ਸੌਖਾ ਨਹੀ ਹੈ ਇੱਕ ਸਿੱਖ ਹੋਣਾ, ਇੱਕ ਗੁਰਸਿੱਖ ਹੋਣਾ  - ਬਘੇਲ ਸਿੰਘ ਧਾਲੀਵਾਲ

ਭਾਰਤ ਅੰਦਰ ਗਾਹੇ ਬ ਗਾਹੇ ਅਜਿਹਾ ਬਹੁਤ ਕੁੱਝ ਵਾਪਰਦਾ ਰਹਿੰਦਾ ਹੈ,ਜਿਹੜਾ ਮਨੁੱਖਤਾ ਵਿਰੋਧੀ ਹੁੰਦਾ ਹੈ, ਜਿਹੜਾ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲਾ ਹੁੰਦਾ ਹੈ, ਜਿਹੜਾ ਭਾਰਤ ਅੰਦਰ ਘੱਟ ਗਿਣਤੀਆਂ ਨੂੰ ਫਿਕਰਮੰਦ ਕਰਦਾ ਹੈ, ਪ੍ਰੰਤੂ ਭਾਰਤੀ ਮੀਡੀਏ ਦੀ ਚੁੱਪ ਕਾਰਨ ਬਹੁਤ ਸਾਰੇ ਸਰਕਾਰੀ ਸਰਪ੍ਰਸਤੀ ਵਾਲੇ ਗੁਨਾਹ ਦੱਬ ਕੇ ਰਹਿ ਜਾਂਦੇ ਹਨ,ਤੇ ਲੋਕ ਅਜਿਹੀ ਜਾਣਕਾਰੀ ਤੋ ਵਾਂਝੇ ਰਹਿ ਜਾਂਦੇ ਹਨ, ਜਿਹੜੀ ਉਹਨਾਂ ਤੱਕ ਪਹੁੰਚਣੀ ਬੇਹੱਦ ਜਰੂਰੀ ਹੋਣੀ ਚਾਹੀਦੀ ਹੈ। ਪਿਛਲੇ ਦਿਨੀ ਅਮਰੀਕਾ ਤੋ ਆਪਣੇ ਪਰਿਵਾਰ ਨੂੰ ਮਿਲਣ ਆ ਰਹੇ ਇੱਕ ਪੂਰਨ ਗੁਰਸਿੱਖ ਅਤੇ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਭਾਰਤ ਚ ਦਾਖਲ ਹੋਣ ਤੋ ਰੋਕ ਕੇ ਤਿੰਨ ਘੰਟੇ ਬਾਅਦ ਦਿੱਲੀ  ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋ ਹੀ ਅਮਰੀਕਾ ਜਾਣ ਵਾਲੀ ਫਲਾਈਟ ਤੇ ਵਾਪਸ ਭੇਜ ਦਿੱਤਾ ਗਿਆ। ਉਹਨਾਂ ਨੂੰ ਵਾਪਸ ਭੇਜਣ ਦਾ ਕੋਈ ਕਾਰਨ ਵੀ ਨਹੀ ਦੱਸਿਆ ਗਿਆ। ਰਾਤ ਤਕਰੀਬਨ 10 ਵਜੇ ਅੰਗਦ ਨੇ ਆਪਣੀ ਮਾਂ ਨੂੰ ਇਸ ਬਾਰੇ ਫੋਨ ਤੇ ਦੱਸਿਆ ਕਿ ਉਹਨੂੰ  ਵਾਪਸ ਭੇਜਿਆ ਜਾ ਰਿਹਾ ਹੈ ਅਤੇ ਇਸ ਦਾ ਕੋਈ ਕਾਰਨ ਵੀ ਨਹੀ ਦੱਸਿਆ ਗਿਆ। ਉਹ ਬੜੇ ਚਾਵਾਂ ਨਾਲ ਬੁੱਧਵਾਰ ਦੀ ਰਾਤ ਸਾਢੇ ਅੱਠ ਵਜੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉੱਤਰਦਾ ਹੈ। ਉਹਦੇ ਮਨ ਚ ਆਪਣੇ ਵਤਨ ਪੰਜਾਬ ਅਤੇ ਨਾਨਕੇ ਇੰਦੌਰ ਜਾਣ ਦੇ ਚਾਅ ਹੁੰਦੇ ਹਨ, ਆਪਣੀ ਮਾਂ ਨੂੰ ਮਿਲਣ ਦਾ ਮਲਾਰ ਉਹਦਾ ਪੈਰ ਧਰਤੀ ਤੇ ਨਹੀ ਲੱਗਣ ਦਿੰਦੇ,ਪਰ ਭਾਰਤ ਸਰਕਾਰ ਨੂੰ ਅੰਗਦ ਸਿੰਘ ਦਾ ਭਾਰਤ ਚ ਦਾਖਲ ਹੋਣਾ ਭਾਉਂਦਾ ਨਹੀ ਹੈ,ਭਾਰਤ ਸਰਕਾਰ ਉਹਦੀ ਕਲਮ ਤੋ ਤਹਿਕਦੀ ਹੈ,ਉਹਦੇ ਕੈਮਰੇ ਦਾ ਭੈਅ ਉਪਰੋਂ ਮਜਬੂਤ ਦਿੱਸਣ ਵਾਲੇ ਹਾਕਮਾਂ ਨੂੰ ਚੀਨ ਦੀ ਤੋਪ ਦੋ ਵੱਧ ਭੈਅਭੀਤ ਕਰਦਾ ਹੈ। ਇਸ ਕਰਕੇ ਭਾਰਤੀ ਤੰਤਰ ਵੱਲੋਂ ਉਹਨੂੰ ਹਵਾਈ ਅੱਡੇ ਤੋ ਹੀ ਵਾਪਸ ਅਮਰੀਕਾ ਜਾਣ ਵਾਲੀ ਫਲਾਇਟ ਵਿੱਚ ਚੜ੍ਹਾ ਕੇ ਅੰਗਦ ਦੇ ਸੁਪਨਿਆਂ ਨੂੰ ਚੂਰ ਚੂਰ ਕਰ ਦਿੱਤਾ ਜਾਂਦਾ ਹੈ। ਭਾਰਤ ਸਰਕਾਰ ਦੀ ਇਸ ਕਾਰਵਾਈ ਤੇ ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ, ਜਿਹੜੀ ਖੁਦ ਇੱਕ ਚੇਤਨ ਲੇਖਿਕਾ ਹੈ, ਜਿਸ ਨੇ ਮਨੁੱਖੀ ਅਧਿਕਾਰਾਂ ਦੀ ਲਹਿਰ ਦੇ ਨਾਇਕ ਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਇੱਕ ਪੁਸਤਕ ਵੀ ਲਿਖੀ ਹੈ, ਉਹਨਾਂ ਦਾ ਪ੍ਰਤੀਕਰਮ ਸ਼ੋਸ਼ਲ ਮੀਡੀਏ ਤੇ ਜਨਤਕ ਹੋਇਆ ਹੈ। ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਵੱਲੋ ਆਪਣੇ ਪੁੱਤਰ ਨੂੰ ਸੰਬੋਧਿਤ ਹੋ ਕੇ ਲਿਖਿਆ ਗਿਆ :-
  “ਮੈ ਤੇਰੀ ਚੜਦੀ ਕਲਾ ਦੀ ਕਾਮਨਾ ਕਰਦੀ ਹਾਂ ਮੇਰੇ ਪੁੱਤ।
  ਸੌਖਾ ਨਹੀ ਹੈ ਇੱਕ ਸਿੱਖ ਹੋਣਾ, ਇੱਕ ਗੁਰਸਿੱਖ ਹੋਣਾ,ਅਤੇ ਫਿਰ ਇੱਕ ਪੱਤਰਕਾਰ ਵੀ ਹੋਣਾ,
  ਸੱਚ ਅਤੇ ਇਨਸਾਫ ਦਾ ਯੋਧਾ ਹੋਣਾ, ਸੱਚ ਬੋਲਣ ਦੀ ਕੀਮਤ ਚੁਕਾਉਣੀ ਪੈਂਦੀ ਹੈ।
  ਮੈ ਤੇਰੇ ਪਿੱਛੇ ਖੜੀ ਹਾਂ, ਅਜਾਦੀ ਦੀ ਧਰਤੀ ਤੇ ਮਿਲਦੇ ਹਾਂ”।
  ਸੋਸਲ ਮੀਡੀਏ ‘ਤੇ ਭਾਵੇਂ ਇਹ ਬੇਹੱਦ ਸੰਵੇਦਨਸ਼ੀਲ ਅਤੇ ਧੁਰ ਅੰਦਰ ਤੱਕ ਲਹਿ ਜਾਣ ਵਾਲੇ ਉਪਰੋਕਤ ਸਬਦ ਅੰਗਦ ਦੀ ਮਾਤਾ ਵੱਲੋਂ ਆਪਣੇ ਪਿਆਰੇ ਪੁੱਤਰ ਅੰਗਦ ਸਿੰਘ ਨੂੰ ਸੰਬੋਧਿਤ ਹੋ ਕੇ ਆਖੇ ਗਏ ਹਨ, ਪਰ ਉਹਨਾਂ ਸਬਦਾਂ ਦੇ ਅੰਦਰ ਛੁਪੇ ਦਰਦ ਨੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਪੰਜਾਬੀਆਂ, ਸਿੱਖਾਂ ਸਮੇਤ ਹਰ ਇਨਸਾਫ ਤੇ ਅਮਨ ਪਸੰਦ ਭਾਰਤੀਆਂ ਨੂੰ ਧੁਰ ਅੰਦਰ ਤੱਕ ਝੰਜੋੜਿਆ ਹੈ ਅਤੇ ਭਾਰਤ ਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਸਬੰਧੀ ਸੋਚਣ ਲਈ ਮਜਬੂਰ ਕੀਤਾ ਹੈ।ਅੰਗਦ ਦੀ ਮਾਤਾ ਦੇ ਅਜਾਦੀ ਦੀ ਧਰਤੀ ਤੇ ਮਿਲਣ ਦੇ ਅਰਥ ਉਹਦੀ ਸਿੱਖ ਗੈਰਤ ਦਾ ਪਰਤੀਕ ਬਣ ਗਏ ਹਨ। ਇਹ ਸਚਾਈ ਪਰਤੱਖ ਰੂਪ ਵਿੱਚ ਸਾਹਮਣੇ ਆਈ ਹੈ ਕਿ ਭਾਰਤ ਸਰਕਾਰ ਦੀ ਇੱਕ ਸਿੱਖ ਪੱਤਰਕਾਰ ਪ੍ਰਤੀ ਅਜਿਹੀ ਵਿਤਕਰੇ ਅਤੇ ਤੰਗ-ਦਿਲੀ ਵਾਲੀ ਪਹੁੰਚ ਨੇ ਸਿੱਖਾਂ ਅੰਦਰ ਬੇਗਾਨਗੀ ਦੀ ਭਾਵਨਾ ਵਿੱਚ ਹੋਰ ਵਾਧਾ ਕੀਤਾ ਹੈ, ਪ੍ਰੰਤ ਅਜਿਹੀਆਂ ਘਟਨਾਵਾਂ ਦੇ ਲਗਾਤਾਰ ਵਾਪਰਦੇ ਰਹਿਣ ਅਤੇ ਦਿਨੋ ਦਿਨ ਵੱਧਦੇ ਜਾਣ ਦੇ ਬਾਵਜੂਦ ਵੀ ਬਹੁਤ ਸਾਰੇ ਆਪਣੇ ਆਪ ਨੂੰ ਇਨਸਾਫ ਪਸੰਦ ਹੋਣ ਦਾ ਢੰਡੋਰਾ ਪਿੱਟਦੇ ਰਹਿਣ ਵਾਲੇ ਲੋਕਾਂ ਦਾ ਇਸ ਘਟਨਾ ਤੇ ਕੋਈ ਪ੍ਰਤੀਕਰਮ ਨਾ ਆਉਣਾ ਅਤੇ ਨਾ ਹੀ ਇਸ ਘਟਨਾ ਦੇ ਮੁੱੜ ਇੱਕ ਹਫਤਾ ਬੀਤ ਜਾਣ ਦੇ ਬਾਵਜੂਦ ਕਿਸੇ ਭਾਰਤੀ ਮੀਡੀਏ ਚ ਪਰਮੁੱਖਤਾ ਨਾਲ ਲਿਖਿਆ ਜਾ ਪਰਸਾਰਤ ਕੀਤਾ, ਪੜਿਆ ਸੁਣਿਆ ਜਾਣਾ ਇਹ ਸ਼ਪੱਸ਼ਟ ਕਰਦਾ ਹੈ, ਕਿ ਇਹ ਅਖੌਤੀ ਲੋਕ ਹਿਤੈਸ਼ੀ ਲੋਕ ਕਦੇ ਵੀ ਸੱਚ ਦਾ ਸਾਥ ਨਹੀ ਦੇ ਸਕਣਗੇ, ਕਿਉਂਕਿ ਅਜਿਹਾ ਕਰਨ ਨਾਲ ਉਹਨਾਂ ਦੇ ਨਿੱਜੀ ਹਿਤਾਂ ਨੂੰ ਸੱਟ ਬੱਜ ਸਕਦੀ ਹੈ।ਜਦੋ ਕਿ ਕਿਸੇ ਵੀ ਸਿੱਖ ਦੀ ਛੋਟੀ ਜਿਹੀ ਗੱਲ ਨੂੰ ਭਾਰਤੀ ਟੀ ਵੀ ਚੈਨਲ ਤੂਲ ਦੇ ਕੇ  ਕਈ ਕਈ ਦਿਨ ਛੱਜ ਚ ਪਾ ਕੇ ਛੱਟਦੇ ਰਹਿੰਦੇ ਹਨ,ਜਿਸ ਦੀ ਮਿਸ਼ਾਲ ਪਿਛਲੇ ਦਿਨੀ ਸੰਗਰੂਰ ਤੋ ਲੋਕ ਸਭਾ ਮੈਂਬਰ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਉਸ ਬਿਆਨ ਤੇ ਹੋਏ ਹੋ ਹੱਲੇ ਤੋ ਮਿਲਦੀ ਹੈ,ਜਿਹੜਾ ੳਹਨਾਂ ਨੇ ਘਰੇਲੂ ਉਡਾਣਾਂ ਵਿੱਚ ਸਿੱਖ ਦੇ ਗਾਤਰੇ ਦੀ ਕਿਰਪਾਨ ਤੇ ਪਬੰਦੀ ਲਾਉਣ ਵਾਲੀ ਪਟੀਸਨ ਦੇ ਪ੍ਰਤੀਕਰਮ ਵਿੱਚ ਦਿੱਤਾ ਸੀ। ਸੋ ਅਜਿਹੇ ਨਫਰਤੀ ਵਰਤਾਰੇ ਨੂੰ ਉਜਾਗਰ ਕਰਦੇ ਅਮਰੀਕੀ ਸਿੱਖ ਪੱਤਰਕਾਰ ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਦੇ ਉਪਰੋਕਤ ਦਿਲ ਚੀਰਵੇਂ ਸਬਦਾਂ ਦਾ ਕੋਈ ਜਵਾਬ ਭਰਤੀ ਟੀਵੀ ਚੈਨਲਾਂ,ਅਖੌਤੀ ਕਾਮਰੇਡਾਂ ਜਾ ਪੰਜਾਬ ਸਮੇਤ ਹੋਰ ਠੰਢੇ ਮੁਲਕਾਂ ਚ ਬੈਠੇ ਭਾਰਤ ਦੇਸ ਨੂੰ ਪਿਆਰ ਕਰਨ ਅਤੇ ਰਾਸਟਰਵਾਦੀ ਹੋਣ ਦਾ ਢੰਡੋਰਾ ਪਿੱਟਣ ਵਾਲੇ ਉਹ ਲੋਕ,ਜਿਹੜੇ ਗੱਲ ਗੱਲ ਤੇ ਸਿੱਖ ਭਾਈਚਾਰੇ ਦੇ ਗੈਰਤਮੰਦਾਂ ਨੂੰ ਕੌਮੀ ਹੱਕਾਂ ਦੀ ਗੱਲ ਕਰਨ ਤੇ ਕੋਸਦੇ ਰਹਿੰਦੇ ਹਨ,ਕੀ ਉਹ ਇਸ ਘਟਨਾ ਤੇ ਆਪਣਾ ਪੱਖ ਦੁਨੀਆਂ ਸਾਹਮਣੇ ਰੱਖਣਗੇ?ਕਦੇ ਵੀ ਨਹੀ। ਉਹਨਾਂ ਲੋਕਾਂ ਵੱਲੋਂ ਅਜਿਹੀ ਘਟਨਾ ਤੇ ਕਦੇ ਵੀ ਕੋਈ ਪ੍ਰਤੀਕਰਮ ਇਮਾਨਦਾਰੀ ਨਾਲ ਦੇਣ ਸਬੰਧੀ ਕਿਸੇ ਨੂੰ ਕੋਈ ਭੁਲੇਖਾ ਵੀ ਨਹੀ ਹੈ। ਭਾਰਤੀ ਹਕੂਮਤ ਨੇ ਵਿਤਕਰੇਵਾਜੀ ਦੀ ਸਿਖਰ ਨੂੰ ਛੂੰਹਦਿਆਂ ਅੰਗਦ ਸਿੰਘ ਨੂੰ ਦਿੱਲੀ ਤੋ ਵਾਪਸ ਅਮਰੀਕਾ ਮੋੜਿਆ ਹੈ। ਇਹ ਸਾਰਾ ਕੁੱਝ ਵਾਪਰਨ ਪਿੱਛੇ ਜਿੱਥੇ ਇੱਕ ਵਿਸੇਸ ਮਾਨਸਿਕਤਾ ਕੰਮ ਕਰਦੀ ਹੈ,ਓਥੇ ਇਹ ਵੀ ਸਪੱਸਟ ਰੂਪ ਚ ਸਮਝ ਆਉਂਦਾ ਹੈ ਕਿ ਉੱਪਰੋ ਬੇਹੱਦ ਮਜਬੂਤ ਤੇ ਦਿ੍ਰੜ ਦਿਖਾਈ ਦਿੰਦੇ ਹਾਕਮ, ਅੰਦਰੋਂ ਕਿੰਨੇ ਹਲਕੇ ਤੇ ਡਰੇ ਹੋਏ ਹੁੰਦੇ ਹਨ। ਇਹਦੇ ਵਿੱਚ ਕਿਸੇ ਨੂੰ ਕੋਈ ਭੁਲੇਖਾ ਵੀ ਨਹੀ ਹੈ ਕਿ ਅੰਗਦ ਸਿੰਘ ਨਾਲ ਇੱਕ ਸਿੱਖ ਹੋਣ ਕਰਕੇ ਅਜਿਹਾ ਸਲੂਕ ਕੀਤਾ ਗਿਆ ਹੈ। ਸੋ ਅਜਿਹੇ ਵਿਅਕਤੀ ਤੇ ਪਾਬੰਦੀ ਲੱਗੇ ਵੀ ਕਿਉਂ ਨਾ,ਜਿਹੜਾ ਆਪਣੇ ਧਰਮ ਵਿੱਚ ਵੀ ਪੱਕਾ ਹੈ,ਇੱਕ ਪੱਤਰਕਾਰ ਵੀ ਸੱਚ ਲਿਖਣ ਵਾਲਾ ਹੈ। ਉਹ ਇੱਕ BNL-1ਪੂਰਨ ਗੁਰਸਿੱਖ ਹੋਣ ਦੇ ਨਾਲ ਨਾਲ ਪੁਰਸਕਾਰ ਜੇਤੂ ਪੱਤਰਕਾਰ ਹੈ,ਫਿਰ ਭਲਾ ਉਹਨੂੰ ਕੀ ਅਧਿਕਾਰ ਹੈ ਕਿ ਉਹ ਭਾਰਤੀ ਲੋਕਾਂ ਦੇ ਹੱਕਾਂ ਹਿਤਾਂ ਦੀ ਗੱਲ ਕਰਨ ਤੋ ਬਾਅਦ ਇਹ ਆਸ ਰੱਖੇ ਕਿ ਉਹ ਕਿਸੇ ਸਮੇਂ ਵੀ ਅਮਰੀਕਾ ਤੋਂ ਆਪਣੇ ਵਤਨ ਪੰਜਾਬ ਜਾਂ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਜਦੋ ਜੀਅ ਚਾਹੇ ਆ ਸਕਦਾ ਹੈ।ਜੇਕਰ ਉਹ ਅਜਿਹਾ ਚਾਹੁੰਦਾ ਹੈ, ਤਾਂ ਫਿਰ ਸਮੁੰਦਰ ਚ ਰਹਿ ਕੇ ਮਗਰਮੱਛ ਨਾਲ ਦੁਸ਼ਮਣੀ ਤਿਆਗਣੀ ਪਵੇਗੀ। ਉਹ ਭਾਰਤ ਆ ਕੇ ਅਪਣੇ ਸਮੇਤ ਸਮੁੱਚੀਆਂ ਘੱਟ ਗਿਣਤੀਆਂ ਦੀ ਗੱਲ ਕਿਵੇਂ ਕਰ ਸਕਦਾ ਹੈ, ਦਲਿਤਾਂ ਦੀ ਅਵਾਜ ਕਿਵੇਂ ਚੁੱਕ ਸਕਦਾ ਹੈ ਭਲਾਂ!  ਅੰਗਦ ਸਿੰਘ ਦੀ ਗਲਤੀ ਇਹ ਹੈ ਕਿ ਉਹਨੇ ਕਿਸਾਨੀ ਅੰਦੋਲਨ ਚ ਇੱਕ ਡਾਕੂਮੈਟਰੀ ਬਣਾ ਕੇ ਸੱਚ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਸੀ,ਉਹਨੇ ਸਾਹੀਨ ਬਾਗ ਅੰਦੋਲਨ ਦਾ ਪੱਖ ਦੁਨੀਆਂ ਸਾਹਮਣੇ ਰੱਖਿਆ ਸੀ ਤੇ ਹੁਣ ਭਾਰਤ ਚ ਉਹਨਾਂ ਕਰੋੜਾਂ ਦਲਿਤ ਲੋਕਾਂ ਦੇ ਜਮੀਨੀ ਹਾਲਾਤਾਂ ਤੇ ਸ਼ਿੱਦਤ ਨਾਲ ਕੰਮ ਕਰਨਾ ਚਾਹੁੰਦਾ ਸੀ, ਜਿਹੜੇ ਮਨੁੱਖਾ ਜਿੰਦਗੀ ਜਿਉਣ ਦੀ ਖਾਹਿਸ਼ ਤਾਂ ਰੱਖਦੇ ਹਨ, ਪਰੰਤੂ  ਭਾਰਤ ਦਾ ਮਨੁਖਤਾ ਵਿਰੋਧੀ ਮੰਨੂਵਾਦੀ ਸਿਧਾਂਤ ਉਹਨਾਂ ਦੇ ਮਨੁੱਖ ਹੋਣ ਤੇ ਇਤਰਾਜ ਕਰਦਾ ਹੈ। ਉਹਨਾਂ ਦੇ ਮਨੱਖੀ ਅਧਿਕਾਰ ਭਾਰਤ ਵਰਗੇ ਵਿਸ਼ਾਲ ਮੁਲਕ ਚ ਸਾਹ ਸਤ ਹੀਣ ਹੋ ਕੇ ਰਹਿ ਗਏ ਹਨ।ਬੱਸ ਇਹ ਹੀ ਅੰਗਦ ਸਿੰਘ ਦਾ ਗੁਨਾਹ ਹੈ ਜੋ ਭਾਰਤੀ ਤੰਤਰ ਨੂੰ ਬੇਹੱਦ ਬੁਰਾ ਲੱਗਾ।
 ਬਘੇਲ ਸਿੰਘ ਧਾਲੀਵਾਲ
 99142-58142