ਬਚਪਨ ਅਤੇ ਸੰਸਕਾਰ - ਗੁਰਸ਼ਰਨ ਸਿੰਘ ਕੁਮਾਰ

ਜਨਨੀ ਜਨੇ ਤਾਂ ਭਗਤ ਜਨ ਕੈ ਦਾਤਾ ਕੈ ਸੂਰ।
ਨਹੀਂ ਤਾਂ ਜਨਨੀ ਬਾਂਝ ਰਹਿ ਕਹੇ ਗਵਾਵੇ ਨੂਰ॥

ਜਨਮ ਅਤੇ ਮਰਨ ਕੁਦਰਤ ਦਾ ਅਸੂਲ ਹੈ। ਜਿਵੇਂ ਪੁਰਾਣੇ ਪੱਤੇ ਝੱੜਦੇ ਹਨ ਅਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ ਇਸੇ ਤਰ੍ਹਾਂ ਕੁਝ ਬੰਦੇ ਇਸ ਧਰਤੀ 'ਤੋਂ ਰੁਖਸਤ ਹੁੰਦੇ ਹਨ ਅਤੇ ਕੁਝ ਬੱਚੇ ਜਨਮ ਲੈ ਕਿ ਸ੍ਰਿਸ਼ਟੀ ਨੂੰ ਅੱਗੇ ਤੋਰਦੇ ਹਨ। ਪ੍ਰਸਿੱਧ ਵਾਰਤਾਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਬਹੁਤ ਸੋਹਣਾ ਲਿਖਿਆ ਹੈ ਕਿ-"ਕਿਸੇ ਮਨੁੱਖ ਦੀ ਸਭ ਤੋਂ ਵੱਡੀ ਖ਼ੁਸ਼ੀ ਹੁੰਦੀ ਹੈ ਉਸ ਦਾ ਲਾਇਕ ਬੱਚਾ।" ਮਾਂ ਪਿਓ ਦਾ ਕੰਮ ਕੇਵਲ ਬੱਚੇ ਪੈਦਾ ਕਰ ਕੇ ਆਪਣੀ ਗ੍ਰਹਿਸਥੀ ਨੂੰ ਅੱਗੇ ਤੋਰਨਾ ਹੀ ਨਹੀਂ ਹੋਣਾ ਚਾਹੀਦਾ। ਬੱਚੇ ਨੂੰ ਲਾਇਕ ਅਤੇ ਕਾਮਯਾਬ ਬਣਾਉਣਾ ਵੀ ਉਨ੍ਹਾਂ ਦਾ ਮੰਤਵ ਹੋਣਾ ਚਾਹੀਦਾ ਹੈ।
ਮਾਂ ਪਿਓ ਬੱਚੇ ਨੂੰ ਕੇਵਲ ਜਨਮ ਹੀ ਨਹੀਂ ਦਿੰਦੇ ਸਗੋਂ ਉਨ੍ਹਾਂ ਨੂੰ ਸੰਸਕਾਰ ਵੀ ਦਿੰਦੇ ਹਨ। ਗਰਭ ਅਵਸਥਾ ਦੇ ਦੋਰਾਨ ਮਾਂ ਜੋ ਵੀ ਕੰਮ ਕਰਦੀ ਹੈ ਉਸ ਦਾ ਗਰਭ ਵਿਚ ਪਲ ਰਹੇ ਬੱਚੇ ਤੇ ਅਚੇਤ ਹੀ ਪ੍ਰਭਾਵ ਪੈਂਦਾ ਹੈ।ਇਸ ਦੀ ਮਿਸਾਲ ਮਹਾਂ ਭਾਰਤ ਦੇ ਪਾਤਰ ਅਭਿਮਨਿਊ ਦੇ ਜੀਵਨ ਤੋਂ ਪ੍ਰਤੱਖ ਮਿਲਦੀ ਹੈ। ਉਸ ਦਾ ਪਿਤਾ ਅਰਜੁਨ ਇਕ ਰਾਤ ਉਸ ਦੀ ਮਾਤਾ ਨੂੰ ਚੱਕਰਵਿਊ ਦਾ ਭੇਦ ਦੱਸ ਰਿਹਾ ਸੀ ਪਰ ਕਥਾ ਸੁਣਦੀ ਸੁਣਦੀ ਉਸ ਦੀ ਮਾਤਾ ਨੂੰ ਨੀਂਦ ਆ ਗਈ। ਇਸ ਪ੍ਰਕਾਰ ਅਭਿਮਨਿਊ ਨੂੰ ਚੱਕਰਵਿਊ ਵਿਚ ਦਾਖਲ ਹੋਣਾ ਤਾਂ ਆ ਗਿਆ ਪਰ ਉਸ ਵਿਚੋਂ ਸਫ਼ਲਤਾਪੂਰਕ ਬਾਹਰ ਨਿਕਲਣਾ ਨਹੀਂ ਸੀ ਆਇਆ। ਉਹ ਚੱਕਰਵਿਊ ਵਿਚ ਫਸ ਕੇ ਹੀ ਮਾਰਿਆ ਗਿਆ।