ਮੈਂ ਹਾਂ ਤਰੀਮਤ - ਰਵਿੰਦਰ ਸਿੰਘ ਕੁੰਦਰਾ
ਮੈਂ ਹਾਂ ਤਰੀਮਤ ਮੇਰੀ ਕੀਮਤ, ਕੋਈ ਐਵੇਂ ਕਿਵੇਂ ਪਾ ਸਕਦਾ ਹੈ।
ਮੇਰਾ ਨਗ਼ਮਾ ਮੇਰੇ ਸਾਜ਼ 'ਤੇ, ਕੋਈ ਐਵੇਂ ਕਿਵੇਂ ਗਾ ਸਕਦਾ ਹੈ ?
ਮੇਰੀ ਤਰਜ਼ ਹੈ ਤਰਜ਼ੇ ਜ਼ਿੰਦਗੀ, ਅੱਖਰ ਮੇਰੇ ਬੰਦ ਵੀ ਮੇਰੇ,
ਕੋਈ ਕਿਵੇਂ ਬੰਦਿਸ਼ ਵਿੱਚ ਬੰਨ੍ਹ ਕੇ, ਮਰਜ਼ੀ ਦੀਆਂ ਹੇਕਾਂ ਲਾ ਸਕਦਾ ਹੈ?
ਮੈਨੂੰ ਹੱਕ ਹੈ ਪਿਆਰ ਕਰਨ ਦਾ, ਮਮਤਾ ਦੇ ਗੀਗੜੇ ਗਾਵਣ ਦਾ,
ਕੋਈ ਆਪਣੀ ਧੌਂਸ 'ਤੇ ਮੈਥੋਂ, ਕੀਰਨੇ ਕਿਵੇਂ ਪਵਾ ਸਕਦਾ ਹੈ?
ਖੋਖਲੇ ਰਿਸ਼ਤੇ, ਫੋਕੇ ਵਾਅਦੇ, ਮੇਰੀ ਨਜ਼ਰ ਵਿੱਚ ਕੌਡੀਉਂ ਖੋਟੇ,
ਕੋਈ ਇਨ੍ਹਾਂ ਦਾ ਜਾਲ ਵਿਛਾ ਕੇ, ਮੈਨੂੰ ਕਿਵੇਂ ਫਸਾ ਸਕਦਾ ਹੈ?
ਕੋਠੀਆਂ, ਕੋਠਿਆਂ ਦੇ ਅਹਾਤੇ, ਵਸਦੇ ਰਸਦੇ ਮੇਰੇ ਸਦਕੇ,
ਪਰ ਕੋਈ ਮੇਰੀ ਮਰਜ਼ੀ ਬਾਝੋਂ, ਠੁਮਕਾ ਕਿਵੇਂ ਲਵਾ ਸਕਦਾ ਹੈ?
ਸਮਾਜੀ ਰਸਮੀ ਰਿਵਾਜੀ ਤੰਦਾਂ, ਹੱਥਕੜੀਆਂ, ਜ਼ੰਜੀਰਾਂ, ਲੜੀਆਂ,
ਮੇਰੀ ਉਮਰ ਦੇ ਗਹਿਣੇ ਕਹਿ ਕੇ, ਮੈਨੂੰ ਕਿਵੇਂ ਪਵਾ ਸਕਦਾ ਹੈ?
ਰੁੱਖ ਦੀ ਛਾਇਆ, ਰੁੱਖ ਦੀ ਕਾਇਆ, ਜੜ੍ਹ ਹੈ ਸਾਰੀ ਮੇਰੀ ਕੁੱਖ ਦੀ,
ਕੋਈ ਇੱਕ ਦੂਜੇ ਤੋਂ ਵੱਖ ਕਰਕੇ, ਮੈਨੂੰ ਕਿਵੇਂ ਦਿਖਾ ਸਕਦਾ ਹੈ?
ਮੇਰੀਆਂ ਸੋਚਾਂ ਛੋਹਣ ਆਕਾਸ਼ੀਂ, ਮੇਰੇ ਜਾਏ ਪਤਾਲ ਦੇ ਵਾਸੀ,
ਕਾਇਨਾਤ ਨੂੰ ਮੈਥੋਂ ਖੋਹ ਕੇ, ਕੋਈ ਕਿੱਥੇ ਲਿਜਾ ਸਕਦਾ ਹੈ?