ਕਮਜ਼ੋਰ - ਮਹਿੰਦਰ ਸਿੰਘ ਮਾਨ
ਕਮਜ਼ੋਰ ਉਹ ਨਹੀਂ
ਜੋ ਲੜ ਰਹੇ ਨੇ ਚਿਰਾਂ ਤੋਂ
ਆਪਣੇ ਹੱਕਾਂ ਲਈ
ਅਤੇ ਜਿਨ੍ਹਾਂ ਨੂੰ ਹਾਲੇ
ਕੋਈ ਸਫਲਤਾ ਨਹੀਂ ਮਿਲੀ।
ਕਮਜ਼ੋਰ ਉਹ ਨਹੀਂ
ਜੋ ਰਹਿੰਦੇ ਨੇ ਕੱਚੇ ਕੋਠਿਆਂ 'ਚ
ਤੇ ਜਿਨ੍ਹਾਂ ਨੂੰ ਮਿਲਦੀ ਨਹੀਂ
ਢਿੱਡ ਭਰਨ ਲਈ ਦੋ ਵੇਲੇ ਦੀ ਰੋਟੀ
ਤੇ ਤਨ ਢਕਣ ਲਈ ਕਪੜਾ।
ਕਮਜ਼ੋਰ ਤਾਂ ਉਹ ਹਨ
ਜੋ ਇਹ ਕਹਿੰਦੇ ਨੇ
"ਸਾਡੇ ਲੇਖਾਂ 'ਚ ਹੀ ਲਿਖਿਆ ਹੈ
ਕੱਚੇ ਕੋਠਿਆਂ 'ਚ ਰਹਿਣਾ,
ਢਿੱਡੋਂ ਭੁੱਖੇ ਰਹਿਣਾ
ਤੇ ਤਨਾਂ ਤੋਂ ਨੰਗੇ ਰਹਿਣਾ।"
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554