ਇਕ ਵਾਰ ਫਿਰ ਉੱਠੇਗਾ ਪੰਜਾਬ ਕੁਕਨੂਸ ਬਣ ਕੇ? - ਗੁਰਬਚਨ ਜਗਤ
ਆਜ਼ਾਦੀ ਦੇ 75 ਸਾਲਾ ਜਸ਼ਨਾਂ ਦੌਰਾਨ ਪਿਛਲੇ ਕੁਝ ਮਹੀਨਿਆਂ ਤੋਂ ਤ੍ਰਾਸਦਿਕ ਯਾਦਾਂ ਤੇ ਰੋਹ ਨਾਲ ਭਰੇ ਲੇਖ ਲਗਾਤਾਰ ਸਾਹਮਣੇ ਆ ਰਹੇ ਹਨ। ਇਨ੍ਹਾਂ ਦੇ ਬਹੁਤੇ ਲੇਖਕ ਵੰਡ ਤੋਂ ਦੂਜੀ ਜਾਂ ਤੀਜੀ ਪੀੜ੍ਹੀ ਨਾਲ ਜੁੜੇ ਹੋੲੋ ਹਨ। ਹਾਲੇ ਜਦੋਂ ਭਾਰਤ ‘ਆਪਣੀ ਹੋਣੀ ਨਾਲ ਜੂਝਣ’ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਪੰਜਾਬ ਨੂੰ ਪਹਿਲਾਂ ਹੀ ਇਸ ਦਾ ਕਰੜਾ ਅਨੁਭਵ ਹੋ ਵੀ ਚੁੱਕਾ ਸੀ ...ਪੰਜਾਬ ਦੇ ਲੋਕਾਂ ਦੇ ਸਿਰ ’ਤੇ ਕਤਲੇਆਮ ਦਾ ਅਜਿਹਾ ਝੱਖੜ ਝੁੱਲਿਆ ਜਿਸ ਦਾ ਤਾਣਾ-ਪੇਟਾ ਆਖ਼ਰੀ ਸਾਹ ਲੈ ਰਹੇ ਇਕ ਸਾਮਰਾਜ ਵੱਲੋਂ ਬੁਣਿਆ ਗਿਆ ਸੀ ਅਤੇ ਛੋਟੇ ਮੋਟੇ ਲਾਹੇ ਲੈਣ ਦੀ ਤਾਕ ਵਿਚ ਬੈਠੇ ਕੁਝ ਫਰੇਬੀ ਸਿਆਸਤਦਾਨਾਂ ਵੱਲੋਂ ਇਸ ਨੂੰ ਸ਼ਹਿ ਦਿੱਤੀ ਗਈ ਸੀ। ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ, ਵਿਸ਼ਲੇਸ਼ਣ ਕੀਤੇ ਗਏ ਹਨ ਪਰ ਵੰਡ ਦੀ ਕਹਾਣੀ ਅਜਿਹੀ ਹੈ ਕਿ ਮੁੱਕਣ ਦਾ ਨਾਂ ਨਹੀਂ ਲੈ ਰਹੀ। ਜਿਹੜੇ ਲੋਕ ਦੂਜੇ ਬੰਨੇ ਪਹੁੰਚ ਕੇ ਆਪਣੇ ਪੁਰਖਿਆਂ ਅਤੇ ਘਰਾਂ ਦੀ ਮਿੱਟੀ ਨੂੰ ਸਿਜਦਾ ਕਰਨ ਵਿਚ ਕਾਮਯਾਬ ਹੋ ਗਏ, ਉਨ੍ਹਾਂ ਦੇ ਮਨ ਨੂੰ ਤਾਂ ਇਕ ਤਰ੍ਹਾਂ ਨਾਲ ਟਿਕਾਓ ਜਿਹਾ ਆ ਗਿਆ ਤੇ ਉਨ੍ਹਾਂ ਆਪਣੇ ਉਸ ਘਰ ਦੀ ਕੋਈ ਇੱਟ ਸਾਂਭ ਕੇ ਰੱਖ ਲਈ। ਬਿਨਾਂ ਸ਼ੱਕ, ਉਨ੍ਹਾਂ ਦੀ ਆਓ ਭਗਤ, ਮਿਲੇ ਪਿਆਰ ਮੁਹੱਬਤ ਤੇ ਅਪਣੱਤ ਦੀਆਂ ਕਹਾਣੀਆਂ ਵੀ ਬਹੁਤ ਹਨ... ਪਰ ਕੀ ਇਹ ਕਾਫ਼ੀ ਹੁੰਦਾ ਹੈ? ਅਰਬ ਦਾ ਸਾਰਾ ਇਤਰ ਵੀ ਦੋਵੇਂ ਪਾਸੇ ਫ਼ੈਲੀ ਵਹਿਸ਼ਤ ਦੀ ਦੁਰਗੰਧ ਨੂੰ ਨਹੀਂ ਹੂੰਝ ਸਕਦਾ।
ਇਹ ਕਹਾਣੀ ਸਿਰਫ਼ ਖ਼ੂਨ ਦੇ ਦਰਿਆ ਦੀ ਹੀ ਨਹੀਂ ਸਗੋਂ ਵੰਡ ਤੋਂ ਬਾਅਦ ਹੋਈ ਹਿਜਰਤ ਦੀ ਵੀ ਹੈ। ਲੱਖਾਂ ਲੋਕ ਰਾਤੋ ਰਾਤ ਸ਼ਰਨਾਰਥੀ ਬਣ ਗਏ ਜਿਨ੍ਹਾਂ ਕੋਲ ਨਾ ਕੋਈ ਕੱਪੜਾ ਲੱਤਾ ਸੀ, ਨਾ ਪੈਸਾ, ਨਾ ਜ਼ਮੀਨ, ਨਾ ਵਪਾਰ ਤੇ ਨਾ ਨੌਕਰੀ ...ਉਹ ਮਰਿਆਂ ਨੂੰ ਪਿੱਛੇ ਛੱਡ ਕੇ ਚਲੇ ਗਏ ਅਤੇ ਆਪ ਮਰਿਆਂ ਵਰਗੇ ਬਣ ਗਏ। ਸ਼ਾਇਦ ਇਹ ਇਤਿਹਾਸ ਦੀ ਸਭ ਤੋਂ ਵੱਡੀ ਹਿਜਰਤ ਸੀ। ਬਹਰਹਾਲ, ਪੰਜਾਬੀਆਂ ਨੇ ਇਸ ਮਨੁੱਖੀ ਤ੍ਰਾਸਦੀ ਅਤੇ ਪਦਾਰਥਕ ਹਰਜ਼ੇ ਨੂੰ ਬੜੇ ਠਰੰਮੇ ਨਾਲ ਜਰਿਆ ਅਤੇ ਸਰਕਾਰ ਤੇ ਪ੍ਰਸ਼ਾਸਨ ਨੇ ਸ਼ਿੱਦਤ ਨਾਲ ਪੀੜਤ ਲੋਕਾਂ ਦੀ ਮਦਦ ਕੀਤੀ। ਕਿਸਾਨਾਂ ਤੇ ਵਪਾਰੀਆਂ ਨੂੰ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਅਤੇ ਉਜਾੜੇ ਦੇ ਸ਼ਿਕਾਰ ਲੋਕਾਂ ਨੂੰ ਘਰ ਤੇ ਦੁਕਾਨਾਂ ਦੇ ਕੇ ਵਸਾਇਆ ਗਿਆ (ਹਾਲਾਂਕਿ ਜਿੰਨਾ ਉਨ੍ਹਾਂ ਦਾ ਨੁਕਸਾਨ ਹੋਇਆ ਸੀ, ਉਸ ਦੇ ਮੁਕਾਬਲੇ ਇਹ ਤੁੱਛ ਹੀ ਸੀ)। ਉੱਜੜ ਕੇ ਆਏ ਲੋਕ ਪੰਜਾਬ, ਹਰਿਆਣਾ, ਦਿੱਲੀ, ਕਾਨਪੁਰ, ਕਲਕੱਤਾ, ਬੰਬਈ ਆਦਿ ਥਾਵਾਂ ’ਤੇ ਗਏ ਅਤੇ ਆਖ਼ਰ ਕੋਈ ਚੰਗੀ ਥਾਂ ਲੱਭ ਕੇ ਵਸ ਗਏ। ਉਂਝ, ਲੋਕਾਂ ਦੇ ਉੱਦਮ ਸਦਕਾ ਕੁਝ ਸਮੇਂ ਬਾਅਦ ਹੀ ਸ਼ਰਨਾਰਥੀ ਸ਼ਬਦ ਉਨ੍ਹਾਂ ਦੇ ਚੇਤਿਆਂ ’ਚੋਂ ਵਿੱਸਰ ਗਿਆ। ਹਾਲੇ ਜਦੋਂ ਸੱਠਵਿਆਂ ਤੇ ਸੱਤਰਵਿਆਂ ਦੇ ਦਹਾਕੇ ਵਿਚ ਜਾ ਕੇ ਲੋਕਾਂ ਨੂੰ ਮਸਾਂ ਮਸਾਂ ਸਕੂਨ ਨਸੀਬ ਹੋਇਆ ਸੀ ਤਾਂ ਪੰਜਾਬ ਵਿਚ ਇਕ ਹੋਰ ਖ਼ੂਨੀ ਦੌਰ ਸ਼ੁਰੂ ਹੋ ਗਿਆ। ਤੁਸੀਂ ਇਸ ਨੂੰ ਕੁਝ ਵੀ ਆਖ ਸਕਦੇ ਹੋ ਪਰ ਇਕ ਵਾਰ ਫਿਰ ਇਸ ਨੇ ਪੰਜਾਬ ਦੀ ਰੂਹ ਨੂੰ ਤਾਰ ਤਾਰ ਕਰ ਦਿੱਤਾ। ਇੱਥੇ ਅਸੀਂ ਇਹ ਦੌਰ ਸ਼ੁਰੂ ਹੋਣ ਦੇ ਕਾਰਨਾਂ ਦੀ ਚਰਚਾ ਨਹੀਂ ਕਰਾਂਗੇ। ਇਹ ਇਸ ਖੇਡ ਦੇ ਸੌਦਾਗਰਾਂ ਦੇ ਫਰੇਬ, ਮਕਰ ਤੇ ਹਿੰਸਾ ਦੀ ਘਾੜਤ ਸੀ ਅਤੇ ਇਸ ਦੀ ਗੁੱਥੀ ਸੁਲਝਾਉਣੀ ਬੜੀ ਔਖੀ ਹੈ। ਸ਼ੁਰੂ ਵਿਚ ਸ਼ਹਿਰੀ ਖੇਤਰਾਂ ਵਿਚ ਗਿਣ ਮਿੱਥ ਕੇ ਕਤਲ ਹੋਣ ਲੱਗ ਪਏ ਪਰ ਫਿਰ ਇਹ ਪੇਂਡੂ ਖੇਤਰਾਂ ਵਿਚ ਵੀ ਫੈਲ ਗਏ। ਵਾਰਦਾਤਾਂ ਦੀ ਗਿਣਤੀ ਵਧਣ ਲੱਗ ਪਈ, ਬਿਹਤਰ ਹਥਿਆਰਾਂ ਅਤੇ ਪੈਂਤੜਿਆਂ ਦੀ ਵਰਤੋਂ ਸ਼ੁਰੂ ਹੋ ਗਈ। ਵਪਾਰੀ ਛੋਟੇ ਕਸਬਿਆਂ ਤੋਂ ਉੱਠ ਕੇ ਵੱਡੇ ਸ਼ਹਿਰਾਂ ਵਿਚ ਜਾਣ ਲੱਗ ਪਏ ਅਤੇ ਅੰਮ੍ਰਿਤਸਰ, ਜਲੰਧਰ, ਬਟਾਲਾ, ਮੰਡੀ ਗੋਬਿੰਦਗੜ੍ਹ, ਲੁਧਿਆਣਾ ਦੇ ਵੱਡੇ ਕਾਰੋਬਾਰੀ ਆਪਣਾ ਪੈਸਾ ਪੰਜਾਬ ਤੋਂ ਬਾਹਰ ਨਿਵੇਸ਼ ਕਰਨ ਲੱਗ ਪਏ। ਕਿਸਾਨਾਂ ਨੇ ਵੀ ਸ਼ਹਿਰਾਂ ਵੱਲ ਪਲਾਇਨ ਸ਼ੁਰੂ ਕਰ ਦਿੱਤਾ ਕਿਉਂਕਿ ਪੁਲੀਸ ਅਤੇ ਖਾੜਕੂਆਂ ਦੇ ਦੋਤਰਫ਼ਾ ਦਬਾਓ ਹੇਠ ਖੇਤੀ ਕਰਨੀ ਔਖੀ ਹੋ ਗਈ ਸੀ। ਪਹਿਲਾਂ ਜਿੱਥੇ ਇਹ ਵਿਰਲਾ ਟਾਵਾਂ ਪਲਾਇਨ ਹੁੰਦਾ ਸੀ, ਉੱਥੇ ਸਾਕਾ ਨੀਲਾ ਤਾਰਾ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਸ ਦਾ ਹੜ੍ਹ ਆ ਗਿਆ। ਦਿੱਲੀ ਅਤੇ ਭਾਰਤ ਦੇ ਹੋਰਨਾਂ ਸ਼ਹਿਰਾਂ ਵਿਚ ਹੋਈ ਸਿੱਖ ਵਿਰੋਧੀ ਹਿੰਸਾ ਕਰਕੇ ਸਿੱਖਾਂ ਨੇ ਪੰਜਾਬ ਵੱਲ ਪਰਤਣਾ ਸ਼ੁਰੂ ਕਰ ਦਿੱਤਾ। ਹੁਣ ਤੱਕ ਆਜ਼ਾਦੀ ਘੁਲਾਟੀਏ ਸਿਆਸਤਦਾਨਾਂ ਦੀ ਪੀੜ੍ਹੀ ਜਾ ਚੁੱਕੀ ਸੀ ਅਤੇ ਸਰਕਾਰ ਨੇ ਵੀ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਤੋਂ ਪਾਸਾ ਵੱਟ ਲਿਆ। ਪੰਜਾਬ ਵਿਚ ਲੰਮਾ ਅਰਸਾ ਰਾਸ਼ਟਰਪਤੀ ਰਾਜ ਲਾਗੂ ਰਿਹਾ ਅਤੇ ਇਸ ਦਾ ਇਕਮਾਤਰ ਟੀਚਾ ਅਤਿਵਾਦ ਨੂੰ ਖ਼ਤਮ ਕਰਨਾ ਤੇ ਸੂਬੇ ਨੂੰ ਸੁਰੱਖਿਅਤ ਕਰਨਾ ਸੀ ਜੋ ਨੱਬੇਵਿਆਂ ਦੇ ਮੱਧ ਵਿਚ ਪਹੁੰਚ ਕੇ ਲਗਭਗ ਪੂਰਾ ਹੋ ਸਕਿਆ।
ਇਸ ਤੋਂ ਬਾਅਦ ਪੰਜਾਬੀਆਂ ਨੇ ਨੌਕਰੀਆਂ, ਕਾਰੋਬਾਰ ਤੇ ਵਪਾਰ ਦੇ ਨਵੇਂ ਮੌਕੇ ਤਲਾਸ਼ਣ ਲਈ ਹੋਰਨਾਂ ਥਾਵਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪੰਜਾਬ ਇਕ ਮਜ਼ਬੂਤ ਸਨਅਤੀ ਆਧਾਰ ਤੋਂ ਵਿਰਵਾ ਹੋ ਗਿਆ। ਸਰਕਾਰੀ ਵਿਭਾਗਾਂ ਦਾ ਆਮ ਕੰਮ-ਕਾਜ ਲਗਭਗ ਠੱਪ ਹੋ ਗਿਆ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣੇ ਬੰਦ ਹੋ ਗਏ। ਅਜਿਹੇ ਮਾਹੌਲ ਵਿਚ ਨੌਜਵਾਨਾਂ ਨੇ ਬਰਤਾਨੀਆ, ਕੈਨੇਡਾ, ਆਸਟਰੇਲੀਆ, ਅਮਰੀਕਾ, ਇਟਲੀ ਤੇ ਨੀਦਰਲੈਂਡ ਜਿਹੇ ਮੁਲਕਾਂ ਵੱਲ ਰੁਖ਼ ਕਰ ਲਿਆ। ਇਸ ਤਰ੍ਹਾਂ ਪਲਾਇਨ ਦੀ ਇਕ ਹੋਰ ਲਹਿਰ ਪੈਦਾ ਹੋ ਗਈ। ਆਵਾਜਾਈ ਅਤੇ ਸੰਚਾਰ ਦੇ ਆਧੁਨਿਕ ਸਾਧਨਾਂ ਨੇ ਵੀ ਪਲਾਇਨ ਦਾ ਰਾਹ ਸੁਖਾਲਾ ਕਰ ਦਿੱਤਾ। ਪੰਜਾਬ ਦੇ ਲੋਕ ਕਦੇ ਵੀ ਹਿੰਮਤ ਨਹੀਂ ਹਾਰਦੇ ਅਤੇ ਔਖੇ ਹੋ ਕੇ ਆਪਣਾ ਰਾਹ ਬਣਾ ਹੀ ਲੈਂਦੇ ਹਨ ਪਰ ਉਹ ਜਿੱਥੇ ਵੀ ਗਏ ਆਪਣੇ ਨਾਲ ਆਪਣੀ ਸਰਜ਼ਮੀਨ ਦੀਆਂ ਯਾਦਾਂ ਅਤੇ ਕਦਰਾਂ-ਕੀਮਤਾਂ ਵੀ ਲੈ ਗਏ। ਸ਼ੁਰੂ ਵਿਚ ਇਹ ਪਲਾਇਨ ਵਕਤੀ ਨਜ਼ਰ ਆਉਂਦਾ ਸੀ ਪਰ ਜਦੋਂ ਪਰਵਾਸੀ ਭਾਰਤੀਆਂ ਨੂੰ ਇਹ ਪਤਾ ਚੱਲਿਆ ਕਿ ਪੰਜਾਬ ਵਿਚ ਨਿਵੇਸ਼ ਕਰਨਾ ਆਪਣੇ ਪੈਰਾਂ ’ਤੇ ਕੁਹਾੜੀ ਮਾਰਨ ਦੇ ਤੁੱਲ ਹੈ ਤਾਂ ਇਹ ਸਥਾਈ ਰੁਝਾਨ ਬਣਦਾ ਗਿਆ। ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਕੋਈ ਭਰਮ ਨਹੀਂ ਸੀ ਰਹਿ ਗਿਆ ਤੇ ਉਹ ਆਪਣੀ ਬਿਹਤਰੀ ਲਈ ਨਵੀਂ ਦੁਨੀਆਂ ਨਾਲ ਜੁੜ ਗਈਆਂ।
ਹੁਣ ਇਹ ਹਿਜਰਤ ਵੀਜ਼ਾ ਹਾਸਲ ਕਰਨ ਲਈ ਜੂਝ ਰਹੇ ਨੌਜਵਾਨਾਂ ਦੇ ਹੜ੍ਹ ਦਾ ਰੂਪ ਧਾਰਨ ਕਰ ਚੁੱਕੀ ਹੈ। ਸਾਲ 2000 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਹਨ ਉਨ੍ਹਾਂ ਲਈ ਇਹ ਸ਼ਰਮ ਦੀ ਗੱਲ ਹੈ ਕਿ ਕਿਸੇ ਵੀ ਸਰਕਾਰ ਨੇ ਸਾਡੇ ਨੌਜਵਾਨਾਂ ਦੇ ਮੁੜ ਵਸੇਬੇ ਦੇ ਫ਼ੌਰੀ ਜਾਂ ਲੰਮੇ ਦਾਅ ਦਾ ਕੋਈ ਹੱਲ ਲੱਭਣ ਦੀ ਜ਼ਹਿਮਤ ਨਹੀਂ ਕੀਤੀ। ਸਾਰੀਆਂ ਸਰਕਾਰਾਂ ਨੇ ਹੋਰ ਸਭ ਕੁਝ ਕੀਤਾ ਪਰ ਸ਼ਾਸਨ ਨਹੀਂ ਦੇ ਸਕੀਆਂ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਪਰ ਇਸ ਨਿਘਾਰ ਨੂੰ ਠੱਲ੍ਹ ਨਾ ਪੈ ਸਕੀ। ਪੰਜਾਬ ਦੀ ਹਾਲਤ ਇਹ ਹੈ ਕਿ ਇਹ ਹੁਣ ਆਪਣੀ ਜਵਾਨੀ ਤੋਂ ਸੱਖਣੀ ਧਰਤੀ ਬਣਦੀ ਜਾ ਰਹੀ ਹੈ - ਉਹ ਜਵਾਨੀ ਜੋ ਕਿਸੇ ਰਿਆਸਤ ਦੀ ਬੁਨਿਆਦ ਹੁੰਦੀ ਹੈ। ਪਿੰਡਾਂ ਦੀਆਂ ਸੱਥਾਂ ਵਿਚ ਬਜ਼ੁਰਗ ਬੈਠ ਕੇ ਬੀਤੇ ਜ਼ਮਾਨਿਆਂ ਦੀਆਂ ਬਾਤਾਂ ਪਾਉਂਦੇ ਹਨ। ਉਨ੍ਹਾਂ ’ਚੋਂ ਵੀ ਕਈ ਵਿਦੇਸ਼ ਚਲੇ ਗਏ ਹਨ ਤੇ ਉੱਥੇ ਪੈਨਸ਼ਨਾਂ ਲੈ ਰਹੇ ਹਨ ਤੇ ਆਪਣੇ ਬੱਚਿਆਂ ਦਾ ਹੱਥ ਵਟਾਉਂਦੇ ਹਨ। ਜਿਵੇਂ ਕਿ ਸ਼ੈਕਸਪੀਅਰ ਦੇ ਨਾਟਕ ‘ਹੈਮਲਟ ਪ੍ਰਿੰਸ ਆਫ ਡੈਨਮਾਰਕ’ ਵਿਚ ਨਾਇਕ ਹੈਮਲਟ ਕਹਿੰਦਾ ਹੈ: ‘‘ਰਿਆਸਤ ਡੈਨਮਾਰਕ ਵਿਚ ਕੁਝ ਨਾ ਕੁਝ ਗਲ਼ ਸੜ ਰਿਹਾ ਹੈ।’’ ਸਾਡੇ ਇੱਥੇ ਵੀ ਅਜਿਹਾ ਕੁਝ ਹੀ ਹੋ ਰਿਹਾ ਹੈ। ਵੱਡਾ ਸੁਆਲ ਇਹ ਹੈ ਕਿ ਹੁਣ ਅਸੀਂ ਇੱਥੋਂ ਅੱਗੇ ਕਿੱਥੇ ਜਾਵਾਂਗੇ? ਕੀ ਪੰਜਾਬ ਕੁਕਨੂਸ ਵਾਂਗ ਮੁੜ ਰਾਖ਼ ’ਚੋਂ ਉੱਠੇਗਾ? ਸਰਸਰੀ ਤੌਰ ’ਤੇ ਦੇਖਿਆਂ ਇਸ ਦਾ ਯਕੀਨ ਨਹੀਂ ਬੱਝਦਾ ਪਰ ਜਦੋਂ ਅਸੀਂ ਆਪਣੀ ਵਿਰਾਸਤ, ਪੰਜ ਪਾਣੀਆਂ (ਸਿੰਧ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ) ਵੱਲ ਤੱਕਦੇ ਹਾਂ ਤਾਂ ਆਸ ਜਾਗ ਉੱਠਦੀ ਹੈ। ਇਨ੍ਹਾਂ ਦਰਿਆਵਾਂ ਦੇ ਪਾਣੀਆਂ ਵਿਚ ਬੇਅੰਤ ਇਤਿਹਾਸ ਵਗ ਚੁੱਕਿਆ ਹੈ ਅਤੇ ਬਦਨਸੀਬੀ ਨਾਲ ਜ਼ਿਆਦਾਤਰ ਇਤਿਹਾਸ ਜੰਗਾਂ ਦਾ ਹੈ। ਇਸ ਖਿੱਤੇ ਦੇ ਹਿੱਸੇ ਜੰਗਾਂ ਕੁਝ ਜ਼ਿਆਦਾ ਹੀ ਆਈਆਂ ਹਨ। ਪਹਿਲੜੇ ਸਮਿਆਂ ਵਿਚ ਸਿਕੰਦਰ ਦੀ ਪੋਰਸ ਨਾਲ ਲੜਾਈ, ਪਾਣੀਪਤ ਦੀਆਂ ਤਿੰਨ ਲੜਾਈਆਂ, ਅੰਗਰੇਜ਼ਾਂ ਅਤੇ ਸਿੱਖਾਂ ਦੀਆਂ ਲੜਾਈਆਂ ਅਤੇ ਫਿਰ 1965 ਤੇ 1971 ਵਿਚ ਭਾਰਤ ਤੇ ਪਾਕਿਸਤਾਨ ਦੀਆਂ ਲੜਾਈਆਂ ਦਾ ਰਣਖੇਤਰ ਪੰਜਾਬ ਹੀ ਬਣਦਾ ਰਿਹਾ ਹੈ। ਬੰਦੇ ਬੈਠ ਕੇ ਨਕਸ਼ਿਆਂ ’ਤੇ ਲੀਕਾਂ ਵਾਹ ਲੈਂਦੇ ਹਨ ਜਿਵੇਂ ਕਿ ਉਨ੍ਹਾਂ ਨੇ ਪੰਜਾਬ ਦੇ ਦੋ ਟੋਟੇ ਕਰ ਦਿੱਤੇ ਸਨ ਜਿਨ੍ਹਾਂ ’ਚੋਂ ਇਕ ਪਾਕਿਸਤਾਨ ਵਿਚ ਰਹਿ ਗਿਆ ਤੇ ਦੂਜਾ ਭਾਰਤ ਦੇ ਹਿੱਸੇ ਆ ਗਿਆ। ਇਧਰਲਾ ਪੰਜਾਬ ਅੱਗੋਂ ਫਿਰ ਤਿੰਨ ਟੋਟਿਆਂ ਵਿਚ ਵੰਡ ਦਿੱਤਾ ਗਿਆ ਪਰ ਪੰਜ ਦਰਿਆਵਾਂ ਦੀ ਧਰਤੀ ਉੱਥੇ ਹੀ ਮੌਜੂਦ ਹੈ ਜਿੱਥੇ ਇਹ ਖੜ੍ਹੀ ਸੀ (ਅਜੋਕੀ ਜਲਵਾਯੂ ਤਬਦੀਲੀ ਦੇ ਦੌਰ ਵਿਚ ਸ਼ਾਇਦ ਇਹ ਵੀ ਬੀਤੇ ਦੀ ਗੱਲ ਬਣ ਕੇ ਰਹਿ ਜਾਵੇ)।
ਸਿਆਣੇ ਲੋਕਾਂ ਦਾ ਆਖਣਾ ਹੈ ਕਿ ਮੁੱਕਿਆਂ ਨਾਲ ਬੰਦੇ ਦੀ ਕਮਰ ਨਹੀਂ ਟੁੱਟਦੀ ਸਗੋਂ ਇਸ ਨੂੰ ਮਜ਼ਬੂਤ ਬਣਾਉਂਦੀ ਹੈ। ਪੰਜਾਬੀ ਵੀ ਇਸੇ ਮਿੱਟੀ ਦੇ ਬਣੇ ਹੋਏ ਹਨ। ਪੰਜਾਬ ਨੇ ਸੰਤਾਪ ਝੱਲਿਆ ਸੀ ਪਰ ਇਹ ਖ਼ਤਮ ਨਹੀਂ ਹੋਏ ਸਨ ਸਗੋਂ ਰਣਜੀਤ ਸਿੰਘ ਦੀ ਅਗਵਾਈ ਹੇਠ ਇਕ ਵਿਸ਼ਾਲ ਸਾਮਰਾਜ ਉਸਾਰਿਆ ਸੀ ਜੋ ਕਾਬੁਲ, ਕੰਧਾਰ ਤੋਂ ਲੈ ਕੇ ਕਸ਼ਮੀਰ ਤੇ ਲੱਦਾਖ ਤੱਕ ਫੈਲਿਆ ਹੋਇਆ ਸੀ। 1947 ਤੋਂ ਬਾਅਦ ਇਨ੍ਹਾਂ ਆਪ ਆਪਣਾ ਮੁੜ ਵਸੇਬਾ ਕੀਤਾ ਅਤੇ ਆਪਣੇ ਹੱਥਾਂ ਨਾਲ ਜ਼ਖ਼ਮਾਂ ’ਤੇ ਮੱਲ੍ਹਮ ਲਾਈ ਸੀ। ਇਸ ਨੇ ਹਰੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਤੇ ਭਾਰਤ ਦਾ ਅਨਾਜ ਭੰਡਾਰ ਬਣੇ। ਪਿਛਲੇ ਕੁਝ ਦਹਾਕਿਆਂ ਤੋਂ ਸ਼ਾਸਨ, ਦਿਆਨਤਦਾਰੀ ਅਤੇ ਲੀਡਰਸ਼ਿਪ ਦੀ ਅਣਹੋਂਦ ਕਾਰਨ ਪੰਜਾਬ ਨੂੰ ਮੁਸੀਬਤਾਂ ਨੇ ਘੇਰਿਆ ਹੋਇਆ ਹੈ। ਲੋਕਾਂ ਦੇ ਇਤਿਹਾਸ ਵਿਚ ਇਹੋ ਜਿਹੇ ਸਮੇਂ ਆਉਂਦੇ ਰਹਿੰਦੇ ਹਨ ਅਤੇ ਅਤੀਤ ਦੀ ਤਰ੍ਹਾਂ ਇਹ ਵੀ ਪੰਜਾਂ ਪਾਣੀਆਂ ਦੇ ਵਹਾਓ ਵਿਚ ਵਹਿ ਜਾਣਗੇ। ਕੀ ਪਿਛਲੇ ਕੁਝ ਦਹਾਕਿਆਂ ਦੀ ਰਾਖ਼ ’ਚੋਂ ਇਕ ਵਾਰ ਫਿਰ ਕੁਕਨੂਸ ਉੱਠੇਗਾ? ਬੇਸ਼ੱਕ, ਇਹ ਪੰਜਾਬ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਦੇ ਰੂਪ ਵਿਚ ਮੁੜ ਉੱਠੇਗਾ। ਬਾਬਾ ਨਾਨਕ ਦੀ ਬਾਣੀ ਅਤੇ ਭਗਤੀ ਅੰਦੋਲਨ ਦਾ ਇਲਹਾਮ ਇਕ ਵਾਰ ਫਿਰ ਸਾਡੀ ਢਾਲ ਅਤੇ ਨਾਲ ਹੀ ਪਦਾਰਥਕ ਤੇ ਰੂਹਾਨੀ ਤਰੱਕੀ ਦਾ ਸਦੀਵੀ ਚੱਕਰ ਬਣੇਗਾ। ਇਹ ਠੀਕ ਹੈ ਕਿ ਪੰਜਾਬੀਆਂ ਨੇ ਧਰਤੀ ਦੇ ਵੱਖੋ ਵੱਖਰੇ ਹਿੱਸਿਆਂ ਵਿਚ ਆਪਣੇ ਘਰ ਬਣਾ ਲਏ ਹਨ ਅਤੇ ਜਿਵੇਂ ਤਕਨਾਲੋਜੀ ਨੇ ਭੂਗੋਲਿਕ ਹੱਦਾਂ ਬੰਨਿਆਂ ਨੂੰ ਤੋੜਨ ਵਿਚ ਮਦਦ ਦਿੱਤੀ ਹੈ, ਉਸ ਤੋਂ ਅੱਗੇ ਵਧਣ ਦਾ ਰਾਹ ਦਿਖਾਈ ਦਿੰਦਾ ਹੈ।
* ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।