ਸਵਰਾਜ ਦੇ ਅਨੇਕ ਅਰਥ - ਨੀਰਾ ਚੰਢੋਕ
ਆਜ਼ਾਦੀ ਦੇ ਪਝੱਤਰ ਵਰ੍ਹੇ ਬੀਤ ਜਾਣ ਤੋਂ ਬਾਅਦ ਹੁਣ ਸਾਡੇ ਕੋਲ ਆਪਣੀ ਸਿਆਸੀ ਸ਼ਬਦਾਵਲੀ ਦਾ ਮੁਲਾਂਕਣ ਕਰਨ ਦਾ ਵਧੀਆ ਸਮਾਂ ਹੈ। ਸਵਰਾਜ ਦੇ ਸੰਕਲਪ ਨੂੰ ਹੀ ਲੈ ਲਓ। ਇਹ ਸ਼ਬਦ ਹੁਣ ਸਾਡੇ ਸਿਆਸੀ ਸ਼ਬਦ-ਭੰਡਾਰ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਸਾਡੇ ਕੋਲ ‘ਸਵਰਾਜ’ ਨਾਂ ਵਾਲੀ ਇਕ ਸਿਆਸੀ ਪਾਰਟੀ ਹੈ, ਦਿੱਲੀ ਦੇ ਮੁੱਖ ਮੰਤਰੀ ਨੇ ‘ਸਵਰਾਜ’ ਸਿਰਲੇਖ ਵਾਲੀ ਕਿਤਾਬ ਲਿਖੀ ਹੈ ਅਤੇ ਹਾਲ ਹੀ ਵਿਚ ਭਾਜਪਾ ਆਗੂਆਂ ਨੇ ਸਾਨੂੰ ਦੱਸਿਆ ਹੈ ਕਿ ‘ਸਵਰਾਜ’ ਦਾ ਮਤਲਬ ਹੈ ਫ਼ਰਜ਼, ਨਾ ਕਿ ਹੱਕ। ਅਸੀਂ ਹਮੇਸ਼ਾ ਇਹੋ ਸਮਝਦੇ ਰਹੇ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਸਾਨੂੰ ਦਿੱਤੇ ਗਏ ਸਵਰਾਜ ਦੇ ਸੰਕਲਪ ਦਾ ਅਰਥ ਆਜ਼ਾਦੀ ਦਾ ਹੱਕ ਹੀ ਹੈ! ਸਵਰਾਜ ਦੇ ਵਧਣ-ਫੁਲਣ ਦੀ ਇਕ ਵੱਖਰੀ ਕਹਾਣੀ ਹੈ।
ਆਓ ਆਜ਼ਾਦੀ ਸੰਘਰਸ਼ ਦੀ ਸ਼ਬਦਾਵਲੀ, ਕਲਪਨਾਵਾਂ ਅਤੇ ਸੰਕਲਪਾਂ ਦੇ ਡੂੰਘੇ ਅਰਥਾਂ ਨੂੰ ਘੋਖਦੇ ਹਾਂ ਜਿਹੜੇ ਬ੍ਰਾਹਮਣੀਕ੍ਰਿਤ, ਸੰਸਕ੍ਰਿਤਕ੍ਰਿਤ, ਅਲੰਕਾਰਿਕ ਤੇ ਅਮੂਰਤ ਸਨ। ਸਾਲ 1921 ਵਿਚ ਮਹਾਤਮਾ ਗਾਂਧੀ ਨੇ ‘ਪੂਰਨ ਸਵਰਾਜ’ ਦੀ ਪ੍ਰੀਭਾਸ਼ਾ ਦਿੱਤੀ। ਉਨ੍ਹਾਂ ਸੁਝਾਇਆ ਕਿ ਇਹ ਸ਼ਬਦ ਪਵਿੱਤਰ ਹੈ, ਇਕ ਵੈਦਿਕ ਸ਼ਬਦ ਹੈ, ਜਿਸ ਦਾ ਭਾਵ ਹੈ ਸਵੈ-ਸ਼ਾਸਨ ਤੇ ਸਵੈ-ਸੰਜਮ। ਇਹ ਮਹਿਜ਼ ਆਜ਼ਾਦੀ ਤੋਂ ਵੱਖਰੀ ਚੀਜ਼ ਹੈ। ਅਸੀਂ ਜਾਣਦੇ ਹਾਂ ਕਿ ਗਾਂਧੀ ਨੇ ਫ਼ਿਰਕਾਪ੍ਰਸਤੀ ਖ਼ਿਲਾਫ਼ ਲੜਾਈ ਲੜੀ, ਪਰ ਜਾਪਦਾ ਹੈ ਕਿ ਉਨ੍ਹਾਂ ਵੀ ਹੋਰਨਾਂ ਆਗੂਆਂ ਵਰਗੀ ਹੀ ਸਿਆਸੀ ਭਾਸ਼ਾ ਅਪਣਾਈ : ਫ਼ਿਰਕੂ ਫ਼ਸਾਦਾਂ ਤੋਂ ਪੀੜਤ ਅਤੇ ਬਹੁਗਿਣਤੀਵਾਦ ਵਿਚ ਹੋ ਰਹੇ ਵਾਧੇ ਦੀ ਨਿਸ਼ਾਨਦੇਹੀ ਵਾਲੇ ਸਮਾਜ ਵਿਚ ‘ਵੈਦਿਕ’ ਹਿੰਦੂਵਾਦ ਦੀ ਭਾਸ਼ਾ।
ਸਾਲ 1906 ਵਿਚ ਪਾਰਟੀ ’ਚ ਫੁੱਟ ਤੋਂ ਬਚਣ ਲਈ ਦ੍ਰਿੜ੍ਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਲੀਡਰਸ਼ਿਪ ਨੇ ਦੇਸ਼ ਦੇ ਬਹੁਤ ਹੀ ਸਨਮਾਨਿਤ ਬਜ਼ੁਰਗਵਾਰ ਵਿਅਕਤੀ ਦਾਦਾਭਾਈ ਨੈਰੋਜੀ ਨੂੰ ਪਾਰਟੀ ਦੇ ਕਲਕੱਤਾ ਸੈਸ਼ਨ ਦੀ ਪ੍ਰਧਾਨਗੀ ਕਰਨ ਲਈ ਸੱਦਿਆ। ਉਨ੍ਹਾਂ ਦੇ ਜੀਵਨੀ ਲੇਖਕ ਦੀਨਯਾਰ ਪਟੇਲ ਨੇ ਲਿਖਿਆ ਹੈ ਕਿ 81 ਸਾਲਾ ਨੈਰੋਜੀ ਨੇ ਰੂਸਾ ਰੋਡ, ਟੌਲੀਗੰਜ ਵਿਖੇ 26 ਦਸੰਬਰ ਨੂੰ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ 20 ਹਜ਼ਾਰ ਲੋਕਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕੀਤਾ। ਆਪਣਾ ਭਾਸ਼ਣ ਪੜ੍ਹਨ ਦੇ ਪੱਖ ਤੋਂ ਬਹੁਤ ਹੀ ਕਮਜ਼ੋਰ ਨੈਰੋਜੀ ਨੇ ਸਵਰਾਜ ਨੂੰ ਭਾਰਤੀਆਂ ਦੇ ਬਹੁਤ ਹੀ ਵਾਜਬ ਹੱਕ ਵਜੋਂ ਸਥਾਪਤ ਕੀਤਾ। ਬਸਤੀਵਾਦ ਦੀ ਦੁਨੀਆਂ ਵਿਚ ਕੋਈ ਵੀ ਇਨਸਾਨ ਉਦੋਂ ਤੱਕ ਆਜ਼ਾਦੀ ਦੇ ਹੱਕ ਦਾ ਧਾਰਨੀ ਨਹੀਂ ਹੋ ਸਕਦਾ, ਜਦੋਂ ਤੱਕ ਉਸ ਦਾ ਸਿਆਸੀ ਭਾਈਚਾਰਾ ਕਿਸੇ ਵੀ ਬਾਹਰੀ ਦਾਬੇ ਤੋਂ ਆਜ਼ਾਦ ਨਾ ਹੋਵੇ। ਵਿਅਕਤੀਗਤ ਆਜ਼ਾਦੀ ਸਾਂਝੀ ਸਮੂਹਿਕ ਆਜ਼ਾਦੀ ਉੱਤੇ ਨਿਰਭਰ ਕਰਦੀ ਹੈ। ਇਹ ਸਵਰਾਜ ਦਾ ਸਭ ਤੋਂ ਘਟਾ ਕੇ ਕੀਤਾ ਗਿਆ ਪ੍ਰਗਟਾਵਾ ਹੈ। ਗਾਂਧੀ ਲਈ, ਆਜ਼ਾਦੀ ਉਦੋਂ ਤੱਕ ਅਧੂਰੀ ਸੀ ਜਦੋਂ ਤੱਕ ਸਟੇਟ ਦੇ ਭਵਿੱਖੀ ਨਾਗਰਿਕ ਸਵਰਾਜ ਦਾ ਅਹਿਸਾਸ ਨਹੀਂ ਕਰ ਲੈਂਦੇ ਭਾਵ ਉਹ ਤਰਕਹੀਣ ਤੇ ਬਹੁਤ ਜ਼ਿਆਦਾ ਜਨੂੰਨ ਤੋਂ ਮੁਕਤ ਨਹੀਂ ਹੋ ਜਾਂਦੇ। ਸਵਰਾਜ ਦੀ ਇਹ ਵਿਆਖਿਆ ਭੰਬਲਭੂਸਾ ਪੈਦਾ ਕਰਨ ਵਾਲੀ ਹੈ, ਇਹ ਜਨਤਾ ਨੂੰ ਨਿੱਜੀ ਨੈਤਿਕਤਾਵਾਂ ਨਾਲ ਉਲਝਾਉਂਦੀ ਹੈ। ਲੋਕ ਆਪਣੇ ਨਿੱਜੀ ਜੀਵਨ ਵਿਚ ਸਵੈ-ਸੰਜਮ ਵਾਲਾ ਵਿਹਾਰ ਕਰ ਸਕਦੇ ਹਨ। ਕੀ ਇਸ ਨੂੰ ਹੋਰਨਾਂ ਉੱਤੇ ਠੋਸਿਆ ਜਾਣਾ ਚਾਹੀਦਾ ਹੈ ?
ਗਾਂਧੀ ਦੇ ਸਵਰਾਜ ਦੇ ਵਿਚਾਰ ਨੇ ਸਭ ਤੋਂ ਵਧੀਆ ਢੰਗ ਨਾਲ ਆਧੁਨਿਕ ਵਿਚਾਰਾਂ ਵਾਲੇ ਜਵਾਹਰਲਾਲ ਨਹਿਰੂ ਨੂੰ ਪ੍ਰੇਸ਼ਾਨ ਕੀਤਾ। ਨਹਿਰੂ ਨੇ ਆਪਣੀ ਸਵੈ-ਜੀਵਨੀ ਵਿਚ ਲਿਖਿਆ ਕਿ ਗਾਂਧੀ ਨੇ ‘ਪੂਰੀ ਤਰ੍ਹਾਂ (ਸਾਡੀ) ਪ੍ਰਾਚੀਨ ਤੇ ਜ਼ੁਲਮਾਂ ਦਾ ਸ਼ਿਕਾਰ ਸਰਜ਼ਮੀਨ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ’। ਪਰ ਉਹ ਬਹੁਤ ਸਾਰੇ ਮਾਮਲਿਆਂ ਵਿਚ ਨਿਰਾਸ਼ਾਜਨਕ ਢੰਗ ਨਾਲ ਗ਼ਲਤ ਹੋ ਸਕਦੇ ਹਨ। ਨਹਿਰੂ ਗਾਂਧੀ ਨੂੰ ਤਾਂ ਪਿਆਰ ਕਰਦੇ ਸਨ ਪਰ ਉਨ੍ਹਾਂ ਵਿਚ ਗਾਂਧੀ ਦੇ ਅਧਿਆਤਮਵਾਦ ਪ੍ਰਤੀ ਬਹੁਤਾ ਸਬਰ ਨਹੀਂ ਸੀ। ਇਹ ਜਮਹੂਰੀਅਤ ਦੇ ਬਹੁਤਾ ਮੁਆਫ਼ਕ ਨਹੀਂ ਸੀ। ਗਾਂਧੀ ਨੇ 1940 ਵਿਚ ਨਹਿਰੂ ਕੋਲ ਮੰਨਿਆ ਕਿ ਉਨ੍ਹਾਂ ਪੇਂਡੂ ਭਾਰਤ ਨੂੰ ਆਦਰਸ਼ ਬਣਾਇਆ ਸੀ। ਉਨ੍ਹਾਂ ਕਿਹਾ ਸੀ, ‘‘ਜੇ ਤੁਸੀਂ ਸੋਚੋਗੇ ਕਿ ਮੈਂ ਅੱਜ ਦੇ ਪਿੰਡਾਂ ਬਾਰੇ ਗੱਲ ਕਰ ਰਿਹਾ ਹਾਂ ਤਾਂ ਤੁਸੀਂ ਮੈਨੂੰ ਸਮਝ ਨਹੀਂ ਸਕੋਗੇ। ਮੇਰਾ ਆਦਰਸ਼ ਪਿੰਡ ਹਾਲੇ ਵੀ ਸਿਰਫ਼ ਮੇਰੀ ਕਲਪਨਾ ਵਿਚ ਹੀ ਵੱਸਦਾ ਹੈ।’’ ਇਸ ’ਤੇ ਨਹਿਰੂ ਦੀ ਟਿੱਪਣੀ ਕੁਝ ਤਲਖ਼ ਸੀ : ‘‘ਇਕ ਕਹੀ (ਭਾਵ ਮਿੱਟੀ ਪੁੱਟਣ ਵਾਲਾ ਸੰਦ) ਵਾਲੇ ਬੰਦੇ ਵਿਚ ਆਦਰਸ਼ ਬਣਾਉਣ ਵਾਲੀ ਕਿਹੜੀ ਗੱਲ ਹੋ ਸਕਦੀ ਹੈ? ਜਿਸ ਨੂੰ ਅਣਗਿਣਤ ਪੀੜ੍ਹੀਆਂ ਤੋਂ ਦਰੜਿਆ ਅਤੇ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਹ ਉਨ੍ਹਾਂ ਜਾਨਵਰਾਂ ਤੋਂ ਥੋੜ੍ਹਾ ਹੀ ਵੱਖਰਾ ਹੈ ਜਿਨ੍ਹਾਂ ਨੂੰ ਉਹ ਆਪਣੇ ਨਾਲ ਰੱਖਦਾ ਹੈ।’ ਨਹਿਰੂ ਨੂੰ ਸਭ ਤੋਂ ਵੱਧ ਵਿਅਕਤੀਗਤ ਨੈਤਿਕਤਾ ਦੇ ਨਾਲ ਸਿਆਸੀ ਇਖ਼ਲਾਕ ਦੀ ਪਛਾਣ ਪ੍ਰੇਸ਼ਾਨ ਕਰਦੀ ਸੀ। ‘ਮਹਾਤਮਾ ਗਾਂਧੀ ਹਮੇਸ਼ਾ ਵਿਅਕਤੀਗਤ ਮੁਕਤੀ ਅਤੇ ਪਾਪ-ਪੁੰਨ ਦੇ ਪੱਖ ਤੋਂ ਸੋਚਦੇ ਹਨ ਜਦੋਂਕਿ ਸਾਡੇ ਵਿਚੋਂ ਬਹੁਤਿਆਂ ਦੇ ਮਨ ਵਿਚ ਸਮਾਜ ਦੀ ਭਲਾਈ ਸਭ ਤੋਂ ਉੱਪਰ ਹੈ ... ਉਨ੍ਹਾਂ (ਗਾਂਧੀ) ਦਾ ਰਵੱਈਆ ਲਾਜ਼ਮੀ ਤੌਰ ’ਤੇ ਸੰਨਿਆਸੀ ਵਰਗਾ ਹੈ।’
