ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
08 ਅਗਸਤ 2022
ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਲਈ ਇਕੱਠੇ ਹੋਏ ਟਕਸਾਲੀ ਅਕਾਲੀ- ਇਕ ਖ਼ਬਰ
ਤੇਰੀ ਤੋੜ ਕੇ ਛੱਡਣਗੇ ਗਾਨੀ, ਨੀਂ ਸੋਨੇ ਦੇ ਤਵੀਤ ਵਾਲ਼ੀਏ।
ਤੇਜਸਵੀ ਨਾਲ਼ ਨਿਤੀਸ਼ ਕੁਮਾਰ ਦੀਆਂ ਨਜ਼ਦੀਕੀਆਂ ਤੋਂ ਭਾਜਪਾ ਖ਼ਫ਼ਾ- ਇਕ ਖ਼ਬਰ
ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।
ਪੇਲੋਸੀ ਦਾ ਤਾਇਵਾਨ ਦੌਰਾ ਖੇਤਰੀ ਸ਼ਾਂਤੀ ਲਈ ਖ਼ਤਰਨਾਕ- ਪਾਕਿਸਤਾਨ
ਅੱਖ ਮੇਰੇ ਯਾਰ ਦੀ ਦੁਖੇ, ਲਾਲੀ ਮੇਰੀਆਂ ਅੱਖਾਂ ਵਿਚ ਰੜਕੇ।
ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ‘ਤੇ ਜੀ.ਐਸ.ਟੀ. ਲਗਾਉਣਾ ਪਾਪ ਕਮਾਉਣ ਬਰਾਬਰ- ਸੁਖਬੀਰ ਬਾਦਲ
ਸ਼੍ਰੋਮਣੀ ਕਮੇਟੀ ਚੂੰਡ ਚੂੰਡ ਖਾਣੀ ਕਿਹੜੇ ਪੁੰਨ ‘ਚ ਆਉਂਦੀ ਐ ਬਈ?
ਭਗਵੰਤ ਮਾਨ ਵਲੋਂ ਵਿਧਾਇਕਾਂ ਨੂੰ ਲੋਕਾਂ ਨਾਲ ਸੰਜਮ ਰੱਖ ਕੇ ਪੇਸ਼ ਆਉਣ ਦੀ ਨਸੀਹਤ- ਇਕ ਖ਼ਬਰ
ਢੋਲਣੇ ਨੇ ਵਰਜ ਦਿਤੀ, ਸੰਗ ਛੁੱਟਿਆ ਸਹੇਲੀਏ ਤੇਰਾ।
ਪੰਜਾਬ ‘ਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਦਿੱਲੀ ਕਮੇਟੀ ਨੇ ਅੰਮ੍ਰਿਤਸਰ ਵਿਚ ਦਫ਼ਤਰ ਖੋਲ੍ਹਿਆ- ਇਕ ਖ਼ਬਰ
ਬਹਿ ਕੇ ਟੇਸ਼ਣ ‘ਤੇ, ਵੈਣ ਬੁੱਢੇ ਦੇ ਪਾਵਾਂ।
ਮੋਦੀ ਤੋਂ ਨਾ ਡਰਦਾ ਹਾਂ ਤੇ ਨਾ ਮੈਨੂੰ ਡਰਾਇਆ ਜਾ ਸਕਦੈ- ਰਾਹੁਲ ਗਾਂਧੀ
ਛੜਿਆ ਦੋਜ਼ਖੀਆ, ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ।
ਉਪਾਸਨਾ ਸਿੰਘ ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਖ਼ਿਲਾਫ਼ ਪਹੁੰਚੀ ਅਦਾਲਤ- ਇਕ ਖ਼ਬਰ
ਭੂਆ ਭਤੀਜੀ ਲੜੀਆਂ, ਵਿਚ ਕਚਹਿਰੀ ਦੇ।
ਪੰਚਾਇਤੀ ਜ਼ਮੀਨ ਦੱਬਣ ਵਾਲ਼ੇ ਬਖ਼ਸ਼ੇ ਨਹੀਂ ਜਾਣਗੇ, ਭਾਵੇਂ ਕੋਈ ਵੀ ਹੋਵੇ- ਮੰਤਰੀ ਡਾ. ਨਿੱਜਰ
ਅੱਗੇ ਭੀੜੀਆਂ ਸੁਣੀਂਦੀਆਂ ਗਲ਼ੀਆਂ, ਜਿੱਥੋਂ ਦੀ ਜਮ ਲੈ ਜਾਣਗੇ।
ਪ੍ਰਧਾਨ ਮੰਤਰੀ ਦੇ ਭਰਾ ਪ੍ਰਹਿਲਾਦ ਮੋਦੀ ਨੇ ਜੰਤਰ ਮੰਤਰ ‘ਤੇ ਧਰਨਾ ਦਿਤਾ- ਇਕ ਖ਼ਬਰ
ਹੱਥ ਪਕੜ ਜੁੱਤੀ ਮੋਢੇ ਮਾਰ ਬੁੱਕਲ਼, ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜੇਹਾ।
ਚੀਨ ਦੀ ਚਿਤਾਵਨੀ ਦੇ ਬਾਵਜੂਦ ਨੈਂਸੀ ਪੇਲੋਸੀ ਪੁੱਜੀ ਤਾਇਵਾਨ- ਇਕ ਖ਼ਬਰ
ਚੰਨ ਬਣ ਗਿਆਂ ਠਾਣੇਦਾਰ, ਹੁਣ ਮੈਂ ਨਹੀਂ ਡਰਦੀ।
ਸਰਾਵਾਂ ‘ਤੇ ਜੀ.ਐਸ.ਟੀ. ਲਗਾ ਕੇ ਸਰਕਾਰ ਨੇ ਜਜ਼ੀਏ ਦੀ ਮੁੜ ਯਾਦ ਤਾਜ਼ਾ ਕਰਵਾ ਦਿਤੀ- ਜੀ.ਕੇ.
ਸਾਡੇ ਨਰਮ ਕਾਲਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।
ਭਗਵੰਤ ਮਾਨ ਲਈ ਚੁਣੌਤੀਆਂ ਤੇ ਵਿਵਾਦਾਂ ਦੀ ਭਰਮਾਰ- ਇਕ ਖ਼ਬਰ
ਕਾਬਲ ਦਿਆਂ ਜੰਮਿਆਂ ਨੂੰ, ਨਿੱਤ ਪੈਣ ਮੁਹਿੰਮਾਂ ਭਾਰੀਆਂ।
ਦੇਸ਼ ਦੀਆਂ ਜਾਂਚ ਏਜੰਸੀਆਂ ਲਈ ਵੀ ਕੋਈ ਲਛਮਣ ਰੇਖਾ ਹੋਣੀ ਚਾਹੀਦੀ ਹੈ- ਲਕਸ਼ਮੀ ਕਾਂਤਾ ਚਾਵਲਾ
ਵਿਹੜੇ ਵੜਦਾ ਖੜਕ ਨਹੀਂ ਕਰਦਾ, ਬਾਬੇ ਗਲ਼ ਟੱਲ ਪਾ ਦਿਉ।
ਬੱਚੇ ਨੇ ਬੈਂਕ ‘ਚੋਂ 35 ਲੱਖ ਰੁਪਇਆਂ ਨਾਲ਼ ਭਰਿਆ ਬੈਗ ਚੁੱਕਿਆ ਤੇ ਹੋ ਗਿਆ ਫੁਰਰ- ਇਕ ਖ਼ਬਰ
ਰੱਬ ਨੇ ਦਿਤੀਆਂ ਗਾਜਰਾਂ, ਵਿਚੇ ਰੰਬਾ ਰੱਖ।
ਮੇਰੀ ਜਾਣਕਾਰੀ ਬਿਨਾਂ ਮੇਰੇ ਫ਼ਲੈਟਾਂ ‘ਚ ਰੱਖਿਆ ਗਿਆ ਪੈਸਾ- ਅਰਪਿਤਾ ਮੁਖਰਜੀ
ਚੋਟਾਂ ਇਸ਼ਕ ਦੀਆਂ, ਨਰਮ ਕਾਲ਼ਜੇ ਸਹਿੰਦੀ।