ਅਮਰੀਕਾ ਫਿਰ ਪਾਕਿਸਤਾਨ ਨੂੰ ਪਲੋਸਣ ਲੱਗੈ ਤਾਂ ਭਾਰਤ ਨੂੰ ਸੋਚਣਾ ਪਵੇਗਾ - ਜਤਿੰਦਰ ਪਨੂੰ
ਪਲ-ਪਲ ਬਦਲਦੀ ਦੁਨੀਆ ਵਿੱਚ ਕਿੱਥੇ ਅਤੇ ਕਦੋਂ ਕੀ ਕੁਝ ਬਦਲ ਜਾਵੇ, ਕਹਿਣਾ ਮੁਸ਼ਕਲ ਹੁੰਦਾ ਹੈ। ਹਾਲਾਤ ਦੇ ਤਾਜ਼ੇ ਸੰਕੇਤ ਸਮਝੇ ਜਾਣ ਤਾਂ ਏਦਾਂ ਲੱਗਦਾ ਹੈ ਕਿ ਇਸ ਬਦਲਦੀ ਦੁਨੀਆ ਵਿੱਚ ਭਾਰਤ-ਪਾਕਿਸਤਾਨ-ਅਮਰੀਕਾ ਦੀ ਤਿਕੋਣ ਵੀ ਫਿਰ ਕਿਸੇ ਤਬਦੀਲੀ ਦਾ ਰਾਹ ਪੱਧਰਾ ਕਰਨ ਵਾਲੀ ਹੋ ਸਕਦੀ ਹੈ। ਪਾਕਿਸਤਾਨ ਨੂੰ ਅਮਰੀਕਾ ਵੱਲੋਂ ਮੁਫਤ ਦਿੱਤੇ ਹੋਏ ਐੱਫ-ਸੋਲਾਂ ਜੰਗੀ ਜਹਾਜ਼ਾਂ ਦਾ ਫਲੀਟ ਅਪ-ਗਰੇਡ ਕਰਨ ਦੀਆਂ ਅਮਰੀਕਾ ਤੋਂ ਮਿਲੀਆਂ ਨਵੀਂ ਖਬਰਾਂ ਦੱਸ ਰਹੀਆਂ ਹਨ ਕਿ ਅਮਰੀਕਾ ਦਾ ਅਜੋਕਾ ਰਾਸ਼ਟਰਪਤੀ ਭਾਰਤ ਨਾਲੋਂ ਪਾਕਿਸਤਾਨ ਨੂੰ ਪਹਿਲ ਦੇਣ ਦੀ ਪੁਰਾਣੀ ਅਮਰੀਕੀ ਨੀਤੀ ਉੱਤੇ ਚੱਲਣ ਦੇ ਲਈ ਆਧਾਰ ਤਿਆਰ ਕਰ ਰਿਹਾ ਹੈ। ਕੁਝ ਲੋਕ ਇਸ ਮੋੜੇ ਤੋਂ ਪਹਿਲਾਂ ਹੀ ਕਹਿਣ ਲੱਗ ਪਏ ਸਨ ਕਿ ਰੂਸ ਅਤੇ ਯੂਕਰੇਨ ਦੀ ਜੰਗ ਵਿੱਚ ਭਾਰਤ ਵੱਲੋਂ ਰੂਸ ਦਾ ਪੱਖ ਲੈਣਾ ਅਮਰੀਕਾ ਨੂੰ ਚੁਭ ਸਕਦਾ ਹੈ ਅਤੇ ਇਸ ਕਾਰਨ ਦੁਵੱਲੀ ਸਾਂਝ ਵਿੱਚ ਤਰੇੜਾਂ ਇੱਕ ਵਾਰ ਫਿਰ ਦੋਵਾਂ ਦੇ ਸੰਬੰਧਾਂ ਵਿੱਚ ਪੁਰਾਣੇ ਪਾੜੇ ਤੱਕ ਪਹੁੰਚ ਸਕਦੀਆਂ ਹਨ। ਏਦਾਂ ਦੀ ਧਾਰਨਾ ਨੂੰ ਪੂਰੀ ਤਰ੍ਹਾਂ ਰੱਦ ਕੀਤੇ ਬਿਨਾਂ ਇਸ ਨੂੰ ਇੱਕੋ ਇੱਕੋ ਕਾਰਨ ਨਹੀਂ ਮੰਨਿਆ ਜਾ ਸਕਦਾ, ਸਗੋਂ ਕਈ ਕਾਰਨਾਂ ਦੀ ਲੜੀ ਵਿੱਚੋਂ ਇੱਕ ਕੜੀ ਹੀ ਮੰਨਣਾ ਚਾਹੀਦਾ ਹੈ, ਕਿਉਂਕਿ ਉਲਝਣਾਂ ਕਈ ਹੋਰ ਵੀ ਦਿਖਾਈ ਦੇਂਦੀਆਂ ਹਨ।
