ਆਜ਼ਾਦੀ : ਸੋਚ ਵਿਚਾਰ ਦਾ ਵੇਲ਼ਾ - ਗੁਰਬਚਨ ਜਗਤ
ਸਾਡੀ ਪੀੜ੍ਹੀ ਲਈ ਅਤੀਤ ’ਤੇ ਝਾਤ ਮਾਰਨ ਦਾ ਮਤਲਬ ਹੁੰਦਾ ਹੈ, ਉਨ੍ਹਾਂ ਸਮਿਆਂ ’ਤੇ ਮੁੜ ਝਾਤ ਪਾਉਣੀ ਜਦੋਂ ਆਜ਼ਾਦੀ ਦੀ ਸਵੇਰ ਹੋ ਰਹੀ ਸੀ। ਉਦੋਂ ਸਾਡੇ ਬਾਲ ਮਨਾਂ ਨੂੰ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਆਜ਼ਾਦੀ ਦਾ ਮਤਲਬ ਕੀ ਹੁੰਦਾ ਹੈ ਤੇ ਇਸ ਦਾ ਕਿਹੋ ਜਿਹਾ ਅਸਰ ਪਵੇਗਾ। ਉਸ ਸਵੇਰ ਤੋਂ ਬਾਅਦ ਅਸੀਂ ਇਸ ਦੀ ਲੋਅ ਹੇਠ ਪਲ਼ ਕੇ ਵੱਡੇ ਹੋਏ। ਅਸੀਂ ਆਪਣੇ ਮਾਪਿਆਂ ਤੋਂ ਸੁਣਦੇ ਹੁੰਦੇ ਸਾਂ ਕਿ ਉਨ੍ਹਾਂ ਦੇ ਕੰਮ ਧੰਦਿਆਂ ਅਤੇ ਤੌਰ ਤਰੀਕਿਆਂ ਵਿਚ ਕੀ ਬਦਲਾਓ ਆਏ ਹਨ। ਸਰਕਾਰੀ ਅਤੇ ਸਮਾਜੀ ਥਾਵਾਂ ’ਤੇ ਲੋਕਾਂ ਨਾਲ ਕੀਤਾ ਜਾਂਦਾ ਵਿਤਕਰਾ ਬੰਦ ਹੋ ਗਿਆ ਸੀ ਅਤੇ ਭਾਰਤ ਦੇ ਲੋਕ ਆਪਣੇ ਮਾਮਲਿਆਂ ਦੇ ਕਰਤਾ ਧਰਤਾ ਬਣ ਗਏ।
ਲੋਕਤੰਤਰ, ਸੁਤੰਤਰਤਾ, ਆਜ਼ਾਦੀ, ਬਰਾਬਰੀ ਦਾ ਸਭ ਤੋਂ ਵਧੀਆ ਅਨੁਭਵ ਉਨ੍ਹਾਂ ਲੋਕਾਂ ਨੂੰ ਹੀ ਹੁੰਦਾ ਹੈ ਜਿਨ੍ਹਾਂ ਤੋਂ ਇਹ ਹੱਕ ਖੋਹ ਲਏ ਜਾਣ। ਪਿਛਲੀ ਸਦੀ ਦੇ ਚਾਲੀਵਿਆਂ ਦੇ ਅਖੀਰ ਤੇ ਪੰਜਾਹਵਿਆਂ ਦੇ ਸ਼ੁਰੂ ਵਿਚ ਸਕੂਲੀ ਬੱਚਿਆਂ ਦੇ ਤੌਰ ’ਤੇ ਸਾਨੂੰ ਨਵੀਂ ਨਵੀਂ ਮਿਲੀ ਆਜ਼ਾਦੀ ਦੀਆਂ ਕਹਾਣੀਆਂ, ਦੇਸ਼ ਦੀ ਵੰਡ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ... ਦੂਜੀ ਆਲਮੀ ਜੰਗ ਕੁਝ ਸਮਾਂ ਪਹਿਲਾਂ ਹੀ ਮੁੱਕੀ ਸੀ ਪਰ ਫਿਰ ਸ਼ੀਤ ਜੰਗ ਸ਼ੁਰੂ ਹੋ ਗਈ। ਪਹਿਲੀ ਵਾਰ ਪਰਮਾਣੂ ਹਥਿਆਰਾਂ ਵਰਤੇ ਗਏ ਅਤੇ ਇਨ੍ਹਾਂ ਦੇ ਨਾਲ ਹੀ ਅਮਰੀਕਾ ਅਤੇ ਰੂਸ ਦੀਆਂ ਫ਼ੌਜਾਂ ਦਾ ਭੈਅ ਮਨਾਂ ਵਿਚ ਘਰ ਬਣਾ ਲੈਂਦਾ ਸੀ। ਫਿਰ ਵੀ ਆਜ਼ਾਦੀ ਦਾ ਅਹਿਸਾਸ ਹੁੰਦਾ ਸੀ ਕਿਉਂਕਿ ਪੁਰਾਣੀਆਂ ਬਸਤੀਵਾਦੀ ਸ਼ਕਤੀਆਂ, ਜੰਗ ਦੀ ਤਬਾਹੀ ਵਿਚ ਆਪਣੀਆਂ ਊਰਜਾਵਾਂ ਤੇ ਮਾਨਵ ਸ਼ਕਤੀ ਗੁਆ ਕੇ ਇਕ ਇਕ ਕਰ ਕੇ ਵਾਪਸ ਜਾ ਰਹੀਆਂ ਸਨ ਤੇ ਦੁਨੀਆ ਭਰ ਵਿਚ ਆਜ਼ਾਦੀ ਅਤੇ ਲੋਕਤੰਤਰ ਦੇ ਝੰਡੇ ਫਹਿਰਾਏ ਜਾ ਰਹੇ ਸਨ। ਇਸ ਦੇ ਨਾਲ ਹੀ ਰੂਸ ਅਤੇ ਚੀਨ ਦੀ ਸਾਮਵਾਦ (ਕਮਿਊਨਿਜ਼ਮ) ਦੀ ਬਦਲਵੀਂ ਵਿਚਾਰਧਾਰਾ ਸਾਹਮਣੇ ਆ ਰਹੀ ਸੀ ਅਤੇ ਲਗਭਗ ਸਾਰਾ ਪੂਰਬੀ ਯੂਰੋਪ ਇਸ ਦੀ ਲਪੇਟ ਵਿਚ ਆ ਰਿਹਾ ਸੀ। ਇਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਹੁਣ ਇਤਿਹਾਸ ਦਾ ਹਿੱਸਾ ਹੈ ਪਰ ਇੰਨਾ ਕਹਿਣਾ ਬਣਦਾ ਹੈ ਕਿ ਯੂਰੋਪ ਦੇ ਵੱਡੇ ਹਿੱਸੇ ਦੀ ਅਗਵਾਈ ਇਨ੍ਹਾਂ ਦੋਵੇਂ ਟਕਰਾਵੀਆਂ ਵਿਚਾਰਧਾਰਾਵਾਂ ਨੇ ਕੀਤੀ ਜਦੋਂਕਿ ਰਾਸ਼ਟਰਮੰਡਲ ਅਤੇ ਉੱਤਰੀ ਅਮਰੀਕੀ ਖਿੱਤੇ ਵਿਚ ਕਲਿਆਣਕਾਰੀ ਰਾਜ ਦਾ ਜ਼ੋਰ ਰਿਹਾ।
ਇਹ ਉਹ ਪਸਮੰਜ਼ਰ ਸੀ ਜਿਸ ਵਿਚ ਸਾਡੇ ਉਮਰ ਵਰਗ ਨੇ ਪੜ੍ਹਾਈ ਕੀਤੀ ਤੇ ਫਿਰ ਰੁਜ਼ਗਾਰ ਹਾਸਲ ਕੀਤਾ। ਇਸ ਅੰਦਰ ਦੇਸ਼ਭਗਤੀ ਦਾ ਜਜ਼ਬਾ ਠਾਠਾਂ ਮਾਰਦਾ ਸੀ ਅਤੇ ਆਪਣੇ ਵੱਡੇ ਵਡੇਰਿਆਂ ਦੇ ਨਕਸ਼ੇ ਕਦਮ ’ਤੇ ਚੱਲਣ ਦੀ ਤਾਂਘ ਸੀ। ਕਰੀਅਰ ਦੀ ਚੋਣ ਕਰਨੀ ਕੋਈ ਬਹੁਤ ਵੱਡਾ ਮਸਲਾ ਨਹੀਂ ਸੀ। ਦਸਵੀਂ ਪਾਸ ਕਰਨ ਤੋਂ ਬਾਅਦ ਹਥਿਆਰਬੰਦ ਦਸਤਿਆਂ ਦੇ ਪਿਛੋਕੜ ਵਾਲੇ ਨੌਜਵਾਨ ਨੈਸ਼ਨਲ ਡਿਫੈਂਸ ਅਕੈਡਮੀ ਵਿਚ ਦਾਖ਼ਲਾ ਲੈ ਲੈਂਦੇ ਸਨ ਜਦੋਂਕਿ ਦੂਜਿਆਂ ਨੂੰ ਮੈਡੀਕਲ ਜਾਂ ਇੰਜਨੀਅਰਿੰਗ ’ਚੋਂ ਕਿਸੇ ਇਕ ਦੀ ਚੋਣ ਕਰਨੀ ਪੈਂਦੀ ਸੀ। ਮੈਡੀਕਲ ਜਾਂ ਇੰਜਨੀਅਰਿੰਗ ਕਾਲਜਾਂ ਵਿਚ ਦਸਵੀਂ ਦੀ ਪ੍ਰੀਖਿਆ ਦੇ ਅੰਕਾਂ ਦੇ ਆਧਾਰ ’ਤੇ ਹੀ ਦਾਖ਼ਲਾ ਮਿਲਦਾ ਸੀ। ਸਾਡੇ ’ਚੋਂ ਕਈ ਹਿਊਮੈਨਟੀਜ਼ ਵਰਗ ਚੁਣ ਲੈਂਦੇ ਸਨ ਜਿਸ ਤੋਂ ਬਾਅਦ ਕਰੀਅਰ ਬਣਾਉਣ ਲਈ ਸਿਵਲ ਸੇਵਾਵਾਂ ਜਾਂ ਫਿਰ ਅਧਿਆਪਨ ਦੇ ਕਿੱਤੇ ਦੀ ਚੋਣ ਕਰਨੀ ਪੈਂਦੀ ਸੀ। ਉਚੇਰੀ ਸਿੱਖਿਆ ਲਈ ਵਿਦਿਆਰਥੀਆਂ ਦੀ ਸੰਖਿਆ ਦੇ ਲਿਹਾਜ਼ ਤੋਂ ਸਿੱਖਿਆ ਸੰਸਥਾਵਾਂ ਦੀ ਗਿਣਤੀ ਉਦੋਂ ਬਹੁਤੀ ਨਹੀਂ ਹੁੰਦੀ ਸੀ। ਦੇਸ਼ ਦੀ ਕੁੱਲ ਆਬਾਦੀ ਤਕਰੀਬਨ 34 ਕਰੋੜ ਸੀ (ਜੋ ਹੁਣ ਵਧ ਕੇ 140 ਕਰੋੜ ਹੋ ਚੁੱਕੀ ਹੈ) ਅਤੇ ਇਸ ਦਾ ਵੱਡਾ ਹਿੱਸਾ ਦਿਹਾਤੀ ਖੇਤਰਾਂ ਵਿਚ ਵਸਦਾ ਸੀ ਜਿਸ ਦੀ ਸਿੱਖਿਆ ਤੱਕ ਪਹੁੰਚ ਨਾਂਮਾਤਰ ਜਾਂ ਬਿਲਕੁਲ ਹੀ ਨਹੀਂ ਸੀ। ਸਿੱਟੇ ਵਜੋਂ ਥੋੜ੍ਹੀ ਜਿਹੀ ਸਿੱਖਿਆ ਹਾਸਲ ਕਰਨ ਵਾਲੇ ਸ਼ਖ਼ਸ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਸੀ। ਸ਼ੁਰੂ ਦੇ ਕੁਝ ਸਾਲਾਂ ਮਗਰੋਂ ਜਦੋਂ ਹੌਲੀ ਹੌਲੀ ਜਨਤਕ ਖੇਤਰ ਇਸ ਪਿੜ ਵਿਚ ਨਿੱਤਰ ਕੇ ਸਾਹਮਣੇ ਆਇਆ ਤਾਂ ਪ੍ਰੋਫੈਸ਼ਨਲ ਅਤੇ ਹੁਨਰਮੰਦ ਕਿਰਤ ਸ਼ਕਤੀ ਲਈ ਨਵਾਂ ਰਾਹ ਖੁੱਲ੍ਹ ਗਿਆ। ਪ੍ਰਾਈਵੇਟ ਖੇਤਰ ਦਿੱਲੀ, ਮੁੰਬਈ, ਅਹਿਮਦਾਬਾਦ, ਕਲਕੱਤਾ, ਹੈਦਰਾਬਾਦ ਤੇ ਚੇਨੱਈ ਜਿਹੇ ਕੁਝ ਮਹਾਨਗਰਾਂ ਤਕ ਮਹਿਦੂਦ ਸੀ। ਸ਼ਹਿਰਾਂ ਤੇ ਕਸਬਿਆਂ ਵਿਚ ਦਰਮਿਆਨੀਆਂ ਸਨਅਤਾਂ ਖੁੱਲ੍ਹਣ ਲੱਗੀਆਂ ਅਤੇ ਕੁਝ ਕੁ ਇੰਜਨੀਅਰਿੰਗ ਤੇ ਮੈਨੇਜਮੈਂਟ ਗ੍ਰੈਜੂਏਟ ਇਨ੍ਹਾਂ ਖੇਤਰਾਂ ਵਿਚ ਜਾਣ ਲੱਗੇ। ਮਹਿਮਾਨਨਿਵਾਜ਼ੀ ਖੇਤਰ ਤੇਜ਼ੀ ਨਾਲ ਚਮਕਿਆ ਤੇ ਇਹ ਨੌਜਵਾਨਾਂ ਦਾ ਪਸੰਦੀਦਾ ਟਿਕਾਣਾ ਬਣ ਗਿਆ। ਸ਼ਹਿਰ ਤੇ ਕਸਬਿਆਂ ਦੀ ਵਿਵਸਥਾ ਠੀਕ ਠਾਕ ਚੱਲ ਰਹੀ ਸੀ ਕਿਉਂਕਿ ਦਿਹਾਤੀ ਖੇਤਰਾਂ ਤੋਂ ਪਲਾਇਨ ਅਜੇ ਸ਼ੁਰੂ ਨਹੀ ਹੋਇਆ ਸੀ। ਖੇਤੀਬਾੜੀ ਦਿਹਾਤੀ ਵਸੋਂ ਦੇ ਜੀਵਨ ਦਾ ਮੁੱਖ ਜ਼ਰੀਆ ਸੀ ਅਤੇ ਛੋਟੀਆਂ ਜੋਤਾਂ ਵਾਲੇ ਲੋਕ ਵੀ ਇਸ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ ਕਿਉਂਕਿ ਉਨ੍ਹਾਂ ਕੋਲ ਰੋਜ਼ੀ ਰੋਟੀ ਦਾ ਇਹੀ ਇਕਮਾਤਰ ਹੁਨਰ ਸੀ। ਖੇਤੀਬਾੜੀ ’ਤੇ ਕਿਸਾਨੀ, ਲੁਹਾਰ, ਤਰਖਾਣ, ਮਿਸਤਰੀ ਤੇ ਹੱਥੀਂ ਕੰਮ ਕਰਨ ਵਾਲੇ ਮਜ਼ਦੂਰ ਨਿਰਭਰ ਸਨ। ਇਹ ਸਾਰੇ ਤਬਕੇ ਇਕ ਇਕਾਈ ਵਜੋਂ ਕੰਮ ਕਰਦੇ ਸਨ ਤੇ ਕਿਸਾਨ ਫ਼ਸਲਾਂ ਦੀ ਬਿਜਾਈ ਅਤੇ ਕਟਾਈ ਦੇ ਸਮੇਂ ਦੋ ਵਾਰ ਇਨ੍ਹਾਂ ਨੂੰ ਮਿਹਨਤਾਨਾ ਦਿੰਦੇ ਸਨ। ਵਟਾਈ ਪ੍ਰਣਾਲੀ ਅਜੇ ਤਾਈਂ ਚੱਲ ਰਹੀ ਸੀ। ਅੱਜ ਕਿਸੇ ਨੂੰ ਇਹ ਕਲਪਨਾ ਲੋਕ ਦੀ ਗੱਲ ਜਾਪ ਸਕਦੀ ਹੈ ਪਰ ਇਹ ਸੱਚ ਹੈ ਕਿ ਉਨ੍ਹਾਂ ਸਮਿਆਂ ਵਿਚ ਇੰਨੀ ਜ਼ਿਆਦਾ ਗ਼ੈਰਬਰਾਬਰੀ ਨਹੀਂ ਸੀ। ਸ਼ਹਿਰਾਂ ਵਿਚ ਝੋਪੜ ਪੱਟੀਆਂ ਜਾਂ ਝੁੱਗੀਆਂ ਨਹੀਂ ਸਨ। ਹਾਲਾਂਕਿ ਵੱਖੋ ਵੱਖਰੇ ਆਰਥਿਕ ਦਰਜੇ ਵਾਲੇ ਤਬਕੇ ਮੌਜੂਦ ਸਨ ਪਰ ਜ਼ਿੰਦਗੀ ਬਹੁਤ ਸਾਦ-ਮੁਰਾਦੀ ਸੀ ਤੇ ਗ਼ੈਰਬਰਾਬਰੀਆਂ ਨਜ਼ਰ ਨਹੀਂ ਆਉਂਦੀਆਂ ਸਨ।
ਹਰੀ ਕ੍ਰਾਂਤੀ ਨੇ ਸ਼ੁਰੂ ਵਿਚ ਖੇਤੀਬਾੜੀ ਨੂੰ ਵੱਡਾ ਹੁਲਾਰਾ ਦਿੱਤਾ ਪਰ ਇਹ ਬਹੁਤੀ ਦੇਰ ਨਾ ਚੱਲ ਸਕਿਆ ਕਿਉਂਕਿ ਖੇਤੀਬਾੜੀ ਉਤਪਾਦਨ ਦੀ ਦਰ ਨਾਲੋਂ ਆਬਾਦੀ ਦਾ ਵਾਧਾ ਜ਼ਿਆਦਾ ਤੇਜ਼ੀ ਨਾਲ ਹੋ ਰਿਹਾ ਸੀ। ਹੌਲੀ ਹੌਲੀ ਖੇਤੀ ਜੋਤਾਂ ਅਤੇ ਆਮਦਨ ਵਿਚ ਕਮੀ ਨਜ਼ਰ ਆਉਣ ਲੱਗੀ। ਪੇਂਡੂ ਨੌਜਵਾਨ ਸ਼ਹਿਰਾਂ ਵਿਚ ਨੌਕਰੀਆਂ ਦੀ ਤਲਾਸ਼ ਕਰਨ ਲੱਗੇ। ਸਭ ਤੋਂ ਪਹਿਲਾਂ ਗ਼ੈਰ ਹੁਨਰਮੰਦ ਕਾਮੇ ਬਾਹਰ ਆਏ ਤੇ ਫੈਕਟਰੀਆਂ ਵਿਚ ਕੰਮ ਕਰਨ ਲੱਗੇ। ਉਨ੍ਹਾਂ ਤੋਂ ਬਾਅਦ ਅਰਧ-ਹੁਨਰਮੰਦ ਕਾਮੇ ਵੀ ਆਉਣ ਲੱਗੇ ਤੇ ਸ਼ਹਿਰੀ ਖੇਤਰਾਂ ਵਿਚ ਉਨ੍ਹਾਂ ਦੀ ਤਾਦਾਦ ਵਧਣ ਲੱਗੀ। ਉਨ੍ਹਾਂ ’ਚੋਂ ਕੁਝ ਨੂੰ ਨੌਕਰੀਆਂ ਮਿਲ ਗਈਆਂ ਜਦੋਂਕਿ ਬਾਕੀ ਰਹਿ ਗਏ। ਪਿੰਡਾਂ ਵਿਚ ਜ਼ਿੰਦਗੀ ਔਖੀ ਹੋਣ ਨਾਲ ਪਲਾਇਨ ਹੋਰ ਤੇਜ਼ ਹੋ ਗਿਆ ਅਤੇ ਸ਼ਹਿਰਾਂ ਦਾ ਬੁਨਿਆਦੀ ਢਾਂਚਾ ਇਹ ਬੋਝ ਸਹਾਰਨ ਦੇ ਅਸਮੱਰਥ ਹੋ ਗਿਆ। ਆਬਾਦੀ ਦੀ ਤੇਜ਼ ਰਫ਼ਤਾਰ ਤੇ ਪਲਾਇਨ ਕਰ ਕੇ ਝੌਪੜ ਪੱਟੀਆਂ ਉਗਮਣ ਲੱਗ ਪਈਆਂ, ਅਪਰਾਧ, ਬਿਮਾਰੀਆਂ ਦੀ ਅਲਾਮਤ ਵਧਣ ਲੱਗੀ ਅਤੇ ਗ਼ਰੀਬੀ ਤੇ ਲਾਚਾਰੀ ਦੇ ਕਰੂਪ ਅਮਾਨਵੀ ਚਿਹਰੇ ਸਾਹਮਣੇ ਆਉਣ ਲੱਗੇ। ਲੋਕ ਵੋਟ ਬੈਂਕ ਵਜੋਂ ਚੁਣਾਵੀ ਮੰਤਵਾਂ ਲਈ ਵਰਤੇ ਜਾਣ ਵਾਸਤੇ ਸਿਆਸੀ ਪਾਰਟੀਆਂ ਦੇ ਚੁੰਗਲ ਵਿਚ ਫਸ ਗਏ। ਸਿੱਖਿਆ ਢਾਂਚਾ, ਖ਼ਾਸਕਰ ਦਿਹਾਤੀ ਭਾਰਤ ਅੰਦਰ, ਸਮੇਂ ਦੇ ਹਾਣ ਦਾ ਨਾ ਬਣ ਸਕਿਆ। ਸਿੱਖਿਆ ਸੰਸਥਾਵਾਂ ਦਾ ਕੰਮ ਨਵੀਨਤਮ ਤਕਨਾਲੋਜੀ ਸਹਿਤ ਕੰਮ ਕਰਨ ਦੇ ਯੋਗ ਹੁਨਰਮੰਦ ਪ੍ਰੋਫੈਸ਼ਨਲ ਪੈਦਾ ਕਰਨਾ ਹੀ ਨਹੀਂ ਹੁੰਦਾ ਸਗੋਂ ਅਜਿਹੇ ਵਿਦਿਆਰਥੀ ਪੈਦਾ ਕਰਨਾ ਹੋਣਾ ਚਾਹੀਦਾ ਹੈ ਜਿਨ੍ਹਾਂ ਅੰਦਰ ਸੋਚਣ ਦੀ ਸਮੱਰਥਾ ਹੋ ਸਕੇ। ਪਰ ਅੱਗੇ ਚੱਲ ਕੇ ਜੋ ਕੁਝ ਨਿਕਲਿਆ, ਉਹ ਸਨ ਰੱਟਾ ਮਾਅਰਕਾ ਸਕੂਲ ਅਤੇ (ਕੁਝ ਇਕ ਨੂੰ ਛੱਡ ਕੇ) ਨੀਵੇਂ ਮਿਆਰ ਵਾਲੀਆਂ ਢੇਰ ਸਾਰੀਆਂ ਸੰਸਥਾਵਾਂ। ਇਹ ਗੱਲ ਅੱਜ ਵੀ ਪੂਰੀ ਢੁੱਕਦੀ ਹੈ। ਇਸ ਵਿਚ ਬਦਲਾਓ ਲਿਆਉਣ ਲਈ ਅਜਿਹੇ ਅਧਿਆਪਕ ਦਰਕਾਰ ਹਨ ਜੋ ਬੱਚਿਆਂ ਦੀ ਇਸ ਰੁਚੀ ਨੂੰ ਨਿਖਾਰ ਸਕਦੇ ਹੋਣ। ਸਾਡੀਆਂ ਯੂਨੀਵਰਸਿਟੀਆਂ ਅੰਦਰ ਉੱਚ ਮਿਆਰੀ ਅਧਿਆਪਕਾਂ ਅਤੇ ਖੋਜ ਸੁਵਿਧਾਵਾਂ ਦੀ ਲੋੜ ਹੈ। ਨੋਬੇਲ ਪੁਰਸਕਾਰ ਜੇਤੂਆਂ ਅਤੇ ਚੋਟੀ ਦੇ ਅਹਿਲਕਾਰਾਂ ’ਚੋਂ ਜ਼ਿਆਦਾ ਗਿਣਤੀ ਵਿਕਸਤ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੋਂ ਹੁੰਦੇ ਹਨ। ਜਦੋਂ ਮੈਂ ਯੂਪੀਐੱਸਸੀ (2002-07) ਵਿਚ ਸਾਂ ਤਾਂ ਸਾਨੂੰ ਦੱਸਿਆ ਗਿਆ ਸੀ ਕਿ ਆਈਆਈਟੀਜ਼ (ਭਾਰਤੀ ਤਕਨਾਲੋਜੀ ਸੰਸਥਾਨ) ਵਿਚ ਅਧਿਆਪਕਾਂ ਦੀਆਂ 30 ਫ਼ੀਸਦ ਅਸਾਮੀਆਂ ਖਾਲੀ ਹਨ। ਮੈਨੂੰ ਡਰ ਹੈ ਕਿ ਹੁਣ ਜਦੋਂ ਆਈਆਈਟੀਜ਼ ਦੀ ਸੰਖਿਆ ਹੋਰ ਵਧ ਗਈ ਹੈ ਤਾਂ ਖਾਲੀ ਅਸਾਮੀਆਂ ਦੀ ਸਥਿਤੀ ਬਦਤਰ ਹੋ ਗਈ ਹੋਵੇਗੀ। ਅਧਿਆਪਕਾਂ ਤੋਂ ਬਗ਼ੈਰ ਆਈਆਈਟਜ਼ ਖੋਲ੍ਹਣ ਦਾ ਭਲਾ ਕੀ ਲਾਭ ਹੋਇਆ ਹੈ? ਇਸੇ ਤਰ੍ਹਾਂ ਸਰਬਵਿਆਪੀ ਸਿਹਤ ਪ੍ਰਣਾਲੀ ਯਕੀਨੀ ਬਣਾਉਣ ਦੀ ਲੋੜ ਹੈ।