ਬੇਸ਼ੱਕ ਗਾਂਧੀ ਦੇ ਇਸ ਵਿਸ਼ਵਾਸ ਕਿ ਸਵੈ-ਸ਼ਾਸਨ ਸਵਰਾਜ ਦਾ ਕੇਂਦਰ ਹੈ, ਤੋਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕੀ ਇਹ ਯਕੀਨੀ ਬਣਾਉਣਾ ਕਿਸੇ ਲੋਕਤੰਤਰੀ ਸਟੇਟ/ਰਿਆਸਤ ਦਾ ਕੰਮ ਹੈ ਕਿ ਇਸ ਦੇ ਲੋਕ ਆਪਣੀ ਨਿੱਜੀ ਜ਼ਿੰਦਗੀ ਵਿਚ ਅਨੁਸ਼ਾਸਨ ਦਾ ਪਾਲਣ ਕਰਨ ? ਜਨਤਕ ਖੇਤਰ ਵਾਲੀਆਂ ਨੈਤਿਕਤਾਵਾਂ ਖ਼ਾਸ ਹਨ, ਜ਼ਾਹਰਾ ਤੌਰ ’ਤੇ ਇਸ ਕਾਰਨ ਕਿ ਉਹ ਸਾਂਝੀ ਭਲਾਈ ਨਾਲ ਸਬੰਧਿਤ ਹਨ। ਇਸ ਘੇਰੇ ਵਿਚ ਅਸੀਂ ਸਮਾਨਤਾ ਦੀ ਧਾਰਨਾ ਬਾਰੇ ਸਿੱਖਦੇ ਹਾਂ, ਇਕਜੁੱਟਤਾ ਬਣਾਉਂਦੇ ਹਾਂ, ਇਹ ਸਿੱਖਦੇ ਹਾਂ ਕਿ ਸਾਡੀ ਜ਼ਿੰਦਗੀ ਅੰਤਰ-ਨਿਰਭਰਤਾ ਵਾਲੀ ਹੈ, ਅਤੇ ਇਹ ਕਿ ਸਾਂਝੀ ਭਲਾਈ ਸਿਰਫ਼ ਸਮਾਜਿਕ ਸੰਘਰਸ਼ ਨਾਲ ਹੀ ਸਾਕਾਰ ਕੀਤੀ ਜਾ ਸਕਦੀ ਹੈ ਕਿਉਂਕਿ ਅਸੀਂ ਅਜਿਹੇ ਵਿਸ਼ਵਾਸਾਂ ਵਾਲੇ ਭਾਈਚਾਰੇ ਵਿਚ ਰਹਿੰਦੇ ਹਾਂ। ਅਸੀਂ ਆਪਣੀ ਰਾਜਨੀਤੀ ਨੂੰ ਜ਼ਾਤੀ ਵਿਸ਼ਵਾਸਾਂ ਉੱਤੇ ਆਧਾਰਿਤ ਨਹੀਂ ਕਰ ਸਕਦੇ ਕਿ ਸਾਨੂੰ ਕਿਵੇਂ ਜਿਉਣਾ ਚਾਹੀਦਾ ਹੈ। ਗਾਂਧੀ ਇਕ ਮਹਾਨ ਸਿਆਸੀ ਰਣਨੀਤੀਕਾਰ ਸਨ, ਇਕ ਅਜਿਹੇ ਵਿਅਕਤੀ ਜਿਨ੍ਹਾਂ ਦਾ ਜੀਵਨ ਪ੍ਰੇਰਨਾਮਈ ਹੈ, ਅਤੇ ਇਕ ਅਜਿਹੇ ਵਿਅਕਤੀ ਜਿਨ੍ਹਾਂ ਨੇ ਸਾਨੂੰ ਰਾਹ ਦਿਖਾਇਆ। ਪਰ ਉਨ੍ਹਾਂ ਦੇ ਫਲਸਫ਼ੇ ਦੀ ਆਲੋਚਨਾ ਰਹਿਤ ਫ਼ੋਕੀ ਵਾਹ-ਵਾਹ ਕਰ ਕੇ ਜਾਂ ਉਨ੍ਹਾਂ ਦੇ ਵਿਚਾਰਾਂ ਸਬੰਧੀ ਵਿਆਖਿਆਤਮਕ ਲਿਖਤਾਂ ਨਾਲ ਕੁਝ ਵੀ ਹਾਸਲ ਨਹੀਂ ਹੋਵੇਗਾ। ਇਹ ਉਨ੍ਹਾਂ ਦੀਆਂ ਲਿਖਤਾਂ ਦੀ ਪੁਣ-ਛਾਣ ਕਰਨ ਅਤੇ ਉਨ੍ਹਾਂ ਦੀ ਅਜੋਕੇ ਸਮੇਂ ਲਈ ਵਿਆਖਿਆ ਕਰਨ ਦਾ ਸਮਾਂ ਹੈ। ਕਿਸੇ ਮਹਾਨ ਸਿਆਸੀ ਦਾਰਸ਼ਨਿਕ ਨਾਲ ਇਹੋ ਕੁਝ ਕੀਤਾ ਜਾਂਦਾ ਹੈ।
ਸਵਰਾਜ ਉਦੋਂ ਅਰਥਭਰਪੂਰ ਹੋ ਜਾਂਦਾ ਹੈ ਜਦੋਂ ਅਸੀਂ ਉਸ ਸਿਆਸੀ ਹਵਾਲੇ ਨੂੰ ਮੁੜ ਚੇਤੇ ਕਰਦੇ ਹਾਂ, ਜਿਸ ਵਿਚ 1909 ’ਚ ‘ਹਿੰਦ ਸਵਰਾਜ’ ਲਿਖੀ ਗਈ ਸੀ। ਗਾਂਧੀ ਨੇ ਉਸ ਹਿੰਸਕ ਸੋਚ ਦਾ ਜਵਾਬ ਦਿੱਤਾ ਜਿਹੜੀ 1857 ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ ਹਕੂਮਤ ਵੱਲੋਂ ਅਪਣਾਈਆਂ ਬਦਲਾਖ਼ੋਰੀ ਦੀਆਂ ਨੀਤੀਆਂ ਕਾਰਨ ਹਿੰਦੋਸਤਾਨੀ ਨੌਜਵਾਨਾਂ ਉੱਤੇ ਛਾ ਰਹੀ ਸੀ। ਗਾਂਧੀ ਕਹਿੰਦੇ ਹਨ ਕਿ ਜਦੋਂ ਹਿੰਸਾ ਇਤਿਹਾਸ ਦੀ ਨਿਰਮਾਤਾ ਬਣ ਜਾਂਦੀ ਹੈ ਤਾਂ ਇਹ ਸਿਰਫ਼ ਇਕ ਤਰ੍ਹਾਂ ਦੇ ਜ਼ੁਲਮ ਨੂੰ ਦੂਜੀ ਤਰ੍ਹਾਂ ਦੇ ਜ਼ੁਲਮ ਨਾਲ ਹੀ ਬਦਲ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਤਲ ਕਰ ਕੇ ਸੱਤਾ ਤੱਕ ਪੁੱਜਦੇ ਹਨ, ਉਹ ਯਕੀਨਨ ਕਦੇ ਵੀ ਮੁਲਕ ਨੂੰ ਖ਼ੁਸ਼ ਨਹੀਂ ਕਰ ਸਕਦੇ। ‘ਜਿਹੜੇ ਲੋਕ ਇਹ ਸਮਝਦੇ ਹਨ ਕਿ ਹਿੰਦੋਸਤਾਨ ਨੇ ਢੀਂਗਰਾ ਦੀ ਕਾਰਵਾਈ ਅਤੇ ਅਜਿਹੀਆਂ ਹੋਰ ਕਾਰਵਾਈਆਂ ਤੋਂ ਕੁਝ ਹਾਸਲ ਕੀਤਾ ਹੈ, ਉਹ ਗੰਭੀਰ ਗ਼ਲਤੀ ਕਰ ਰਹੇ ਹਨ। ਢੀਂਗਰਾ ਇਕ ਦੇਸ਼ ਭਗਤ ਸੀ, ਪਰ ਉਸ ਦਾ ਪਿਆਰ ਅੰਨ੍ਹਾ ਸੀ। ਉਸ ਨੇ ਆਪਣੀ ਜਾਨ ਗ਼ਲਤ ਢੰਗ ਨਾਲ ਦੇ ਦਿੱਤੀ, ਇਸ ਦਾ ਅੰਤਿਮ ਨਤੀਜਾ ਸਿਰਫ਼ ਨੁਕਸਾਨਦੇਹ ਹੀ ਹੋ ਸਕਦਾ ਹੈ।’ ਜੇ ਅਸੀਂ ਜਾਣਦੇ, ਕਿ ਗਾਂਧੀ ਸਮਝਾਉਣਾ ਚਾਹੁੰਦੇ ਸਨ ਕਿ ਅਸਲ ਵਿਚ ਹਿੰਸਾ ਹੈ ਕੀ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਹਿੰਸਾ ਨੂੰ ਤਿਆਗ ਦਿੰਦੇ।
ਇਨਸਾਨਾਂ ਖ਼ਿਲਾਫ਼ ਹਿੰਸਾ ਦੀ ਸ਼ਕਤੀ ਨੂੰ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ। ਇਹ ਕੋਈ ਹਥਿਆਰ ਨਹੀਂ, ਜਿਸ ਨੂੰ ਅਸੀਂ ਆਪਣੀ ਮਰਜ਼ੀ ਨਾਲ ਚੁੱਕ ਅਤੇ ਫਿਰ ਸੁੱਟ ਸਕਦੇ ਹਾਂ। ਇਸ ਦੀ ਬਿਹਤਰੀਨ ਤੁਲਨਾ ਉਸ ਦਲਦਲ ਨਾਲ ਕੀਤੀ ਜਾ ਸਕਦੀ ਹੈ ਜਿਹੜੀ ਲਗਾਤਾਰ ਲੋਕਾਂ ਨੂੰ ਆਪਣੀਆਂ ਗੰਦੀਆਂ ਡੂੰਘਾਣਾਂ ਵਿਚ ਗ਼ਰਕ ਕਰਦੀ ਜਾਂਦੀ ਹੈ। ਜਦੋਂ ਹਿੰਸਾ ਵਿਅਕਤੀਆਂ ਤੇ ਸਮੂਹਾਂ ਨੂੰ ਕਾਬੂ ਪਾ ਕੇ ਆਪਣੇ ਗ਼ੁਲਾਮ ਬਣਾ ਲੈਂਦੀ ਹੈ ਤਾਂ ਇਸ ਦਾ ਸਿੱਟਾ ਨੈਤਿਕ ਵਿਗਾੜ ਹੀ ਹੁੰਦਾ ਹੈ। ਅਸੀਂ ਹਿੰਸਾ ਨੂੰ ਕਾਬੂ ਨਹੀਂ ਕਰਦੇ ਸਗੋਂ ਹਿੰਸਾ ਸਾਨੂੰ ਕਾਬੂ ਕਰਦੀ ਹੈ। ਜਦੋਂ ਅਸੀਂ ਹਿੰਸਾ ਪ੍ਰਤੀ ਆਪਣੇ ਰੁਝਾਨ ਨੂੰ ਸਾਂਭ ਲੈਣ ਦੀ ਮੁਹਾਰਤ ਹਾਸਲ ਕਰ ਲੈਂਦੇ ਹਾਂ ਤਾਂ ਅਸੀਂ ਅਸਲ ਆਜ਼ਾਦੀ ਹਾਸਲ ਕਰ ਲੈਂਦੇ ਹਾਂ। ਸਵਰਾਜ ਦਾ ਇਹੋ ਅਰਥ ਹੈ ਜੋ ਗੂੰਜਦਾ ਤੇ ਸਮਝ ਆਉਂਦਾ ਹੈ ਕਿਉਂਕਿ ਇਹ ਦੋਵਾਂ ਨਿੱਜੀ ਤੇ ਜਨਤਕ ਖੇਤਰਾਂ ਉੱਤੇ ਲਾਗੂ ਹੁੰਦਾ ਹੈ।
* ਲੇਖਿਕਾ ਰਾਜਨੀਤੀ ਸ਼ਾਸਤਰੀ ਹੈ।