ਭਾਰਤ ਦੇ ਲੋਕਾਂ ਤੇ ਲੀਡਰਾਂ ਨੂੰ ਕੌਣ ਦੱਸੇਗਾ ਕਿ ਭਲਕ ਸੰਵਾਰਨ ਲਈ ਅੱਜ ਵਿੱਚ ਜੀਣਾ ਸਿੱਖਣਾ ਚਾਹੀਦੈ! - ਜਤਿੰਦਰ ਪਨੂੰ
ਭਾਰਤ ਦੀਆਂ ਜਿਹੜੀਆਂ ਵਿਧਾਨ ਸਭਾਵਾਂ ਦੀ ਮਿਆਦ ਇਸ ਸਾਲ ਪੁੱਗਣ ਵਾਲੀ ਹੈ, ਉਨ੍ਹਾਂ ਵਿੱਚੋਂ ਦੋ ਰਾਜਾਂ ਦੀਆਂ ਚੋਣਾਂ ਸਾਲ ਦੇ ਅੰਤ ਤੱਕ ਹੋ ਜਾਣੀਆਂ ਹਨ। ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਾਲੇ ਇਨ੍ਹਾਂ ਦੋਵਾਂ ਰਾਜਾਂ ਦੇ ਲੋਕਾਂ ਨੇ ਪਿਛਲੀ ਵਾਰੀ ਸਾਲ 2017 ਵਿੱਚ ਅੱਗੜ-ਪਿੱਛੜ ਦਸੰਬਰ ਵਿੱਚ ਵੋਟਾਂ ਪਾਈਆਂ ਤੇ ਦੋਵਾਂ ਰਾਜਾਂ ਦਾ ਨਤੀਜਾ ਅਠਾਰਾਂ ਦਸੰਬਰ ਨੂੰ ਨਿਕਲਿਆ ਸੀ। ਲੱਗਦਾ ਹੈ ਕਿ ਇਸ ਵਾਰ ਵੀ ਇਨ੍ਹਾਂ ਦੋ ਰਾਜਾਂ ਵਿੱਚ ਦਸੰਬਰ ਚੜ੍ਹਨ ਤੱਕ ਵੋਟਾਂ ਪੈਣ ਵਾਲਾ ਅਮਲ ਪੂਰਾ ਹੋ ਜਾਵੇਗਾ ਅਤੇ ਨਤੀਜਾ ਅੱਧ ਦਸੰਬਰ ਦੇ ਅੱਗੇ-ਪਿੱਛੇ ਹੀ ਆਵੇਗਾ। ਚੋਣ ਕਮਿਸ਼ਨ ਕੋਲ ਇਹ ਅਧਿਕਾਰ ਹੁੰਦਾ ਹੈ ਕਿ ਕਿਸੇ ਵਿਧਾਨ ਸਭਾ ਦੀ ਮਿਆਦ ਕੁਝ ਹਫਤੇ ਰਹਿੰਦੀ ਵੀ ਹੋਵੇ ਤਾਂ ਕੁਝ ਦਿਨ ਅਗੇਤੀ ਚੋਣ ਲਈ ਪ੍ਰੋਗਰਾਮ ਐਲਾਨ ਕਰ ਸਕਦਾ ਹੈ, ਤਾਂ ਕਿ ਕਿਸੇ ਰਾਜ ਦੇ ਚੋਣ ਨਤੀਜੇ ਦਾ ਅਸਰ ਇਸ ਜਾਂ ਉਸ ਦੂਸਰੇ ਰਾਜ ਦੇ ਲੋਕਾਂ ਉੱਤੇ ਪੈਣ ਦਾ ਸੰਸਾ ਨਾ ਰਹੇ। ਚੋਣ ਤਰੀਕਾਂ ਅਮਰੀਕਾ ਦੀ ਰਾਸ਼ਟਰਪਤੀ ਚੋਣ ਵਾਂਗ ਪੱਕੀਆਂ ਨਹੀਂ ਹੁੰਦੀਆਂ। ਪੰਜਾਬ ਵਿੱਚ ਪਿਛਲੇ ਫਰਵਰੀ ਵਿੱਚ ਜਦੋਂ ਵੋਟਾਂ ਪੈਣ ਦੀ ਤਰੀਕ ਮਿਥੀ ਸੀ ਤਾਂ ਇੱਕ ਭਾਈਚਾਰੇ ਦੇ ਧਾਰਮਿਕ ਸਮਾਗਮਾਂ ਦੀਆਂ ਤਰੀਕਾਂ ਨਾਲ ਜੁੜ ਜਾਣ ਕਰ ਕੇ ਵੋਟਾਂ ਪਾਉਣ ਦੀ ਤਰੀਕ ਚਾਰ ਦਿਨ ਬਾਅਦ ਵੀਹ ਫਰਵਰੀ ਕਰਨੀ ਪਈ ਸੀ। ਕਿਸੇ ਵੀ ਰਾਜ ਦੇ ਲੋਕਾਂ ਦੀ ਇਹੋ ਜਿਹੇ ਸਮਾਗਮਾਂ ਦੀ ਸ਼ਰਧਾ ਕਾਰਨ ਚੋਣ ਕਮਿਸ਼ਨ ਏਦਾਂ ਦਾ ਫੈਸਲਾ ਲੈ ਸਕਦਾ ਹੈ, ਪਰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਏਦਾਂ ਦੀ ਕੋਈ ਮਜਬੂਰੀ ਵੀ ਬਣ ਗਈ ਤਾਂ ਚੋਣਾਂ ਦਾ ਅਮਲ ਅੱਧ ਦਸੰਬਰ ਤੱਕ ਮੁਕੰਮਲ ਹੋ ਜਾਵੇਗਾ।
ਬੀਤੇ ਫਰਵਰੀ ਵਿੱਚ ਪੰਜ ਰਾਜਾਂ ਦੀਆਂ ਚੋਣਾਂ ਮੌਕੇ ਭਾਜਪਾ ਆਪਣੇ ਗੋਆ, ਉੱਤਰਾ ਖੰਡ ਅਤੇ ਉੱਤਰ ਪ੍ਰਦੇਸ਼ ਦੇ ਸਿਆਸੀ ਕਿਲ੍ਹੇ ਬਚਾਉਣ ਵਿੱਚ ਕਾਮਯਾਬ ਰਹੀ ਸੀ, ਪਰ ਕਾਂਗਰਸ ਪਾਰਟੀ ਅੱਗੇ ਵਧਣ ਦੀ ਥਾਂ ਪੰਜਾਬ ਦਾ ਪਿਛਲੇ ਪੰਜ ਸਾਲਾਂ ਤੋਂ ਚੱਲਦਾ ਰਾਜ ਵੀ ਗੁਆ ਬੈਠੀ ਸੀ। ਉਨ੍ਹਾਂ ਚੋਣਾਂ ਵਿੱਚ ਖਾਸ ਘਟਨਾ ਇਹ ਰਹੀ ਕਿ ਪੰਜਾਬ ਵਿੱਚ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ਇਸ ਨਾਲ ਉਹ ਪਾਰਟੀ ਦਿੱਲੀ ਤੋਂ ਬਾਅਦ ਦੋ ਰਾਜਾਂ ਵਿੱਚ ਆਪਣੇ ਸਿਰ ਬਹੁ-ਗਿਣਤੀ ਨਾਲ ਸਰਕਾਰਾਂ ਚਲਾਉਣ ਵਾਲੀ ਪਾਰਟੀ ਦਾ ਦਰਜਾ ਹਾਸਲ ਕਰ ਗਈ ਸੀ। ਉਸ ਨਤੀਜੇ ਦਾ ਅਸਰ ਕਈ ਤਰ੍ਹਾਂ ਵੇਖਿਆ ਜਾਂਦਾ ਰਿਹਾ ਤੇ ਦੋਵੇਂ ਪਾਰਟੀਆਂ ਭਾਜਪਾ ਅਤੇ ਆਮ ਆਦਮੀ ਪਾਰਟੀ ਉਸ ਨਤੀਜੇ ਨਾਲ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਾਲੇ ਦੋਵਾਂ ਰਾਜਾਂ ਵਿੱਚ ਅਗਲੇ ਚੋਣ-ਭੇੜ ਵਾਸਤੇ ਤਿਆਰ ਹੋਈਆਂ ਫਿਰਦੀਆਂ ਹਨ। ਆਜ਼ਾਦੀ ਮਿਲਣ ਦੇ ਬਾਅਦ ਜਿਹੜੀ ਕਾਂਗਰਸ ਪਾਰਟੀ ਲੰਮਾ ਸਮਾਂ ਦੇਸ਼ ਉੱਤੇ ਵੀ ਅਤੇ ਬਹੁ-ਗਿਣਤੀ ਰਾਜਾਂ ਵਿੱਚ ਵੀ ਰਾਜ ਕਰਦੀ ਰਹੀ ਸੀ, ਉਹ ਇਸ ਵਕਤ ਅਸਲੋਂ ਸਾਹ-ਸਤ ਛੱਡੀ ਬੈਠੀ ਜਾਪਦੀ ਹੈ ਅਤੇ ਭਾਜਪਾ ਇਨ੍ਹਾਂ ਦੋ ਰਾਜਾਂ ਵਿੱਚ ਅਗਲੇ ਚੋਣ ਘੋਲ ਮੌਕੇ ਆਮ ਆਦਮੀ ਪਾਰਟੀ ਨਾਲ ਟੱਕਰ ਦੇ ਸੰਕੇਤ ਵੇਖ ਰਹੀ ਹੈ। ਆਮ ਆਦਮੀ ਪਾਰਟੀ ਕੁਝ ਬਾਹਲੇ ਵੱਡੇ ਸੁਫਨੇ ਲੈਣ ਲੱਗੀ ਹੈ ਅਤੇ ਇਸ ਦੇ ਬਹੁਤ ਸਾਰੇ ਆਗੂ ਤਾਂ ਆਪਣੇ ਲੀਡਰ ਅਰਵਿੰਦ ਕੇਜਰੀਵਾਲ ਨੂੰ ਅਗਲੀਆਂ ਪਾਰਲੀਮੈਂਟ ਚੋਣਾਂ ਮੌਕੇ ਨਰਿੰਦਰ ਮੋਦੀ ਦੇ ਮੂਹਰੇ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਕੇ ਵੀ ਪੇਸ਼ ਕਰਨ ਲੱਗੇ ਹਨ।
ਏਥੇ ਆਣ ਕੇ ਸਥਿਤੀ ਵਿੱਚ ਵੱਡੀ ਤਬਦੀਲੀ ਆ ਜਾਂਦੀ ਹੈ। ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਦਵੀ ਦਾ ਸੁਫਨਾ ਲੈਣ ਵਾਲਿਆਂ ਦੀ ਲਾਈਨ ਬਹੁਤ ਵੱਡੀ ਹੈ। ਇੱਕ ਵਾਰੀ ਲੋਕ ਸਭਾ ਵਿੱਚ ਇਹ ਦੂਸ਼ਣਬਾਜ਼ੀ ਹੋਈ ਕਿ ਫਲਾਣੇ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਸੁਫਨੇ ਆਉਂਦੇ ਹਨ। ਫਿਰ ਕਈ ਲੋਕਾਂ ਉੱਤੇ ਇਹੋ ਦੋਸ਼ ਲੱਗਣ ਲੱਗ ਪਿਆ ਅਤੇ ਹਰ ਕੋਈ ਇਹੋ ਕਹੀ ਜਾਵੇ ਕਿ ਮੈਨੂੰ ਏਦਾਂ ਦੀ ਕਿਸੇ ਕੁਰਸੀ ਦਾ ਲਾਲਚ ਨਹੀਂ। ਲਾਲੂ ਪ੍ਰਸਾਦ ਉੱਠਿਆ ਅਤੇ ਕਹਿਣ ਲੱਗਾ ਕਿ ਇਹ ਸਭ ਲੋਕ ਝੂਠ ਬੋਲਦੇ ਹਨ, ਕਿਸ ਨੂੰ ਇਸ ਵੱਡੀ ਕੁਰਸੀ ਦਾ ਸੁਫਨਾ ਨਹੀਂ ਆਉਂਦਾ, ਮੈਨੂੰ ਤਾਂ ਰੋਜ਼ ਰਾਤ ਨੂੰ ਸੁਫਨਾ ਆਉਂਦਾ ਹੈ ਕਿ ਮੈਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ। ਉਸ ਦੀ ਗੱਲ ਸੱਚੀ ਸੀ। ਭਾਰਤ ਵਿੱਚ ਇਹ ਪਦਵੀ 'ਇੱਕ ਅਨਾਰ ਅਤੇ ਸੌ ਬਿਮਾਰ' ਦੇ ਮੁਹਾਵਰੇ ਵਰਗੀ ਹੈ, ਕਈਆਂ ਨੂੰ ਇਸ ਦਾ ਸੁਫਨਾ ਆਉਂਦਾ ਹੈ ਤੇ ਏਦਾਂ ਦੇ ਲੋਕਾਂ ਵਿੱਚ ਨਿਤੀਸ਼ ਕੁਮਾਰ ਦਾ ਨਾਂਅ ਵੀ ਹੈ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ। ਅੱਧੀ ਸਦੀ ਸਿਆਸੀ ਮੈਦਾਨ ਵਿੱਚ ਰਹਿ ਚੁੱਕਾ ਆਗੂ ਏਦਾਂ ਦਾ ਸੁਫਨਾ ਲੈਂਦਾ ਹੈ ਤਾਂ ਗਲਤ ਨਹੀਂ ਕਰਦਾ, ਪਰ ਸਵਾਲ ਸੁਫਨੇ ਦਾ ਨਹੀਂ, ਸੁਫਨੇ ਲਈ ਸਾਥ ਦੇਣ ਵਾਲੀ ਫੌਜ ਦਾ ਹੈ। ਬਿਹਾਰ ਦਾ ਮੁੱਖ ਮੰਤਰੀ ਕਈ ਵਾਰੀ ਰਾਜਸੀ ਪਲਟੀਆਂ ਮਾਰ ਕੇ ਅੱਜ ਅੱਠਵੀ ਵਾਰੀ ਓਸੇ ਅਹੁਦੇ ਦੀ ਸਹੁੰ ਚੁੱਕਣ ਦੇ ਬਾਅਦ ਇੱਕ ਹੋਰ ਰਿਕਾਰਡ ਬਣਾ ਚੁੱਕਾ ਹੈ ਕਿ ਉਸ ਦੀਆਂ ਏਨੀਆਂ ਵਾਰੀਆਂ ਦੀ ਔਸਤ ਇੱਕ ਸਾਲ ਤੋਂ ਮਸਾਂ ਢਾਈ ਮਹੀਨੇ ਉੱਪਰ ਦੀ ਬਣਦੀ ਹੈ, ਜਦ ਕਿ ਮੁੱਖ ਮੰਤਰੀ ਪੰਜ ਸਾਲ ਰਹਿਣਾ ਚਾਹੀਦਾ ਹੈ। ਇਸ ਦੇ ਬਾਵਜੂਦ ਉਸ ਨਾਲ ਜੁੜੀਆਂ ਪਾਰਟੀਆਂ ਦੇ ਗੱਠਜੋੜ ਨੇ ਉਸ ਨੂੰ ਅਗਲੀ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਦਾ ਉਮੀਦਵਾਰ ਬਣਾ ਕੇ ਪੇਸ਼ ਕਰਨ ਵਿੱਚ ਦੇਰ ਨਹੀਂ ਲਾਈ। ਉਨ੍ਹਾਂ ਨੂੰ ਨਿਤੀਸ਼ ਕੁਮਾਰ ਨਾਲ ਮਤਲਬ ਨਹੀਂ, ਇੱਕ ਉਮੀਦਵਾਰ ਚਾਹੀਦਾ ਹੈ।
ਨਿਤੀਸ਼ ਕੁਮਾਰ ਤੋਂ ਪਹਿਲਾਂ ਕਿਸੇ ਸਮੇਂ ਮਮਤਾ ਬੈਨਰਜੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਬਣਾਉਣ ਦੇ ਚਰਚੇ ਹੁੰਦੇ ਸਨ, ਕਿਸੇ ਸਮੇਂ ਸ਼ਰਦ ਪਵਾਰ ਦੀ ਚਰਚਾ ਵੀ ਹੁੰਦੀ ਸੀ ਤੇ ਉਸ ਤੋਂ ਪਹਿਲਾਂ ਮੁਲਾਇਮ ਸਿੰਘ ਯਾਦਵ ਦੇ ਨਾਂਅ ਦੀ ਚਰਚਾ ਵੀ ਹੋ ਚੁੱਕੀ ਸੀ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜਿਸ ਦੇ ਨਾਂਅ ਦੀ ਚਰਚਾ ਹੁੰਦੀ ਹੋਵੇ, ਸਮਾਂ ਆਏ ਤੋਂ ਪ੍ਰਧਾਨ ਮੰਤਰੀ ਵੀ ਉਹ ਹੀ ਬਣੇ, ਕਈ ਵਾਰੀ ਕਿਸੇ ਹੋਰ ਨਾਂਅ ਦੀ ਚਰਚਾ ਹੋਈ ਤੇ ਪ੍ਰਧਾਨ ਮੰਤਰੀ ਕੋਈ ਹੋਰ ਬਣਦਾ ਵੀ ਵੇਖਿਆ ਗਿਆ ਹੈ। ਨਰਸਿਮਹਾ ਰਾਓ ਦੇ ਬਾਅਦ ਬਹੁਤੀਆਂ ਸੀਟਾਂ ਭਾਜਪਾ ਦੀਆਂ ਆਈਆਂ, ਪਰ ਬਹੁਤੀਆਂ ਹੋ ਕੇ ਵੀ ਉਨ੍ਹਾਂ ਦੇ ਗੱਠਜੋੜ ਸਮੇਤ ਬਹੁ-ਸੰਮਤੀ ਨਹੀਂ ਸੀ ਬਣਦੀ। ਉਨ੍ਹਾਂ ਦੇ ਆਗੂ ਅਟਲ ਬਿਹਾਰੀ ਵਾਜਪਾਈ ਨੇ ਅਹੁਦਾ ਸੰਭਾਲ ਲਿਆ, ਪਰ ਤੇਰਾਂ ਦਿਨਾਂ ਪਿੱਛੋਂ ਅਸਤੀਫਾ ਦੇਣਾ ਪਿਆ। ਉਸ ਦੀ ਥਾਂ ਕਰਨਾਟਕ ਦੇ ਮੁੱਖ ਮੰਤਰੀ ਹਰਦਨਹੱਲੀ ਡੋਡੇਗੌੜਾ ਦੇਵੇਗੌੜਾ ਨੂੰ ਇਹ ਕੁਰਸੀ ਮਿਲ ਗਈ ਸੀ, ਜਿਸ ਦੇ ਨਾਂਅ ਦੀ ਕਦੀ ਚਰਚਾ ਤੱਕ ਨਹੀਂ ਸੀ ਚੱਲੀ। ਕਾਰਨ ਇਹ ਸੀ ਕਿ ਓਦੋਂ ਕਾਂਗਰਸ ਦੀ ਹਮਾਇਤ ਨਾਲ ਰਾਜ ਕਰਨ ਲਈ ਤਿਆਰ ਹੋਏ ਗੱਠਜੋੜ ਅੱਗੇ ਲੱਗਣ ਵਾਲੀ ਪਾਰਟੀ ਜਨਤਾ ਦਲ ਦੇ ਲੋਕ ਸਭਾ ਮੈਂਬਰਾਂ ਵਿੱਚ ਸਭ ਤੋਂ ਵੱਧ ਗਿਣਤੀ ਕਰਨਾਟਕ ਤੋਂ ਆਈ ਸੀ। ਕਾਂਗਰਸ ਨੇ ਜਦੋਂ ਉਸ ਦੀ ਹਮਾਇਤ ਅਗਲੇ ਸਾਲ ਵਾਪਸ ਲੈ ਲਈ ਅਤੇ ਪ੍ਰਧਾਨ ਮੰਤਰੀ ਬਦਲਣ ਨੂੰ ਕਹਿ ਦਿੱਤਾ ਤਾਂ ਗੱਠਜੋੜ ਦੀ ਸਹਿਮਤੀ ਉਸ ਵਕਤ ਮੁਲਾਇਮ ਸਿੰਘ ਯਾਦਵ ਦੇ ਪੱਖ ਵਿੱਚ ਬਣਦੀ ਸੀ, ਪਰ ਕਾਂਗਰਸ ਨਹੀਂ ਸੀ ਮੰਨੀ। ਗੱਠਜੋੜ ਦੀ ਮੀਟਿੰਗ ਕਰਦੇ ਸੀਨੀਅਰ ਲੀਡਰਾਂ ਵਿੱਚ ਇੰਦਰ ਕੁਮਾਰ ਗੁਜਰਾਲ ਮੌਜੂਦ ਨਹੀਂ ਸੀ, ਕਿਉਂਕਿ ਉਹ ਇਸ ਅਹੁਦੇ ਵਾਸਤੇ ਕਿਸੇ ਚਰਚਾ ਵਿੱਚ ਹੀ ਨਹੀਂ ਸੀ, ਪਰ ਸਹਿਮਤੀ ਉਸ ਦੇ ਨਾਂਅ ਉੱਤੇ ਬਣ ਗਈ ਤੇ ਘਰੋਂ ਸੱਦ ਕੇ ਉਸ ਨੂੰ ਰਾਜ ਗੱਦੀ ਸੌਂਪ ਦਿੱਤੀ ਗਈ ਸੀ।
ਦੇਵਗੌੜਾ ਅਤੇ ਗੁਜਰਾਲ ਦੀ ਅਗਵਾਈ ਵਾਲੀਆਂ ਸਰਕਾਰਾਂ ਦਾ ਤਜਰਬਾ ਫੇਲ੍ਹ ਹੋਣ ਮਗਰੋਂ ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਨੇ ਛੇ ਸਾਲ ਰਾਜ ਕਰ ਲਿਆ ਤਾਂ ਅਗਲੀ ਵਾਰੀ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਜਿੱਤ ਗਿਆ ਤੇ ਜੇਤੂ ਗੱਠਜੋੜ ਦੀ ਲੀਡਰ ਵਜੋਂ ਸੋਨੀਆ ਗਾਂਧੀ ਦੇ ਨਾਂਅ ਉੱਤੇ ਸਹਿਮਤੀ ਹੋਈ, ਪਰ ਉਹ ਬਣ ਨਹੀਂ ਸਕੀ। ਜਿਹੜੇ ਡਾਕਟਰ ਮਨਮੋਹਨ ਸਿੰਘ ਨੂੰ ਕਦੇ ਕਿਸੇ ਨੇ ਆਗੂ ਨਹੀਂ ਮੰਨਿਆ ਤੇ ਪ੍ਰਧਾਨ ਮੰਤਰੀ ਬਣਨ ਮਗਰੋਂ ਵੀ ਉਹ ਆਗੂ ਨਹੀਂ ਬਣ ਸਕਿਆ, ਉਸ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਮਿਲ ਗਿਆ ਸੀ। ਉਸ ਨੇ ਇਹ ਸੋਚਿਆ ਵੀ ਨਹੀਂ ਸੀ। ਪਿਛਲੇ ਇਨ੍ਹਾਂ ਅਣਗੌਲੇ ਚਿਹਰਿਆਂ ਦੇ ਪ੍ਰਧਾਨ ਮੰਤਰੀ ਬਣ ਜਾਣ ਵਾਂਗ ਕਦੇ ਅਗਲੀ ਕਿਸੇ ਵਾਰੀ ਇਹੋ ਜਿਹੀ ਸਥਿਤੀ ਬਣੀ ਤਾਂ ਜ਼ਰੂਰੀ ਨਹੀਂ ਕਿ ਕਿਸੇ ਨਿਤੀਸ਼ ਕੁਮਾਰ, ਕਿਸੇ ਮਮਤਾ ਬੈਨਰਜੀ, ਕਿਸੇ ਅਰਵਿੰਦ ਕੇਜਰੀਵਾਲ ਦੇ ਨਾਂਅ ਦੁਆਲੇ ਸਹਿਮਤੀ ਬਣੇ, ਓਦੋਂ ਵੀ ਕੋਈ ਅਣਗੌਲਿਆ ਚਿਹਰਾ ਅਚਾਨਕ ਬਾਕੀ ਸਾਰਿਆਂ ਦਾ ਰਸਤਾ ਕੱਟ ਸਕਦਾ ਹੈ।
ਕਹਿੰਦੇ ਹਨ ਕਿ ਸੂਫੀ ਸੰਤ ਮੁਹੰਮਦ ਨਿਜ਼ਾਮੁਦੀਨ ਔਲੀਆ ਨੇ ਇੱਕ ਵਾਰ 'ਦਿੱਲੀ ਦੂਰ ਅਸਤ' ਕਿਹਾ ਸੀ, ਜਿਸ ਦਾ ਭਾਵ ਸੀ ਕਿ ਦਿੱਲੀ ਅਜੇ ਚੋਖੀ ਦੂਰ ਹੈ। ਉਨ੍ਹਾਂ ਨੇ ਇਹ ਗੱਲ ਕਿਉਂ ਕਹੀ ਸੀ, ਇਸ ਬਾਰੇ ਕਈ ਮੱਤ ਹਨ, ਪਰ ਇਸ ਵਕਤ ਭਾਰਤ ਦੀ ਰਾਜਨੀਤੀ ਵਿੱਚ ਜਿਹੜੇ ਆਗੂ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਸੁਫਨੇ ਲੈਂਦੇ ਫਿਰਦੇ ਹਨ, ਉਹ ਨਿਤੀਸ਼ ਕੁਮਾਰ ਹੋਵੇ ਜਾਂ ਮਮਤਾ ਬੈਨਰਜੀ ਜਾਂ ਅਰਵਿੰਦ ਕੇਜਰੀਵਾਲ, ਇਨ੍ਹਾਂ ਸਾਰਿਆਂ ਨੂੰ 'ਦਿੱਲੀ ਦੂਰ ਅਸਤ' ਦਾ ਅਰਥ ਸਮਝ ਲੈਣਾ ਚਾਹੀਦਾ ਹੈ। ਜਦੋਂ ਇਹੋ ਪਤਾ ਨਹੀਂ ਕਿ ਅਗਲੇ ਮਹੀਨੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੇ ਦਿੱਲੀ ਦੀ ਸਰਕਾਰ ਨੂੰ ਢਾਹ ਲਾਉਣ ਲਈ ਕੀ ਕੁਝ ਕਰ ਗੁਜ਼ਰਨਾ ਹੈ ਅਤੇ ਬਿਹਾਰ ਦੀ ਸਰਕਾਰ ਵੀ ਚੱਲਣ ਦੇਣੀ ਹੈ ਕਿ ਨਹੀਂ, ਉਸ ਵਕਤ ਏਦਾਂ ਦੇ ਸੁਫਨੇ ਲੈਣ ਦਾ ਕੋਈ ਅਰਥ ਨਹੀਂ ਰਹਿੰਦਾ। ਸ਼ਹਿਰ ਦੇ ਬਾਹਰ ਨਿਕਲ ਕੇ ਸੂਆ ਲੰਘਣਾ ਹੋਵੇ ਤਾਂ ਆਪਣੇ ਘਰੋਂ ਪਜਾਮਾ ਲਾਹ ਕੇ ਮੋਢੇ ਉੱਤੇ ਸੁੱਟਣ ਜਾਂ ਜੁੱਤੀ ਲਾਹ ਕੇ ਹੱਥ ਵਿੱਚ ਫੜਨ ਦੀ ਕੋਈ ਲੋੜ ਨਹੀਂ ਹੁੰਦੀ, ਇਸ ਦੀ ਥਾਂ ਸਾਰੀ ਸ਼ਕਤੀ ਬਚਾ ਕੇ ਅਤੇ ਹੋ ਸਕੇ ਤਾਂ ਹੋਰ ਵਧਾ ਕੇ ਓਥੋਂ ਤੱਕ ਜਾਣ ਬਾਰੇ ਸੋਚਣਾ ਚਾਹੀਦਾ ਹੈ। ਜਿਨ੍ਹਾਂ ਦੀ ਅੱਖ ਏਨੀ ਅਗੇਤੀ ਉਸ ਵੱਡੀ ਕੁਰਸੀ ਵੱਲ ਲੱਗ ਜਾਵੇਗੀ, ਉਹ ਉਸ ਦੇ ਲਈ ਉਲੰਪਿਕ ਦੇ ਖਿਡਾਰੀਆਂ ਵਾਂਗ ਤਿਆਰੀ ਕਰਨ ਦੀ ਥਾਂ ਉਸ ਵਕਤ ਦੇ ਮਹੂਰਤ ਲਈ ਸਿਆਸੀ ਪਾਂਧਿਆਂ ਅੱਗੇ ਹੱਥ ਫੈਲਾਉਂਦੇ ਤੇ ਆਪਣਾ ਰਾਸ਼ੀ ਫ਼ਲ ਜਾਨਣ ਦੀ ਤਾਂਘ ਵਿੱਚ ਫਾਵੇ ਹੋਏ ਅੱਜ ਕਰਨ ਵਾਲੇ ਕੰਮ ਵੀ ਭੁਲਾ ਬੈਠਣਗੇ। ਮੁਸ਼ਕਲ ਇਹ ਹੈ ਕਿ ਭਾਰਤ ਦੇ ਲੀਡਰ ਅੱਜ ਵਿੱਚ ਜਿਊਣ ਦੀ ਥਾਂ ਭਲਕ ਵਿੱਚ ਜਿਊਣ ਦੇ ਸੁਫਨੇ ਨਾਲ ਫਾਵੇ ਹੋਏ ਪਏ ਹਨ ਤਾਂ ਇਸ ਦੇਸ਼ ਦੀ ਆਮ ਜਨਤਾ ਨੂੰ ਇਹ ਕੌਣ ਦੱਸੇਗਾ ਕਿ ਭਲਕ ਸੰਵਾਰਨਾ ਹੋਵੇ ਤਾਂ ਅੱਜ ਵਿੱਚ ਜਿਊਣ ਦੀ ਕੋਸ਼ਿਸ਼ ਕਰਨੀ ਪਹਿਲਾਂ ਸਿੱਖਣੀ ਪੈਂਦੀ ਹੈ!