ਹੁਣ ਅਸੀਂ ਇੱਥੋਂ ਕਿਧਰ ਜਾਵਾਂਗੇ? ਜਦੋਂ ਆਬਾਦੀ ਦੇ 50 ਫ਼ੀਸਦ ਹਿੱਸੇ ਨੂੰ ਕਣਕ ਚੌਲ ਦੇ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ ਤਾਂ ਇੰਨੀ ਵਿਸ਼ਾਲ ਆਬਾਦੀ ਹੁਣ ਡੈਮੋਗ੍ਰਾਫੀ (ਭੂ-ਆਬਾਦੀ) ਦੇ ਪੱਖ ਤੋਂ ਲਾਭ ਦਾ ਸਬੱਬ ਨਹੀਂ ਰਹਿ ਗਈ। ਅਸੀਂ ਦਰਮਿਆਨੀ ਆਮਦਨ ਵਾਲਾ ਮੁਲਕ ਕਿਵੇਂ ਬਣੇ ਰਹਿ ਸਕਾਂਗੇ? ਇਸ ਦਾ ਜਵਾਬ ਸਿੱਖਿਆ ਤੇ ਸਿਹਤ ’ਚੋਂ ਮਿਲ ਸਕਦਾ ਹੈ। ਅਸੀਂ ਰਿਆਇਤਾਂ ਦੇ ਗੱਫੇ ਦੇ ਕੇ ਕਰੋੜਾਂ ਲੋਕਾਂ ਨੂੰ ਗ਼ਰੀਬੀ ’ਚੋਂ ਬਾਹਰ ਨਹੀਂ ਕੱਢ ਸਕਾਂਗੇ ਜਿਵੇਂ ਕਿ ਸਾਰੀਆਂ ਸਿਆਸੀ ਪਾਰਟੀਆਂ ਇਸ ਦੌੜ ਵਿਚ ਸ਼ਾਮਲ ਹਨ। ਇਸ ਸਵਾਲ ਦਾ ਜਵਾਬ ਇਸ ਵਿਚ ਪਿਆ ਹੈ ਕਿ ਸਾਡੇ ਨੌਜਵਾਨਾਂ ਦੀਆਂ ਸਮਰੱਥਾਵਾਂ ਅਤੇ ਸਾਡੇ ਕਾਰੋਬਾਰੀ ਆਗੂਆਂ ਦੇ ਅਨੁਭਵ ਦਾ ਇਸਤੇਮਾਲ ਕੀਤਾ ਜਾਵੇ। ਜਦੋਂ ਤੱਕ ਸਾਡੇ ਬਹੁਤੇ ਨੌਜਵਾਨ ਆਪਣੇ ਕਿੱਤੇ ਤੇ ਜ਼ਿੰਦਗੀ ਨੂੰ ਸੰਵਾਰਨ ਲਈ ਵਿਦੇਸ਼ੀ ਸਰਜ਼ਮੀਨਾਂ ਵੱਲ ਤੱਕਦੇ ਰਹਿਣਗੇ ਤਦ ਤਕ ਸਾਡੀ ਲੀਡਰਸ਼ਿਪ ਸਾਨੂੰ ਨਾਕਾਮ ਕਰਦੀ ਰਹੇਗੀ, ਦਿਮਾਗ਼ੀ ਸ਼ਕਤੀ ਦਾ ਨਿਕਾਸ ਜਾਰੀ ਰਹੇਗਾ ਅਤੇ ਅਸੀਂ ਠੇਡੇ ਖਾਂਦੇ ਰਹਾਂਗੇ। ਜੀ-7 ਮੁਲਕਾਂ ਦੇ ਆਧੁਨਿਕ ਅਰਥਚਾਰਿਆਂ ਦੀ ਨੀਂਹ ਦੁਨੀਆ ਦੀਆਂ ਬਿਹਤਰੀਨ ਵਿਦਿਅਕ ਸੰਸਥਾਵਾਂ ’ਤੇ ਟਿਕੀ ਹੋਈ ਹੈ ਜੋ ਦੁਨੀਆ ਦੇ ਰੌਸ਼ਨ ਤੇ ਹੋਣਹਾਰ ਦਿਮਾਗ਼ਾਂ ਨੂੰ ਖਿੱਚ ਪਾਉਣ ਦੇ ਯੋਗ ਹਨ। ਇਸੇ ਕਰਕੇ ਉਨ੍ਹਾਂ ਕੋਲ ਬਿਹਤਰੀਨ ਤਕਨੀਕਾਂ, ਬਿਹਤਰੀਨ ਸਿੱਖਿਆ ਤੇ ਸਿਹਤ ਸੰਭਾਲ ਪ੍ਰਣਾਲੀ ਹੈ। ਅਸੀਂ ਵਿਦੇਸ਼ਾਂ ਵਿਚ ਸਫ਼ਲਤਾ ਦੇ ਝੰਡੇ ਗੱਡਣ ਵਾਲੇ ਸਾਡੇ ਨੌਜਵਾਨਾਂ ਦਾ ਸਹਾਰਾ ਭਾਲਣ ਦੀ ਕੋਸ਼ਿਸ਼ ਕਰਦੇ ਹਾਂ ਪਰ ਇਹ ਨਹੀਂ ਸਮਝਦੇ ਕਿ ਅਸਲ ਵਿਚ ਇਹ ਉਹ ਵਿਦਿਅਕ ਸੰਸਥਾਵਾਂ, ਖੋਜ ਸੁਵਿਧਾਵਾਂ ਤੇ ਕੰਮ ਦਾ ਮਾਹੌਲ ਹੁੰਦਾ ਹੈ ਜਿਸ ਵਿਚ ਪਰਵਾਸੀ ਹੋਣ ਦੇ ਬਾਵਜੂਦ ਇਹ ਵਿਦਿਆਰਥੀ ਇਹ ਪ੍ਰਾਪਤੀਆਂ ਕਰਨ ਦੇ ਯੋਗ ਬਣਦੇ ਹਨ।
ਅਜਿਹਾ ਕਿਉਂ ਹੈ ਕਿ ਸਾਡੇ ਨੌਜਵਾਨ ਉੱਦਮੀ ਲਾਲ ਫ਼ੀਤਾਸ਼ਾਹੀ ਦੇ ਚੱਕਰ ਵਿਚ ਫਸੇ ਰਹਿੰਦੇ ਹਨ ਅਤੇ ਇੰਝ ਉਨ੍ਹਾਂ ਦੀ ਸਾਰੀ ਰਚਨਾਤਮਿਕਤਾ ਦਮ ਤੋੜ ਜਾਂਦੀ ਹੈ? ਕਿਉਂ ਉਨ੍ਹਾਂ ਨੂੰ ਲਾਇਸੈਂਸ ਲੈਣ ਲਈ ਕਤਾਰਾਂ ਵਿਚ ਖੜ੍ਹਨਾ ਤੇ ਖੜ੍ਹੇ ਹੀ ਰਹਿਣਾ ਪੈਂਦਾ ਹੈ? ਸਰਕਾਰ ਦੀ ਭੂਮਿਕਾ ਰਾਹ ਸਾਫ਼ ਕਰਨ ਵਾਲੀ ਹੋਣੀ ਚਾਹੀਦੀ ਹੈ, ਕੀ ਨੌਕਰਸ਼ਾਹੀ ਤੇ ਸਿਆਸੀ ਆਗੂਆਂ ਨੂੰ ਲੋੜੀਂਦਾ ਮਾਹੌਲ ਤਿਆਰ ਕਰਨ ਲਈ ਮਦਦ ਨਹੀਂ ਦੇਣੀ ਚਾਹੀਦੀ? ਇਸ ਲਈ ਕਿਸੇ ਬਜਟ ਦੀ ਲੋੜ ਨਹੀਂ ਪੈਂਦੀ ਸਗੋਂ ਚੰਗਾ ਕੰਮ ਕਰਨ ਦੀ ਲੋੜ ਹੈ। ਨੌਜਵਾਨ ਉਹ ਬੁਨਿਆਦ ਹੁੰਦੇ ਹਨ ਜਿਸ ਉਪਰ ਦੇਸ਼ਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਅਤੇ ਇਹ ਬੁਨਿਆਦ ਸਿੱਖਿਆ, ਸਿਹਤ ਅਤੇ ਹੌਸਲੇ ਨਾਲ ਪੱਕੀ ਬਣਦੀ ਹੈ। ਇਕ ਦਿਨ ਮੈਂ ਕਿਸੇ ਵਿਦੇਸ਼ੀ ਚੈਨਲ ’ਤੇ ਤਾਇਵਾਨ ਦੀ ਇਕ ਪ੍ਰਮੁੱਖ ਸੈਮੀਕੰਡਕਟਰ ਕੰਪਨੀ ਦੇ ਸੀਈਓ ਦੀ ਇੰਟਰਵਿਊ ਸੁਣ ਰਿਹਾ ਸੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਦੁਨੀਆ ਦਾ ਬਿਹਤਰੀਨ ਸੈਮੀਕੰਡਕਟਰ ਤਿਆਰ ਕਰਨ ਦਾ ਰਾਜ਼ ਕੀ ਹੈ ਤਾਂ ਉਸ ਦਾ ਦੋ ਟੁੱਕ ਜਵਾਬ ਸੀ- ਸਿੱਖਿਆ। ਸਕੂਲ ਤੋਂ ਲੈ ਕੇ ਉਪਰ ਤੱਕ ਸਿੱਖਿਆ। ਉਸ ਦੀ ਇੰਟਰਵਿਊ ਸੁਣ ਕੇ ਆਪਣੇ ਸ਼ਹਿਰ ਜਾਂ ਪਿੰਡ ਦੇ ਨੇੜਲੇ ਸਰਕਾਰੀ ਸਕੂਲਾਂ ਵਿਚ ਜਾ ਕੇ ਦੇਖੋ ਤਾਂ ਤੁਹਾਨੂੰ ਵਿਦੇਸ਼ਾਂ ਵੱਲ ਪਲਾਇਨ ਕਰ ਰਹੇ ਸਾਡੇ ਅੰਡਰਗ੍ਰੈਜੂਏਟਾਂ ਦਾ ਕਾਰਨ ਪਤਾ ਚੱਲ ਜਾਵੇਗਾ। ਇਸ ਦੀ ਅਣਹੋਂਦ ਵਿਚ ਭਾਵੇਂ ਅਸੀਂ ਜੀਡੀਪੀ, ਮਹਿੰਗਾਈ, ਵਿਦੇਸ਼ੀ ਮੁਦਰਾ ਭੰਡਾਰ ਆਦਿ ਦੇ ਕਿੰਨੇ ਵੀ ਅੰਕੜਿਆਂ ਦੇ ਹਵਾਲੇ ਦਿੰਦੇ ਰਹੀਏ ਪਰ ਉਹ ਬੇਰੁਜ਼ਗਾਰਾਂ ਤੇ ਪੜ੍ਹੇ ਲਿਖੇ ਜਾਂ ਅਨਪੜ੍ਹ ਨੌਜਵਾਨਾਂ ਲਈ ਮਹਿਜ਼ ਖੋਖਲੇ ਸ਼ਬਦ ਹਨ। ਨਵੇਂ ਭਾਰਤ ਲਈ ਸਾਨੂੰ ਇਕ ਸਿੱਖਿਅਤ, ਸਿਹਤਮੰਦ ਤੇ ਚੇਤੰਨ ਨੌਜਵਾਨ ਪੈਦਾ ਕਰਨ ਅਤੇ ਇਕ ਨਵੇਂ ਦ੍ਰਿਸ਼ਟੀਕੋਣ ਤੇ ਨਵੇਂ ਸੰਕਲਪ ਦੀ ਲੋੜ ਹੈ। ਅਜਿਹੇ ਨੌਜਵਾਨ ਹੀ ਸਾਨੂੰ ਦੁਨੀਆ ਦੇ ਮੰਚ ’ਤੇ ਆਪਣਾ ਸਹੀ ਮੁਕਾਮ ਦਿਵਾ ਸਕਦੇ ਹਨ। ਮੁੱਕਦੀ ਗੱਲ ਇਹ ਹੈ ਕਿ ਸਾਨੂੰ ਸਿਹਤ ਅਤੇ ਸਿੱਖਿਆ ਦੀ ਉਤਸ਼ਾਹੀ ਤੇ ਤਫ਼ਸੀਲੀ ਯੋਜਨਾ ਬਣਾਉਣ ਦੀ ਲੋੜ ਹੈ ਅਤੇ ਨਾਲ ਹੀ ਸਾਨੂੰ ਐਫਡੀਆਰ (ਅਮਰੀਕੀ ਰਾਸ਼ਟਰਪਤੀ ਫਰੈਡਰਿਕ ਡੀ ਰੂਜ਼ਵੈਲਟ) ਦੀ ‘ਨਿਊ ਡੀਲ’ ਦੀ ਤਰਜ਼ ’ਤੇ ਕੌਮੀ ਪੱਧਰ ’ਤੇ ਬੁਨਿਆਦੀ ਢਾਂਚੇ ਦੀ ਇਕ ਬਹੁਤ ਹੀ ਉਤਸ਼ਾਹੀ ਯੋਜਨਾ ਬਣਾਉਣ ਦੀ ਲੋੜ ਹੈ ਜਿਸ ਨਾਲ ਕਰੋੜਾਂ ਨੌਕਰੀਆਂ ਪੈਦਾ ਹੋ ਸਕਣ ਅਤੇ ਵਿਕਾਸ ਦੇ ਮਾਰਗ ’ਤੇ ਵੱਡੀ ਪੁਲਾਂਘ ਭਰੀ ਜਾ ਸਕੇ। ਆਪਣੀ ਗੱਲ ਮੈਂ ‘ਐਫਡੀਆਰ’ ਦੇ ਕਥਨ ਨਾਲ ਹੀ ਖ਼ਤਮ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਕਿਹਾ ਸੀ : ‘‘ਅਸੀਂ ਹਰ ਵਾਰ ਆਪਣੇ ਨੌਜਵਾਨਾਂ ਲਈ ਭਵਿੱਖ ਨਹੀਂ ਬਣਾ ਸਕਦੇ ਪਰ ਅਸੀਂ ਭਵਿੱਖ ਲਈ ਆਪਣੇ ਨੌਜਵਾਨ ਤਿਆਰ ਕਰ ਸਕਦੇ ਹਾਂ।’’
* ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇਸਾਬਕਾ ਰਾਜਪਾਲ, ਮਨੀਪੁਰ।