ਪਿਆਰੇਆਣੇ ਦਾ ਸਾਉਣ ( ਸਵੈ ਜੀਵਨੀ ਵਿੱਚੋਂ  ) - ਤਰਸੇਮ ਬਸ਼ਰ

ਬਰਸਾਤ ਦੇ ਇਨ੍ਹਾਂ ਦਿਨਾਂ ਵਿੱਚ ਅਜਬ ਕਰਿਸ਼ਮੇ ਹੁੰਦੇ  i  ਪਿੰਡ ਦੇ ਨਾਲ ਦੀ ਲੰਘਦੇ ਸੇਮ ਨਾਲੇ ਵਿਚ ਪਾਣੀ ਆ ਜਾਂਦਾ ਸੀ  , ਉਸ ਦਾ ਵੇਗ ਵੀ ਕਾਫ਼ੀ ਤੇਜ਼ ਹੁੰਦਾ  ਨਹੀਂ ਤਾਂ ਆਮ ਦਿਨਾਂ ਵਿੱਚ ਇੱਥੇ ਨਾਮਾਤਰ ਪਾਣੀ ਹੀ ਹੁੰਦੈ  i ਸਾਲ ਮੈਨੂੰ ਠੀਕ ਠੀਕ ਯਾਦ ਨਹੀਂ  ਪਰ ਇੱਕ ਵਾਰੀ ਦੋ ਤਿੰਨ ਦਿਨ ਬਹੁਤ ਮੀਂਹ ਪਿਆ  i  ਇਨ੍ਹਾਂ ਕਿ ਸਾਡੇ ਬੱਚਿਆਂ ਦਾ ਖੇਡਣਾ ਵੀ ਬੰਦ ਹੋ ਗਿਆ ਤੇ ਮਿਲਣਾ ਜੁਲਣਾ ਵੀ  i ਬਾਹਰ ਚੌਕ ਵਿੱਚ ਜਿਸ ਨੂੰ ਸੀ ਸੱਥ ਨਹੀਂ ਸੀ ਕਹਿੰਦੇ , ਚੌਂਕ ਹੀ ਕਹਿੰਦੇ ਸਾਂ ਵਿੱਚ ਇਕੱਠ ਦੀ ਆਵਾਜ਼ ਆਈ  i ਇਨ੍ਹਾਂ ਵਿੱਚੋਂ ਕਈ ਆਵਾਜ਼ਾਂ ਉੱਚੀਆਂ ਸਨ ਕਈ ਘਬਰਾਈਆਂ ਹੋਈਆਂ  l
ਇਹ ਆਥਣ ਦਾ ਵੇਲਾ ਸੀ  i  ਫਿਰ ਮਾਂ ਨੇ ਦੱਸਿਆ ਕਿ ਪਿੰਡ ਦੇ ਲੋਕ ਸੇਮ ਨਾਲੇ ਤੇ ਜਾ ਰਹੇ ਨੇ ਕਿਉਂਕਿ ਸੇਮ ਨਾਲੇ ਵਿੱਚ ਇੱਕ ਵੱਡੀ ਕਿੱਕਰ ਡਿੱਗ ਪਈ ਹੈ  i  ਜਿਸ ਕਰਕੇ ਸੇਮ ਨਾਲੇ ਦੇ ਟੁੱਟਣ ਦਾ ਡਰ ਹੈ  i ਉਸ ਦ੍ਰਿਸ਼ ਦੀ ਸਿਰਫ਼ ਕਲਪਨਾ ਹੀ ਕੀਤੀ ਜਾ ਸਕਦੀ ਹੈ ਜਿਸ ਦਾ ਜ਼ਿਕਰ ਕਰਨ ਜਾ ਰਿਹਾ  ਹਾਂ  i  ਪਿੰਡ ਵਾਲੇ ਉਸ ਥਾਂ ਤੇ ਇਕੱਠੇ ਹੋ ਗਏ ਸਨ ਜਿੱਥੇ ਕਿੱਕਰ ਡਿੱਗੀ ਹੋਈ ਸੀ  i  ਮੈਂ ਤੇ ਮੇਰਾ ਵੱਡਾ ਭਰਾ ਇਸ ਸਭ ਨੂੰ  ਨੂੰ ਇਸ ਤਰ੍ਹਾਂ ਦੇਖ ਰਹੇ ਸਾਂ ਜਿਵੇਂ ਕੋਈ ਫ਼ਿਲਮ ਚੱਲ ਰਹੀ ਹੋਵੇ  i
