ਆਜ਼ਾਦੀ - ਗੁਰਦਾਸ ਰਾਮ ਆਲਮ
ਕਿਓਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ,
ਨਾ ਬਈ ਭਰਾਵਾ ਨਾ ਖਾਧੀ ਨਾ ਦੇਖੀ।
ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜ੍ਹੀ ਸੀ,
ਬੜੀ ਭੀੜ ਉਸਦੇ ਦੁਆਲੇ ਖੜ੍ਹੀ ਸੀ।
ਆਈ ਨੂੰ ਤਾਂ ਭਾਵੇਂ ਤੀਆ ਸਾਲ ਬੀਤਾ,
ਅਸੀਂ ਤਾਂ ਅਜੇ ਤੱਕ ਦਰਸ਼ਣ ਨਹੀਂ ਕੀਤਾ।
ਦਿੱਲੀ ’ਚ ਆਉਂਦੀ ਹੈ ਸਰਦੀ ਦੀ ਰੁੱਤੇ,
ਤੇ ਹਾੜਾਂ ’ਚ ਰਹਿੰਦੀ ਪਹਾੜਾਂ ਦੇ ਉੱਤੇ।
ਗ਼ਰੀਬਾਂ ਨਾਲ ਲਗਦੀ ਲੜੀ ਹੋਈ ਆ ਖ਼ਬਰੇ,
ਅਮੀਰਾਂ ਦੇ ਹੱਥੀਂ ਚੜ੍ਹੀ ਹੋਈ ਆ ਖ਼ਬਰੇ।
ਅਖ਼ਬਾਰਾਂ ’ਚ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਤਾਂ ਨਹੀਂ ਐਵੇਂ ਕਾਣੀ ਜਿਹੀ ਏ।
ਮੰਨੇ ਜੇ ਉਹ ਕਹਿਣਾ ਅਸੀਂ ਵੀ ਮੰਗਾਈਏ,
ਛੰਨਾਂ ਤੇ ਢਾਰਿਆਂ ’ਚ ਭੁੰਜੇ ਸਵਾਈਏ।
ਪਰ ਏਨਾ ਪਤਾ ਨਹੀਂ ਕੀ ਖਾਂਦੀ ਹੁੰਦੀ ਏ,
ਕਿਹੜੀ ਚੀਜ਼ ਤੋਂ ਦਿਲ ਚੁਰਾਂਦੀ ਹੁੰਦੀ ਏ।
ਸ਼ਿਮਲੇ ਤਾਂ ਓਸ ਅੱਗੇ ਆਂਡੇ ਹੁੰਦੇ ਨੇ,
ਬਈ ਸਾਡੀ ਤਾਂ ਖੁਰਲੀ ’ਚ ਟਾਂਡੇ ਹੁੰਦੇ ਨੇ।