ਮਾਂ ਦਾ ਖਾਣ ਪੀਣ, ਹਾਸੀ ਖ਼ੁਸ਼ੀ, ਕਾਟੋ ਕਲੇਸ਼ ਅਤੇ ਵਿਚਾਰ ਗਰਭ ਵਿਚ ਪਲ ਰਹੇ ਬੱਚੇ ਤੇ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪਾਉਂਦੇ ਹਨ। ਸਿਆਣੀਆਂ ਮਾਵਾਂ ਗਰਭ ਦੋਰਾਨ ਕੋਈ ਨਸ਼ਾ ਜਾਂ ਹੋਰ ਬੁਰਾ ਕੰਮ ਨਹੀਂ ਕਰਦੀਆਂ ਤਾਂ ਕਿ ਉਨ੍ਹਾਂ ਦੇ ਹੋਣ ਵਾਲੇ ਬੱਚੇ ਤੇ ਕੋਈ ਦੁਸ਼ਪ੍ਰਭਾਵ ਨਾ ਪਵੇ। ਗਰਭ ਅਵਸਥਾ ਦੋਰਾਨ ਔਰਤਾਂ ਨੂੰ ਤੰਬਾਕੂ, ਜੰਕ ਫੂਡ ਅਤੇ ਜ਼ਿਆਦਾ ਤਲੇ ਹੋਏ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਘਰ ਦਾ ਕਾਟੋ ਕਲੇਸ਼ ਅਤੇ ਅਨੈਤਿਕ ਕੰਮ ਵੀ ਬੱਚੇ ਤੇ ਦੁਸ਼ਪ੍ਰਭਾਵ ਪਾਉਂਦੇ ਹਨ।
ਜਿਹੜੀਆਂ ਮਾਵਾਂ ਸੁਚੇਤ ਤੋਰ ਤੇ ਆਪਣੇ ਗਰਭ ਵਿਚ ਪਲ ਰਹੇ ਬੱਚੇ ਨਾਲ ਆਤਮਿਕ ਅਤੇ ਮਾਨਸਿਕ ਰੂਪ ਵਿਚ ਜੁੜਦੀਆਂ ਹਨ ਉਹ ਇਸ ਸਮੇਂ ਦੋਰਾਨ ਸਾਤਵਿਕ ਅਤੇ ਪੋਸ਼ਟਿਕ ਭੋਜਨ ਕਰਦੀਆਂ ਹਨ। ਉਹ ਧਾਰਮਿਕ ਜਾਂ ਸੂਰਬੀਰਾਂ ਦਾ ਸਾਹਿਤ ਪੜ੍ਹਦੀਆਂ ਹਨ ਜਾਂ ਗਣਿਤ ਅਤੇ ਵਿਗਿਆਨਿਕ ਵਿਸ਼ਿਆਂ ਤੇ ਚਰਚਾ ਕਰਦੀਆਂ ਹਨ ਅਤੇ ਸੰਗੀਤ ਅਤੇ ਕੋਮਲ ਕਲਾਵਾਂ ਨਾਲ ਜੁੜਦੀਆਂ ਹਨ। ਉਹ ਇਕ ਸੁਨੱਖੇ ਬੱਚੇ ਨੂੰ ਜਨਮ ਦਿੰਦੀਆਂ ਹਨ ਜੋ ਵੱਡਾ ਹੋ ਕੇ ਹੋਣਹਾਰ ਬਣਦਾ ਹੈ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰ ਕੇ ਮਾਂ ਪਿਓ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ। ਇਸੇ ਲਈ ਕਿਸੇ ਬੱਚੇ ਵੱਲੋਂ ਆਮ ਤੋਰ ਤੇ ਕਿਹਾ ਜਾਂਦਾ ਹੈ-"ਮੇਰੀ ਜ਼ਿੰਦਗੀ ਵਿਚ ਕੋਈ ਦੁੱਖ ਨਾ ਹੁੰਦਾ ਜੇ ਮੇਰੀ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ।" ਪਿਤਾ ਘਰ ਵਿਚ ਸੁਖਾਵਾਂ ਮਾਹੋਲ ਸਿਰਜਣ ਵਿਚ ਸਹਾਈ ਹੁੰਦਾ ਹੈ। ਬੱਚੇ ਪ੍ਰਤੀ ਮਾਤਾ ਪਿਤਾ ਦਾ ਪਿਆਰ ਬਿਲਕੁਲ ਸੱਚਾ, ਪਵਿੱਤਰ ਅਤੇ ਬਿਨਾ ਕਿਸੇ ਸੁਆਰਥ 'ਤੋਂ ਹੁੰਦਾ ਹੈ ਜੋ ਕਿਸੇ ਹੋਰ 'ਤੋਂ ਮਿਲਣਾ ਮੁਸ਼ਕਲ ਹੁੰਦਾ ਹੈ।
ਜਨਮ ਤੋਂ ਬਾਅਦ ਕੁਝ ਵੱਡਾ ਹੋ ਕੇ ਬੱਚਾ ਜਦ ਹੋਸ਼ ਸੰਭਾਲਦਾ ਹੈ ਤਾਂ ਉਹ ਆਪਣੇ ਪਰਿਵਾਰ ਵਿਚ ਅਤੇ ਆਲੇ ਦੁਆਲੇ ਜੋ ਕੁਝ ਦੇਖਦਾ ਹੈ ਉਸ ਤੋਂ ਬਹੁਤ ਕੁਝ ਸਿੱਖਦਾ ਹੈ। ਬੱਚਿਆਂ ਦੇ ਖਿਡੌਣੇ ਵੀ ਬੱਚਿਆਂ ਦੀ ਸੋਚਣੀ ਅਤੇ ਉਨ੍ਹਾਂ ਦੇ ਵਿਕਾਸ ਵਿਚ ਵਿਸ਼ੇਸ਼ ਹਿੱਸਾ ਪਾਉਂਦੇ ਹਨ। ਜੇ ਅਸੀਂ ਉਨ੍ਹਾਂ ਨੂੰ ਬੰਦੂਕਾਂ ਅਤੇ ਪਿਸਤੋਲਾਂ ਖੇਡਣ ਲਈ ਦੇਵਾਂਗੇ ਤਾਂ ਹੋ ਸਕਦਾ ਹੈ ਕਿ ਉਹ ਵੱਡੇ ਹੋ ਕਿ ਡਾਕੂ ਜਾਂ ਖ਼ੂਨੀ ਬਣਨ। ਇਸ ਲਈ ਬਚਪਨ ਤੋਂ ਹੀ ਉਨ੍ਹਾਂ ਦੀਆਂ ਰੁੱਚੀਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸੁਚੱਜੀ ਅਗਵਾਈ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਮਹਾਂਪੁਰਸ਼ਾਂ ਅਤੇ ਵੀਰ ਪੁਰਸ਼ਾਂ ਦੀਆਂ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ।
ਬੇਸ਼ੱਕ ਮਰਦ ਅਤੇ ਔਰਤ ਨੂੰ ਰੱਬ ਨੇ ਇਕ ਬਰਾਬਰ ਬਣਾਇਆ ਹੈ ਪਰ ਬੱਚੇ ਨੂੰ ਜਨਮ ਦੇਣ ਦੀ ਦਾਤ ਕੇਵਲ ਮਾਂ ਨੂੰ ਹੀ ਦਿੱਤੀ ਹੈ। ਇਸ ਪੱਖੋਂ ਔਰਤ ਮਰਦ ਨਾਲੋਂ ਮਹਾਨ ਮੰਨੀ ਗਈ ਹੈ। ਚੰਗੀਆਂ ਮਾਵਾਂ ਹੀ ਚੰਗੇ ਬੱਚੇ ਨੂੰ ਜਨਮ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀਆਂ ਹਨ। ਕਹਿੰਦੇ ਹਨ ਕਿ ਰੱਬ ਹਮੇਸ਼ਾਂ ਬੱਚੇ ਕੋਲ ਨਹੀਂ ਰਹਿ ਸਕਦਾ ਇਸ ਲਈ ਉਸ ਨੇ ਮਾਂ ਬਣਾਈ ਹੈ। ਮਾਂ ਪਿਓ ਦੀ ਸੁਚੱਜੀ ਅਗਵਾਈ, ਪਿਆਰ ਅਤੇ ਸਰੀਰਕ ਸਪਰਸ਼ ਬੱਚੇ ਦਾ ਬਲ ਵਧਾਉਂਦੇ ਹਨ ਜਿਸ ਨਾਲ ਉਸ ਵਿਚ ਸੁਰੱਖਿਆ ਅਤੇ ਆਤਮਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਮਾਤਾ ਪਿਤਾ ਦੋਹਾਂ ਦੇ ਪੂਰਨ ਸਹਿਯੋਗ ਦੀ ਜ਼ਰੂਰਤ ਹੈ ਇਸ ਲਈ ਉਨ੍ਹਾਂ ਨੂੰ ਘਰ ਵਿਚ ਸੁਹਿਰਦ ਵਾਤਾਵਰਨ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਹਰ ਹਾਲਾਤ ਵਿਚ ਪਰਿਵਾਰ ਨੂੰ ਟੁੱਟਣ ਤੋਂ ਬਚਾਉਣਾ ਚਾਹੀਦਾ ਹੈ।
ਅੱਜ ਕੱਲ ਦੇ ਬੱਚੇ ਨਸ਼ਿਆਂ ਵਿਚ ਫਸ ਕੇ ਪਤਿਤ ਹੁੰਦੇ ਜਾ ਰਹੇ ਹਨ। ਇਹ ਬੱਚਿਆਂ ਦੀ ਮਾੜੀ ਸੰਗਤ ਅਤੇ ਮਾਂ ਪਿਓ ਦੀ ਅਣਗਹਿਲੀ ਕਾਰਨ ਹੈ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਚੰਗੇ ਚਾਲ ਚਲਣ ਅਤੇ ਧਰਮ ਦੀ ਸਿੱਖਿਆ ਜ਼ਰੂਰੀ ਹੈ। ਜਿਸ ਬੱਚੇ ਨੂੰ ਆਪਣੇ ਮਾਂ ਪਿਓ ਕੋਲੋਂ ਚੰਗੇ ਸੰਸਕਾਰ ਮਿਲੇ ਹੋਣ ਉਸ ਨੂੰ ਇਹ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਕੀ ਚੰਗਾ ਅਤੇ ਕੀ ਮਾੜਾ ਹੈ। ਕਿਹੜਾ ਕੰਮ ਕਰਨਾ ਹੈ ਅਤੇ ਕਿਹੜਾ ਨਹੀਂ। ਅਜਿਹੇ ਮਾਤਾ ਪਿਤਾ ਨੂੰ ਬ੍ਰਿਧ ਆਸ਼ਰਮ ਦਾ ਮੁਹਤਾਜ ਨਹੀਂ ਹੋਣਾ ਪੈਂਦਾ। ਉਨ੍ਹਾਂ ਨੂੰ ਘਰ ਵਿਚ ਪੂਰਾ ਸਨਮਾਨ ਮਿਲਦਾ ਹੈ ਅਤੇ ਉਨ੍ਹਾਂ ਦਾ ਬੁਢਾਪਾ ਬਹੁਤ ਸੋਖਾ ਬੀਤਦਾ ਹੈ।
ਜੇ ਬੱਚਿਆਂ ਵਿਚ ਸੰਸਕਾਰਾਂ ਦੀ ਗੱਲ ਕਰੀਏ ਤਾਂ ਸਿੱਖ ਕੌਮ ਇਸ ਦੀ ਪ੍ਰਤੱਖ ਮਿਸਾਲ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਕੌਮ ਇਕ ਮਾਰਸ਼ਲ ਕੌਮ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਇਨ੍ਹਾਂ ਦਾ ਮੂਲ ਸਿਧਾਂਤ ਹੈ। ਉਹ ਜੀਵਨ ਦੀ ਸੇਧ ਗੁਰਬਾਣੀ ਅਤੇ ਗੁਰਦਆਰਿਆਂ ਤੋਂ ਲੈਂਦੇ ਹਨ। ਸਿੱਖ ਸੰਗਤ ਵਿਚ ਕੋਈ ਵੀ. ਆਈ. ਪੀ. ਜਾਂ ਵੱਡਾ ਛੋਟਾ ਨਹੀਂ ਹੁੰਦਾ। ਉੱਥੇ ਆਈ. ਏ. ਐਸ. ਅਫ਼ਸਰ ਅਤੇ ਸਾਰੇ ਧਨਾਢ ਲੋਕ ਜਾ ਕੇ ਸੰਗਤ ਦੇ ਜੂਠੇ ਭਾਂਡੇ ਮਾਂਜਦੇ ਹਨ ਅਤੇ ਫਰਸ਼ ਸਾਫ ਕਰਦੇ ਹਨ। ਇਹ ਹੀ ਸੰਸਕਾਰ ਸਿੱਖ ਬੱਚਿਆਂ ਵਿਚ ਵੀ ਭਰੇ ਜਾਂਦੇ ਹਨ ਜਿਸ ਤੇ ਉਹ ਵੱਡੇ ਹੋ ਕੇ ਪਹਿਰਾ ਦਿੰਦੇ ਹਨ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰਦੇ ਹਨ। ਇਨ੍ਹਾਂ ਸੰਸਕਾਰਾਂ ਦਾ ਸਦਕਾ ਹੀ ਸਿੱਖ ਸਰਦਾਰ ਅੱਜ ਕੱਲ੍ਹ ਦੁਨੀਆਂ ਭਰ ਵਿਚ ਉੱਚੀਆਂ ਪਦਵੀਆਂ ਤੇ ਬਿਰਾਜਮਾਨ ਹਨ। ਵਿੱਦਿਆ ਦਾ ਖੇਤਰ ਹੋਵੇ ਜਾਂ ਬਹਾਦਰੀ ਦਾ ਸਭ ਥਾਂ ਸਿੱਖਾਂ ਦਾ ਹੀ ਬੋਲ ਬਾਲਾ ਹੈ। ਕੁਦਰਤੀ ਆਫਤ ਸਮੇਂ ਵਪਾਰੀ ਲੋਕ ਖਾਣ ਪੀਣ ਵਾਲੀਆਂ ਵਸਤੂਆਂ ਦੀ ਕਾਲਾ ਬਜ਼ਾਰੀ ਕਰਦੇ ਹਨ ਪਰ ਸਿੱਖ ਹਰ ਮੁਸੀਬਤ ਵਿਚ ਸਭ ਤੋਂ ਪਹਿਲਾਂ ਪਹੁੰਚ ਕੇ ਇਨ੍ਹਾਂ ਵਸਤੂਆਂ ਦੇ ਮੁਫ਼ਤ ਵਿਚ ਲੰਗਰ ਲਾ ਦਿੰਦੇ ਹਨ। ਜਦ 2020-21 ਅਤੇ 2021-22 ਵਿਚ ਸਾਰੀ ਦੁਨੀਆਂ ਵਿਚ ਕੋਰੋਨਾ ਨਾਮ ਦੀ ਮਹਾਂਮਾਰੀ ਫੈਲ੍ਹੀ ਤਾਂ ਸਰਕਾਰਾਂ ਮਰੀਜ਼ਾਂ ਨੂੰ ਮਿਆਰੀ ਇਲਾਜ ਅਤੇ ਆਕਸੀਜਨ ਦੇਣ ਵਿਚ ਫੇਲ੍ਹ ਹੋ ਗਈਆਂ ਪਰ ਸਿੱਖ ਸਰਦਾਰ ਨਹੀਂ ਫੇਲ੍ਹ ਹੋਏ। ਉਨ੍ਹਾਂ ਨੇ ਦਵਾਈਆਂ ਦੇ ਅਤੇ ਆਕਸੀਜਨ ਦੇ ਮੁਫ਼ਤ ਲੰਗਰ ਲਾ ਕੇ ਹਜਾਰਾਂ ਕੀਮਤੀ ਜਾਨਾਂ ਬਚਾਈਆਂ। ਇਸੇ ਲਈ ਦੁਨੀਆਂ ਭਰ ਵਿਚ ਸਿੱਖਾਂ ਦਾ ਡੰਕਾ ਵੱਜਦਾ ਹੈ।
ਬੱਚਿਆਂ ਦੇ ਯੋਗ ਪਾਲਣ ਪੋਸ਼ਣ ਅਤੇ ਵਿਕਾਸ ਵੱਲ ਉਚੇਰੇ ਧਿਆਨ ਦੀ ਲੋੜ ਹੁੰਦੀ ਹੈ। ਬੱਚਿਆਂ ਦੀ ਸੰਗਤ ਉਨ੍ਹਾਂ ਦੇ ਆਚਰਣ ਅਤੇ ਆਦਤਾਂ ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਉਦਾਹਰਨ ਦੇ ਤੋਰ ਤੇ ਇਕ ਗਾਜਰ ਲਉ। ਉਸ ਦੇ ਦੋ ਟੁਕੜੇ ਕਰ ਲਉ। ਇਕ ਵਿਚ ਨਮਕ ਮਿਲਾ ਦਿਉ ਅਤੇ ਦੂਜੇ ਵਿਚ ਖੰਡ। ਕੁਝ ਦਿਨਾ ਬਾਅਦ ਇਕ ਦਾ ਮੁਰੱਬਾ ਬਣ ਜਾਵੇਗਾ ਅਤੇ ਦੂਜੇ ਦਾ ਅਚਾਰ। ਇਹ ਹੈ ਸੰਗਤ ਦਾ ਅਸਰ। ਇਸ ਲਈ ਮਾਂ ਪਿਓ ਨੂੰ ਬੱਚਿਆਂ ਦੀ ਸੰਗਤ ਬਾਰੇ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਹਰ ਹਾਲਾਤ ਵਿਚ ਮਾੜੀ ਸੰਗਤ ਤੋਂ ਬਚਾਉਣਾ ਚਾਹੀਦਾ ਹੈ। ਬੱਚੇ ਫੁਲਾਂ ਦੀ ਤਰ੍ਹਾਂ ਨਾਜਕ ਹੁੰਦੇ ਹਨ। ਉਨ੍ਹਾਂ ਦੇ ਮੁਸਕਰਾਉਂਦੇ ਹੋੇਏ ਭੋਲੇ ਭਾਲੇ ਅਤੇ ਨਿਰਛੱਲ ਚਿਹਰੇ ਦੇਖਣ ਵਾਲੇ ਦੇ ਮਨ ਵਿਚ ਤਾਜ਼ਗੀ ਭਰ ਦਿੰਦੇ ਹਨ। ਇਸ ਲਈ ਬੱਚਿਆਂ ਨੂੰ ਪੋਸ਼ਟਿਕ ਭੋਜਨ, ਮਿਆਰੀ ਵਿਦਿਆ ਅਤੇ ਚੰਗੇ ਸੰਸਕਾਰ ਦੇ ਕੇ ਕਾਬਲ ਬਣਾਉਣਾ ਹਰ ਮਾਂ ਪਿਓ ਦਾ ਫ਼ਰਜ਼ ਹੈ। ਬੱਚਿਆਂ ਨੇ ਹੀ ਵੱਡੇ ਹੋ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੁੰਦਾ ਹੈ। ਅੱਜ ਦੇ ਬੱਚੇ ਹੀ ਸਾਡੇ ਕੱਲ੍ਹ ਦੇ ਵਾਰਸ ਹਨ। ਉਨ੍ਹਾਂ ਨੇ ਹੀ ਭਵਿੱਖ ਵਿਚ ਦੇਸ਼ ਅਤੇ ਸਮਾਜ ਦੀ ਵਾਗਡੋਰ ਸੰਭਾਲਣੀ ਹੈ।         *****

ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-9463189432
email: gursharan1183@yahoo.in
ਪ੍ਰੇਰਨਾਦਾਇਕ ਲੇਖ