ਪਹਿਲੀ ਗੱਲ ਇਹ ਕਿ ਰੂਸ-ਯੂਕਰੇਨ ਜੰਗ ਵਿੱਚ ਭਾਰਤ ਦਾ ਸਟੈਂਡ ਅਮਰੀਕਾ ਨੂੰ ਕਿੰਨਾ ਵੀ ਚੁਭਦਾ ਹੋਵੇ, ਪਰ ਸਟੈਂਡ ਇਹ ਗਲਤ ਨਹੀਂ ਕਿਹਾ ਜਾ ਸਕਦਾ। ਭਾਰਤ ਦੀ ਆਪਣੀ ਨੀਤੀ ਹੈ, ਜਿਸ ਮੁਤਾਬਕ ਚੱਲਣਾ ਉਸ ਦਾ ਹੱਕ ਵੀ ਹੈ ਅਤੇ ਲੋੜ ਵੀ। ਜੰਗ ਛੇੜਨ ਲਈ ਰੂਸ ਨੂੰ ਗਲਤ ਮੰਨਣਾ ਹੋਰ ਗੱਲ ਹੈ, ਪਰ ਅਮਰੀਕਾ ਦੇ ਆਖੇ ਇਸ ਜੰਗ ਦੌਰਾਨ ਰੂਸ ਨਾਲ ਵਿਰੋਧ ਲਈ ਬਦੋਬਦੀ ਆਪਣੀ ਲੱਤ ਫਸਾਉਣਾ ਤੇ ਭਵਿੱਖ ਵਾਸਤੇ ਵੀ ਦੁਵੱਲੇ ਸੰਬੰਧਾਂ ਨੂੰ ਖਰਾਬ ਕਰ ਲੈਣਾ ਭਾਰਤ ਲਈ ਅਕਲਮੰਦੀ ਨਹੀਂ। ਅਮਰੀਕਾ ਦੇ ਇੱਕ ਮਾਹਰ ਨੇ ਆਪਣੀ ਪਾਰਲੀਮੈਂਟ ਦੀ ਕਮੇਟੀ ਅੱਗੇ ਆਖਿਆ ਹੈ ਕਿ ਭਾਰਤ ਕਿਉਂਕਿ ਰੂਸ ਤੋਂ ਬਹੁਤ ਸਾਰਾ ਜੰਗੀ ਸਾਮਾਨ ਖਰੀਦਦਾ ਰਿਹਾ ਹੈ, ਉਸ ਸਾਮਾਨ ਦੇ ਕਲ-ਪੁਰਜ਼ਿਆਂ ਅਤੇ ਖਰੀਦੇ ਹੋਏ ਸਾਮਾਨ ਦੇ ਅਗਲੇ ਵਿਕਾਸ ਲਈ ਉਸ ਨੂੰ ਰੂਸ ਨਾਲ ਸੰਬੰਧ ਰੱਖਣੇ ਪੈਣੇ ਹਨ। ਇਹ ਇੱਕ ਅਹਿਮ ਪੱਖ ਹੈ ਅਤੇ ਦੂਸਰਾ ਪੱਖ ਇਹ ਹੈ ਕਿ ਜਦੋਂ ਨਵੇਂ ਆਜ਼ਾਦ ਹੋਏ ਭਾਰਤ ਦੀ ਬਾਂਹ ਪੱਛਮੀ ਦੇਸ਼ਾਂ ਨੇ ਨਹੀਂ ਸੀ ਫੜੀ ਤੇ ਉਡੀਕਦੇ ਸਨ ਕਿ ਇਹ ਉਨ੍ਹਾਂ ਅੱਗੇ ਝੁਕ ਕੇ ਮਦਦ ਮੰਗੇਗਾ, ਉਸ ਵਕਤ ਰੂਸ ਨੇ ਇਸ ਦੀ ਹੱਦੋਂ ਬਾਹਰੀ ਮਦਦ ਕੀਤੀ ਸੀ। ਅਮਰੀਕਾ ਦੇ ਸੋਹਲੇ ਗਾਉਣ ਵਾਲੇ ਅਟਲ ਬਿਹਾਰੀ ਵਾਜਪਾਈ ਤੇ ਬਾਅਦ ਵਿੱਚ ਨਰਿੰਦਰ ਮੋਦੀ ਵਰਗੇ ਆਗੂ ਵੀ ਰੂਸ ਤੋਂ ਦੂਰੀ ਨਹੀਂ ਪਾ ਸਕੇ ਤਾਂ ਇਸ ਦਾ ਇੱਕ ਕਾਰਨ ਇਤਹਾਸ ਦੇ ਉਸ ਪੜਾਅ ਉੱਤੇ ਰੂਸ ਵੱਲੋਂ ਕੀਤੀ ਮਦਦ ਤੇ ਉਸ ਦੇ ਬਦਲੇ ਭਾਰਤ ਤੋਂ ਕੋਈ ਮੋੜਵੀਂ ਮੰਗ ਨਾ ਕਰਨ ਦੇ ਰੂਸ ਵਾਲਿਆਂ ਦੇ ਵਿਹਾਰ ਦੇ ਮੁਕਾਬਲੇ ਅਮਰੀਕਾ ਦਾ ਉਲਟਾ ਰਿਕਾਰਡ ਸੀ। ਉਹ ਭਾਰਤ ਨੂੰ ਸੰਸਾਰ ਰਾਜਨੀਤੀ ਵਿੱਚ ਕਈ ਹੋਰ ਦੇਸ਼ਾਂ ਵਾਂਗ ਆਪਣੇ ਮੋਹਰੇ ਵਜੋਂ ਵਰਤਣਾ ਚਾਹੁੰਦੇ ਸਨ ਤੇ ਅਮਰੀਕਾ ਦੀ ਇਸ ਨੀਤੀ ਅਧੀਨ ਜਦੋਂ ਭਾਰਤ ਨਹੀਂ ਚੱਲਿਆ ਤਾਂ ਇਸ ਦੇ ਮੁਕਾਬਲੇ ਉਹ ਪਾਕਿਸਤਾਨ ਨੂੰ ਪਲੋਸਦੇ ਰਹੇ ਸਨ।
ਦੂਸਰੀ ਸੰਸਾਰ ਜੰਗ ਦੇ ਸਮੇਂ ਤੱਕ ਸੰਸਾਰ ਦੇ ਪੂੰਜੀਵਾਦੀ ਬਲਾਕ ਦੇ ਦੇਸ਼ਾਂ ਦਾ ਆਗੂ ਬ੍ਰਿਟੇਨ ਹੁੰਦਾ ਸੀ, ਪਰ ਜੰਗ ਦੌਰਾਨ ਅਮਰੀਕੀ ਚੁਸਤੀ ਕਾਰਨ ਬ੍ਰਿਟੇਨ ਸਮੇਤ ਯੂਰਪੀ ਖੇਤਰ ਦੇ ਸਾਰੇ ਪ੍ਰਮੁੱਖ ਦੇਸ਼ ਕਮਜ਼ੋਰ ਹੋ ਗਏ ਅਤੇ ਸੰਸਾਰ ਭਰ ਦੀ ਸਰਦਾਰੀ ਦੀ ਭੂਮਿਕਾ ਅਮਰੀਕਾ ਦੇ ਹੱਥ ਆ ਗਈ ਸੀ। ਉਸ ਜੰਗ ਦੇ ਅੰਕੜੇ ਕੱਢ ਕੇ ਵੇਖੇ ਜਾਣ ਤਾਂ ਯੂਰਪ ਦੇ ਬੜੇ ਛੋਟੇ-ਛੋਟੇ ਦੇਸ਼ਾਂ ਦਾ ਜਿੰਨਾ ਜਾਨੀ ਨੁਕਸਾਨ ਹੋਇਆ ਸੀ, ਭਖਵੇਂ ਜੰਗੀ ਮੈਦਾਨ ਖੇਤਰ ਤੋਂ ਦੂਰ ਬੈਠੇ ਅਮਰੀਕਾ ਦਾ ਉਨ੍ਹਾਂ ਮੁਕਾਬਲੇ ਬਹੁਤ ਹੀ ਮਾਮੂਲੀ ਨੁਕਸਾਨ ਹੋਇਆ ਸੀ। ਸਭ ਤੋਂ ਵੱਧ ਮਾਰ ਖਾਧੇ ਦੇਸ਼ਾਂ ਵਿੱਚ ਰੂਸ ਵੀ ਸੀ, ਜਿਸ ਦੀ ਕੁੱਲ ਆਬਾਦੀ ਦਾ ਪੌਣੇ ਤੇਰਾਂ ਫੀਸਦੀ ਜੰਗ ਵਿੱਚ ਮਾਰਿਆ ਗਿਆ ਸੀ, ਯੂਕਰੇਨ ਦੇ ਸਾਢੇ ਸੋਲਾਂ ਫੀਸਦੀ ਦੇ ਕਰੀਬ ਲੋਕ ਮਾਰੇ ਗਏ ਤੇ ਬੈਲਾਰੂਸ ਦੀ ਚੌਥਾ ਹਿੱਸਾ ਆਬਾਦੀ ਜੰਗ ਨੇ ਖਾ ਲਈ ਸੀ। ਜੰਗ ਲਾਉਣ ਵਾਲੇ ਜਰਮਨੀ ਵਿੱਚ ਅੱਠ ਫੀਸਦੀ ਲੋਕ ਮਰਨ ਦੀ ਨੌਬਤ ਆਈ ਤੇ ਪਹਿਲੇ ਹੱਲੇ ਵਿੱਚ ਦਬੱਲੇ ਗਏ ਫਰਾਂਸ ਦੇ ਪੰਜ ਫੀਸਦੀ ਤੇ ਗਰੀਸ ਦੇ ਸੱਤ-ਅੱਠ ਫੀਸਦੀ ਦੇ ਕਰੀਬ ਲੋਕ ਮਾਰੇ ਗਏ ਸਨ। ਅਮਰੀਕੀ ਧਿਰ ਵੱਲੋਂ ਜੰਗ ਵਿੱਚ ਮੋਹਰੀ ਬਣੇ ਹੋਏ ਬ੍ਰਿਟੇਨ ਦੇ ਵੀ ਇੱਕ ਫੀਸਦੀ ਲੋਕ ਜੰਗ ਦੀ ਭੇਟ ਚੜ੍ਹ ਗਏ ਸਨ। ਦੂਸਰੇ ਪਾਸੇ ਅਮਰੀਕਾ ਦੇ ਇੱਕ ਫੀਸਦੀ ਵੀ ਨਹੀਂ, ਅੱਧਾ ਫੀਸਦੀ ਵੀ ਨਹੀਂ, ਇੱਕ ਫੀਸਦੀ ਦਾ ਤੀਸਰਾ ਹਿੱਸਾ 0.32 ਫੀਸਦੀ ਲੋਕਾਂ ਦੀ ਜਾਨ ਗਈ ਸੀ, ਕਿਉਂਕਿ ਅਮਰੀਕਾ ਦੂਰੋਂ ਖੜੋਤਾ ਇਹ ਜੰਗ ਲੜਦਾ ਨਹੀਂ ਸੀ, ਜੰਗ ਦੀ ਕਮਾਂਡ ਕਰਨ ਦੀ ਆਪੇ ਸੰਭਾਲੀ ਹੋਈ ਭੂਮਿਕਾ ਨਿਭਾਉਂਦਾ ਭਵਿੱਖ ਦੇ ਨਕਸ਼ੇ ਉਲੀਕ ਰਿਹਾ ਸੀ।
ਅਸੀਂ ਉਸ ਜੰਗ ਬਾਰੇ ਹੋਰ ਬਹੁਤਾ ਕੁਝ ਕਹਿਣ ਦੀ ਥਾਂ ਭਾਰਤ-ਅਮਰੀਕਾ ਸੰਬੰਧਾਂ ਵਿੱਚ ਆ ਰਹੇ ਪਿੱਛਲ-ਖੁਰੀ ਮੋੜ ਦੇ ਸੰਬੰਧ ਵਿੱਚ ਤਿੰਨ ਗੱਲਾਂ ਹੋਰ ਵਿਚਾਰ ਸਕਦੇ ਹਾਂ। ਪਹਿਲੀ ਇਹ ਕਿ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਨੂੰ ਉਸ ਦੇਸ਼ ਦੀ ਰਾਸ਼ਟਰਪਤੀ ਚੋਣ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਓਥੇ ਕੀਤੇ 'ਹਾਊਡੀ ਮੋਦੀ' ਸ਼ੋਅ ਵਿੱਚ ਕਹੀ ਗਈ 'ਅਬ ਕੀ ਬਾਰ, ਟਰੰਪ ਸਰਕਾਰ' ਦੀ ਗੱਲ ਭੁੱਲਦੀ ਨਹੀਂ। ਉਹ ਅਮਰੀਕਾ ਦੇ ਚੋਣ ਪ੍ਰਬੰਧ ਵਿੱਚ ਬਾਹਰ ਤੋਂ ਦਿੱਤਾ ਗਿਆ ਇਹੋ ਜਿਹਾ ਸਿੱਧਾ ਦਖਲ ਸੀ, ਜਿਸ ਦੀ ਨੁਕਤਾਚੀਨੀ ਭਾਰਤ ਵਿੱਚ ਵੀ ਹੋਈ ਸੀ ਅਤੇ ਕਿਹਾ ਗਿਆ ਸੀ ਕਿ ਇਹ ਹਰਕਤ ਭਵਿੱਖ ਵਿੱਚ ਅਮਰੀਕਾ ਨਾਲ ਸੰਬੰਧਾਂ ਵਿੱਚ ਕੁੜੱਤਣ ਪੈਦਾ ਕਰ ਸਕਦੀ ਹੈ। ਦੂਸਰਾ ਇਹ ਕਿ ਪਿਛਲੇ ਸਾਲ ਇੱਕ ਸਮਝੌਤੇ ਤਹਿਤ ਅਫਗਾਨਿਸਤਾਨ ਦਾ ਰਾਜ ਭਾਵੇਂ ਅਮਰੀਕਾ ਨੇ ਤਾਲਿਬਾਨ ਨੂੰ ਸੌਂਪ ਦਿੱਤਾ ਸੀ, ਪਰ ਤਾਲਿਬਾਨ ਦੇ ਇੱਕੋ ਸਾਲ ਦੇ ਰਾਜ ਨੇ ਇਹ ਚਿੰਤਾ ਫਿਰ ਲਾਈ ਪਈ ਹੈ ਕਿ ਕੱਲ੍ਹ-ਕਲੋਤਰ ਨੂੰ ਓਥੇ ਪੁਆੜਾ ਪੈ ਸਕਦਾ ਹੈ ਤੇ ਏਦਾਂ ਦੇ ਵਕਤ ਗਵਾਂਢ ਵਿੱਚ ਪੈਂਦੇ ਪਾਕਿਸਤਾਨ ਦੀ ਮਦਦ ਅਮਰੀਕਾ ਨੂੰ ਮੰਗਣੀ ਪੈ ਸਕਦੀ ਹੈ। ਤਾਲਿਬਾਨ ਨੇ ਇਸ ਸਾਲ ਦੌਰਾਨ ਅਮਰੀਕਾ ਹੀ ਨਹੀਂ, ਪਾਕਿਸਤਾਨ ਨਾਲ ਵੀ ਸਰਹੱਦੀ ਮੁੱਦਿਆਂ ਸਮੇਤ ਕਈ ਗੱਲਾਂ ਉੱਤੇ ਆਢਾ ਲਾਉਣ ਤੋਂ ਝਿਜਕ ਨਹੀਂ ਵਿਖਾਈ ਤੇ ਉਨ੍ਹਾਂ ਦੀ ਇਸ ਵਿਰੋਧਤਾ ਨੂੰ ਅਮਰੀਕਾ ਆਪਣੇ ਲਈ ਸੁਖਾਵੀਂ ਮੰਨ ਸਕਦਾ ਹੈ। ਪਾਕਿਸਤਾਨ ਦੇ ਹਾਲਾਤ ਵੀ ਇਸ ਵਕਤ ਰਾਜਸੀ ਪੱਖੋਂ ਏਦਾਂ ਦੇ ਹਨ ਕਿ ਫੌਜ ਤੇ ਸਰਕਾਰ ਦੋਵੇਂ ਫਿਰ ਅਮਰੀਕਾ ਵੱਲ ਝੁਕ ਰਹੀਆਂ ਹਨ।
ਇਸ ਲੇਖੇ ਵਿੱਚ ਇੱਕ ਗੱਲ ਹੋਰ ਚੇਤੇ ਕਰਨ ਵਾਲੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਜਿੱਦਾਂ ਦਾ ਵੀ ਹੋਵੇ, ਉਹ ਇਸਲਾਮਿਕ ਅੱਤਵਾਦ ਵਿਰੁੱਧ ਹਰ ਹੱਦ ਤੱਕ ਜਾ ਸਕਦਾ ਸੀ। ਉਸ ਨੇ ਇੱਕ ਵਾਰੀ ਅਚਾਨਕ ਸਾਊਦੀ ਅਰਬ ਜਾਣ ਦਾ ਇੱਕਤਰਫਾ ਐਲਾਨ ਕਰ ਦਿੱਤਾ ਤੇ ਸਾਰੇ ਪ੍ਰਮੁੱਖ ਇਸਲਾਮੀ ਦੇਸ਼ਾਂ ਦੇ ਰਾਜ-ਕਰਤਿਆਂ ਨੂੰ ਵੀ ਓਥੇ ਆਉਣ ਦਾ ਸੱਦਾ ਦੇ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਦੇ ਖਿਲਾਫ ਇਹ ਬਿਆਨ ਦਾਗ ਚੁੱਕਾ ਸੀ ਕਿ ਉਹ ਆਪਣੇ ਬਾਪ ਦੇ ਪੈਸੇ ਨਾਲ ਅਮਰੀਕਾ ਦੀ ਰਾਜਨੀਤੀ ਵਿੱਚ ਦਖਲ ਦੇਣ ਦਾ ਯਤਨ ਕਰਦਾ ਹੈ ਅਤੇ ਇਸ ਬਿਆਨ ਨਾਲ ਦੁਵੱਲੇ ਸੰਬੰਧਾਂ ਉੱਤੇ ਕੀ ਪ੍ਰਭਾਵ ਪੈਣਾ ਹੈ, ਉਹ ਵੀ ਉਸ ਨੂੰ ਪਤਾ ਸੀ। ਉਸ ਦੇ ਸੱਦੇ ਤੋਂ ਇਸਲਾਮੀ ਦੇਸ਼ਾਂ ਦੇ ਹਾਕਮਾਂ ਨੇ ਸੋਚ ਲਿਆ ਕਿ ਉਹ ਸ਼ਾਇਦ ਉਨ੍ਹਾਂ ਨਾਲ ਕੋਈ ਸਾਂਝ ਦਾ ਰਾਹ ਕੱਢਣਾ ਚਾਹੁੰਦਾ ਹੈ। ਇਸ ਕਰ ਕੇ ਉਹ ਸਾਰੇ ਪੂਰੀ ਤਰ੍ਹਾਂ ਤਿਆਰ ਹੋ ਕੇ ਓਧਰ ਚਲੇ ਗਏ। ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਾਊਦੀ ਅਰਬ ਜਾਂਦਿਆਂ ਜਹਾਜ਼ ਵਿੱਚ ਵੀ ਆਪਣਾ ਓਥੇ ਪੜ੍ਹਨ ਵਾਲਾ ਭਾਸ਼ਣ ਤਿੰਨ ਵਾਰ ਕੱਟ-ਵੱਢ ਕਰ ਕੇ ਸ਼ਿੰਗਾਰਦੇ ਰਹੇ, ਪਰ ਡੋਨਾਲਡ ਟਰੰਪ ਦੀ ਬੈਠਕ ਵਿੱਚ 'ਨ੍ਹਾਤੀ-ਧੋਤੀ' ਵਾਲੀ ਹਾਲਤ ਹੋ ਗਈ। ਉਸ ਨੇ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਸੀ ਦਿੱਤਾ ਤੇ ਇੱਕ-ਤਰਫਾ ਭਾਸ਼ਣ ਕਰ ਕੇ ਸਿਰਫ ਇਹ ਆਖਿਆ ਸੀ ਕਿ ਇਸਲਾਮੀ ਦੇਸ਼ਾਂ ਦੇ ਆਗੂ ਇਹ ਸੋਚ ਲੈਣ ਕਿ ਅੱਤਵਾਦ ਨੂੰ ਸ਼ਹਿ ਦਿੱਤੀ ਸਿਰਫ ਬਾਕੀ ਸੰਸਾਰ ਲਈ ਨਹੀਂ, ਉਨ੍ਹਾਂ ਲਈ ਵੀ ਘਾਟੇਵੰਦੀ ਹੈ। ਮੀਟਿੰਗ ਵਿੱਚ ਕਿਸੇ ਵੀ ਹੋਰ ਨੂੰ ਮੌਕਾ ਦਿੱਤੇ ਬਗੈਰ ਉਸ ਨੇ ਆਪਣਾ ਭਾਸ਼ਣ ਸੁਣਾ ਕੇ ਸਮਾਪਤੀ ਕਰ ਦਿੱਤੀ ਤੇ ਸਾਰੇ ਸੰਸਾਰ ਦੇ ਲੋਕਾਂ ਨੂੰ ਅਮਰੀਕਾ ਦੀ ਸਰਕਾਰ ਵੱਲੋਂ ਜਿਹੜਾ ਸੰਦੇਸ਼ ਦੇਣਾ ਚਾਹੁੰਦਾ ਸੀ, ਉਹ ਦੇ ਕੇ ਤੁਰ ਗਿਆ ਸੀ। ਟਰੰਪ ਦੇ ਮੁਕਾਬਲੇ ਡੈਮੋਕਰੇਟਿਕ ਪਾਰਟੀ ਦੇ ਆਗੂ ਜੋਅ ਬਾਇਡੇਨ ਨੂੰ ਇਸ ਮਾਮਲੇ ਵਿੱਚ ਓਨਾ ਸਖਤ ਨਹੀਂ ਸਮਝਿਆ ਜਾਂਦਾ ਅਤੇ ਅੱਤਵਾਦ ਬਾਰੇ ਬੋਲਣ ਨਾਲੋਂ ਵੱਧ ਚੋਣਵੇਂ ਨਿਸ਼ਾਨੇ ਫੁੰਡਦੇ ਰਹਿਣ ਦੀ ਪੁਰਾਣੀ ਅਮਰੀਕੀ ਨੀਤੀ ਉੱਤੇ ਚੱਲਦਾ ਦਿੱਸਦਾ ਹੈ। ਇਹ ਅਜੋਕੀ ਨੀਤੀ ਅਮਰੀਕੀ ਲੋਕਾਂ ਨੂੰ ਜਾਂ ਰਾਸ਼ਟਰਪਤੀ ਜੋਅ ਬਾਇਡੇਨ ਨੂੰ ਕਿੰਨੀ ਕੁ ਸੂਤ ਬੈਠਦੀ ਹੈ, ਇਸ ਬਾਰੇ ਪਤਾ ਨਹੀਂ, ਪਰ ਪਾਕਿਸਤਾਨੀ ਹਕੂਮਤ ਅਤੇ ਪਾਕਿਸਤਾਨ ਦੀ ਫੌਜ ਦੇ ਪਰਖੇ ਹੋਏ ਚੌਖਟੇ ਵਿੱਚ ਪੂਰੀ ਫਿੱਟ ਬੈਠ ਕੇ ਭਵਿੱਖ ਦੇ ਸੰਬੰਧਾਂ ਦਾ ਰੁਖ ਬਦਲ ਸਕਦੀ ਹੈ।
ਸ਼ਾਇਦ ਇਹੋ ਕਾਰਨ ਹੈ ਕਿ ਅਮਰੀਕਾ ਦੇ ਪਾਕਿਸਤਾਨ-ਮੋਹ ਵਿੱਚ ਇਹ ਨਵਾਂ ਉਬਾਲਾ ਏਥੋਂ ਤੱਕ ਚਲਾ ਗਿਆ ਹੈ ਕਿ ਅਮਰੀਕਾ ਅਚਾਨਕ ਪਾਕਿਸਤਾਨੀ ਫੌਜ ਦੇ ਪੁਰਾਣੇ ਹੋ ਚੁੱਕੇ ਐੱਫ ਸੋਲਾਂ ਜੰਗੀ ਜਹਾਜ਼ਾਂ ਨੂੰ ਹੋਰ ਵਿਕਸਤ ਕਰਨ ਦੀ ਪੇਸ਼ਕਸ਼ ਕਰਨ ਲੱਗ ਪਿਆ ਹੈ। ਇਹ ਜਹਾਜ਼ ਜਦੋਂ ਛੱਤੀ ਕੁ ਸਾਲ ਪਹਿਲਾਂ ਪਾਕਿਸਤਾਨ ਨੂੰ ਪਹਿਲੀ ਵਾਰੀ ਅਮਰੀਕਾ ਨੇ ਦੇਣੇ ਸਨ ਤਾਂ ਓਦੋਂ ਇਹ ਆਧੁਨਿਕਤਾ ਦੀ ਸਿਖਰ ਮੰਨੇ ਜਾਂਦੇ ਸਨ ਅਤੇ ਭਾਰਤ ਨੇ ਅਮਰੀਕਾ ਵੱਲੋਂ ਇਹ ਜਹਾਜ਼ ਦੇਣ ਦਾ ਤਿੱਖਾ ਵਿਰੋਧ ਕੀਤਾ ਸੀ। ਓਦੋਂ ਅਮਰੀਕਾ ਗਏ ਭਾਰਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਜਦੋਂ ਪੱਤਰਕਾਰਾਂ ਨੇ ਕਿਹਾ ਕਿ ਤੁਸੀਂ ਇਨ੍ਹਾਂ ਜਹਾਜ਼ਾਂ ਦੀ ਮਾਰ ਤੋਂ ਬਹੁਤ ਤ੍ਰਹਿਕਦੇ ਹੋ ਤਾਂ ਉਸ ਨੇ ਕਿਹਾ ਸੀ ਕਿ ਗੱਲ ਤ੍ਰਹਿਕਣ ਦੀ ਨਹੀਂ, ਅਮਰੀਕਾ ਨੇ ਪਾਕਿਸਤਾਨ ਨੂੰ ਜਹਾਜ਼ ਮੁਫਤ ਦੇਣੇ ਹਨ, ਸਾਨੂੰ ਇਸ ਦੇ ਮੁਕਾਬਲੇ ਲਈ ਹੋਰ ਕਿਤੋਂ ਇਸ ਦੀ ਟੱਕਰ ਦੇ ਪ੍ਰਬੰਧ ਕਰਨ ਲਈ ਪੈਸੇ ਖਰਚਣੇ ਪੈਣੇ ਹਨ, ਜਿਸ ਨਾਲ ਸਾਡੇ ਲੋਕਾਂ ਉੱਤੇ ਬੋਝ ਪਵੇਗਾ। ਭਾਰਤ ਨੂੰ ਲੀਹ ਤੋਂ ਲਾਹੁਣ ਲਈ ਅਮਰੀਕਾ ਨੇ ਪਾਕਿਸਤਾਨ ਨੂੰ ਜਿੱਦਾਂ ਓਦੋਂ ਇਹ ਜੰਗੀ ਜਹਾਜ਼ ਭੇਜ ਕੇ ਮਛਰਾਇਆ ਸੀ, ਇੱਕ ਵਾਰ ਫਿਰ ਉਸੇ ਨੀਤੀ ਉੱਤੇ ਚੱਲ ਕੇ ਓਦੋਂ ਦੇ ਦਿੱਤੇ ਹੋਏ ਜਹਾਜ਼ਾਂ ਨੂੰ ਮਾਡਰਨਾਈਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬੀ ਬੋਲੀ ਦਾ ਅਖਾਣ ਹੈ ਕਿ 'ਕੱਟਾ ਕਿੱਲੇ ਦੇ ਜ਼ੋਰ ਉੱਤੇ ਤੀਂਘੜਦਾ ਹੈ', ਅਤੇ ਇਤਹਾਸ ਦੱਸਦਾ ਹੈ ਕਿ ਜਦੋਂ ਵੀ ਪਾਕਿਸਤਾਨੀ ਹਕੂਮਤ ਨੂੰ ਬਾਹਰੋਂ ਕਿਸੇ ਨੇ ਏਦਾਂ ਦੀ ਕੋਈ ਮਦਦ ਦਿੱਤੀ ਹੈ, ਉਸ ਦੇ ਪਿੱਛੇ ਭਾਰਤ-ਵਿਰੋਧ ਦੀ ਨੀਤੀ ਹੁੰਦੀ ਸੀ। ਇਸ ਵਾਰੀ ਵੀ ਅਮਰੀਕਾ ਕੋਈ ਚੈਰਿਟੀ ਦਾ ਕੰਮ ਕਰਨ ਲਈ ਪਾਕਿਸਤਾਨ ਦੀ ਮਦਦ ਕਰਨ ਨਹੀਂ ਤੁਰਿਆ, ਇਸ ਮਦਦ ਦੀ ਤਹਿ ਵਿੱਚ ਜਿਹੜਾ ਕੂੜ-ਕਬਾੜ ਲੁਕਿਆ ਪਿਆ ਹੈ, ਉਹ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋ ਸਕਦਾ।