       ਮੀਂਹ ਫਿਰ ਸ਼ੁਰੂ ਹੋ ਗਿਆ ਸੀ  i ਅਸੀਂ ਸੇਮ ਨਾਲੇ ਵਿਚ ਏਨਾ ਪਾਣੀ ਕਦੇ ਨਹੀਂ ਸੀ ਦੇਖਿਆ.... ਇਸ ਦਾ ਰੰਗ ਵੀ ਭੂਰਾ ਸੀ ਜਿਸ ਵਿਚ ਹਰੇ ਰੰਗ ਦੇ ਬੂਟੇ ਵੀ ਤਰ ਕੇ ਆ ਰਹੇ ਸਨ l ਪਹਿਲਾਂ ਟਰੈਕਟਰ ਨਾਲ ਰੱਸਾ ਪਾ ਕੇ ਕਿੱਕਰ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਅਸਫਲ ਰਹੀ  l ਸਮੱਸਿਆ ਦਰਅਸਲ ਵੱਡੀ ਸੀ   ਕਿੱਕਰ ਨੂੰ ਹਟਾਉਣਾ ਜ਼ਰੂਰੀ ਸੀ ਨਹੀਂ ਤਾਂ ਰਾਤ ਭਰ ਵਿਚ ਸੇਮ ਨਾਲਾ ਟੁੱਟ ਸਕਦਾ ਸੀ  l ਉੱਤੋਂ ਹਨੇਰਾ ਪੈਣ ਵਾਲਾ ਸੀ  l  
    ਪਿੰਡ ਦੇ ਨੌਜਵਾਨ ਮੁੰਡਿਆਂ ਵਿੱਚ ਉਤਸ਼ਾਹ ਦੇਖਣ ਵਾਲਾ ਸੀ  i ਉਨ੍ਹਾਂ ਨੂੰ ਸ਼ਾਇਦ ਦਲੇਰੀ ਦਿਖਾਉਣ ਦਾ ਮੌਕਾ ਮਿਲਿਆ ਸੀ  i ਉਨ੍ਹਾਂ ਦੇ ਉਨ੍ਹਾਂ ਆਪਣਿਆਂ ਅੱਗੇ ਜਿਹੜੇ ਉਨ੍ਹਾਂ ਨੂੰ ਨਖਿੱਧ ਦੱਸਦੇ ਰਹੇ ਹਨ  l
                   ਵਰ੍ਹਦੇ ਮੀਂਹ ਵਿਚ ਹੀ ਫੈਸਲਾ ਦਿੱਤਾ ਗਿਆ ਕਿ ਕਿੱਕਰ ਨੂੰ ਵੱਢਿਆ ਜਾਣਾ ਜ਼ਰੂਰੀ ਹੈ  l  ਇਹ ਸੌਖਾ ਕੰਮ ਨਹੀਂ ਸੀ  l  ਕਿੱਕਰ ਪਾਣੀ ਵਿਚ ਪਈ ਹੋਈ ਸੀ ਤੇ ਪਾਣੀ ਬੜੀ ਤੇਜ਼ੀ ਨਾਲ ਅੱਗੇ ਨਿਕਲ ਰਿਹਾ ਸੀ ਕੁਝ ਵੀ ਹੋ ਸਕਦਾ ਸੀ  l  ਪਰ ਅਸੀਂ ਮਾਂ ਦੇ ਡਰਦਿਆਂ ਘਰੇ ਆ ਗਏ i ਮਾਂ ਨੂੰ ਉੱਥੋਂ ਦੇ ਪੂਰੇ ਹਾਲਾਤ ਸਮਝਾਏ ਤਾਂ ਉਸ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਆ ਗਈ ਸਨ l
            ਮਾਂ  ਉਸ ਸਮੇਂ ਮਸਾਲਾ ਕੁੱਟ ਰਹੀ ਸੀ ਰੋਟੀ ਦੀ ਤਿਆਰੀ ਲਈ  i  ਉਦੋਂ ਇਹ ਪੀਸੇ ਹੋਏ ਮਸਾਲੇ ਨਹੀਂ ਸਨ ਹੁੰਦੇ  i  ਉਦੋਂ ਮਸਾਲਾ ਕੂੰਡਿਆਂ ਵਿਚ ਹੀ ਕੁੱਟਿਆ ਜਾਂਦਾ ਸੀ  i ਮੈਨੂੰ ਯਾਦ ਹੈ ਮੈਂ  ਅਨੇਕਾਂ ਵਾਰੀ ਉਸੇ ਮਸਾਲੇ ਨਾਲ ਰੋਟੀ ਖਾ ਕੇ ਖ਼ੁਸ਼ ਹੁੰਦਾ  i ਮਾਂ ਨੇ  ਛੇਤੀ ਛੇਤੀ ਰੋਟੀ ਬਣਾਈ ਸਾਨੂੰ ਦੋਹਾ  ਭਰਾਵਾਂ ਨੂੰ ਖੁਆ ਕੇ ਉਸ ਉਸ ਨੇ ਸਟੋਵ  ਸਾਂਭ ਕੇ ਟਾਂਡ ਤੇ ਰੱਖ ਦਿੱਤਾ  ਜੋ  ਮੇਰੇ ਮਾਮੇ ਨੇ ਕੁਝ ਦਿਨ ਪਹਿਲਾਂ ਹੀ  ਲਿਆ ਕੇ ਦਿੱਤਾ ਸੀ  l  
ਬੱਤੀਆਂ ਵਾਲਾ ਸਟੋਵ  i
  ਉਨ੍ਹਾਂ ਸਾਲਾਂ ਵਿੱਚ ਸਾਡੇ ਘਰ ਵਿਚ ਸਭ ਤੋਂ ਵੱਡੀ ਚੀਜ਼ ਸ਼ਾਇਦ ਇਹ  ਸਟੋਵ ਹੀ ਆਈ ਸੀ  l  
                ਰਾਤ ਹੋਣ ਤਕ ਜਿਵੇਂ ਸਾਡੇ ਮਨਾਂ ਵਿਚੋਂ ਮੀਂਹ ਦਾ ਚਾਅ ਲੈ ਗਿਆ ਸੀ  l  ਉਸ ਦਾ ਆਪਣਾ ਕਾਰਨ ਸੀ  l  ਸਾਡੇ ਉਸ ਕੋਠੇ ਵਿਚੋਂ ਵੀ ਪਿੱਛੋਂ ਪਾਣੀ  ਡਿੱਗਣ ਲੱਗ ਪਿਆ ਸੀ ਜਿਸ ਵਿਚ ਅਸੀਂ ਰਹਿੰਦੇ ਸੀ  l  ਉਸ ਦਿਨ ਅਸੀਂ ਦੋਵੇਂ ਭਰਾਵਾਂ ਨੇ ਮਾਂ ਨਾਲ ਲੱਗ ਕੇ ਸੌਣ ਦੀ ਕੋਸ਼ਿਸ਼ ਕੀਤੀ  l  ਮੈਨੂੰ ਵੀ  ਸੇਮ ਨਾਲੇ ਵਿੱਚ ਹੜ੍ਹ ਆਉਣ ਦਾ ਖਤਰਾ ਭੁੱਲ ਗਿਆ ਸੀ.. ਮੈਨੂੰ ਕਮਰੇ ਵਿੱਚ ਤਿਪ ਤਿਪ ਡਿਗਦੇ ਪਾਣੀ ਤੋਂ ਡਰ ਲੱਗ ਰਿਹਾ ਸੀ  l
੦ ਖੈਰ ...ਸਵੇਰੇ ਜਾਗੇ ਤਾਂ ਕਰੜੀ ਧੁੱਪ ਨਿਕਲੀ ਹੋਈ ਸੀ  l  ਪਤਾ ਲੱਗਿਆ ਰਾਤ ਕਿੱਕਰ ਨੂੰ ਵੱਢ ਕੇ ਟਰੈਕਟਰ ਨਾਲ ਖਿੱਚ ਕੇ ਪਾਸੇ ਕਰ ਦਿੱਤਾ ਗਿਆ ਸੀ  l  ਮੈਂ ਉਦੋਂ ਹੀ ਉਨ੍ਹਾਂ ਮੁੰਡਿਆਂ ਬਾਰੇ ਸੋਚਿਆ ਜੋ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਸਨ  l  ਉਨ੍ਹਾਂ ਨੇ ਵੱਡਾ ਕੰਮ ਕੀਤਾ ਸੀ ਮੈਂ ਛੋਟਾ ਹੋਣ ਦੇ ਬਾਵਜੂਦ ਉਨ੍ਹਾਂ ਦੇ ਚਿਹਰੇ ਦੀ ਚਮਕ ਨੂੰ ਦੇਖਣਾ ਚਾਹੁੰਦਾ ਸੀ  ਤੇ ਇਹ ਵੀ ਦੇਖਣਾ ਚਾਹੁੰਦਾ ਸੀ ਕਿ ਉਨ੍ਹਾਂ ਦੇ ਮਾਂ ਪਿਓ ਉਨ੍ਹਾਂ ਨੂੰ ਉਸੇ ਤਰ੍ਹਾਂ ਦੇਖਦੇ ਹਨ ਜਾਂ ਕੋਈ ਫ਼ਰਕ ਪਿਆ ਹੋਵੇਗਾ  i
                      ਮਾਂ ਛੱਤ ਤੇ ਪੋਚਾ ਫੇਰਨ ਵਿੱਚ ਰੁੱਝੀ ਹੋਈ ਸੀ ਤੇ ਮੈਂ ਸੇਮ ਨਾਲੇ ਤੇ ਇਕੱਠੇ ਹੋਏ ਬੰਦਿਆਂ ਨੂੰ ਵੇਖਣ ਤੁਰ ਪਿਆ ਸੀ  l ਮੈਨੂੰ ਅਹਿਸਾਸ ਸੀ ਕਿ ਮਾਂ ਨੂੰ ਚਿੰਤਾ ਹੈ ਕਿ ਮੀਂਹ ਫਿਰ ਆਵੇਗਾ  ....ਉਨ੍ਹਾਂ ਦਿਨਾਂ ਵਿੱਚ ਅੱਜ ਦੀ ਤਰ੍ਹਾਂ ਮੀਂਹ ਨਹੀਂ ਸਨ ਆਉਂਦੇ ਕਦੇ ਕਦਾਈਂ ਮਾੜਾ ਮੋਟਾ   ...ਉਦੋਂ ਝੜੀ ਵੀ ਲੱਗਦੀ ਸੀ ਕਈ ਕਈ ਦਿਨ ਮੀਂਹ ਪੈਂਦਾ ਰਹਿੰਦਾ  l
                 ਇਨ੍ਹਾਂ ਭਿੱਜੇ ਹੋਏ ਜਿਨ੍ਹਾਂ ਵਿਚ ਇਕ ਕਰਿਸ਼ਮਾ ਹੋਰ ਵੀ ਹੁੰਦਾ ਸੀ  l  ਉਹ ਸੀ ਕੁਕ ਕੁਕ ਦੀ ਲਗਾਤਾਰ ਆਵਾਜ਼  ਤੇ ਝੁੱਗੀਆਂ ਵਿੱਚ ਮੱਖਣ ਬੌਰੀਏ ਦੇ ਘਰੇ ਚੱਲਦੇ ਸਪੀਕਰ ਵਿੱਚ ਨਾਗਿਨ  ਫਿਲਮ ਦੇ ਗਾਣੇ ਸਾਡੇ ਘਰਾਂ ਤਕ ਪਹੁੰਚਣ ਲੱਗ ਪੈਂਦੇ ਸਨ  l  ਆਮ ਦਿਨਾਂ ਵਿਚ ਇਹ ਦੋਹੇਂ ਹੀ ਆਵਾਜ਼ਾਂ ਨਹੀਂ ਸਨ ਸੁਣਦੀਆਂ  ਹੁੰਦੀਆਂ  l ਉਹ ਕੂਕ ਕੁਕ ਦੀ ਆਵਾਜ਼ ਵਿਚ  ਕਾਇਨਾਤੀ ਰਿਦਮ ਹੁੰਦੀ  ...ਅੱਖਰਦੀ ਨਹੀਂ ਸੀ  ....ਮੈਂ ਉਸ ਕੋਹਲੂ ਤੇ ਕਦੇ ਬਹਿ ਗਿਆ ਜਿਸ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਿਆ  ਕਿ ਇਹ ਆਵਾਜ਼ ਉੱਥੋਂ ਆਉਂਦੀ ਹੈ  i  ਮੱਖਣ ਸਪੀਕਰ ਦਾ ਕੰਮ ਕਰਦਾ ਸੀ  ..ਤੇ ਵਿਹਲੇ ਸਮੇਂ ਵਿੱਚ ਉਹ ਆਪਣੇ ਘਰ ਹੀ ਨਾਗਣ ਫਿਲਮ  ਦੇ ਗਾਣੇ ਆਪ ਵੀ ਸੁਣਦਾ ਤੇ ਲੋਕਾਈ ਨੂੰ ਵੀ ਸੁਣਾਉਂਦਾ  l  ਦੂਰੋਂ ਆਉਂਦੀ ਬੀਨ ਦੀ ਆਵਾਜ਼ ਵਿੱਚ ਜਿਵੇਂ ਮਿਕਨਾਤੀਸੀ ਖਿੱਚ ਹੁੰਦੀ  l  ਕਈ ਵਾਰ ਮੇਰੇ ਲੂੰ ਕੰਡੇ ਵੀ ਖੜ੍ਹੇ ਹੋ ਜਾਂਦੇ  l
                   ਮੱਖਣ ਜ਼ਿਵੇ ਸਾਡੇ ਲਈ ਸੁਪਨਿਆਂ ਦਾ ਸੌਦਾਗਰ ਸੀ  l
  ਉਹ ਝੁੱਗੀਆਂ ਚ ਰਹਿੰਦਾ ਸੀ, ਝੁੱਗੀਆਂ ਭਾਵ ਬੌਰੀਆਂ ਦੇ ਕੁਝ ਘਰ ਜੋ ਸਾਡੇ ਪਿੰਡ ਦਾ ਹੀ ਹਿੱਸਾ ਹੁੰਦੇ ਸਨ  l  ਉਨ੍ਹਾਂ ਦੀ ਆਪਣੀ ਇਕ ਦੁਨੀਆਂ ਸੀ  l ਪੂਰੇ ਇਲਾਕੇ ਵਿਚ ਸਪੀਕਰ ਉਹਦੇ ਕੋਲ ਹੀ ਹੁੰਦਾ l  ਵਿਆਹ ਸ਼ਾਦੀਆਂ ਵਿਚ ਉਸ ਦਾ ਸਵਾਗਤ ਸ਼ਾਨਦਾਰ ਹੁੰਦਾ ਸੀ  l  ਉਹ ਆਪਣੇ ਸਪੀਕਰ ਨੂੰ ਬਹੁਤ ਬੋਚ ਬੋਚ ਰਖਦਾ ਜਿਸ ਦਾ ਇੱਕ ਛੋਟਾ ਜਿਹਾ ਸਿਰ ਹੁੰਦਾ .
