ਆਓ, ਘਰਾਂ ਦੀ ਸਲਾਮਤੀ ਦੀ ਕਾਮਨਾ ਕਰੀਏ - ਗੁਰਚਰਨ ਸਿੰਘ ਨੂਰਪੁਰ
ਅਸੀਂ ਸਾਰੇ ਇਸ ਜ਼ਮੀਨ 'ਤੇ ਕੁਝ ਸਮਾਂ ਰਹਿਣ ਲਈ ਆਏ ਹਾਂ।
ਇੱਥੇ ਰਹਿਣ ਆਏ ਮਨੁੱਖ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਉਸ ਦਾ ਘਰ ਹੈ। ਸਿਰਫ ਮਕਾਨ ਹੀ ਘਰ ਨਹੀਂ ਹੁੰਦਾ। ਜੇਕਰ ਅਜਿਹਾ ਹੁੰਦਾ ਤਾਂ ਸ਼ਾਇਦ ਦਫ਼ਤਰਾਂ, ਅਦਾਲਤਾਂ, ਥਾਣਿਆਂ ਦੇ ਪਿੱਛੇ ਵੀ ਘਰ ਸ਼ਬਦ ਦਾ ਉਪਯੋਗ ਹੋਣਾ ਸੀ। ਭਾਵੇਂ ਜੇਲ੍ਹਾਂ ਲਈ ਲਫਜ਼ ਸੁਧਾਰਘਰ ਵਰਤਿਆ ਜਾਂਦਾ ਹੈ ਪਰ ਇਹ ਬੜਾ ਓਪਰਾ ਜਿਹਾ ਲਗਦਾ ਹੈ। ਘਰ ਸਾਡੇ ਪੁਰਖਿਆਂ ਦੀਆਂ ਯਾਦਾਂ ਦੇ ਗਵਾਹ ਹੁੰਦੇ ਹਨ। ਘਰ ਨੇ ਸਾਡੇ ਪਰਿਵਾਰ ਦੀਆਂ ਉਦਾਸੀਆਂ, ਗ਼ਮੀਆਂ, ਲਾਚਾਰੀਆਂ, ਬੇਵਸੀਆਂ ਨੂੰ ਸਾਡੇ ਪਰਿਵਾਰ ਦੇ ਜੀਆਂ ਦੇ ਨਾਲ-ਨਾਲ ਦੇਖਿਆ ਅਤੇ ਜੀਵਿਆ ਹੁੰਦਾ ਹੈ। ਘਰ ਨਿੱਕੇ ਬਾਲਾਂ ਦੀਆਂ ਕਿਲਕਾਰੀਆਂ, ਲੋਰੀਆਂ ਤੋਂ ਲੈ ਕੇ ਸ਼ਗਨਾਂ ਵਾਲੇ ਗੀਤਾਂ, ਘੋੜੀਆਂ, ਚਾਵਾਂ, ਮਲਾਰਾਂ ਦਾ ਇਤਿਹਾਸ ਹੁੰਦੇ ਹਨ।
ਆਪਣੀ ਸੱਭਿਅਤਾ ਦੇ ਸ਼ੁਰੂਆਤੀ ਦੌਰ ਵਿਚ ਮਨੁੱਖ ਨੇ ਜਦੋਂ ਸੰਘਣੇ ਵਣਾਂ ਤੋਂ ਹੇਠਾਂ ਉਤਰ ਕੇ ਕਿਸੇ ਪਹਾੜੀ ਗੁਫ਼ਾ ਦੀ ਪਨਾਹ ਲਈ ਤਾਂ ਇਹ ਸ਼ਾਇਦ ਉਹ ਮਨੁੱਖ ਦਾ ਸਭ ਤੋਂ ਪਹਿਲਾ ਘਰ ਸੀ। ਇਸ ਲੱਭਤ ਦੀ ਖੁਸ਼ੀ ਵਿਚ ਉਸ ਨੇ ਚਾਂਗਰਾਂ ਮਾਰੀਆਂ ਹੋਣਗੀਆਂ। ਉਸ ਤੋਂ ਇਹ ਚਾਅ ਚੁੱਕਿਆ ਨਹੀਂ ਗਿਆ ਹੋਵੇਗਾ ਤੇ ਇਸ ਦੀ ਖੁਸ਼ੀ ਵਿਚ ਉਹ ਕਈ ਰਾਤਾਂ ਸੁੱਤਾ ਨਹੀਂ ਹੋਣਾ। ਇਹੋ ਹੀ ਘਰ ਸੀ ਜੋ ਉਸ ਦੀ ਨਸਲ ਨੂੰ ਅੱਗੇ ਤੋਰਨ ਲਈ ਮਦਦਗਾਰ ਸਾਬਤ ਹੋਇਆ। ਜਿਵੇਂ-ਜਿਵੇਂ ਮਨੁੱਖ ਦੀ ਸਮਝ ਨੇ ਵਿਕਾਸ ਕੀਤਾ, ਉਵੇਂ-ਉਵੇਂ ਉਹਦੇ ਘਰ ਬਣਾਉਣ ਦੀ ਪ੍ਰੀਕਿਰਿਆ ਅਤੇ ਇਹਦੇ ਲਈ ਵਰਤੇ ਜਾਣ ਵਾਲੇ ਸਾਮਾਨ ਵਿਚ ਵੀ ਵੱਡੇ ਬਦਲਾਅ ਆਏ। ਮਨੁੱਖ ਦੇ ਘਰ ਬਣਾਉਣ ਲਈ ਸਭ ਵਸੀਲਿਆਂ ਤੋਂ ਵੱਡੀ ਅਤੇ ਮਹੱਤਵਪੂਰਨ ਭੂਮਿਕਾ ਰੁੱਖਾਂ ਦੀ ਰਹੀ ਹੈ। ਕੇਵਲ ਮਨੁੱਖ ਹੀ ਨਹੀਂ ਪੰਛੀਆਂ ਜਾਨਵਰਾਂ ਦੇ ਘਰਾਂ ਲਈ ਸਭ ਤੋਂ ਵੱਡਾ ਓਟ-ਆਸਰਾ ਰੁੱਖ ਹੀ ਹਨ।
ਅਕਸਰ ਕਿਹਾ ਜਾਂਦਾ ਹੈ ਕਿ ਚਿੜੀਆਂ, ਕਾਵਾਂ, ਤੋਤਿਆਂ ਨੂੰ ਵੀ ਆਪਣੇ ਘਰ ਪਿਆਰੇ ਹੁੰਦੇ ਹਨ। ਧਰਤੀ 'ਤੇ ਰਹਿਣ ਵਾਲੇ ਬਹੁਗਿਣਤੀ ਮਨੁੱਖਾਂ ਦੀ ਪੂਰੀ ਜ਼ਿੰਦਗੀ ਦੀ ਸਰਗਰਮੀ ਘਰਾਂ ਨੂੰ ਸਮਰਪਿਤ ਹੁੰਦੀ ਹੈ। ਦੇਸ਼ਾਂ ਵਿਦੇਸ਼ਾਂ ਵਿਚ ਘਰਾਂ ਲਈ ਖੱਟੀਆਂ ਖੱਟਣ ਗਿਆਂ ਦੀ ਮਨਸ਼ਾ ਵੀ ਘਰਾਂ ਨੂੰ ਚਾਰ ਚੰਨ ਲਾਉਣ ਦੀ ਹੁੰਦੀ ਹੈ ਪਰ ਮਨੁੱਖ ਦੇ ਅੰਦਰਲੀਆਂ ਮਨੋਬਿਰਤੀਆਂ ਅਜਿਹੀਆਂ ਹਨ ਕਿ ਉਹ ਜਿਹੜੀਆਂ ਥਾਵਾਂ 'ਤੇ ਰਹਿੰਦਾ ਹੈ, ਉਨ੍ਹਾਂ ਨਾਲ ਉਸ ਨੂੰ ਅਕਸਰ ਲਗਾਅ ਹੋ ਜਾਂਦਾ ਹੈ। ਇਹ ਵਿਗਿਆਨਕ ਤੱਥ ਹੈ ਕਿ ਘਰ ਦੀ ਟੁੱਟ-ਭੱਜ ਹੋਣ ਜਾਂ ਦੁਬਾਰਾ ਬਣਾਉਣ ਨਾਲ ਘਰ ਵਿਚ ਰਹਿਣ ਵਾਲੇ ਅਤਿ ਸੰਵੇਦਨਸ਼ੀਲ ਲੋਕ ਅਕਸਰ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਹੋ ਜਾਂਦੇ ਹਨ।
ਪ੍ਰਵਾਸ 'ਤੇ ਜਾਣਾ ਅਤੇ ਰਹਿਣ ਲਈ ਥਾਵਾਂ ਬਦਲਣੀਆਂ ਮਨੁੱਖ ਦੇ ਸੁਭਾਅ ਵਿਚ ਸ਼ਾਮਿਲ ਹੈ। 'ਘਰ' ਦੱਸਦੇ ਹਨ ਕਿ ਉਨ੍ਹਾਂ ਵਿਚ ਰਹਿਣ ਵਾਲੇ ਵਿਆਕਤੀ ਦੀ ਸਮਝ ਦਾ ਪੱਧਰ ਕੀ ਹੈ। ਨਸ਼ਈਆਂ, ਅਮਲੀਆਂ, ਸ਼ਰਾਬੀਆਂ ਦੇ ਘਰ ਦੀ ਹਰ ਸ਼ੈਅ ਉਦਾਸ ਹੋ ਜਾਂਦੀ ਹੈ। ਦੁਨੀਆ ਦੇ ਵੱਖ-ਵੱਖ ਖਿੱਤਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਘਰ ਬਣਾਉਣ ਦੇ ਤੌਰ-ਤਰੀਕੇ ਵੀ ਅਲੱਗ-ਅਲੱਗ ਹਨ। ਕੁਝ ਲੋਕ ਉੱਚੀਆਂ ਕਿਲ੍ਹੇ ਵਰਗੀਆਂ ਚਾਰ-ਦੀਵਾਰੀਆਂ ਵਾਲੇ ਘਰ ਬਣਾਉਣ ਦੇ ਸ਼ੌਕੀਨ ਹੁੰਦੇ ਹਨ। ਸ਼ਹਿਰਾਂ ਤੋਂ ਦੂਰ ਪਹਾੜਾਂ 'ਤੇ ਰਹਿਣ ਵਾਲੇ ਲੋਕ ਕੁਦਰਤ ਨਾਲ ਵਧੇਰੇ ਰਚੇ-ਮਿਚੇ ਹੋਣ ਕਰਕੇ ਚਾਰਦੀਵਾਰੀਆਂ ਰਹਿਤ ਘਰ ਬਣਾਉਂਦੇ ਹਨ। ਦੁਨੀਆ ਵਿਚ ਕੁਝ ਇਲਾਕੇ ਅਜਿਹੇ ਹਨ, ਜਿੱਥੇ ਲੱਕੜੀ ਦੀਆਂ ਛੱਤਾਂ ਅਤੇ ਲੱਕੜੀ ਦੇ ਫਰਸ਼ ਵਾਲੇ ਘਰ ਬਣਾਏ ਜਾਂਦੇ ਹਨ। ਬਰਫ਼ੀਲੇ ਇਲਾਕਿਆਂ ਵਿਚ ਢਾਲਵੀਆਂ ਛੱਤਾਂ ਵਾਲੇ ਘਰ ਵਧੇਰੇ ਕਾਰਗਰ ਸਾਬਤ ਹੁੰਦੇ ਹਨ। ਘਰਾਂ ਦਾ ਮੋਹ ਤਿਆਗਣਾ ਸੌਖਾ ਨਹੀਂ ਹੁੰਦਾ। ਪਰ ਕਈ ਵਾਰ ਅਜਿਹੇ ਦੁਖਾਂਤ ਵਾਪਰਦੇ ਹਨ ਕਿ ਲੱਖਾਂ ਲੋਕਾਂ ਨੂੰ ਘਰ ਛੱਡਣੇ ਪੈ ਜਾਂਦੇ ਹਨ। ਜਦੋਂ ਕੁਰਸੀਆਂ ਅਤੇ ਚੌਧਰਾਂ ਦੀ ਭੁੱਖ ਨੇ ਦੇਸ਼ ਦੇ ਦੋ ਟੋਟੇ ਕੀਤੇ ਤਾਂ ਲੱਖਾਂ ਲੋਕ ਹੱਸਦੇ-ਵਸਦੇ ਘਰ ਛੱਡ ਬੇਘਰ ਹੋ ਗਏ। ਮੇਰੇ ਦਾਦਾ ਜੀ ਪਾਕਿਸਤਾਨ ਦੇ ਆਪਣੇ ਪਿਆਰੇ ਪਿੰਡ ਬਗਿਆਣੇ ਵਿਚਲੇ ਆਪਣੇ ਘਰ ਨੂੰ ਜਦੋਂ ਯਾਦ ਕਰਦੇ ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ। ਕੋਝੀ ਰਾਜਨੀਤੀ ਦਾ ਇਹ ਕਰੂਰ ਵਰਤਾਰਾ ਸੀ ਕਿ ਆਪਣੇ ਪਿੰਡ ਦੀ ਮਿੱਟੀ ਨੂੰ ਦੁਬਾਰਾ ਵੇਖਣ ਦਾ ਸੁਪਨਾ ਆਪਣੇ ਸੀਨੇ ਵਿਚ ਦਫ਼ਨ ਕਰਕੇ ਮੇਰੇ ਦਾਦਾ ਜੀ ਇਸ ਧਰਤੀ ਤੋਂ ਰੁਖ਼ਸਤ ਹੋ ਗਏ। ਅਜਿਹੀ ਹੋਣੀ ਹੋਰ ਵੀ ਲੱਖਾਂ ਮਨੁੱਖਾਂ ਨਾਲ ਸਰਹੱਦ ਦੇ ਦੋਵੀਂ ਪਾਸੀਂ ਵਾਪਰੀ।ਘਰ ਮਨੁੱਖ ਦਾ ਰੈਣ-ਬਸੇਰਾ ਹੈ। ਘਰ ਆਰਾਮਦਾਇਕ ਹੋਣਾ ਚਾਹੀਦਾ ਹੈ। ਘਰ ਦੀ ਬਣਾਵਟ ਅਜਿਹੀ ਹੋਣੀ ਚਾਹੀਦੀ ਹੈ ਕਿ ਘਰ ਵਿਚ ਰਹਿਣ ਵਾਲਿਆਂ ਨੂੰ ਸ਼ਾਂਤੀ ਤੇ ਖੁਸ਼ੀ ਮਿਲੇ। ਪੈਸੇ ਦੀ ਬਹੁਤਾਤ ਅਤੇ ਅਗਿਆਨਤਾ ਕਰਕੇ ਅੰਦਰੋਂ ਖਾਲੀ ਹੋਇਆ ਮਨੁੱਖ ਚੀਜ਼ਾਂ ਵਸਤਾਂ ਵਿਚ ਤਸੱਲੀ ਭਾਲਦਾ ਹੈ। ਆਪਣੀ ਹਊਮੇ ਨੂੰ ਪੱਠੇ ਪਾਉਣ ਲਈ ਬੇਲੋੜੀਆਂ ਬਹੁਮੰਜ਼ਲੀਆਂ ਕੋਠੀਆਂ ਉਸਾਰਨੀਆਂ, ਘਰਾਂ 'ਤੇ ਬੇਤਹਾਸ਼ਾ ਪੈਸਾ ਖਰਚ ਕਰਨਾ, ਅੱਜ ਦੇ ਦੌਰ ਵਿਚ ਕੁਝ ਲੋਕਾਂ ਦਾ ਸ਼ੌਕ ਬਣ ਗਿਆ ਹੈ। ਕੁਝ ਲੋਕ ਘਰ ਬਣਾਉਂਦੇ ਸਮੇਂ ਅਜਿਹੀ ਸੋਚ ਰੱਖਦੇ ਹਨ ਕਿ ਸੈਂਕੜੇ ਸਾਲਾਂ ਤੱਕ ਕਈ ਪੀੜ੍ਹੀਆਂ ਨੂੰ ਦੁਬਾਰਾ ਘਰ ਬਣਾਉਣ ਦੀ ਲੋੜ ਹੀ ਨਾ ਰਹੇ। ਘਰ ਸਾਦਾ, ਸੋਹਣਾ ਤੇ ਮਜ਼ਬੂਤ ਹੋਵੇ ਤਾਂ ਚੰਗੀ ਗੱਲ ਹੈ। ਪਰ ਘਰ ਬਣਾਉਣ ਵਰਗੇ ਕਲਾਤਮਿਕ ਕੰਮ ਦਾ ਕੁਝ ਹਿੱਸਾ ਆਪਣੀ ਔਲਾਦ ਲਈ ਵੀ ਛੱਡ ਕੇ ਜਾਣਾ ਚਾਹੀਦਾ ਹੈ। ਨਾਲੇ ਅਸੀਂ ਆਪਣੀਆਂ ਕਈ ਪੀੜ੍ਹੀਆਂ ਦਾ ਠੇਕਾ ਨਹੀਂ ਲਿਆ ਕਿ ਉਨ੍ਹਾਂ ਦੇ ਰੈਣ-ਬਸੇਰਿਆਂ ਦਾ ਪ੍ਰਬੰਧ ਅਸੀਂ ਹੀ ਕਰਕੇ ਜਾਣਾ ਹੈ। ਮੈਂ ਇਕ 80 ਸਾਲਾ ਬਜ਼ੁਰਗ ਅਮੀਰ ਬੰਦੇ ਨੂੰ ਜਾਣਦਾ ਹਾਂ, ਜਿਸ ਦਾ ਇੱਕੋ-ਇਕ ਲੜਕਾ ਪਰਿਵਾਰ ਸਮੇਤ ਅਮਰੀਕਾ ਦਾ ਵਸਨੀਕ ਹੈ। ਇਹ ਬਜ਼ੁਰਗ ਪਿਛਲੇ 4-5 ਸਾਲਾਂ ਤੋਂ ਆਪਣੇ ਰਹਿਣ ਲਈ ਘਰ ਬਣਵਾ ਰਿਹਾ ਹੈ, ਜਿਸ ਨੂੰ ਮੁਕੰਮਲ ਹੋਣ ਵਿਚ ਕੁਝ ਸਾਲ ਅਜੇ ਹੋਰ ਲੱਗਣੇ ਬਾਕੀ ਹਨ। ਅਨੇਕਾਂ ਅਜਿਹੇ ਲੋਕ ਵੀ ਹਨ, ਜਿਨ੍ਹਾਂ ਦੇ ਘਰ ਦੇ ਜੀਅ ਤਾਂ 2-3 ਹਨ ਪਰ ਘਰ ਦੇ ਕਮਰਿਆਂ ਦੀ ਗਿਣਤੀ 15-20 ਹੁੰਦੀ ਹੈ। ਕਿੰਨੇ ਜੀਆਂ ਵਾਲਾ ਪਰਿਵਾਰ ਕਿਸ ਤਰ੍ਹਾਂ ਦਾ ਘਰ ਬਣਾਵੇ, ਇਸ ਬਾਰੇ ਸਾਡਾ ਸੋਚ-ਵਿਚਾਰ ਕਰਨਾ ਅਜੇ ਬਾਕੀ ਹੈ। ਜਦੋਂ ਅਸੀਂ ਇਸ ਬਾਰੇ ਸੋਚਾਂਗੇ ਤਾਂ ਇਸ ਨਾਲ ਘਰ ਬਣਾਉਣ ਲਈ ਵਰਤੇ ਜਾਣ ਵਾਲੇ ਸਾਜ਼ੋ-ਸਾਮਾਨ ਦੇ ਰੇਟਾਂ ਵਿਚ ਕਮੀ ਆਵੇਗੀ, ਨਾਜਾਇਜ਼ ਉਸਾਰੀਆਂ ਵੀ ਰੁਕਣਗੀਆਂ ਤੇ ਧਰਤੀ 'ਤੇ ਉਸਰ ਰਹੇ ਸੀਮੈਂਟ ਦੇ ਜੰਗਲ ਨੂੰ ਵੀ ਕੁਝ ਹੱਦ ਤੱਕ ਠੱਲ੍ਹ ਪਵੇਗੀ। ਇਸ ਨਾਲ ਸ਼ਾਇਦ ਉਨ੍ਹਾਂ ਲੋਕਾਂ ਦਾ ਘਰ ਬਣਾਉਣ ਦਾ ਸੁਪਨਾ ਵੀ ਪੂਰਾ ਹੋ ਜਾਵੇ ਜੋ ਕਈ ਸਾਲਾਂ ਤੋਂ ਆਪਣਾ ਘਰ ਬਣਾਉਣ ਲਈ ਸੋਚ ਰਹੇ ਹਨ।
ਘਰ ਘੱਟ ਕਮਰਿਆਂ ਵਾਲਾ ਤੇ ਹਵਾਦਾਰ ਹੋਣਾ ਚਾਹੀਦਾ ਹੈ। ਘਰ ਨੂੰ ਬਣਾਉਣ ਲਈ ਕਿਸੇ ਵਸਤੂ-ਸ਼ਾਸਤਰੀ ਦੀ ਲੋੜ ਨਹੀਂ। ਅੱਜਕਲ੍ਹ ਨਕਸ਼ੇ ਬਣਾਉਣ ਵਾਲੇ ਕਿਚਨ, ਡਾਇਨਿੰਗ ਰੂਮ, ਗੈਸਟ ਰੂਮ, ਬੈੱਡ ਰੂਮ, ਸਰਵੈਂਟ ਰੂਮ ਆਦਿ ਨੇ ਨਾਲ-ਨਾਲ ਪੂਜਾ ਰੂਮ ਵੀ ਬਣਾ ਰਹੇ ਹਨ। ਅੱਜ ਦੀ ਮੁੱਖ ਲੋੜ ਇਹ ਹੈ ਹਰ ਇਕ ਘਰ ਦੇ ਵਿਚ ਬਹੁਤ ਸਾਰੇ ਕਮਰੇ ਭਾਵੇਂ ਨਾ ਹੋਣ ਪਰ ਕਿਤਾਬਾਂ ਲਈ ਕਿਸੇ ਕੋਨੇ ਵਿਚ ਥੋੜ੍ਹੀ ਜਿਹੀ ਥਾਂ ਜ਼ਰੂਰ ਹੋਣੀ ਚਾਹੀਦੀ ਹੈ। ਜਿਸ ਵਿਚ ਗਿਆਨ-ਵਿਗਿਆਨ ਨਾਲ ਸੰਬੰਧਿਤ ਕਿਤਾਬਾਂ ਪਈਆਂ ਹੋਣ। ਅੱਜ ਜਦੋਂ ਸਾਡਾ ਸਮਾਜ ਇਕ ਤਰ੍ਹਾਂ ਦੀ ਬੌਧਿਕ ਕੰਗਾਲੀ ਵਰਗੇ ਹਾਲਾਤ 'ਚੋਂ ਗੁਜ਼ਰ ਰਿਹਾ ਹੈ ਤਾਂ ਅਜਿਹੀ ਸਥਿਤੀ ਵਿਚ ਇਹ ਜ਼ਰੂਰੀ ਹੈ ਕਿ ਘਰ ਭਾਵੇਂ ਨਿੱਕਾ ਅਤੇ ਸਾਦਾ ਹੋਵੇ ਪਰ ਇਸ ਵਿਚ ਰਹਿਣ ਵਾਲੇ ਜੀਆਂ ਦੀਆਂ ਸੋਚਾਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ। ਘਰ ਵਿਚ ਜਿੰਨੀ ਵੀ ਹੋ ਸਕੇ ਉਹ ਥਾਂ ਜ਼ਰੂਰ ਹੋਣੀ ਚਾਹੀਦੀ ਹੈ, ਜਿੱਥੇ ਅਸਮਾਨ ਨਾਲ ਸਾਡਾ ਰਾਬਤਾ ਬਣਿਆ ਰਹੇ। ਚੰਨ, ਤਾਰਿਆਂ ਤੇ ਬੱਦਲਾਂ ਨੂੰ ਦੇਖਿਆ ਜਾ ਸਕੇ, ਨਿੱਘੀਆਂ ਧੁੱਪਾਂ ਨੂੰ ਸੇਕਿਆ ਜਾ ਸਕੇ। ਜਿੱਥੇ ਹੱਥੀਂ ਲਾਏ ਰੁੱਖਾਂ ਨੂੰ ਪਾਲਣ ਦਾ ਮਾਣ ਹਾਸਲ ਕੀਤਾ ਜਾ ਸਕੇ। ਬੁਲਬੁਲਾਂ, ਚਿੜੀਆਂ, ਕਾਵਾਂ ਤੋਤਿਆਂ ਨਾਲ ਰਾਬਤਾ ਰੱਖਿਆ ਜਾ ਸਕੇ। 'ਘਰ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ' ਸਿਰਲੇਖ ਵਾਲਾ ਇਕ ਲੇਖ ਪੜ੍ਹਦਿਆਂ ਮੈਂ ਪੜ੍ਹਿਆ ਕਿ ਕਿਹੜਾ-ਕਿਹੜਾ ਕਮਰਾ ਕਿੱਥੇ ਅਤੇ ਕਿੰਨੇ ਮਾਪ ਦਾ ਹੋਵੇ? ਲੇਖਕ ਨੇ ਲੇਖ ਦੇ ਅਖੀਰ ਵਿਚ ਲਿਖਿਆ ਕਿ ਦਸ ਬਾਈ ਅੱਠ ਦਾ ਇਕ ਨੌਕਰ ਵਾਸਤੇ ਕਮਰਾ ਘਰ ਦੀ ਪਿਛਲੀ ਗੁੱਠ ਵਿਚ ਹੋਣਾ ਚਾਹੀਦਾ ਹੈ। ਇਸ ਵਿਚ ਵਿਸ਼ੇਸ਼ ਬੈੱਲ ਲੱਗੀ ਹੋਣੀ ਚਾਹੀਦੀ ਹੈ ਤਾਂ ਕਿ ਹਰ ਕਮਰੇ 'ਚੋਂ ਲੋੜ ਪੈਣ 'ਤੇ ਨੌਕਰ ਨੂੰ ਬੁਲਾਇਆ ਜਾ ਸਕੇ। ਇਸ ਅੱਠ ਬਾਈ ਦਸ ਫੁੱਟ ਦੇ ਕਮਰੇ ਵਿਚ ਰਹਿਣ ਵਾਲੇ ਮਨੁੱਖ ਦੇ 'ਘਰ' ਦੀ ਬਣਾਵਟ ਕਿਸ ਤਰ੍ਹਾਂ ਦੀ ਹੋਵੇ। ਇਸ ਬਾਰੇ ਸੋਚਿਆ-ਵਿਚਾਰਿਆ ਜਾਣਾ ਫਿਲਹਾਲ ਸਾਡੀ ਸੋਚ ਵਿਚ ਸ਼ਾਮਿਲ ਨਹੀਂ ਹੈ।
