ਪੰਜਾਬ ਸਰਕਾਰ ਦੇ ਮੁਖੀ ਨੂੰ ਸੰਭਲ ਕੇ ਚੱਲਣਾ ਪਊਗਾ, ਨਹੀਂ ਤਾਂ... - ਜਤਿੰਦਰ ਪਨੂੰ
ਕਈ ਮੌਕਿਆਂ ਉੱਤੇ ਅਸੀਂ ਭਾਰਤੀ ਲੋਕ ਇਸ ਗੱਲ ਨਾਲ ਖੁਸ਼ ਹੋ ਜਾਂਦੇ ਹਾਂ ਕਿ ਨਾਢੂ ਖਾਨ ਬਣਿਆ ਫਿਰਨ ਵਾਲਾ ਫਲਾਣਾ ਬੰਦਾ ਵੀ ਸਾਡੇ ਵਾਂਗ ਹੀ ਹਾਲਾਤ ਦਾ ਸੇਕ ਭੁਗਤ ਰਿਹਾ ਹੈ। ਇਹ ਗੱਲ ਪਿਛਲੇ ਹਫਤੇ ਮੈਨੂੰ ਓਦੋਂ ਮਹਿਸੂਸ ਹੋਈ ਜਦੋਂ ਭਾਰਤ ਦੇ ਹਾਲਾਤ ਦੀਆਂ ਗੱਲਾਂ ਕਰਦਿਆਂ ਇੱਕ 'ਦੇਸ਼ਭਗਤੀ' ਦਾ ਛੱਜ ਬੰਨ੍ਹੀ ਫਿਰਦੇ ਕੇਂਦਰੀ ਆਗੂ ਨੇ ਇਹ ਕਿਹਾ ਕਿ ਸਿਰਫ ਭਾਰਤ ਵਿੱਚ ਨਹੀਂ, ਹਾਲਾਤ ਤਾਂ ਅਮਰੀਕਾ ਵਿੱਚ ਵੀ ਮਾੜੇ ਹਨ, ਆਏ ਦਿਨ ਓਥੋਂ ਗੋਲੀ ਚੱਲਣ ਦੀਆਂ ਖਬਰਾਂ ਆਈ ਜਾਂਦੀਆਂ ਹਨ ਅਤੇ ਲੋਕਾਂ ਵਿੱਚ ਵਿਤਕਰੇਬਾਜ਼ੀ ਵੀ ਸਾਡੇ ਵਾਂਗ ਹੀ ਚੱਲਦੀ ਹੈ। ਏਹੋ ਜਿਹੀ ਭਾਵਨਾ ਉਸ ਵਕਤ ਵੀ ਸਾਨੂੰ ਮਹਿਸੂਸ ਹੋਈ ਸੀ, ਜਦੋਂ ਨੋਟਬੰਦੀ ਵੇਲੇ ਮੁਸ਼ਕਲਾਂ ਵਿੱਚ ਫਸੇ ਭਾਰਤੀ ਲੋਕ ਆਪਣਾ ਰੋਣਾ ਰੋਣ ਦੀ ਥਾਂ ਇਹ ਕਹਿ ਕੇ ਖੁਸ਼ ਹੋ ਜਾਂਦੇ ਸਨ ਕਿ ਫਲਾਣਾ ਸੇਠ ਵੀ ਸਾਡੇ ਨਾਲ ਅੱਜ ਬੈਂਕ ਦੀ ਲਾਈਨ ਵਿੱਚ ਦੋ ਹਜ਼ਾਰ ਰੁਪਏ ਲੈਣ ਲਈ ਖੜੋਤਾ ਹੋਇਆ ਸੀ। ਸਮਾਜ ਵਿੱਚ ਕਿਸੇ ਵੱਡੇ ਮੰਨੇ ਜਾਂਦੇ ਬੰਦੇ ਨੂੰ ਔਖ ਵਿੱਚ ਫਸਿਆ ਵੇਖ ਕੇ ਉਨ੍ਹਾਂ ਨੂੰ ਆਪਣੀ ਤਕਲੀਫ ਭੁੱਲ ਜਾਂਦੀ ਸੀ। ਮਿਰਜ਼ਾ ਗਾਲਿਬ ਦਾ ਸ਼ੇਅਰ ਹੈ ਕਿ 'ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ, ਦਿਲ ਕੋ ਬਹਿਲਾਨੇ ਕੋ ਗਾਲਿਬ ਯੇ ਖਿਆਲ ਅੱਛਾ ਹੈ', ਭਾਰਤੀ ਲੋਕਾਂ ਦੀ ਇਸ ਮਾਨਸਿਕਤਾ ਨੂੰ ਧਿਆਨ ਨਾਲ ਵੇਖੋ ਤਾਂ ਓਥੇ ਵੀ ਇਹੋ ਲੱਭਦਾ ਹੈ ਕਿ 'ਦਿਲ ਕੋ ਬਹਿਲਾਨੇ ਕੋ ਗਾਲਿਬ ਯੇ ਖਿਆਲ ਅੱਛਾ ਹੈ'। ਕੀ ਹੋਰ ਕਿਸੇ ਦੇਸ਼ ਵਿੱਚ ਕੁਝ ਗਲਤ ਹੁੰਦਾ ਵੇਖ ਲਈਏ ਤਾਂ ਇਸ ਨਾਲ ਭਾਰਤ ਵਿੱਚ ਜਾਂ ਫਿਰ ਸਾਡੇ ਪੰਜਾਬ ਵਿੱਚ ਗਲਤ ਹੁੰਦਾ ਠੀਕ ਹੋ ਜਾਵੇਗਾ ਜਾਂ ਇਸ ਦਾ ਅਸਰ ਘਟ ਜਾਵੇਗਾ ਅਤੇ ਗਲਤ ਹੋਣ ਦੇ ਬਾਵਜੂਦ ਸਾਡੇ ਲੋਕਾਂ ਨੂੰ ਤਕਲੀਫ ਨਹੀਂ ਹੋਵੇਗੀ? ਇਸ ਦਾ ਜਵਾਬ ਨਹੀਂ ਮਿਲੇਗਾ।
ਅਸੀਂ ਦੂਸਰੇ ਦੇਸ਼ਾਂ ਦੇ ਹਾਲਾਤ ਉਨ੍ਹਾਂ ਦੇਸ਼ਾਂ ਦੇ ਲੋਕਾਂ ਦਾ ਨਸੀਬ ਸੋਚ ਕੇ ਛੱਡ ਸਕਦੇ ਹਾਂ, ਕਿਉਂਕਿ ਭਾਰਤ ਵਿੱਚ ਬੈਠੇ ਲੋਕ ਉਸ ਦੇਸ਼ ਦੇ ਹਾਲਾਤ ਵਿੱਚ ਫਰਕ ਨਹੀਂ ਪਾ ਸਕਦੇ, ਅਤੇ ਜਦੋਂ ਅਸੀਂ ਖੁਦ ਆਪਣੇ ਦੇਸ਼ ਦੇ ਹਾਲਾਤ ਸੁਧਾਰਨ ਜੋਗੇ ਨਹੀਂ ਤਾਂ ਕਿਸੇ ਦੂਸਰੇ ਬਾਰੇ ਵੀ ਸਿਰਫ ਸੋਚ ਸਕਦੇ ਹਾਂ, ਇਸ ਤੋਂ ਵੱਧ ਕੀ ਕਰ ਲਵਾਂਗੇ? ਸਾਨੂੰ ਭਾਰਤ ਦੇ ਉਨ੍ਹਾਂ ਹਾਲਾਤ ਦੀ ਚਿੰਤਾ ਕਰਨੀ ਚਾਹੀਦੀ ਹੈ, ਜਿਹੜੇ ਹਰ ਨਵੀਂ ਸਰਕਾਰ ਦੀ ਆਮਦ ਨਾਲ ਇੱਕ ਨਵੀਂ ਆਸ ਬੰਨ੍ਹਾਉਣ ਪਿੱਛੋਂ ਨਿਰਾਸ਼ ਕਰਨ ਵਾਲੇ ਹੋ ਜਾਂਦੇ ਹਨ। ਰਾਜਸੀ ਪਾਰਟੀਆਂ ਬਦਲਦੀਆਂ ਹਨ, ਸਰਕਾਰਾਂ ਦੇ ਮੁਖੀ ਵੀ ਬਦਲ ਜਾਂਦੇ ਹਨ, ਪਰ ਸੱਤਾ ਦੇ ਗਲਿਆਰਿਆਂ ਵਿੱਚ ਘੁੰਮਣ ਵਾਲੇ ਏਜੰਟ ਬਹੁਤ ਘੱਟ ਬਦਲਦੇ ਹਨ। ਬਹੁਤੀ ਵਾਰ ਅਸੀਂ ਇਹੀ ਵੇਖਦੇ ਹਾਂ ਕਿ ਜਿਹੜੇ ਲੋਕ ਪਿਛਲੀ ਸਰਕਾਰ ਦੇ ਵਕਤ ਸਾਨੂੰ ਚੁਭਦੇ ਸਨ ਤੇ ਉਸ ਵੇਲੇ ਦੀ ਵਿਰੋਧੀ ਧਿਰ ਉਨ੍ਹਾਂ ਵਿਰੁੱਧ ਪੂਰੇ ਜ਼ੋਰ ਨਾਲ ਰੌਲਾ ਪਾਉਂਦੀ ਹੁੰਦੀ ਸੀ, ਸਰਕਾਰ ਬਦਲਣ ਪਿੱਛੋਂ ਉਹ ਕੁਝ ਦਿਨ ਗੁੱਛੀ ਮਾਰ ਕੇ ਕੱਟਣ ਦੇ ਬਾਅਦ ਫਿਰ ਸੱਤਾ ਦੇ ਗਲਿਆਰਿਆਂ ਵਿੱਚ ਰਤਾ ਕੁ ਬਦਲਵੇਂ ਢੰਗ ਨਾਲ ਟਹਿਲਦੇ ਦਿੱਸਣ ਲੱਗੇ ਹਨ। ਕੇਂਦਰ ਦੀਆਂ ਸਰਕਾਰਾਂ ਬਾਰੇ ਵੀ ਇਹ ਗੱਲ ਆਰਾਮ ਨਾਲ ਕਹੀ ਜਾ ਸਕਦੀ ਹੈ ਤੇ ਸਾਡੇ ਪੰਜਾਬ ਵਿੱਚ ਵੀ ਜਿੰਨੀ ਵਾਰੀ ਤਬਦੀਲੀ ਆਈ ਅਤੇ ਨਾਲ ਕਈ ਆਸਾਂ ਲਿਆਈ ਹੈ, ਓਨੀ ਵਾਰੀ ਉਹੀ ਲੋਕ ਕੁਝ ਦਿਨਾਂ ਬਾਅਦ ਸਰਕਾਰੀ ਦਫਤਰਾਂ ਵਿੱਚ ਚੰਘਾੜਦੇ ਫਿਰਨ ਲੱਗਦੇ ਹਨ।
ਕੇਂਦਰ ਵਿੱਚ ਕਾਂਗਰਸੀ ਸਰਕਾਰਾਂ ਦੌਰਾਨ ਜਿਹੜੇ ਆਗੂ ਨਹਿਰੂ-ਗਾਂਧੀ ਖਾਨਦਾਨ ਦੇ ਪੱਕੇ ਵਫਾਦਾਰ ਸਮਝੇ ਜਾਂਦੇ ਸਨ, ਉਹ ਸਮਾਂ ਪਾ ਕੇ ਭਾਜਪਾ ਰਾਜ ਵਿੱਚ ਅਹਿਮ ਅਹੁਦੇ ਹਾਸਲ ਕਰਨ ਵਿੱਚ ਸਫ਼ਲ ਹੋ ਗਏ ਸਨ। ਮਿਸਾਲ ਚਾਹੀਦੀ ਹੈ ਤਾਂ ਗਵਾਲੀਅਰ ਖਾਨਦਾਨ ਦੇ ਜਿਉਤੀਰਾਦਿੱਤਿਆ ਸਿੰਧੀਆ ਦਾ ਨਾਂਅ ਵੀ ਹੈ, ਜਿਹੜਾ ਪਾਰਲੀਮੈਂਟ ਵਿੱਚ ਰਾਹੁਲ ਗਾਂਧੀ ਨੂੰ ਬੋਲਦੇ ਸਮੇਂ ਕੁਝ ਖਾਸ ਗੱਲਾਂ ਦਾ ਪਿੱਛੋਂ ਹੌਲੀ-ਹੌਲੀ ਬੋਲ ਕੇ ਚੇਤਾ ਕਰਵਾਉਂਦਾ ਹੁੰਦਾ ਸੀ, ਅੱਜ ਉਹ ਭਾਜਪਾ ਵੱਲੋਂ ਰਾਜ-ਸੁਖ ਮਾਣ ਰਿਹਾ ਹੈ। ਏਦਾਂ ਦੇ ਲੋਕਾਂ ਦੀ ਕਤਾਰ ਚੋਖੀ ਲੰਮੀ ਹੈ ਅਤੇ ਅਗਲੇ ਦਿਨਾਂ ਵਿੱਚ ਇਹ ਹੋਰ ਲੰਮੀ ਹੁੰਦੀ ਰਹਿਣੀ ਹੈ। ਭਾਰਤ ਦੇ ਲੋਕਤੰਤਰ ਦੀ ਇਹ ਵੰਨਗੀ ਅੱਗੋਂ ਰਾਜ ਸਰਕਾਰਾਂ ਤੱਕ ਵੀ ਚਲੀ ਜਾਂਦੀ ਹੈ।
ਸਾਡੇ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਪਹਿਲੀ ਸਰਕਾਰ ਵੇਲੇ ਸਭ ਤੋਂ ਵੱਧ ਵਫਾਦਾਰ ਕਿਹਾ ਜਾਣ ਵਾਲਾ ਇੱਕ ਅਫਸਰ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਬਣਦੇ ਸਾਰ ਪਹਿਲੜੀ ਰਾਤ ਹੀ ਉਸ ਦੀ 'ਸੱਤਾ ਮੰਡਲੀ' ਦਾ ਕੇਂਦਰੀ ਧੁਰਾ ਜਾ ਬਣਿਆ ਸੀ। ਫਿਰ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਜਾਣ ਵਾਲੀ ਸੀ ਤਾਂ ਸੁਖਬੀਰ ਸਿੰਘ ਬਾਦਲ ਨੇ ਅਖਬਾਰਾਂ ਵਿੱਚ ਪੂਰੇ-ਪੂਰੇ ਸਫੇ ਦੇ ਇਸ਼ਤਿਹਾਰ ਛਪਵਾਏ ਸਨ, ਜਿਨ੍ਹਾਂ ਵਿੱਚ ਉਨ੍ਹਾਂ ਵੱਡੇ ਅਫਸਰਾਂ ਤੇ ਦਲਾਲਾਂ ਦੇ ਨਾਂਅ ਸਨ, ਜਿਹੜੇ ਇਨ੍ਹਾਂ ਦੀ ਨਜ਼ਰ ਵਿੱਚ ਕਾਂਗਰਸੀ ਸਰਕਾਰ ਦੇ ਸਭ ਤੋਂ ਬਦਨਾਮ ਚਿਹਰੇ ਸਨ ਤੇ ਨਾਲ ਇਹ ਲਿਖਿਆ ਸੀ ਕਿ ਅਕਾਲੀ-ਭਾਜਪਾ ਸਰਕਾਰ ਆਉਂਦੇ ਸਾਰ ਇਹ ਸਾਰੇ ਜਣੇ ਜੇਲ੍ਹਾਂ ਵਿੱਚ ਹੋਣਗੇ। ਅਮਰਿੰਦਰ ਸਿੰਘ ਦੀ ਸਰਕਾਰ ਗਈ ਤਾਂ ਉਹ ਚਿਹਰੇ ਕੁਝ ਦਿਨ ਦਿੱਲੀ ਵਿੱਚ ਗੋਂਦਾਂ ਗੁੰਦਦੇ ਰਹੇ ਤੇ ਫਿਰ ਪੰਜਾਬ ਵਿੱਚ ਛੋਟੇ ਬਾਦਲ ਦੀ ਕਾਰਿੰਦਾ ਕੰਪਨੀ ਵਜੋਂ ਦਾ ਅੰਗ ਬਣ ਕੇ ਅੱਗੇ ਨਾਲੋਂ ਦੁੱਗਣੀ ਬੇਸ਼ਰਮੀ ਨਾਲ ਖੇਹ ਉਡਾਉਂਦੇ ਫਿਰਦੇ ਸਨ। ਅਕਾਲੀ ਭਾਜਪਾ ਰਾਜ ਦੀ ਬਦਨਾਮੀ ਦੇ ਕਾਰਨ ਜਦੋਂ ਅਮਰਿੰਦਰ ਸਿੰਘ ਦਾ ਦੋਹਰੀ ਵਾਰੀ ਰਾਜ ਆਇਆ ਤਾਂ ਉਹ ਅਮਰਿੰਦਰ ਸਿੰਘ ਅਤੇ ਉਸ ਦੀ ਵਿਦੇਸ਼ੀ ਮਹਿਮਾਨ ਦੀ ਹਜ਼ੂਰੀ ਵਿੱਚ ਨਿੱਜੀ ਨੌਕਰਾਂ ਵਰਗੀ ਰਾਤ-ਦਿਨ ਦੀ ਸੇਵਾ ਦੇ ਕੰਮ ਰੁੱਝ ਗਏ ਸਨ।
ਇਸ ਸਾਲ ਜਦੋਂ ਚੋਣਾਂ ਹੋਈਆਂ ਤਾਂ ਪੰਜਾਬ ਦੇ ਲੋਕਾਂ ਨੂੰ ਫਿਰ ਆਸ ਜਾਗ ਪਈ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਨੱਥ ਪਵੇਗੀ। ਮੁੱਢਲੇ ਤੌਰ ਉੱਤੇ ਕੁਝ ਏਦਾਂ ਦਾ ਕੰਮ ਹੁੰਦਾ ਵੀ ਜਾਪਿਆ ਸੀ, ਪਰ ਸਮਾਂ ਪਾ ਕੇ ਸਰਕਾਰ ਦੇ ਘੇਰੇ ਫਿਰ ਇਹੋ ਜਿਹੇ ਲੋਕ ਘੁੰਮਦੇ ਦਿੱਸਣ ਲੱਗ ਪਏ, ਜਿਹੜੇ ਪਿਛਲੀਆਂ ਦੋ ਕਾਂਗਰਸੀ ਸਰਕਾਰਾਂ ਹੀ ਨਹੀਂ, ਉਨ੍ਹਾਂ ਤੋਂ ਪਹਿਲਾਂ ਦੀ ਅਕਾਲੀ-ਭਾਜਪਾ ਸਰਕਾਰ ਦੇ ਵਕਤ ਵੀ ਓਥੇ ਘੁੰਮਦੇ ਸਨ। ਜਿਹੜੇ ਅਫਸਰ ਹੱਦੋਂ ਵੱਧ ਬਦਨਾਮ ਸੁਣੀਂਦੇ ਸਨ, ਉਹ ਇਸ ਨਵੀਂ ਬਣੀ ਸਰਕਾਰ ਵਿੱਚ ਪਹਿਲੇ ਛੇ ਮਹੀਨਿਆਂ ਵਿੱਚ ਹੀ ਘੁਸਪੈਠ ਕਰਨ ਵਿੱਚ ਕਾਮਯਾਬ ਹੋ ਜਾਣ ਤਾਂ ਲੋਕਾਂ ਦੀ ਆਸ ਨੂੰ ਫਿਰ ਸੱਟ ਵੱਜਣੀ ਸੀ। ਅਪਰਾਧੀ ਪ੍ਰਵਿਰਤੀ ਵਾਲਾ ਕੋਈ ਅਫਸਰ ਪਹਿਲਾਂ ਭ੍ਰਿਸ਼ਟਾਚਾਰ ਕਰ ਰਹੀ ਕਾਂਗਰਸੀ ਜਾਂ ਅਕਾਲੀ ਧਾੜ ਨਾਲ ਜੁੜਿਆ ਰਿਹਾ ਹੋਵੇ ਅਤੇ ਨਵੀਂ ਸਰਕਾਰ ਨੂੰ ਇਹ ਸੁਫਨਾ ਵਿਖਾ ਦੇਵੇ ਕਿ ਸਾਰਾ ਕੁਝ ਉਸ ਨੂੰ ਪਤਾ ਹੈ, ਉਹ ਪਿਛਲਿਆਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਮਦਦ ਕਰ ਸਕਦਾ ਹੈ ਤਾਂ ਨਵੀਂ ਸਰਕਾਰ ਦੇ ਚਾਲਕਾਂ ਨੂੰ ਏਨੀ ਗੱਲ ਨਾਲ ਉਹ ਅਫਸਰ 'ਆਪਣਾ' ਨਹੀਂ ਸਮਝ ਲੈਣਾ ਚਾਹੀਦਾ। ਬਦਕਿਸਮਤੀ ਨਾਲ ਸਰਕਾਰ ਦੀ ਨੱਕ ਹੇਠ ਕੁਝ ਇਹੋ ਜਿਹੇ ਅਫਸਰ ਫਿਰ ਅੱਡੇ ਜਮਾਈ ਜਾਂਦੇ ਹਨ ਤੇ ਆਪਣੇ ਵਰਗੇ ਬਾਕੀ ਸ਼ੋਹਦਿਆਂ ਦੀ ਘੁੱਸਪੈਠ ਦਾ ਰਾਹ ਕੱਢਣ ਦਾ ਕੰਮ ਵੀ ਆਰਾਮ ਨਾਲ ਕਰੀ ਜਾਂਦੇ ਹਨ। ਕਦੇ-ਕਦਾਈਂ ਉਨ੍ਹਾਂ ਦਾ ਕੋਈ ਪੁਰਾਣਾ ਭਾਈਬੰਦ ਫਸਣ ਦੀ ਖਬਰ ਆਉਂਦੀ ਹੈ ਤਾਂ ਉਹ ਬਾਕੀਆਂ ਤੋਂ ਪਹਿਲਾਂ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ 'ਜ਼ੀਰੋ ਟਾਲਰੈਂਸ' ਦੀ ਨੀਤੀ ਦੇ ਹੱਕ ਵਿੱਚ ਬਿਆਨ ਦਾਗਦੇ ਹਨ, ਪਰ ਅਮਲ ਵਿੱਚ ਅੰਦਰੋਂ ਇਹ ਸੂਹਾਂ ਕੱਢਣ ਲੱਗਦੇ ਹਨ ਕਿ ਬੰਦਾ ਫੜਨ ਵੇਲੇ ਕਿਹੜੀ ਕਮਜ਼ੋਰੀ ਰਹੀ ਹੈ, ਤਾਂ ਕਿ ਫਸੇ ਹੋਏ ਮਿੱਤਰ ਨੂੰ ਆਪਣੇ ਬਚਾਅ ਲਈ ਉਸ ਪੁਆੜੇ ਦੀ ਕਮਜ਼ੋਰ ਘੁੰਡੀ ਵੇਲੇ ਸਿਰ ਦੱਸ ਸਕਣ।
ਅਸੀਂ ਪਿਛਲੇ ਪੰਝੀ ਸਾਲ ਇਹੋ ਜਿਹਾ ਰਾਜ ਚੱਲਦਾ ਵੇਖਿਆ ਹੈ, ਜਿਸ ਵਿੱਚ ਹਰ ਕਿਸੇ ਨੂੰ ਭ੍ਰਿਸ਼ਟਾਚਾਰ ਦੀ ਹਰ ਕਿਸਮ ਦੀ ਖੁੱਲ੍ਹ ਹੁੰਦੀ ਸੀ ਤੇ ਇਸ ਦੌਰਾਨ ਅਫਸਰਾਂ ਦੀ ਬਹੁਤ ਵੱਡੀ ਗਿਣਤੀ ਮੁਫਤ ਦੇ ਮਾਲ ਦੇ ਮਜ਼ੇ ਲੈਂਦੀ ਰਹੀ ਹੋਣ ਕਰ ਕੇ ਨਵੀਂ ਸਰਕਾਰ ਨੂੰ 'ਜ਼ੀਰੋ ਟਾਲਰੈਂਸ' ਵਾਲੇ ਅਫਸਰ ਲੱਭਣੇ ਔਖੇ ਹਨ। ਮੌਜੂਦਾ ਅਫਸਰੀ ਫੌਜ ਵਿੱਚੋਂ ਜਿਹੜਾ ਵੀ ਲਾਇਆ ਜਾਂਦਾ ਹੈ, ਜੇ ਉਹ ਖੁਦ ਏਹੋ ਜਿਹੇ ਹਾਲਾਤ ਵਿੱਚ ਵਿਗਾੜ ਤੋਂ ਬਚਿਆ ਵੀ ਰਿਹਾ ਤਾਂ ਉਸ ਦੀ ਨੇੜਲੀ ਸਾਂਝ ਜਾਂ ਰਿਸ਼ਤੇਦਾਰੀ ਵਾਲੇ ਲੋਕ ਫਸ ਜਾਣ ਤਾਂ ਉਨ੍ਹਾਂ ਦੀ ਮਦਦ ਕਰਨ ਤੋਂ ਨਹੀਂ ਰਹਿ ਸਕਦਾ। ਇੱਕ ਵਾਰ ਕਿਸੇ ਏਦਾਂ ਦੇ ਬੰਦੇ ਦੀ ਮਦਦ ਲਈ ਉਹ ਉਸ ਕੇਸ ਦੇ ਜਾਂਚ ਅਧਿਕਾਰੀ ਕੋਲ ਮਿੰਨਤ ਕਰਨ ਚਲਾ ਜਾਵੇਗਾ ਤਾਂ ਅਗਲੀ ਵਾਰੀ ਜਾਂਚ ਕਰਨ ਵਾਲਾ ਅਫਸਰ ਫਸ ਜਾਵੇ ਤਾਂ ਅੱਖਾਂ ਵਿਖਾ ਕੇ ਕਹੇਗਾ ਕਿ ਤੇਰੇ ਫਲਾਣੇ ਦੀ ਮਦਦ ਤੇਰੇ ਕਹਿਣ ਉੱਤੇ ਕੀਤੀ ਸੀ, ਮੇਰੀ ਮਦਦ ਤੈਨੂੰ ਕਰਨੀ ਪਊਗੀ, ਨਹੀਂ ਤਾਂ ਉਹ ਸਾਰਾ ਕਿੱਸਾ ਖੋਲ੍ਹ ਦੇਊਂਗਾ। ਹਰ ਮੋਬਾਈਲ ਫੋਨ ਵਿੱਚ ਰਿਕਾਰਡਿੰਗ ਹੈ ਅਤੇ ਜਿਸ ਕਿਸੇ ਕੋਲ ਕੋਈ ਕਿਸੇ ਦੀ ਮਦਦ ਲਈ ਪਹੁੰਚ ਕਰਦਾ ਹੈ, ਅਗਲਾ ਮਦਦ ਦੀ ਹਾਂ ਕਰੇ ਜਾਂ ਨਾ, ਸਿਫਾਰਸ਼ੀਏ ਦੀ ਮਿੰਨਤ ਦਾ ਰਿਕਾਰਡ ਜ਼ਰੂਰ ਰੱਖ ਲੈਂਦਾ ਹੈ। ਏਦਾਂ ਦਾ ਰਿਕਾਰਡ ਰੱਖਣ ਦਾ ਕੰਮ ਅੱਜ ਸ਼ੁਰੂ ਨਹੀਂ ਹੋਇਆ, ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਵੇਲੇ ਸ਼ੁਰੂ ਹੋ ਗਿਆ ਸੀ, ਜਦੋਂ ਉਸ ਦੇ ਵਿਰੋਧ ਵਾਲੇ ਆਗੂਆਂ ਨੇ ਘਰ ਵਿੱਚ ਕੀਤੀਆਂ ਗੱਲਾਂ ਦੀ ਰਿਕਾਰਡਿੰਗ ਕਰ ਕੇ ਮੌਕੇ ਦੇ ਪ੍ਰਧਾਨ ਮੰਤਰੀ ਨਰਸਿਮਹਾ ਰਾਉ ਨੂੰ ਪੁਚਾ ਕੇ ਕੇਂਦਰ ਦੀ ਸਰਕਾਰ ਅਤੇ ਪਾਰਟੀ ਵਿੱਚ ਵੱਡੇ ਅਹੁਦੇ ਲੈਣ ਦਾ ਮੋਰਚਾ ਜਾ ਜਿੱਤਿਆ ਸੀ। ਉਨ੍ਹਾਂ ਦੀ ਓਦੋਂ ਵਾਲੀ ਕਾਰਸਤਾਨੀ ਦਾ ਦੁਹਰਾਉ ਬਾਅਦ ਵਿੱਚ ਵੀ ਕਈ ਵਾਰੀ ਹੋਇਆ ਹੈ ਅਤੇ ਅੱਜਕੱਲ੍ਹ ਵੀ ਚੰਡੀਗੜ੍ਹ ਵਿੱਚ ਪੈਰ-ਪੈਰ ਉੱਤੇ ਹੁੰਦਾ ਕੰਨੀਂ ਪੈਣ ਲੱਗ ਪਿਆ ਹੈ।
ਇਨ੍ਹਾਂ ਹਾਲਾਤ ਵਿੱਚ ਅਜੇ ਅਸੀਂ ਇਹ ਨਹੀਂ ਕਹਾਂਗੇ ਕਿ ਨਵੀਂ ਸਰਕਾਰ ਤੋਂ ਕੋਈ ਆਸ ਨਹੀਂ ਰਹੀ, ਪਰ ਇਹ ਕਹਿਣ ਤੋਂ ਨਹੀਂ ਰਹਿ ਸਕਦੇ ਕਿ ਸਰਕਾਰ ਦੇ ਮੁਖੀ ਨੂੰ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈ, ਨਹੀਂ ਤਾਂ....!