ਸਿਲਵਰ ਦਾ ਸਿਰ  l
                  ਸਤੰਬਰ ਵਿੱਚ ਪਿੰਡ ਦੇ ਮੰਦਰ ਤੇ ਮੇਲਾ ਲੱਗਦਾ ...ਭਾਵੇਂ ਮੇਲਾ ਤਾਂ ਉੱਥੇ ਹਰ ਰੋਜ਼   ਹਰ ਰੋਜ਼ ਹੀ ਲੱਗਦਾ ਪਰ ਮੇਲੇ ਦੇ ਦਿਨਾਂ ਦੀ ਰੌਣਕ ਸਾਡੇ ਲਈ ਜਿਵੇਂ  ਜਾਦੂਗਰੀ ਦਾ ਕੋਈ ਖੇਲ੍ਹ ਹੋਵੇ  l  ਦਸ ਕੁ ਦਿਨ ਪਹਿਲਾਂ ਮੰਦਰ ਵਿਚ ਸੰਤ ਅਤੇ ਆਸੇ ਪਾਸੇ ਦੇ ਹੋਰ ਪ੍ਰਾਹੁਣੇ ਆਉਣੇ ਸ਼ੁਰੂ ਹੋ ਜਾਂਦੇ  ...l  ਸੁਬੀਆਂ ਤੇ ਝੰਡੀਆਂ ਚਿਪਕਾਈਆਂ ਜਾਂਦੀਆਂ ਤੇ ਜਦੋਂ ਉਹ ਬੰਨ੍ਹੀਆਂ ਜਾਂਦੀਆਂ ਤਾਂ ਮੰਦਰ ਇਸ ਤਰ੍ਹਾਂ ਲੱਗਦਾ ਜਿਵੇਂ ਜਾਦੂਗਰ ਨੇ ਕੋਈ ਜਾਦੂ ਕਰ ਕੇ ਮੰਤਰ ਫੂਕ ਦਿੱਤਾ ਹੋਵੇ  ..ਮੇਰੇ ਲਈ ਇਹ ਸੁਪਨੇ ਦੀ ਤਰ੍ਹਾਂ ਹੁੰਦਾ  l
              ਮੱਖਣ ਤੋਂ ਬਗੈਰ ਮੇਲੇ ਦੀ ਕਲਪਨਾ ਨਹੀਂ ਸੀ ਕੀਤੀ ਜਾ ਸਕਦੀ  l  ਉਹ ਸਾਈਕਲ ਤੇ ਆਉਂਦਾ ਸੀ  lਸਾਈਕਲ ਦੀ ਪਿਛਲੀ ਸੀਟ ਉੱਤੇ ਉਸ ਨੇ ਅਟੈਚੀ ਵਰਗਾ ਕੁਝ ਰੱਖਿਆ ਹੁੰਦਾ ਜਿਸ ਵਿੱਚ ਇੱਕ ਮਸ਼ੀਨ ਹੁੰਦੀ ਸੀ  ਤੇ ਅੱਗੇ ਸਪੀਕਰ ਟੰਗਿਆ ਹੁੰਦਾ ...ਸਿਲਵਰ ਦੀ ਗੋਲ ਮਸ਼ੀਨ ਜਿਸ ਵਿੱਚ ਕਈ ਚਿੱਬ ਪਏ ਹੁੰਦੇ  ..ਪਰ ਉਸਦੀ ਆਵਾਜ਼ ਤੇ ਇਨ੍ਹਾਂ ਚੀਜ਼ਾਂ ਦਾ ਕੋਈ ਫ਼ਰਕ ਨਹੀਂ ਸੀ ਪਿਆ ਪੈਂਦਾ   l   ਦੋ ਤਿੰਨ ਦਿਨ ਉਹ ਮਸ਼ੀਨ ਦੇ ਉੱਤੇ ਹੀ ਬੈਠਾ ਰਹਿੰਦਾ  l ਰਿਕਾਰਡ ਬਦਲਦਾ  ਰਹਿੰਦਾ ..ਉਨ੍ਹਾਂ ਨੂੰ ਸਾਫ ਕਰਦਾ ਰਹਿੰਦਾ...ਉਹ ਬੱਚਿਆਂ ਨੂੰ ਮਸ਼ੀਨ ਦੇ ਨੇੜੇ ਨਹੀਂ ਸੀ ਆਉਣ ਦਿੰਦਾ ਹੁੰਦਾ    l  ਮੰਦਰ ਤੇ ਉਹ ਯਮਲਾ ਜੱਟ ਦੇ ਗਾਣੇ ਨਾਲ ਆਪਣਾ ਕਾਰਜ ਸ਼ੁਰੂ ਕਰਦਾ  ਸੀ ....ਜਦੋਂ ਯਮਲੇ ਦਾ ਗੀਤ" ਸਤਿਗੁਰ ਤੇਰੀ ਲੀਲਾ ਨਿਆਰੀ ਹੈ" ਵੱਜਣ ਲੱਗਦਾ ਤਾਂ ਸਾਨੂੰ ਪਤਾ ਲੱਗਦਾ ਕਿ ਹੁਣ ਮੇਲਾ ਸ਼ੁਰੂ ਹੋ ਗਿਆ ਹੈ  l

#ਬਚਪਨ    
ਤਰਸੇਮ ਬਸ਼ਰ  9814163071