ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
15 ਅਗਸਤ 2022
ਪਾਰਟੀ ਦੀ ਮਜ਼ਬੂਤੀ ਲਈ ਹਰੇਕ ਨੂੰ ਸੁਝਾਅ ਦੇਣ ਦਾ ਹੱਕ- ਚੰਦੂਮਾਜਰਾ
ਚੰਦੂਮਾਜਰਾ ਸਾਬ੍ਹ ਤੁਹਾਨੂੰ ਨਹੀਂ ਸੁਣਿਆ ਕਿ ਸਭ ਹੱਕ ਪ੍ਰਧਾਨ ਦੇ ਰਾਖਵੇਂ ਹਨ।
ਦਮਦਮੀ ਟਕਸਾਲ ਦਾ ਸਿੱਖੀ ਪ੍ਰਚਾਰ ਤੇ ਪ੍ਰਸਾਰ ‘ਚ ਬੇਮਿਸਾਲ ਯੋਗਦਾਨ- ਜਥੇਦਾਰ
ਜਥੇਦਾਰ ਜੀ, ਫੇਰ ਸਾਰਾ ਮਾਝਾ ਈਸਾਈ ਕਿਉਂ ਬਣਦਾ ਜਾ ਰਿਹੈ?
ਪੁਲਿਸ ਦਾ ਗੈਂਗਸਟਰਾਂ ਨਾਲ ਵੀ.ਆਈ.ਪੀ. ਵਿਹਾਰ ਠੀਕ ਨਹੀਂ- ਬਲਕੌਰ ਸਿੰਘ
ਕੀ ਲਗਦੇ ਸੰਤੀਏ ਤੇਰੇ, ਜਿਹਨਾਂ ਨੂੰ ਰਾਤੀਂ ਖੰਡ ਪਾਈ ਸੀ।
ਭਾਜਪਾ ‘ਚ ਕੋਈ ਸੁਣਵਾਈ ਨਾ ਹੋਣ ‘ਤੇ ਸੁਨੀਲ ਜਾਖੜ ਔਖਾ-ਇਕ ਖ਼ਬਰ
ਵਕਤੋਂ ਮੈਂ ਖੁੰਝ ਗਈ, ਘੜਾ ਦੇਖ ਨਾ ਲਿਆ ਟੁਣਕਾ ਕੇ।
ਸੁਖਬੀਰ ਬਾਦਲ ਸੱਤਾ ਦੀ ਥਾਂ ਧਰਮ ਪ੍ਰਚਾਰ ਵਲ ਧਿਆਨ ਦੇਣ- ਜਥੇਦਾਰ
ਬਿਲਕੁਲ ਜਥੇਦਾਰ ਜੀ, ਸਿੱਖ ਸਿਧਾਂਤ ਦਾ ਏਨਾ ਵੱਡਾ ਵਿਦਵਾਨ ਫੇਰ ਕਿੱਥੋਂ ਮਿਲੇਗਾ !
ਅਕਾਲੀ ਦਲ ਜਗਮੀਤ ਬਰਾੜ ਖ਼ਿਲਾਫ਼ ਸਖਤ ਕਾਰਵਾਈ ਦੇ ਰੌਂਅ ਵਿਚ- ਇਕ ਖ਼ਬਰ
ਸਲਵਾਨ ਸਿਪਾਹੀਆਂ ਨੂੰ ਆਖਦਾ, ਪੂਰਨ ਜਲਦੀ ਕਰੋ ਹਲਾਲ।
ਨਰਿੰਦਰ ਮੋਦੀ ਵਲੋਂ ਬੰਗਾਲ ਦੇ ਸਾਬਕਾ ਰਾਜਪਾਲ ਧਨਖੜ ਨਾਲ਼ ਮੁਲਾਕਾਤ- ਇਕ ਖ਼ਬਰ
ਖੁਬ ਗੁਜ਼ਰੇਗੀ, ਜਬ ਮਿਲ ਬੈਠੇਂਗੇ ਦੀਵਾਨੇ ਦੋ।
ਕਿਸਾਨਾਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ- ਇਕ ਖ਼ਬਰ
ਜੱਗ ਭਾਵੇਂ ਜੋ ਵੀ ਕਹੇ, ਸੱਸ ਪਿੱਟਣੀ ਪੰਜੇਬਾਂ ਪਾ ਕੇ।
ਕੇਂਦਰ ਨੂੰ ਰਾਜਾਂ ‘ਤੇ ਨੀਤੀਆਂ ਨਹੀਂ ਠੋਸਣੀਆਂ ਚਾਹੀਦੀਆਂ-ਮਮਤਾ ਬੈਨਰਜੀ
ਛੜੇ ਜੇਠ ਦੀ ਮੈਂ ਅੱਖ ਵਿਚ ਰੜਕਾਂ, ਕੰਧ ਉੱਤੋਂ ਰਹੇ ਝਾਕਦਾ।
ਮਜਬੂਤ ਵਿਰੋਧੀ ਧਿਰ ਦੀ ਏਕਤਾ ਲਈ ਭੂਮਿਕਾ ਨਿਭਾਉਣ ਲਈ ਤਿਆਰ ਹਾਂ- ਨਿਤੀਸ਼
ਕੰਢੇ ਕੰਢੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।
ਕੇਜਰੀਵਾਲ ਨੇ ਗੁਜਰਾਤ ’ਚ ਭਾਜਪਾ ‘ਤੇ ਸਾਧੇ ਨਿਸ਼ਾਨੇ, ਲੋਕਾਂ ਤੋਂ ਸਹਿਯੋਗ ਮੰਗਿਆ- ਇਕ ਖ਼ਬਰ
ਕਾਹਨੂੰ ਡਾਹ ਲਿਆ ਗਲ਼ੀ ਦੇ ਵਿਚ ਚਰਖ਼ਾ, ਬਹੁਤਿਆਂ ਦੇ ਖ਼ੂਨ ਹੋਣਗੇ।
ਜਾਖੜ ਨੇ ਹਲਕੇ ‘ਚ ਕਿਸੇ ਆਗੂ ਨੂੰ ਉੱਠਣ ਨਹੀਂ ਦਿਤਾ- ਵੜਿੰਗ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ।
ਸਿੱਖੀ ਦੇ ਭੇਸ ‘ਚ ਬੁੱਕਲ ਦੇ ਸੱਪ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਹਨ- ਜਥੇਦਾਰ
ਜਥੇਦਾਰ ਜੀ, ਬੁੱਕਲ਼ ਦੇ ਸੱਪਾਂ ਨੂੰ ਦੁੱਧ ਕੌਣ ਪਿਆਉਂਦੈ !
ਬਲਬੀਰ ਸਿੱਧੂ ਦੀ ਕਾਂਗਰਸ ਵਿਚ ਵਾਪਸੀ ਅਸੰਭਵ- ਵੜਿੰਗ
ਡੇਕ ਦਾ ਗੁਮਾਨ ਕਰਦੀ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।
ਸ਼ਰੀਫ਼ ਵਲੋਂ ਪਾਕਿਸਤਾਨ ਨੂੰ ਆਰਥਿਕ ਸ਼ਕਤੀ ‘ਚ ਬਦਲਣ ਦਾ ਅਹਿਦ- ਇਕ ਖ਼ਬਰ
ਤੈਂ ਕੀ ਸ਼ੇਰ ਮਾਰਨਾ, ਤੇਰੇ ਪਿਉ ਨੇ ਬਿੱਲੀ ਨਾ ਮਾਰੀ।
ਕਾਲ਼ਾ ਜਾਦੂ ਵੀ ਕਾਂਗਰਸ ਦੇ ਕੰਮ ਨਹੀਂ ਆਉਣਾ- ਮੋਦੀ
ਬਾਰਾਂ ਬਰਸ ਬੰਦ ਰੱਖਣਾ ਵਿਚ ਭੋਰੇ, ਵੇਖ ਪੰਡਤਾਂ ਬੋਲ ਸੁਣਾਇਆ ਈ।