ਕਲਮ ਦੀ ਤਾਕਤ ਤੇ ਅਖ਼ਬਾਰ - ਗੁਰਬਚਨ ਜਗਤ
ਪੁਣੇ ਦੇ ਸਕੂਲ ਵਿਚ ਹੁੰਦਿਆਂ ਮੈਨੂੰ ਅਖ਼ਬਾਰ ਪੜ੍ਹਨ ਦੀ ਚੇਟਕ ਲੱਗੀ ਸੀ। ਉਦੋਂ ਸਾਡੇ ਘਰ ‘ਫਰੀ ਪ੍ਰੈਸ ਜਰਨਲ’ ਅਖ਼ਬਾਰ ਆਉਂਦਾ ਸੀ। ਅਖ਼ਬਾਰ ਵਿਚ ਦਿਲਚਸਪੀ ਖੇਡਾਂ ਦੇ ਸਫ਼ੇ ਤੋਂ ਸ਼ੁਰੂ ਹੋਈ ਅਤੇ ਫਿਰ ਹੋਰਨਾਂ ਪੰਨਿਆਂ ਤੱਕ ਅੱਪੜ ਗਈ ਪਰ ਸੰਪਾਦਕੀ ਪੰਨਾ ਅਕਸਰ ਛੱਡ ਦਿੰਦਾ ਸਾਂ। ਉਸ ਤੋਂ ਬਾਅਦ ਰੂਸੀ ਕਰੰਜੀਆ ਦਾ ‘ਬਲਿਟਜ਼’ ਪੜ੍ਹਨਾ ਸ਼ੁਰੂ ਕੀਤਾ ਜਿਸ ਦੇ ਆਖ਼ਰੀ ਪੰਨੇ ’ਤੇ ਕੇ.ਏ. ਅੱਬਾਸ ਦਾ ਕਾਲਮ ਅਤੇ ਕੁਝ ਹਸੀਨ ਮਾਡਲਾਂ ਦੀਆਂ ਤਸਵੀਰਾਂ ਹੁੰਦੀਆਂ ਸਨ। ਉਹ ਗੁੱਟ ਨਿਰਲੇਪ ਲਹਿਰ ਅਤੇ ਪੰਚਸ਼ੀਲ ਦੀ ਸ਼ਾਨੋ-ਸ਼ੌਕਤ ਦੇ ਦਿਨ ਸਨ। ਅਖ਼ਬਾਰ ਵਿਚ ਕਰੰਜੀਆ ਵੱਲੋਂ ਨਹਿਰੂ, ਨਾਸਰ, ਟੀਟੋ, ਸੁਕਾਰਨੋ ਆਦਿ ਆਗੂਆਂ ਨਾਲ ਕੀਤੀਆਂ ਮੁਲਾਕਾਤਾਂ ਛਪਦੀਆਂ ਹੁੰਦੀਆਂ ਸਨ, ਉਨ੍ਹਾਂ ਦਿਨਾਂ ਵਿਚ ਭਾਵੇਂ ਭਾਰਤ ਦਾ ਪਲੜਾ ਭਾਰੀ ਨਹੀਂ ਸੀ ਪਰ ਉਹ ਵੱਡੀਆਂ ਤਾਕਤਾਂ ਨਾਲ ਦਸਤਪੰਜਾ ਲੈਂਦਾ ਰਹਿੰਦਾ ਸੀ। ਇਸ ਸਬੰਧੀ ਆਰਥਰ ਮਿਲਰ ਦਾ ਕਥਨ ਹੈ, ‘ਮੇਰੀ ਜਾਚੇ, ਚੰਗਾ ਅਖ਼ਬਾਰ ਉਹ ਹੁੰਦਾ ਹੈ ਜਿਸ ਦੇ ਜ਼ਰੀਏ ਕੌਮ ਆਪਣੇ ਬਾਰੇ ਗੱਲ ਕਰ ਸਕਦੀ ਹੈ।’
ਸਕੂਲ ਤੋਂ ਕਾਲਜ ਪਹੁੰਚ ਕੇ ਮੇਰਾ ਹੋਰਨਾਂ ਅਖ਼ਬਾਰਾਂ ਨਾਲ ਵਾਹ ਪੈਣ ਲੱਗਿਆ ਜਿਨ੍ਹਾਂ ਵਿਚ ਟਾਈਮਜ਼ ਆਫ ਇੰਡੀਆ, ਹਿੰਦੁਸਤਾਨ ਟਾਈਮਜ਼, ਇੰਡੀਅਨ ਐਕਸਪ੍ਰੈਸ, ਸਟੇਟਸਮੈਨ, ਦਿ ਟ੍ਰਿਬਿਊਨ ਆਦਿ ਸ਼ਾਮਲ ਸਨ। ਇਸ ਦੇ ਨਾਲ ਹੀ ਫ੍ਰੈਂਕ ਮੌਰਿਸ, ਗਿਰੀਲਾਲ ਜੈਨ, ਜੇ.