ਹਰ ਇਕ ਘਰ ਦਾ ਆਪਣਾ ਇਕ ਨਿੱਜੀ ਵਿਵਹਾਰ ਹੁੰਦਾ ਹੈ। ਕੁਝ ਘਰਾਂ ਦੇ ਲੋਕ ਆਮ ਗੱਲਬਾਤ ਵੀ ਕਰਨ ਤਾਂ ਇੰਝ ਲਗਦਾ ਕਿ ਲੜ ਰਹੇ ਹਨ। ਕੁਝ ਘਰਾਂ ਵਿਚ ਬੜੀ ਸ਼ਾਂਤੀ ਹੁੰਦੀ ਹੈ। ਉੱਥੇ ਗੁੱਸੇ-ਗਿਲੇ ਦਾ ਸਮਾਂ ਵੀ ਮਿੰਟਾਂ ਤੱਕ ਸੀਮਤ ਹੁੰਦਾ ਹੈ। ਕੁਝ ਘਰਾਂ ਵਿਚ ਪ੍ਰਾਹੁਣਾ ਆ ਜਾਏ ਤਾਂ ਉਹਦਾ ਜਾਣ 'ਤੇ ਜੀਅ ਨਹੀਂ ਕਰਦਾ, ਕੁਝ ਘਰਾਂ ਵਿਚ ਦੂਜੇ ਬੰਦੇ ਨੂੰ ਪੰਜ ਮਿੰਟ ਖੜ੍ਹਨਾ ਵੀ ਔਖਾ ਹੁੰਦਾ ਹੈ। ਇਹ ਵੇਖਿਆ ਗਿਆ ਹੈ ਕਿ ਸੰਯੁਕਤ ਪਰਿਵਾਰਾਂ ਵਾਲੇ ਘਰਾਂ ਦੇ ਲੋਕ ਮਾਨਸਿਕ ਪੱਖੋਂ ਵਧੇਰੇ ਸ਼ਾਂਤ ਅਤੇ ਮਿਲਾਪੜੇ ਹੁੰਦੇ ਹਨ। ਇਕਹਿਰੇ ਪਰਿਵਾਰ ਵਿਚ ਦੂਜਿਆਂ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਬੜੀ ਘੱਟ ਹੁੰਦੀ ਹੈ।
ਜਿੱਥੇ ਘਰਾਂ ਤੋਂ ਬਾਹਰ ਨਿਕਲ ਕੇ ਕੁਝ ਕੁ ਮਹਾਨ ਲੋਕ ਵੱਡੀਆਂ ਵੱਡੀਆਂ ਸਮਾਜਿਕ ਤਬਦੀਲੀਆਂ ਲਿਆਉਣ ਲਈ ਆਪਣੇ ਸੁੱਖ ਆਰਾਮ ਦੀ ਕੁਰਬਾਨੀ ਦਿੰਦੇ ਹਨ, ਉੱਥੇ ਹਰ ਯੁੱਗ ਵਿਚ ਅਨੇਕਾਂ ਔਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਘਰਾਂ ਦੇ ਅੰਦਰ ਰਹਿ ਕੇ ਵੀ ਵੱਡੇ ਸੰਗਰਾਮ ਲੜਦੀਆਂ ਹਨ। ਇਹ ਗੱਲ ਵੱਖਰੀ ਹੈ ਕਿ ਇਹ ਸੰਗਰਾਮ ਕਿਸੇ ਇਤਿਹਾਸ ਦਾ ਹਿੱਸਾ ਨਹੀਂ ਬਣਦੇ। ਸ੍ਰੀ ਗੁਰੂ ਨਾਨਕ ਦੇਵ ਜੀ, ਸਿਧਾਰਥ ਬੁੱਧ ਜਿਹੇ ਮਹਾਨ ਪੁਰਸ਼ ਸੱਚ ਦੀ ਖੋਜ ਵਿਚ ਕਈ ਕਈ ਸਾਲ ਘਰਾਂ ਦਾ ਤਿਆਗ ਕਰ ਦਿੰਦੇ ਹਨ ਪਰ ਉਧਰ ਮਾਤਾ ਸਲੱਖਣੀ ਅਤੇ ਯਸ਼ੋਧਰਾ ਵਰਗੀਆਂ ਮਹਾਨ ਔਰਤਾਂ ਆਪਣੇ ਘਰ ਵਿਚ ਰਹਿ ਕੇ ਜਿਹੜਾ ਜੋਗ ਹੰਡਾਉਂਦੀਆਂ ਹਨ, ਇਹ ਵੀ ਕਿਸੇ ਮਹਾਂ ਤਿਆਗ ਤੋਂ ਘੱਟ ਨਹੀਂ ਹੁੰਦਾ।
ਮਸ਼ੀਨੀ ਸੱਭਿਆਚਾਰ, ਅਖੌਤੀ ਵਿਕਾਸ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਦੀਆਂ ਕਰੂਰ ਹਾਲਤਾਂ ਸਾਡੇ ਘਰਾਂ 'ਤੇ ਵੀ ਅਸਰਅੰਦਾਜ਼ ਹੋ ਰਹੀਆਂ ਹਨ। ਘਰਾਂ ਦੇ ਸਿਰਨਾਵੇਂ ਗੁੰਮ ਹੋ ਰਹੇ ਹਨ। ਘਰਾਂ ਅੰਦਰ ਘੋਰ ਉਦਾਸੀ ਪਸਰ ਰਹੀ ਹੈ। ਘਰ ਟੁੱਟ ਰਹੇ ਹਨ, ਤਿੜਕ ਰਹੇ ਹਨ। ਘਰਾਂ ਅੰਦਰ ਤਲਖੀਆਂ ਪੈਦਾ ਹੋ ਰਹੀਆਂ ਹਨ। ਘਰ ਵਿਚ ਰਹਿਣ ਵਾਲੇ ਵੱਖ-ਵੱਖ ਜੀਅ ਆਪਣੇ-ਆਪਣੇ ਮੋਬਾਈਲ ਫੋਨ ਰਾਹੀਂ ਆਪਣੀ-ਆਪਣੀ ਦੁਨੀਆ ਦੀ ਭੀੜ ਵਿਚ ਗਵਾਚ ਰਹੇ ਹਨ। ਘਰ ਵਿਚ ਆਏ ਪ੍ਰਾਹੁਣੇ ਨਾਲ ਦੋ ਮਿੰਟ ਗੱੱਲ ਕਰਨ ਦੀ ਬਜਾਏ ਅਸੀਂ ਇੰਟਰਨੈੱਟ ਦੀ ਦੁਨੀਆ ਨੂੰ ਵੱਧ ਤਰਜੀਹ ਦੇਣ ਲੱਗ ਪਏ ਹਾਂ। ਘਰਾਂ ਚੋਂ ਹਾਸੇ-ਠੱਠੇ ਮਨਫ਼ੀ ਹੋ ਰਹੇ ਹਨ। ਕਈ ਕਾਰਨਾਂ ਕਰਕੇ ਸਾਡੇ ਮੁਲਕ ਦੀ ਜਵਾਨੀ ਨੇ ਹੋਰ ਧਰਤੀਆਂ ਦਾ ਰੁਖ਼ ਕਰ ਲਿਆ ਹੈ, ਜਿਸ ਸਦਕਾ ਘਰਾਂ ਵਿਚੋਂ ਕਿਲਕਾਰੀਆਂ ਗੁੰਮ ਹੋਣ ਲੱਗ ਪਈਆਂ ਹਨ। ਘਰਾਂ ਦੀ ਸਲਾਮਤੀ ਲਈ ਜਿੱਥੇ ਬਜ਼ੁਰਗਾਂ ਦੀ ਯੋਗ ਅਗਵਾਈ ਦੀ ਲੋੜ ਹੁੰਦੀ ਹੈ, ਉੱਥੇ ਇਹ ਬੜਾ ਜ਼ਰੂਰੀ ਹੈ ਕਿ ਘਰ ਵਿਚ ਨਿੱਕੇ ਪੈਰਾਂ ਦੇ ਸਗਲਿਆਂ ਦੀ ਛਨਕਾਰ ਵੀ ਹੋਵੇ। ਤੋਤਲੇ ਬੋਲਾਂ ਤੇ ਕਿਲਕਾਰੀਆਂ ਤੋਂ ਵਿਹੂਣੇ ਘਰ ਉਦਾਸੀ ਤੇ ਨਿਰਾਸ਼ਾ ਦਾ ਸ਼ਿਕਾਰ ਹੋ ਜਾਇਆ ਕਰਦੇ ਹਨ। ਹੁਣ ਘਰਾਂ ਵਿਚ ਬਜ਼ੁਰਗਾਂ ਦੀ ਹਾਜ਼ਰੀ ਰੜਕਣ ਲੱਗ ਪਈ ਹੈ। ਘਰ ਭਾਵੇਂ ਤੁਹਾਡਾ ਆਪਣਾ ਹੈ ਜਾਂ ਕਿਸੇ ਹੋਰ ਦਾ, ਤੁਸੀਂ ਜਿੰਨਾ ਵੀ ਹੋ ਸਕੇ ਘਰ ਦੀ ਸਲਾਮਤੀ ਲਈ ਯਤਨਸ਼ੀਲ ਰਹਿਣਾ ਇਹ ਆਪਣਾ ਸਭ ਦਾ ਫ਼ਰਜ਼ ਹੈ।
- ਜ਼ੀਰਾ, ਮੋ: - 98550-51099