ਭਾਰਤੀ ਖੇਤੀ ਖੇਤਰ ਲਈ ਕੁਆਡ ਦੇ ਮਨਸੂਬੇ - ਜੀ ਪਾਰਥਾਸਾਰਥੀ
ਇਸ ਵਕਤ ਜਦੋਂ ਚੀਨ ਅਤੇ ਉਸ ਦੇ ਗੁਆਂਢੀਆਂ ਦਰਮਿਆਨ ਤਣਾਅ ਅਤੇ ਤਲਖ਼ੀਆਂ ਵਧ ਰਹੀਆ ਹਨ, ਤਦ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਪਾਰ ਅਮਨ, ਸੁਰੱਖਿਆ ਅਤੇ ਸਹਿਯੋਗ ਲਈ ਨਵਾਂ ਚੌਖਟਾ ਉਭਰ ਕੇ ਸਾਹਮਣੇ ਆਇਆ ਹੈ। ਕੁਆਡ ਹਾਲੀਆ ਸਾਲਾਂ ਦੌਰਾਨ ਵਾਪਰਿਆ ਸਭ ਤੋਂ ਗਿਣਨਯੋਗ ਘਟਨਾਕ੍ਰਮ ਹੈ। ਉਂਝ, ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਇਜ਼ਰਾਈਲ ਅਤੇ ਸਾਊਦੀ ਅਰਬ ਦੀ ਫੇਰੀ ਦੌਰਾਨ ਜਦੋਂ ਭਾਰਤ, ਇਜ਼ਰਾਈਲ, ਸੰਯੁਕਤ ਅਰਬ ਅਮੀਰਾਤ ਅਤੇ ਅਮਰੀਕਾ ’ਤੇ ਆਧਾਰਿਤ ਬਿਲਕੁੱਲ ਨਵੇਂ ਗਰੁੱਪ ਆਈ2ਯੂ2 ਦਾ ਗਠਨ ਹੋਇਆ ਤਾਂ ਕੌਮਾਂਤਰੀ ਪੱਧਰ ’ਤੇ ਇਸ ਨੂੰ ਕਾਫ਼ੀ ਹੈਰਾਨੀ ਨਾਲ ਦੇਖਿਆ ਗਿਆ ਹੈ। ਬਿਨਾ ਸ਼ੱਕ, ਬਾਇਡਨ ਦਾ ਸਾਊਦੀ ਅਰਬ ਦੌਰਾ ਆਮ ਦੌਰਾ ਸੀ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਬਾਇਡਨ ਅਤੇ ਸਾਊਦੀ ਤਖ਼ਤ ਦੇ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਵਿਚਕਾਰ ਸਬੰਧ ਬਹੁਤੇ ਨਿੱਘੇ ਜਾਂ ਦੋਸਤਾਨਾ ਨਹੀਂ ਹਨ। ਅਸਲ ਵਿਚ ਬਾਇਡਨ ਨੇ ਸ਼ਹਿਜ਼ਾਦਾ ਸਲਮਾਨ ’ਤੇ ‘ਵਾਸ਼ਿੰਗਟਨ ਪੋਸਟ’ ਦੇ ਸਾਊਦੀ ਪੱਤਰਕਾਰ-ਕਾਲਮਨਵੀਸ ਅਦਨਾਨ ਖਸ਼ੋਗੀ ਦਾ ਵਹਿਸ਼ੀਆਨਾ ਕਤਲ ਕਰਵਾਉਣ ਦਾ ਦੋਸ਼ ਲਾਇਆ ਸੀ।
ਇਨ੍ਹਾਂ ਤਲਖ਼ੀਆਂ ਦੇ ਬਾਵਜੂਦ ਸਾਊਦੀ ਅਰਬ ਅਤੇ ਅਮਰੀਕਾ ਨੂੰ ਇਕ ਦੂਜੇ ਦੀ ਸਖ਼ਤ ਲੋੜ ਹੈ ਕਿਉਂਕਿ ਆਲਮੀ ਊਰਜਾ ਲੋੜਾਂ ਦੀ ਪੂਰਤੀ ਲਈ ਸਾਊਦੀ ਅਰਬ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ। ਇਸ ਕਰ ਕੇ ਬਾਇਡਨ ਕੋਲ ਸਾਊਦੀ ਸ਼ਹਿਜ਼ਾਦੇ ਕੋਲ ਜਾ ਕੇ ਉਸ ਵਲੋਂ ਕੀਤੇ ਜਾ ਰਹੇ ਸੁਧਾਰਾਂ ਦੀ ਸ਼ਲਾਘਾ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ। ਅਮਰੀਕਾ ਨੇ ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਸਮੇਤ ਫਾਰਸ ਦੀ ਖਾੜੀ ਦੇ ਪਾਰਲੇ ਮੁਲਕਾਂ ਨੂੰ ਨਵੀਨਤਮ ਹਥਿਆਰਾਂ ਤੇ ਤਕਨਾਲੋਜੀ ਮੁਹੱਈਆ ਕਰਵਾ ਕੇ ਅਰਬ ਜਗਤ ਦੇ ਮਰਕਜ਼ ’ਤੇ ਪਕੜ ਬਣਾ ਰੱਖੀ ਹੈ। ਇਸ ਤੋਂ ਇਲਾਵਾ ਬਹਿਰੀਨ ਵਿਚ ਯੂਐੱਸ ਫਿਫਥ ਫਲੀਟ ਮੌਜੂਦ ਹੈ। ਬਾਇਡਨ ਦੀ ਇਜ਼ਰਾਈਲ ਫੇਰੀ ਦੌਰਾਨ ਆਈ2ਯੂ2 ਦੇ ਮੈਂਬਰ ਦੇਸ਼ਾਂ ਭਾਰਤ, ਇਜ਼ਰਾਈਲ, ਯੂਏਈ ਤੇ ਅਮਰੀਕਾ ਦੀ ਪਹਿਲੀ ਸਿਖਰ ਵਾਰਤਾ ਹੋਈ। ਬਾਇਡਨ ਨੇ 15 ਜੁਲਾਈ ਨੂੰ ਫ਼ਲਸਤੀਨੀ ਲੀਡਰਸ਼ਿਪ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਵੀ ਕੀਤੀ।
ਬਾਇਡਨ ਪ੍ਰਸ਼ਾਸਨ ਦੀਆਂ ਤਰਜੀਹਾਂ ਦਾ ਅਹਿਮ ਪਹਿਲੂ ਇਹ ਰਿਹਾ ਹੈ ਕਿ ਉਹ ਪ੍ਰਸ਼ਾਂਤ ਮਹਾਸਾਗਰ ਖ਼ਾਸਕਰ ਹਿੰਦ ਮਹਾਸਾਗਰ ਦੇ ਪਾਰ ਤੱਕ ਜਲ ਮਾਰਗਾਂ ਅਤੇ ਤੇਲ ਸਪਲਾਈਜ਼ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਭਾਰਤ ਦੀ ਜ਼ਿਆਦਾ ਸ਼ਮੂਲੀਅਤ ਚਾਹੁੰਦਾ ਹੈ। ਪੱਛਮੀ ਅਖ਼ਬਾਰੀ ਰਿਪੋਰਟਾਂ ਮੁਤਾਬਕ ਵਾਸ਼ਿੰਗਟਨ ਵਿਚ ਯੂਏਈ ਦੇ ਰਾਜਦੂਤ ਯੂਸਫ਼ ਅਲ-ਓਤਾਇਬਾ ਦੀ ਪਹਿਲਕਦਮੀ ’ਤੇ ਹੋਈ ਮੀਟਿੰਗ ਵਿਚ ਆਈ2ਯੂ2 ਦੀ ਲੋੜ ਰੇਖਾਂਕਤ ਕੀਤੀ ਗਈ ਸੀ ਜਿਸ ਵਿਚ ਇਜ਼ਰਾਈਲ ਦੇ ਮੌਜੂਦਾ ਪ੍ਰਧਾਨ ਮੰਤਰੀ ਯਾਇਰ ਲੈਪਿਡ ਨੇ ਵੀ ਸ਼ਿਰਕਤ ਕੀਤੀ ਸੀ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿਉਂਕਿ ਭਾਰਤ ਨੇ ਹਾਲੀਆ ਸਾਲਾਂ ਦੌਰਾਨ ਯੂਏਈ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਵਧੀਆ ਕੰਮ ਕੀਤਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਏਈ ਦੇ ਪਿਛਲੇ ਸ਼ਾਸਕ ਸ਼ੇਖ ਖਲੀਫ਼ਾ ਬਿਨ ਜਾਯਦ ਅਲ ਨਾਹਿਯਾਨ ਅਤੇ ਵਰਤਮਾਨ ਸ਼ਾਸਕ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਿਯਾਨ ਦਰਮਿਆਨ ਨਿੱਜੀ ਸਬੰਧ ਬਣ ਗਏ ਸਨ। ਸਾਊਦੀ ਸ਼ਾਹੀ ਪਰਿਵਾਰ ਨਾਲ ਵੀ ਭਾਰਤ ਦੇ ਦੋਸਤਾਨਾ ਸਬੰਧ ਹਨ।
ਆਈ2ਯੂ2 ਚੌਖਟੇ ਦਾ ਉਭਰ ਕੇ ਸਾਹਮਣੇ ਆਉਣ ਨਾਲ ਮੈਂਬਰ ਦੇਸ਼ਾਂ ਦਰਮਿਆਨ ਜਲ, ਊਰਜਾ, ਟਰਾਂਸਪੋਰਟ, ਪੁਲਾੜ, ਸਿਹਤ ਅਤੇ ਖੁਰਾਕ ਸੁਰੱਖਿਆ ਦੇ ਛੇ ਅਹਿਮ ਖੇਤਰਾਂ ਵਿਚ ਸਾਂਝਾ ਨਿਵੇਸ਼ ਵਧਾਉਣ ਦੇ ਸਮਝੌਤੇ ਤੈਅ ਪਾਏ ਗਏ ਹਨ। ਤੇਲ ਸਰੋਤਾਂ ਨਾਲ ਭਰਪੂਰ ਖਾੜੀ ਦੇ ਖਿੱਤੇ ਨਾਲ ਸਹਿਯੋਗ ਦੇ ਨਵੇਂ ਖੇਤਰਾਂ ਦੀ ਤਲਾਸ਼ ਇਸ ਕਰ ਕੇ ਵੀ ਅਹਿਮ ਹੈ ਕਿਉਂਕਿ ਹਾਲੀਆ ਕੁਝ ਸਾਲਾਂ ਤੋਂ ਭਾਰਤੀ ਕਾਮਿਆਂ ਵਲੋਂ ਆਪਣੇ ਵਤਨ ਭੇਜੀ ਜਾਂਦੀ ਕਮਾਈ ਵਿਚ ਕਮੀ ਆਈ ਹੈ। ਇਸ ਨਵੇਂ ਕੁਆਡ ਦੇ ਸਾਂਝੇ ਐਲਾਨਨਾਮੇ ਦਾ ਸ਼ਾਇਦ ਸਭ ਤੋਂ ਅਹਿਮ ਪੈਰਾ ਇਹ ਹੈ : “ਭਾਰਤ ਪ੍ਰਾਜੈਕਟ ਲਈ ਜ਼ਮੀਨ ਲੈ ਕੇ ਦੇਵੇਗਾ ਅਤੇ ਫੂਡ ਪਾਰਕਾਂ ਨਾਲ ਕਿਸਾਨਾਂ ਨੂੰ ਜੋੜੇਗਾ। ਅਮਰੀਕੀ ਅਤੇ ਇਜ਼ਰਾਇਲੀ ਪ੍ਰਾਈਵੇਟ ਖੇਤਰ ਨੂੰ ਆਪਣੀ ਮੁਹਾਰਤ ਮੁਹੱਈਆ ਕਰਾਉਣ ਅਤੇ ਮੌਲਿਕ ਹੱਲ ਪੇਸ਼ ਕਰਨ ਦਾ ਸੱਦਾ ਦਿੱਤਾ ਜਾਵੇਗਾ ਤਾਂ ਕਿ ਪ੍ਰਾਜੈਕਟ ਦੀ ਸੁਮੱਚੀ ਹੰਢਣਸਾਰਤਾ ਵਿਚ ਇਜ਼ਾਫ਼ਾ ਹੋ ਸਕੇ। ਇਨ੍ਹਾਂ ਨਿਵੇਸ਼ਾਂ ਨਾਲ ਵੱਧ ਤੋਂ ਵੱਧ ਫ਼ਸਲਾਂ ਦਾ ਝਾੜ ਹਾਸਲ ਕਰਨ ਅਤੇ ਇਸ ਤਰ੍ਹਾਂ ਦੱਖਣੀ ਏਸ਼ੀਆ ਅਤੇ ਮੱਧ ਪੂਰਬ ਅੰਦਰ ਖੁਰਾਕ ਅਸੁਰੱਖਿਆ ਨਾਲ ਸਿੱਝਣ ਵਿਚ ਮਦਦ ਮਿਲ ਸਕੇਗੀ।”
ਭਾਰਤ ਲਈ ਇਸ ਸਿਖਰ ਸੰਮੇਲਨ ਦਾ ਸਭ ਤੋਂ ਅਹਿਮ ਪੱਖ ਇਹ ਰਿਹਾ ਕਿ ਯੂਏਈ ਵੱਲੋਂ ਸਮੁੱਚੇ ਭਾਰਤ ਅੰਦਰ ਕਈ ਫੂਡ ਪਾਰਕ ਸਥਾਪਤ ਕਰਨ ਲਈ 2 ਅਰਬ ਡਾਲਰ ਦੇ ਨਿਵੇਸ਼ ਦਾ ਵਚਨ ਦਿੱਤਾ ਗਿਆ ਹੈ। ਇਨ੍ਹਾਂ ਫੂਡ ਪਾਰਕਾਂ ਵਿਚ ਪਾਣੀ ਦੇ ਸਵੱਛ ਸਰੋਤਾਂ ਦੀ ਸੰਭਾਲ ਅਤੇ ਹੰਢਣਸਾਰਤਾ ਵਧਾਉਣ ਲਈ ਨਵੀਆਂ ਤਕਨਾਲੋਜੀਆਂ ਅਤੇ ਇਜ਼ਰਾਇਲ ਅਤੇ ਅਮਰੀਕਾ ਦੀ ਮਦਦ ਨਾਲ ਨਵਿਆਉਣਯੋਗ ਊਰਜਾ ਤਕਨਾਲੋਜੀਆਂ ਦੀ ਵਰਤੋਂ ਕੀਤੀ ਜਾਵੇਗੀ। ਯੂਏਈ ਵਿਚ ਇੰਟਰਨੈਸ਼ਨਲ ਰੀਨਿਊਲ ਐਨਰਜੀ ਏਜੰਸੀ (ਆਈਆਰਈਐੱਨਏ) ਮੌਜੂਦ ਹੈ ਅਤੇ ਉਹ (ਯੂਏਈ) ਸਾਲ 2023 ਦਾ ਜਲਵਾਯੂ ਸਿਖਰ ਸੰਮੇਲਨ ‘ਸੀਓਪੀ28’ ਦੀ ਮੇਜ਼ਬਾਨੀ ਕਰੇਗਾ। ਭਾਰਤ ਵਿਚ ਦੋ ਅਰਬ ਡਾਲਰ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਫੂਡ ਪਾਰਕਾਂ ਦੀ ਲੜੀ ਦੇ ਨਾਲ ਹੀ ਖੁਰਾਕ ਦੀ ਬਰਬਾਦੀ ਤੇ ਖਰਾਬੇ ਨੂੰ ਘਟਾਉਣ ਲਈ ਅਤਿ ਆਧੁਨਿਕ ਤਕਨਾਲੋਜੀਆਂ ਵੀ ਵਰਤੋਂ ਵਿਚ ਲਿਆਂਦੀਆਂ ਜਾਣਗੀਆਂ। ਭਾਰਤ ਇਸ ਪ੍ਰਾਜੈਕਟ ਲਈ ਢੁਕਵੀਆਂ ਜ਼ਮੀਨਾਂ ਮੁਹੱਈਆ ਕਰਵਾਏਗਾ ਅਤੇ ਫੂਡ ਪਾਰਕਾਂ ਨਾਲ ਕਿਸਾਨਾਂ ਨੂੰ ਜੋੜਨ ਦਾ ਕੰਮ ਕਰੇਗਾ। ਇਜ਼ਰਾਈਲ ਅਤੇ ਅਮਰੀਕਾ ਵਲੋਂ ਆਪਣੀ ਮੁਹਾਰਤ ਦਾ ਯੋਗਦਾਨ ਦਿੱਤਾ ਜਾਵੇਗਾ। ਇਸ ਤਰ੍ਹਾਂ ਖੇਤੀਬਾੜੀ ਅਤੇ ਹੋਰਨਾਂ ਅਹਿਮ ਖੇਤਰਾਂ ਵਿਚ ਸਾਂਝਾ ਨਿਵੇਸ਼ ਵਧੇਗਾ। ਦਿਲਚਸਪ ਗੱਲ ਇਹ ਹੈ ਕਿ ਭਾਰਤ ਦੀ ਸ਼ਮੂਲੀਅਤ ਵਾਲਾ ਇਹ ਅਜਿਹਾ ਪਹਿਲਾ ਸਾਂਝਾ ਉਦਮ ਹੈ ਜਿਸ ਵਿਚ ਇਜ਼ਰਾਈਲ ਅਤੇ ਦੋ ਅਰਬ ਮੁਲਕ ਸ਼ਾਮਲ ਹੋਣਗੇ ਤੇ ਅਮਰੀਕਾ ਇਨ੍ਹਾਂ ਦੀ ਮਦਦ ਕਰੇਗਾ।
ਬਾਇਡਨ 5.3 ਅਰਬ ਡਾਲਰ ਦੇ ਸਮਝੌਤੇ ਤੈਅ ਕਰ ਕੇ ਇਜ਼ਰਾਈਲ ਅਤੇ ਸਾਊਦੀ ਅਰਬ ਦੇ ਦੌਰੇ ਤੋਂ ਪਰਤੇ ਹਨ ਜਿਨ੍ਹਾਂ ਤਹਿਤ ਯੂਏਈ ਅਤੇ ਸਾਊਦੀ ਅਰਬ ਨੂੰ ਹਵਾਈ ਸੁਰੱਖਿਆ ਮਿਜ਼ਾਈਲਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਿਖਰ ਵਾਰਤਾ ਦੇ ਸਿੱਟਿਆਂ ਤੋਂ ਭਾਰਤ ਨੂੰ ਇਹ ਤਸੱਲੀ ਹੋ ਸਕਦੀ ਹੈ ਕਿ ਇਸ ਨਾਲ ਖੇਤੀਬਾੜੀ ਉਤਪਾਦਨ ਵਧਾਉਣ ਲਈ ਪਾਣੀ ਦੀ ਉਚਤਮ ਸੁਚੱਜੀ ਵਰਤੋਂ ਦੀਆਂ ਇਜ਼ਰਾਇਲੀ ਤਕਨੀਕਾਂ ਦੀ ਵਰਤੋਂ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਹੋ ਸਕਦੀ ਹੈ। ਇਸ ਨਾਲ ਭਾਰਤ ਤੋਂ ਖੇਤੀ ਜਿਣਸਾਂ ਦੀਆਂ ਬਰਾਮਦਾਂ ਨਾਲ ਫ਼ਾਰਸ ਦੀ ਖਾੜੀ ਤੋਂ ਪਾਰਲੇ ਯੂਰੋਪੀਅਨ ਗੁਆਂਢੀ ਮੁਲਕਾਂ ਦੀਆਂ ਲੋੜਾਂ ਦੀ ਵੀ ਪੂਰਤੀ ਕੀਤੀ ਜਾ ਸਕੇਗੀ। ਅਸੀਂ ਅਜਿਹੇ ਦੌਰ ’ਚੋਂ ਲੰਘ ਰਹੇ ਹਾਂ ਜਦੋਂ ਖਾੜੀ ਖਿੱਤੇ ਅੰਦਰ ਭਾਰਤੀ ਕਾਮਿਆਂ ਵੱਲੋਂ ਵਾਪਸ ਭੇਜੀ ਜਾਂਦੀ ਕਮਾਈ ਵਿਚ ਖੜੋਤ ਜਾਂ ਕਮੀ ਆ ਗਈ ਹੈ। ਕੇਰਲ ਨਾਲ ਹੋਈਆਂ ਵਿਚਾਰ ਚਰਚਾਵਾਂ ਤੋਂ ਪਤਾ ਲੱਗਿਆ ਹੈ ਕਿ ਉਹ ਨਵੀਆਂ ਤਰਜੀਹਾਂ ਦੀ ਤਲਾਸ਼ ਕਰ ਰਿਹਾ ਹੈ ਅਤੇ ਇੱਥੋਂ ਦੇ ਬਹੁਤ ਸਾਰੇ ਕਾਮੇ ਖਾੜੀ ਦੇਸ਼ਾਂ ਤੋਂ ਵਾਪਸ ਆ ਰਹੇ ਹਨ। ਸਾਲ 2021 ਵਿਚ ਭਾਰਤ ਨੂੰ ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਕਾਮਿਆਂ ਤੋਂ 87 ਅਰਬ ਡਾਲਰ ਹਾਸਲ ਹੋਏ ਸਨ ਜਿਸ ਵਿਚ ਸਭ ਤੋਂ ਵੱਧ ਹਿੱਸਾ (23 ਅਰਬ ਡਾਲਰ) ਅਮਰੀਕਾ ਤੋਂ ਸੀ ਜਿਸ ਤੋਂ ਬਾਅਦ ਯੂਏਈ ਤੋਂ 18 ਅਰਬ ਡਾਲਰ ਆਏ ਸਨ। ਛੋਟੇ ਜਿਹੇ ਮੁਲਕ ਸਿੰਗਾਪੁਰ ਤੋਂ 7 ਅਰਬ ਡਾਲਰ ਪ੍ਰਾਪਤ ਹੋਏ ਸਨ ਜਿਸ ਦਾ ਯੋਗਦਾਨ ਤੇਲ ਸਰੋਤਾਂ ਵਾਲੇ ਸਾਊਦੀ ਅਰਬ, ਕੁਵੈਤ ਅਤੇ ਕਤਰ ਜਿਹੇ ਦੇਸ਼ਾਂ ਨਾਲੋਂ ਜ਼ਿਆਦਾ ਹੋ ਗਿਆ ਹੈ। ਖਾੜੀ ਦੇ ਮਿੱਤਰ ਦੇਸ਼ਾਂ ਤੋਂ ਭਾਰਤੀ ਕਾਮਿਆਂ ਦੀ ਕਮਾਈ ਵਿਚ ਆਈ ਕਮੀ ਬਾਰੇ ਤਫ਼ਸੀਲੀ ਅਧਿਐਨ ਦੀ ਲੋੜ ਹੈ ਜਦਕਿ ਅਮਰੀਕਾ, ਬਰਤਾਨੀਆ ਤੇ ਸਿੰਗਾਪੁਰ ਵਿਚਲੇ ਭਾਰਤੀ ਕਾਮਿਆਂ ਦੀ ਕਮਾਈ ਵਿਚ ਵਾਧਾ ਦਰਜ ਹੋਇਆ ਹੈ।
ਅਮਰੀਕਾ ਵਿਚ ਰਹਿੰਦੇ ਭਾਰਤੀ ਕਾਮਿਆਂ ਵੱਲੋਂ ਆਪਣੇ ਦੇਸ਼ ਵਾਪਸ ਭੇਜੀ ਕਮਾਈ ਦਾ ਹਿੱਸਾ ਖ਼ਾਸ ਤੌਰ ’ਤੇ ਸਾਊਦੀ ਅਰਬ ਜਿਹੇ ਖਾੜੀ ਦੇਸ਼ਾਂ ਤੋਂ ਆਉਣ ਵਾਲੀ ਕਮਾਈ ਨਾਲੋਂ ਵਧ ਰਿਹਾ ਹੈ। ਇਹ ਸੰਕੇਤ ਵੀ ਮਿਲੇ ਹਨ ਕਿ ਗੈਸ ਭੰਡਾਰਾਂ ਦਾ ਮਾਲਕ ਕਤਰ ਆਪਣੇ ਆਂਢ-ਗੁਆਂਢ ਵਿਚ ਆਜ਼ਾਦਾਨਾ ਭੂਮਿਕਾ ਨਿਭਾਉਣ ਦਾ ਖਾਹਸ਼ਮੰਦ ਹੈ। ਇਹ ਰਿਪੋਰਟਾਂ ਵੀ ਮਿਲੀਆਂ ਹਨ ਕਿ ਕਤਰ ਪਾਕਿਸਤਾਨ ਅਤੇ ਤੁਰਕੀ ਦੇ ਨੇੜੇ ਜਾ ਰਿਹਾ ਹੈ। ਉਂਝ, ਭਾਰਤ ਨੂੰ ਇਸ ਬਾਰੇ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਭਾਰਤ ਨੂੰ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਅਤੇ ਸਾਊਦੀ ਅਰਬ ਜਿਹੇ ਪ੍ਰਮੁੱਖ ਦੇਸ਼ਾਂ ਰਾਹੀਂ ਆਪਣੇ ਖੇਤੀਬਾੜੀ ਖੇਤਰ ਵਿਚ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਲਈ ਸਹਿਯੋਗ ਕਰਦੇ ਰਹਿਣਾ ਚਾਹੀਦਾ ਹੈ। ਆਉਣ ਵਾਲੇ ਸਮੇਂ ਵਿਚ ਆਈ2ਯੂ2 ਕੁਆਡ ਦੀ ਮੈਂਬਰਸ਼ਿਪ ਵਿਚ ਵਾਧਾ ਕਰ ਕੇ ਇਸ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਇਆ ਜਾ ਸਕਦਾ ਹੈ।
* ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।