ਜੇ. ਇਰਾਨੀ, ਐੱਸ. ਨਿਹਾਲ ਸਿੰਘ, ਅਰੁਣ ਸ਼ੋਰੀ, ਪ੍ਰੇਮ ਭਾਟੀਆ, ਕੁਲਦੀਪ ਨਈਅਰ, ਐੱਸ. ਮੁਲਗਾਓਂਕਰ ਜਿਹੇ ਸੰਪਾਦਕਾਂ ਸਦਕਾ ਅਖ਼ਬਾਰਾਂ ਦੇ ਸੰਪਾਦਕੀ ਤੇ ਵਿਚਾਰਕ ਸਫ਼ਿਆਂ ਵਿਚ ਮੇਰੀ ਦਿਲਚਸਪੀ ਵਧਣ ਲੱਗੀ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਪੱਤਰਕਾਰ ਤੇ ਕਾਲਮਨਵੀਸ ਸਨ ਜੋ ‘ਸਟੋਰੀਆਂ’ ਖੋਜ ਕੇ ਕੱਢਦੇ ਸਨ ਅਤੇ ਬਾਰੀਕਬੀਨ ਵਿਸ਼ਲੇਸ਼ਣ ਕਰਦੇ ਸਨ। ਉਹ ਆਜ਼ਾਦ ਖ਼ਿਆਲ ਸਨ, ਨਿਡਰ ਸਨ ਅਤੇ ਸਾਫ਼ਗੋਈ ਤੇ ਇਖ਼ਲਾਕੀ ਦਿਆਨਤਦਾਰੀ ਦੇ ਮਾਲਕ ਸਨ ਅਤੇ ਕਿਸੇ ਵੀ ਤਾਕਤ ਅੱਗੇ ਝੁਕਦੇ ਨਹੀਂ ਸਨ। ਇਸ ਕਰਕੇ ਹੀ ਉਹ ਸੱਚੀਓਂ ਲੋਕਾਂ ਦੀ ਆਵਾਜ਼ ਅਤੇ ਇੱਛਾ ਦੀ ਤਰਜ਼ਮਾਨੀ ਕਰਦੇ ਸਨ। ਉਹ ਹਾਕਮਾਂ ਨਾਲ ਲੋਕਾਂ ਦੀ ਗੱਲ ਕਰਦੇ ਸਨ, ਉਹ ਇਕ ਮਾਧਿਅਮ ਸਨ, ਉਹ ਮੀਡੀਆ ਸਨ ਜਿਸ ਕਰਕੇ ਮੈਂ ਉਨ੍ਹਾਂ ਨੂੰ ਪੜ੍ਹਦਾ ਸੀ।
ਕਾਲਜ ਦੀ ਲਾਇਬ੍ਰੇਰੀ ਜਾਂ ਅਖ਼ਬਾਰਾਂ ਵਾਲੇ ਡੈਸਕਾਂ ’ਤੇ ਮੈਂ ਬੜੇ ਚਾਅ ਨਾਲ ਜਾਂਦਾ ਸਾਂ ਜਿੱਥੇ ਤੁਸੀਂ ਆਰਾਮ ਨਾਲ ਅਖ਼ਬਾਰਾਂ ਪੜ੍ਹ ਸਕਦੇ ਸੀ ਕਿਉਂਕਿ ਕਾਲਜ ਵਿਚ ਅਖ਼ਬਾਰਾਂ ਵਾਲੇ ਡੈਸਕਾਂ ’ਤੇ ਕੋਈ ਭੀੜ ਭੜੱਕਾ ਨਹੀਂ ਹੋਇਆ ਕਰਦਾ ਸੀ। ਮੈਂ ਵਿਦਿਆਰਥੀ ਭੱਤੇ ਦੇ ਪੈਸਿਆਂ ’ਚੋਂ ਅਖ਼ਬਾਰ ਖਰੀਦ ਲੈਂਦਾ ਸਾਂ ਤੇ ਨਵੀਂ ਕਾਪੀ ਦੀ ਗੰਧ ਮਹਿਸੂਸ ਕਰਦਾ, ਇਸ ਦੇ ਪੰਨਿਆਂ ਦੀ ਖਣਕ ਵਧੀਆ ਲੱਗਦੀ। ਮੈਂ ਕਦੇ ਕਦਾਈਂ ਕਾਲਜ ਮੈਗਜ਼ੀਨ ਲਈ ਲਿਖਦਾ ਸਾਂ ਤੇ ਸੰਪਾਦਕ ਦੀ ਡਾਕ ਲਿਖਿਆ ਕਰਦਾ ਸਾਂ। ਅਖ਼ਬਾਰ ਵਿਚ ਛਪੀ ਆਪਣੀ ਚਿੱਠੀ ਪੜ੍ਹ ਕੇ ਮਜ਼ਾ ਆ ਜਾਂਦਾ ਸੀ। ਉਦੋਂ ਤੱਕ ਮੈਨੂੰ ਕਿਸੇ ਪੱਤਰਕਾਰ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਸੀ ਤੇ ਮੈਨੂੰ ਉਨ੍ਹਾਂ ਦੀ ਬਹੁਤ ਸਿੱਕ ਹੁੰਦੀ ਸੀ। ਇਕ ਸਮੇਂ ਪੱਤਰਕਾਰੀ ਦਾ ਚਾਅ ਇਸ ਕਦਰ ਹਾਵੀ ਹੋ ਗਿਆ ਕਿ ਮੈਂ ਇਸ ਕਿੱਤੇ ਨੂੰ ਅਪਣਾਉਣ ਦਾ ਮਨ ਬਣਾ ਲਿਆ ਪਰ ਕਿਸਮਤ ਤੇ ਪਰਿਵਾਰ ਦੇ ਦਖ਼ਲ ਕਰਕੇ ਮੈਂ 1966 ਵਿਚ ਭਾਰਤੀ ਪੁਲੀਸ ਸੇਵਾ ਵਿਚ ਭਰਤੀ ਹੋ ਗਿਆ। ਆਪਣੇ ਕਰੀਅਰ ਦੀ ਸ਼ੁਰੂਆਤ ’ਚ ਪੁਲੀਸ ਸੁਪਰਡੈਂਟ ਵਜੋਂ ਮੇਰੀ ਤਾਇਨਾਤੀ ਕਪੂਰਥਲਾ, ਬਠਿੰਡਾ, ਪਟਿਆਲਾ ਤੇ ਅੰਮ੍ਰਿਤਸਰ ਵਿਖੇ ਹੋਈ। ਉਦੋਂ ਮੈਨੂੰ ਜ਼ਿਲ੍ਹਿਆਂ ਵਿਚਲੇ ਪੱਤਰਕਾਰਾਂ ਨਾਲ ਮੇਲ-ਜੋਲ ਦਾ ਅਕਸਰ ਮੌਕਾ ਮਿਲਦਾ ਸੀ। ਉਨ੍ਹਾਂ ਦਾ ਪੱਧਰ ਅਮੂਮਨ ਚੰਡੀਗੜ੍ਹ ਜਾਂ ਦਿੱਲੀ ਵਾਲੇ ਪੱਤਰਕਾਰਾਂ ਵਾਲਾ ਨਹੀਂ ਸੀ। ਵੱਖੋ-ਵੱਖਰੇ ਰੰਗਾਂ ਦੇ ਸਿਆਸਤਦਾਨਾਂ, ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ, ਮੰਤਰੀਆਂ ਆਦਿ ਨਾਲ ਵੀ ਅਕਸਰ ਗੱਲਬਾਤ ਹੁੰਦੀ ਰਹਿੰਦੀ। ਮੁੱਖ ਤੌਰ ’ਤੇ ਮੁਕਾਮੀ ਖ਼ਬਰਾਂ, ਮੁਕਾਮੀ ਅਪਰਾਧ ਅਤੇ ਜ਼ਿਲ੍ਹੇ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਵੀ ਗੱਲਬਾਤ ਹੁੰਦੀ। ਜਦੋਂ ਵੀ ਕਦੇ ਕਿਸੇ ਨਵੇਂ ਜ਼ਿਲ੍ਹੇ ਵਿਚ ਮੇਰੀ ਤਾਇਨਾਤੀ ਹੁੰਦੀ ਸੀ ਤਾਂ ਪੱਤਰਕਾਰਾਂ ਨੂੰ ਮੇਰੀ ਇਕੋ ਬੇਨਤੀ ਹੁੰਦੀ ਸੀ ਕਿ ਉਹ ਆਪਣੀਆਂ ਰਿਪੋਰਟਾਂ ਭੇਜਣ ਸਮੇਂ ਪੁਲੀਸ ਦਾ ਪੱਖ ਵੀ ਜ਼ਰੂਰ ਲਿਆ ਕਰਨ। ਕਹਿਣ ਨੂੰ ਇਹ ਗੱਲ ਜਿੰਨੀ ਛੋਟੀ ਜਿਹੀ ਜਾਪਦੀ ਹੈ ਪਰ ਨਿਭਾਉਣ ’ਚ ਓਨੀ ਹੀ ਔਖੀ ਹੁੰਦੀ ਹੈ। ਇਕ ਪੱਤਰਕਾਰ ਨੇ ਇਸ ਦਾ ਸਾਰ ਪੇਸ਼ ਕਰਦਿਆਂ ਆਖ ਹੀ ਦਿੱਤਾ ਕਿ ਪੁਲੀਸ ਬਾਰੇ ਆਮ ਤੌਰ ’ਤੇ ਨਾਂਹਪੱਖੀ ‘ਸਟੋਰੀਆਂ’ ਹੀ ਛਪਦੀਆਂ ਤੇ ਪੜ੍ਹੀਆਂ ਜਾਂਦੀਆਂ ਹਨ। ‘ਸਭ ਕੁਝ ਠੀਕ ਠਾਕ’ ਵਾਲੀਆਂ ‘ਸਟੋਰੀਆਂ’ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤੀਆਂ ਜਾਂਦੀਆਂ ਹਨ। ਮੈਂ ਪੱਤਰਕਾਰਾਂ ਨੂੰ ਮਿਲ ਕੇ ਗੱਲਬਾਤ ਕਰਦਾ ਰਹਿੰਦਾ। ਅਕਸਰ ਉਨ੍ਹਾਂ ਤੋਂ ਵੀ ਕਾਫ਼ੀ ਜਾਣਕਾਰੀ ਮਿਲਦੀ ਸੀ ਜੋ ਕਦੀ ਕਦਾਈਂ ‘ਚਾਨਣਮਈ’ ਵੀ ਹੁੰਦੀ ਸੀ। ਉਹ ਲੋਕਾਂ ਅਤੇ ਸਿਆਸਤਦਾਨਾਂ ਨਾਲ ਵਿਚਰਦੇ ਸਨ ਜਿਸ ਕਰਕੇ ਉਨ੍ਹਾਂ ਕੋਲ ਕਾਫ਼ੀ ਜਾਣਕਾਰੀ ਹੁੰਦੀ ਸੀ।
ਫਿਰ ਐਮਰਜੈਂਸੀ ਲਾਗੂ ਹੋ ਗਈ ਜਿਸ ਦੌਰਾਨ ਹਰੇਕ ਪੇਸ਼ੇ ਦੀ ਅਜ਼ਮਾਇਸ਼ ਹੋਈ ਸੀ ਅਤੇ ਕੁਝ ਲੋਕ ਡਰ ਗਏ ਤੇ ਰੀਂਗਣ ਹੀ ਲੱਗ ਪਏ ਜਦੋਂਕਿ ਕੁਝ ਡਟ ਕੇ ਖੜ੍ਹੇ ਰਹੇ। ਕੁਝ ਅਖ਼ਬਾਰਾਂ ਵਿਚ ਸੰਪਾਦਕੀ ਵਾਲੀਆਂ ਥਾਵਾਂ ਖਾਲੀ ਛੱਡੀਆਂ ਹੁੰਦੀਆਂ ਸਨ ਜਦੋਂਕਿ ਕੁਝ ਹੋਰ ਸਰਕਾਰੀ ਬਿਆਨ ਛਾਪਣ ਦੇ ਆਦੀ ਹੋ ਗਏ। ਜਿਨ੍ਹਾਂ ਦਿਨਾਂ ਵਿਚ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ, ਉਨ੍ਹਾਂ ਦੀ ਇਕ ਟਿੱਪਣੀ ਅਜੇ ਤੱਕ ਯਾਦ ਹੈ। ਮੈਂ ਐੱਸ.ਐੱਸ.ਪੀ. ਪਟਿਆਲਾ ਲੱਗਾ ਹੋਇਆ ਸੀ ਤੇ 1975 ਵਿਚ ਆਪਣੀ ਇਕ ਫੇਰੀ ਦੌਰਾਨ ਉਨ੍ਹਾਂ ਮੈਨੂੰ ਆਪਣੀ ਕਾਰ ਵਿਚ ਨਾਲ ਚੱਲਣ ਲਈ ਕਿਹਾ। ਲਾਲਾ ਜਗਤ ਨਰਾਇਣ ‘ਹਿੰਦ ਸਮਾਚਾਰ’ ਸਮੂਹ ਦੇ ਮਾਲਕ ਸਨ ਅਤੇ ਉਨ੍ਹਾਂ ਨੂੰ ਪਟਿਆਲਾ ਦੀ ਜੇਲ੍ਹ ਵਿਚ ਰੱਖਿਆ ਗਿਆ ਸੀ। ਮੁੱਖ ਮੰਤਰੀ ਨੇ ਤਨਜ਼ੀਆ ਲਹਿਜੇ ਨਾਲ ਉਨ੍ਹਾਂ ਦੀ ਤਬੀਅਤ ਬਾਰੇ ਪੁੱਛਿਆ ਤੇ ਨਾਲ ਹੀ ਆਖਿਆ ਕਿ ਰਾਜ ਕਰਨ ਦਾ ਮਜ਼ਾ ਤਾਂ ਹੁਣ ਈ ਆਇਐ, ਚਿੰਤਾ ਕਰਨ ਦੀ ਕੋਈ ਲੋੜ ਈ ਨਹੀਂ ਕਿ ਕੋਈ ਕੀ ਲਿਖਦਾ ਏ। ਉਨ੍ਹਾਂ ਦੇ ਹਾਵ-ਭਾਵ ਤੋਂ ਉਨ੍ਹਾਂ ਦੀ ਬੇਫ਼ਿਕਰੀ ਅਤੇ ਸਦਾਕਤ ਸਾਫ਼ ਝਲਕ ਰਹੀ ਸੀ।
‘ਸਟੇਟਸਮੈਨ’ ਅਤੇ ‘ਇੰਡੀਅਨ ਐਕਸਪ੍ਰੈਸ’ ਦੇ ਇਕ ਅੱਧ ਕਾਲਮ ਨੂੰ ਛੱਡ ਕੇ ਅਖ਼ਬਾਰਾਂ ਵਿਚ ਪੜ੍ਹਨ ਲਾਇਕ ਕੋਈ ਗੱਲ ਨਹੀਂ ਛਪਦੀ ਸੀ। ਐਮਰਜੈਂਸੀ ਦੇ ਖ਼ਾਤਮੇ ਤੋਂ ਬਾਅਦ ਦੇ ਦਹਾਕਿਆਂ ਵਿਚ ਸਿਆਸੀ ਅਸਥਿਰਤਾ ਪੈਦਾ ਹੋ ਗਈ ਅਤੇ ਸਰਕਾਰੀ ਸੰਸਥਾਵਾਂ, ਸਿਆਸੀ ਪਾਰਟੀਆਂ ਤੇ ਨੌਕਰਸ਼ਾਹੀ ਵਿਚ ਵਿਆਪਕ ਨਿਘਾਰ ਦਿਸਣ ਲੱਗਿਆ ਜਿਸ ਤੋਂ ਪੱਤਰਕਾਰੀ ਦਾ ਪੇਸ਼ਾ ਵੀ ਅਛੂਤਾ ਨਾ ਰਹਿ ਸਕਿਆ। ਵੱਡੀਆਂ ਹਸਤੀਆਂ ਮੰਜ਼ਰ ਤੋਂ ਲਾਂਭੇ ਹੋ ਗਈਆਂ, ਮਾਲਕਾਂ ਅਤੇ ਸਰਕਾਰ ਦਾ ਸਾਇਆ ਫੈਲਦਾ ਚਲਿਆ ਗਿਆ। ਸਮਾਜ ਅੰਦਰ ਸਮੁੱਚੇ ਤੌਰ ’ਤੇ ਇਖ਼ਲਾਕੀ ਅਤੇ ਬੌਧਿਕ ਦਿਆਨਤਦਾਰੀ ਦਾ ਪਤਨ ਹੋ ਗਿਆ ਪਰ ਲੋਕਾਂ ਨੂੰ ਅਖ਼ਬਾਰਾਂ ਤੋਂ ਸਚਾਈ ਦੀ ਕੁਝ ਨਾ ਕੁਝ ਉਮੀਦ ਬਚੀ ਹੋਈ ਸੀ। ਬਹਰਹਾਲ, ਹੌਲੀ ਹੌਲੀ ਕਾਰਪੋਰੇਟਾਂ ਦਾ ਦਖ਼ਲ ਵਧ ਗਿਆ ਅਤੇ ਸੰਪਾਦਕਾਂ ਨੇ ਉਨ੍ਹਾਂ ਲਈ ਜਗ੍ਹਾ ਖਾਲੀ ਕਰ ਦਿੱਤੀ। ਪੇਸ਼ੇਵਰ ਤਬਕਿਆਂ ਤੇ ਜਨਤਕ ਸੰਸਥਾਵਾਂ ਵਿਚ ਅਜੇ ਵੀ ਕੁਝ ਅਪਵਾਦ ਹਨ ਪਰ ਉਹ ਅਪਵਾਦ ਹੀ ਹਨ। ਕੁਝ ਉੱਘੇ ਪੱਤਰਕਾਰਾਂ ਅਤੇ ਪ੍ਰਤੀਬੱਧ ਅਖ਼ਬਾਰਾਂ ਵੱਲੋਂ ਬਹੁਤ ਸ਼ਾਨਦਾਰ ਸਟੋਰੀਆਂ ਛਾਪੀਆਂ ਜਾਂਦੀਆਂ ਰਹੀਆਂ ਹਨ।
ਉਸ ਤੋਂ ਬਾਅਦ ਪੰਜਾਬ ਵਿਚ ਖਾੜਕੂਵਾਦ ਦੇ ਦੌਰ ਵਿਚ ਮੇਰੀ ਪਾਰੀ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਵੱਖੋ ਵੱਖਰੇ ਸਦਰ ਮੁਕਾਮਾਂ ਅਤੇ ਚੰਡੀਗੜ੍ਹ ਵਿਚ ਤਾਇਨਾਤੀ ਤੱਕ ਪਹੁੰਚ ਕੇ ਖ਼ਤਮ ਹੋਈ। ਮੈਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੀ ਇਕੱਠਿਆਂ ਹੀ ਗੱਲ ਕਰਦਾ ਹਾਂ। ਸ਼ੁਰੂ ਤੋਂ ਅੰਤ ਤੱਕ ਕੁਝ ਗਿਣੇ ਚੁਣੇ ਪੱਤਰਕਾਰ ਰਹੇ ਹਨ ਜੋ ਸੱਚ ਲਿਖਦੇ ਸਨ ਅਤੇ ਖਾੜਕੂਆਂ ਵੱਲੋਂ ਜਾਰੀ ਕੀਤੇ ਪ੍ਰੈੱਸ ਬਿਆਨ ਨਹੀਂ ਛਾਪਦੇ ਸਨ। ਉਂਝ, ਮੇਰਾ ਇਰਾਦਾ ਖਾੜਕੂਵਾਦ ਬਾਰੇ ਲਿਖਣ ਦਾ ਨਹੀਂ ਸਗੋਂ ਪੱਤਰਕਾਰਾਂ ਅਤੇ ਇਸ ਦਾ ਚਿਹਰਾ ਮੋਹਰਾ ਘੜਨ ਵਾਲੇ ਲੋਕਾਂ ਨਾਲ ਆਪਣੇ ਰਾਬਤੇ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਇੰਟੈਲੀਜੈਂਸ ਵਿਚਲੇ ਮੇਰੇ ਦਫ਼ਤਰ ਵਿਚ ਪੱਤਰਕਾਰਾਂ ਦਾ ਆਉਣ ਜਾਣ ਲੱਗਿਆ ਰਹਿੰਦਾ ਸੀ ਤੇ ਚਾਹ ਦਾ ਦੌਰ ਚਲਦਾ ਰਹਿੰਦਾ ਸੀ। ਮੈਂ ਆਪਣੇ ਸੀਨੀਅਰਾਂ ਨੂੰ ਇਹ ਗੱਲ ਇੰਝ ਬਿਆਨ ਕੀਤੀ ਸੀ : ‘ਪੱਤਰਕਾਰ ਅਤੇ ਇੰਟੈਲੀਜੈਂਸ ਅਫ਼ਸਰ ਦੋਵੇਂ ਜਾਣਕਾਰੀ ਇਕੱਠੀ ਕਰਦੇ ਹਨ ਅਤੇ ਫਿਰ ਇਕੱਠੀ ਕੀਤੀ ਜਾਣਕਾਰੀ ਦਾ ਵਿਸ਼ਲੇਸ਼ਣ ਕਰਦੇ ਹਨ। ਕੁਝ ਸਰੋਤਾਂ ਤੱਕ ਪੱਤਰਕਾਰਾਂ ਦੀ ਸਿੱਧੀ ਰਸਾਈ ਹੁੰਦੀ ਹੈ ਜਿੱਥੋਂ ਤੱਕ ਸਾਡਾ ਪਹੁੰਚਣਾ ਅਸੰਭਵ ਹੁੰਦਾ ਹੈ ਅਤੇ ਉਹ ਦਿਮਾਗ਼ੀ ਤੌਰ ’ਤੇ ਜ਼ਿਆਦਾ ਤਿੱਖੇ ਹੁੰਦੇ ਹਨ। ਉਂਝ, ਚੁਣੌਤੀ ਇਹ ਹੰਦੀ ਹੈ ਕਿ ਜੋ ਕੁਝ ਤੁਸੀਂ ਦਿੰਦੇ ਹੋ ਤੇ ਉਸ ਦੇ ਇਵਜ਼ ਵਿਚ ਤੁਹਾਨੂੰ ਜੋ ਕੁਝ (ਵਿਸ਼ਲੇਸ਼ਣ ਸਹਿਤ) ਮਿਲਦਾ ਹੈ, ਉਸ ਨੂੰ ਕੰਟਰੋਲ ਕਿਵੇਂ ਕੀਤਾ ਜਾਵੇ।’ ਇਸ ਤੋਂ ਇਲਾਵਾ ਉਨ੍ਹਾਂ ਨਾਲ ਗੱਲਾਂ ਬਾਤਾਂ ਕਰ ਕੇ ਮਜ਼ਾ ਵੀ ਆਉਂਦਾ ਹੈ। ਪੱਤਰਕਾਰਾਂ ਦੀ ਮਹਿਮਾਨ ਨਿਵਾਜ਼ੀ ਨੂੰ ਲੈ ਕੇ ਕਈ ਵਾਰ ਮੇਰੀਆਂ ਸ਼ਿਕਾਇਤਾਂ ਵੀ ਹੁੰਦੀਆਂ ਰਹੀਆਂ ਪਰ ਸੀਨੀਅਰ ਅਧਿਕਾਰੀ ਉਨ੍ਹਾਂ ਨੂੰ ਦਰਕਿਨਾਰ ਕਰ ਦਿੰਦੇ ਸਨ। ਇਸ ਸਭ ਕਾਸੇ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਪੁਲੀਸ ਅਫ਼ਸਰਾਂ ਦੇ ਨਾਲ ਨਾਲ ਪੱਤਰਕਾਰਾਂ ਨੂੰ ਵੀ ਖਾੜਕੂਆਂ ਤੋਂ ਗੰਭੀਰ ਖ਼ਤਰਾ ਸੀ ਅਤੇ ਇਹ ਤੱਥ ਹੈ ਕਿ ਇਸ ਕੰਮ ਵਿਚ ਕਈ ਦਲੇਰ ਵਿਅਕਤੀਆਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ। ਦਹਿਸ਼ਤਗਰਦੀ ਦੇ ਖ਼ਤਰੇ ਅਤੇ ਇਕ ਵਿਦੇਸ਼ੀ ਤਾਕਤ ਵੱਲੋਂ ਵਿੱਢੀ ਲੁਕਵੀਂ ਯੁੱਧ ਕਲਾ ਦੇ ਇਹੋ ਜਿਹੇ ਹਾਲਾਤ ਵਿਚ ਪੱਤਰਕਾਰਾਂ ਅਤੇ ਸਰਕਾਰ ਵਿਚਕਾਰ ਨਿਯਮਤ ਸੰਚਾਰ ਮਾਰਗ ਖੁੱਲ੍ਹੇ ਰੱਖਣ ਦੀ ਲੋੜ ਸੀ ਤਾਂ ਕਿ ਸੁਰੱਖਿਆ, ਮਨੁੱਖੀ ਅਧਿਕਾਰਾਂ ਅਤੇ ਸ਼ਹਿਰੀ ਆਜ਼ਾਦੀਆਂ ਦਰਮਿਆਨ ਨਾਜ਼ੁਕ ਤਵਾਜ਼ਨ ਬਰਕਰਾਰ ਰੱਖਿਆ ਜਾ ਸਕੇ।
ਲੇਖਕ ਜੋਜ਼ਫ ਕੌਨਰੈਡ ਦਾ ਇਕ ਕਥਨ ਹੈ : ‘‘ਮੇਰਾ ਜ਼ਿੰਮਾ, ਜੋ ਮੈਂ ਹਾਸਲ ਕਰਨ ਦਾ ਯਤਨ ਕਰ ਰਿਹਾ ਹਾਂ, ਇਹ ਹੈ ਕਿ ਲਿਖਤੀ ਸ਼ਬਦ ਦੀ ਤਾਕਤ ਜ਼ਰੀਏ ਤੁਹਾਨੂੰ ਸੁਣਾ ਅਤੇ ਮਹਿਸੂਸ ਕਰਵਾ ਸਕਾਂ - ਤੇ ਸਭ ਤੋਂ ਵੱਧ ਤੁਹਾਨੂੰ ਦਿਖਾ ਸਕਾਂ। ਇਸ ਤੋਂ ਇਲਾਵਾ ਇਹ ਹੋਰ ਕੁਝ ਵੀ ਨਹੀਂ ਤੇ ਸਭ ਕੁਝ ਇਹੀ ਹੈ।’’ ਲਿਖਣ ਦੀ ਕਾਬਲੀਅਤ ਕਰਕੇ ਹੀ ਅਸੀਂ ਵਿਲੱਖਣ ਇਨਸਾਨ ਬਣੇ ਹਾਂ। ਲਿਖਤੀ ਸ਼ਬਦ ਕਰਕੇ ਹੀ ਅਸੀਂ ਵੱਖ ਵੱਖ ਸਮਿਆਂ ਤੇ ਸਥਾਨਾਂ ’ਤੇ ਸੰਚਾਰ ਕਰਨ ਦੇ ਯੋਗ ਹੋ ਸਕੇ ਹਾਂ। ਇਸ ਨੇ ਸਾਡੀਆਂ ਸੱਭਿਅਤਾਵਾਂ, ਸਾਡੇ ਵਿਗਿਆਨ ਤੇ ਸਾਡੇ ਧਰਮਾਂ ਨੂੰ ਘੜਨ ਵਿਚ ਮਦਦ ਦਿੱਤੀ ਹੈ। ਇਸ ਦੇ ਮਾਧਿਅਮ ਰਾਹੀਂ ਹੀ ਅਸੀਂ ਦੂਜਿਆਂ ਦੇ ਅਨੁਭਵ ਤੋਂ ਸਿੱਖਦੇ ਹਾਂ ਅਤੇ ਇਹੀ ਉਹ ਸਾਧਨ ਹੈ ਜਿਸ ਰਾਹੀਂ ਇਕ ਚੰਗਾ ਅਖ਼ਬਾਰ ਆਪਣੀ ਕੌਮ ਅਤੇ ਇਸ ਦੇ ਆਵਾਮ ਨਾਲ ਗੱਲਬਾਤ ਕਰਦਾ ਹੈ। ਆਧੁਨਿਕ ਜ਼ਮਾਨੇ ਵਿਚ ਇਹ ਲਿਖਤੀ ਸ਼ਬਦ ਸਾਡੇ ਫੋਨਾਂ ਰਾਹੀਂ ਤੁਰੰਤ ਉਸੇ ਵਕਤ ਸਾਡੇ ਤੱਕ ਪਹੁੰਚ ਜਾਂਦਾ ਹੈ ਪਰ ਇਸ ਦੀ ਰਚਨਾ ਕਰਨ ਪਿੱਛੇ ਲੇਖਕ ਤੇ ਅਦਾਰੇ ਦਾ ਅਹਿਮ ਹੱਥ ਹੁੰਦਾ ਹੈ। ਜੇ ਅਸੀਂ ਉਨ੍ਹਾਂ ਨੂੰ ਡੱਕ ਕੇ ਮਹਿਦੂਦ ਕਰਨ ਦਾ ਯਤਨ ਕਰਾਂਗੇ ਤਾਂ ਆਪਣਾ ਹੀ ਨੁਕਸਾਨ ਕਰ ਰਹੇ ਹੋਵਾਂਗੇ। ਅਜਿਹਾ ਕਰਦਿਆਂ ਅਸੀਂ ਆਜ਼ਾਦੀ ਅਤੇ ਰਚਨਾਤਮਿਕਤਾ ਦੀ ਸੰਘੀ ਘੁੱਟ ਰਹੇ ਹੋਵਾਂਗੇ ਜੋ ਮਨੁੱਖੀ ਬਿਹਤਰੀ ਲਈ ਬਹੁਤ ਮੁੱਲਵਾਨ ਹੁੰਦੀਆਂ ਹਨ।
ਯੂਰਪ ਨੂੰ ਮੱਧਕਾਲ ’ਚੋਂ ਕੱਢ ਕੇ ਤਰੱਕੀ ਦੇ ਰਾਹ ’ਤੇ ਪਾਉਣ ਦਾ ਸਿਹਰਾ ਆਮ ਤੌਰ ’ਤੇ ਮਾਨਵਵਾਦੀ ਰੈਨੇਸਾਂ (ਚੇਤਨਾ ਲਹਿਰ) ਸਿਰ ਬੰਨ੍ਹਿਆ ਜਾਂਦਾ ਹੈ। ਜੇ ਲਿਖਤੀ ਸ਼ਬਦ ਨਾ ਹੁੰਦਾ ਤਾਂ ਇਹ ਗੁਆਚ ਜਾਣਾ ਸੀ। ਹਰ ਸ਼ਕਲ ਦੇ ਅਖ਼ਬਾਰ (ਮੇਰੀ ਪੀੜ੍ਹੀ ਦੇ ਨਵੇਂ ਨਕੋਰ ਕਾਗਜ਼ ਵਾਲੀ ਖਣਕ ਵਾਲੇ ਅਖ਼ਬਾਰ ਤੋਂ ਲੈ ਕੇ ਆਧੁਨਿਕ ਪੀੜ੍ਹੀ ਦੇ ਫੋਨਯੁਕਤ ਅਖ਼ਬਾਰਾਂ ਤੱਕ) ਸਦਕਾ ਸੂਚਨਾ ਤੇ ਗਿਆਨ ਦੀ ਰੋਜ਼ਾਨਾ ਖੁਰਾਕ ਮਿਲਦੀ ਰਹਿੰਦੀ ਹੈ ਜਿਸ ਰਾਹੀਂ ਅਸੀਂ ਬਾਹਰਲੀ ਦੁਨੀਆ ਨੂੰ ਤੱਕਦੇ ਹਾਂ। ਖਿਡਾਰੀ ਆਪਣੀ ਪਸੰਦੀਦਾ ਖੇਡ ਬਾਰੇ ਤਾਜ਼ਾਤਰੀਨ ਜਾਣਕਾਰੀਆਂ ਹਾਸਲ ਕਰਦੇ ਹਨ, ਸਿਆਸੀ ਸਮੀਖਿਅਕ ਦੂਰ ਬੈਠਿਆਂ ਖ਼ਬਰ ਭਾਂਪ ਲੈਂਦਾ ਹੈ ਜੋ ਤਬਦੀਲੀ ਦੀ ਵਾਹਕ ਬਣ ਸਕਦੀ ਹੈ, ਕੋਈ ਵਿਦਵਾਨ ਦੂਰ-ਦਰਾਜ਼ ਦੀ ਯੂਨੀਵਰਸਿਟੀ ਦੇ ਖੋਜ ਪੱਤਰ ਦਾ ਅਧਿਐਨ ਕਰ ਸਕਦਾ ਹੈ, ਸਟਾਕ ਨਿਵੇਸ਼ਕ ਆਪਣੀ ਮੌਜੂਦਾ ਕੰਪਨੀ ਬਾਰੇ ਜਾਣਕਾਰੀ ਲੈਂਦਾ ਹੈ ਤੇ ਇਉਂ ਇਹ ਸੂਚੀ ਬਹੁਤ ਲੰਮੀ ਹੋ ਸਕਦੀ ਹੈ। ਸਾਡੀਆਂ ਜਾਣਕਾਰੀਆਂ ਦੇ ਆਧਾਰ ’ਤੇ ਹੀ ਸੱਭਿਅਤਾ ਬਾਰੇ ਸਾਡੀਆਂ ਪਸੰਦਗੀਆਂ ਤੇ ਪ੍ਰਗਤੀਆਂ ਦੇ ਨਕਸ਼ੇ ਬਣਦੇ ਹਨ ਤੇ ਹੁਣ ਅਸੀਂ ਇਕ ਵੱਖਰੇ ਡਿਜੀਟਲ ਦੌਰ ਵਿਚ ਦਾਖ਼ਲ ਹੋ ਗਏ ਹਾਂ। ਮੋਬਾਈਲ ਫੋਨ ਮਨੁੱਖੀ ਤਕਨਾਲੋਜੀ ਦੇ ਵਿਕਾਸ ਦੀ ਇਕ ਬਹੁਤ ਵੱਡੀ ਪੁਲਾਂਘ ਹੈ ਜਿਸ ਨੇ ਸੰਸਥਾਵਾਂ ਅਤੇ ਸਰਕਾਰਾਂ ਨੂੰ ਵੱਡੇ ਪੱਧਰ ’ਤੇ ਵੱਖੋ ਵੱਖਰੀ ਤਰ੍ਹਾਂ ਦੇ ਲੋਕਾਂ ਤੱਕ ਝਟਪਟ ਪਹੁੰਚ ਕਰਨ ਦੇ ਯੋਗ ਬਣਾਇਆ ਹੈ। ਨੇਕ ਹੱਥਾਂ ਵਿਚ ਰਹਿਣ ਨਾਲ ਇਹ ਸਾਨੂੰ ਤਰੱਕੀ ਦੀਆਂ ਬੇਮਿਸਾਲ ਮੰਜ਼ਿਲਾਂ ਵੱਲ ਲਿਜਾ ਸਕਦਾ ਹੈ ਅਤੇ ਮਾੜੇ ਹੱਥਾਂ ਵਿਚ ਪੈਣ ਨਾਲ ਇਹ ਨਾਉਮੀਦੀ ਅਤੇ ਭਟਕਾਓ ਵੱਲ ਲਿਜਾ ਸਕਦਾ ਹੈ। ਆਓ, ਗਿਆਨ ਦੀ ਤਾਜ਼ੀ ਹਵਾ ਵਿਚ ਸਾਹ ਲੈਣ ਲਈ ਆਪਣੀਆਂ ਖਿੜਕੀਆਂ ਨੂੰ ਖੋਲ੍ਹ ਕੇ ਰੱਖਣ ਦਾ ਯਤਨ ਕਰੀਏ ਅਤੇ ਆਪਣਾ ਭਵਿੱਖ ਅਜਿਹੇ ਲੋਕਾਂ ਦੇ ਹੱਥਾਂ ਵਿਚ ਨਾ ਚੜ੍ਹਨ ਦੇਈਏ ਜੋ ਡਰ ਤੇ ਝੂਠ ਫੈਲਾ ਕੇ ਸਾਡੇ ਹੱਥੀਂ ਆਪਣੀਆਂ ਇਹ ਖਿੜਕੀਆਂ ਬੰਦ ਕਰਵਾ ਦੇਣ।
* ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।