ ਪੁੱਛ ਲੈਣਾ ਚਾਹੀਦਾ ਹੈ ਕਿ ਐਟਮੀ ਬੰਬਾਂ ਦੀ ਮਾਰ ਦਾ ਕੀ ਅਰਥ ਹੁੰਦਾ ਹੈ ਅਤੇ ਜੇ ਅੱਜ ਦੇ ਯੁੱਗ ਵਿੱਚ ਇਹੋ ਜਿਹੀ ਜੰਗ ਛਿੜ ਗਈ ਤਾਂ ਭੱਜਦਿਆਂ ਨੂੰ ਵਾਹਣ ਸਾਰਿਆਂ ਨੂੰ ਇੱਕੋ ਜਿਹਾ ਹੋ ਸਕਦਾ ਹੈ। ਭਵਿੱਖ ਦੀ ਚਿੰਤਾ ਕਰਨੀ ਚਾਹੀਦੀ ਹੈ।