ਭਾਰਤ ਜੋੜੋ ਯਾਤਰਾ ਅਤੇ ਸਿਆਸੀ ਤਬਦੀਲੀ - ਨੀਰਾ ਚੰਢੋਕ
ਕਾਂਗਰਸ ਦੀ ਭਾਰਤ ਜੋੜੋ ਯਾਤਰਾ ਮਹਾਤਮਾ ਗਾਂਧੀ ਦੇ ਦਰਸਾਏ ਲੋਕ ਲਾਮਬੰਦੀ ਵਾਲਾ ਮਾਰਗ ਅਪਣਾ ਕੇ ਆਪਣੀਆਂ ਜੜ੍ਹਾਂ ਨਾਲ ਮੁੜ ਜੁੜਨ ਦਾ ਦਲੇਰਾਨਾ ਉਦਮ ਹੈ। 1920 ਦੀ ਨਾਮਿਲਵਰਤਣ ਲਹਿਰ ਅਤੇ ਭਾਰਤ ਦੇ ਅਜੋਕੇ ਸਿਆਸੀ ਪ੍ਰਸੰਗ ਵਿਚਕਾਰ ਕਮਾਲ ਦੀ ਸਮਾਨਤਾ ਨਜ਼ਰ ਆ ਰਹੀ ਹੈ। ਵੱਖੋ-ਵੱਖਰੇ ਪ੍ਰਤੀਨਿਧ ਹਲਕਿਆਂ ਅਤੇ ਧਾਰਮਿਕ ਜਥੇਬੰਦੀਆਂ ਦੀ ਵੰਡਪਾਊ ਸਿਆਸਤ ਨੇ ਹਿੰਦੋਸਤਾਨੀਆਂ ਨੂੰ ਵੰਡ ਦਿੱਤਾ ਸੀ। ਕਾਂਗਰਸ ਕੁਲੀਨਾਂ ਦੀ ਪਾਰਟੀ ਹੁੰਦੀ ਸੀ ਜਿਸ ਕਰ ਕੇ ਇਹ ਅੰਗਰੇਜ਼ੀ ਉਦਾਰਵਾਦ ਦੇ ਮੁਹਾਵਰੇ ਤੋਂ ਇਲਾਵਾ ਲੋਕਾਂ ਨੂੰ ਪ੍ਰਭਾਵਿਤ ਕਰਨ ਤੋਂ ਅਸਮੱਰਥ ਸੀ। ਗਾਂਧੀ ਨੇ ਫਿਰਕਾਪ੍ਰਸਤੀ ਦਾ ਟਾਕਰਾ ਕਰਨ ਅਤੇ ਲੋਕਾਂ ਦਰਮਿਆਨ ਸੰਵਾਦ ਕਾਇਮ ਕਰਨ ਲਈ ਧਾਰਮਿਕ ਸਮੂਹਾਂ, ਜਾਤਾਂ ਅਤੇ ਸ਼੍ਰੇਣੀਆਂ ਦੀ ਮਜ਼ਬੂਤ ਕੁਲੀਸ਼ਨ ਸਿਰਜੀ ਸੀ। ਕੁਲੀਸ਼ਨ ਰਾਜਨੀਤੀ ਉਦੋਂ ਹੀ ਕਾਮਯਾਬ ਹੁੰਦੀ ਹੈ ਜਦੋਂ ਲੋਕ ਇਕ ਦੂਜੇ ਨਾਲ ਸੰਵਾਦ, ਵਿਚਾਰ ਚਰਚਾ, ਸੰਚਾਰ ਕਰਨ ਲਈ ਰਾਜ਼ੀ ਹੋਣ ਅਤੇ ਸੰਖੇਪ ਸਾਰ ਇਹ ਕਿ ਹਰ ਨੂੰ ਭਾਈਚਾਰੇ ਦੀ ਹੋਣੀ ਦਾ ਭਾਈਵਾਲ ਤਸਲੀਮ ਕੀਤਾ ਜਾਵੇ।
ਭਾਰਤ ਜੋੜੋ ਯਾਤਰਾ ਦਾ ਤਰਕ ਨਫ਼ਰਤ ਤੇ ਡਰ ਦੀ ਰਾਜਨੀਤੀ ਨਾਲ ਵੰਡੇ ਲੋਕਾਂ ਨੂੰ ਇਕਜੁੱਟ ਕਰਨਾ ਹੈ। ਫਿਰ ਵੀ ਇਹ ਪੂਰਾ ਕਿਵੇਂ ਕੀਤਾ ਜਾਵੇਗਾ? ਯਾਤਰਾ ਲੈ ਕੇ ਨਿੱਕਲੀ ਪਾਰਟੀ ਦਾ ਦਰਸ਼ਨ ਪੂਰੀ ਤਰ੍ਹਾਂ ਸਪੱਸ਼ਟ ਨਹੀਂ। ਮੈਂ ਮੰਨ ਕੇ ਚੱਲਦੀ ਹਾਂ ਕਿ ਪਾਰਟੀ ਦੇ ਆਗੂ ਸੱਤਾਧਾਰੀ ਜਮਾਤ ਦੀਆਂ ਚਾਲਬਾਜ਼ੀਆਂ ’ਤੇ ਨਿਸ਼ਾਨਾ ਸੇਧ ਕੇ ਰੱਖਣਗੇ। ਜੇ ਲੀਡਰਸ਼ਿਪ ਸਮਝਦੀ ਹੈ ਕਿ ਕਿਸੇ ਭੂਗੋਲਕ ਖਿੱਤੇ ’ਚ ਯਾਤਰਾ ਨਾਲ ਲੋਕਾਂ ਦਾ ਮਨ ਬਦਲ ਜਾਵੇਗਾ ਤਾਂ ਮਾਯੂਸੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕ ਉਨ੍ਹਾਂ ਤੋਂ ਇਹ ਤਵੱਕੋ ਕਰ ਸਕਦੇ ਹਨ ਕਿ ਬਦਲੇ ਵਿਚ ਉਹ ਉਨ੍ਹਾਂ ਨੂੰ ਕੀ ਦੇ ਰਹੇ ਹਨ- ‘ਭਾਰਤ ਦੇ ਵਿਚਾਰ’ ਨੂੰ ਬਚਾਉਣ ਦੇ ਉਹੀ ਪੁਰਾਣੇ ਢੰਗ-ਤਰੀਕੇ। ਇਸ ਸਚਾਈ ਦਾ ਸਾਹਮਣਾ ਕਰਨਾ ਪੈਣਾ ਕਿ ਭਾਰਤ ਦਾ ਕੋਈ ਇਕ ਵਿਚਾਰ ਨਹੀਂ ਹੈ।
ਫਿਰ ਵੀ ਸਿਆਸੀ ਕਰਾਮਾਤਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਸ਼ਾਇਦ ਪਾਰਟੀ ਨੂੰ ਯਾਤਰਾ ਦੌਰਾਨ ਹੀ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਉਸ ਦਾ ਸਟੈਂਡ ਕੀ ਹੈ। ਪਾਰਟੀ ਦੇ ਆਗੂ ਜਦੋਂ ਲੋਕਾਂ ਨੂੰ ਨਫ਼ਰਤ ਅਤੇ ਫੁੱਟ ਦੀ ਰਾਜਨੀਤੀ ਨੂੰ ਨਕਾਰਨ ਦਾ ਸੱਦਾ ਦੇਣਗੇ ਤਾਂ ਇਸ ਦੌਰਾਨ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਮੁਹਾਂਦਰਾ ਵੀ ਤਿਆਰ ਹੋ ਸਕਦਾ ਹੈ। ਇਹ ਏਅਰ ਕੰਡੀਸ਼ਨਡ ਕਮਰਿਆਂ ਵਿਚ ਬੈਠ ਕੇ ਤਿਆਰ ਕਰਨ ਦੀ ਬਜਾਇ ਸੋਕਾਗ੍ਰਸਤ ਤੇ ਹੜ੍ਹ ਮਾਰੇ ਖੇਤਰਾਂ, ਉਨ੍ਹਾਂ ਸ਼ਹਿਰਾਂ ਵਿਚ ਜਿੱਥੇ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕੀਤਾ ਜਾਂਦਾ ਹੈ, ਸ਼ਾਨਦਾਰ ਲਗਜ਼ਰੀ ਅਪਾਰਟਮੈਂਟਾਂ ਦੇ ਨਾਲ ਵਸੀਆਂ ਗੰਦੀਆਂ ਤੇ ਸਹੂਲਤਾਂ ਤੋਂ ਵਿਰਵੀਆਂ ਝੁੱਗੀਆਂ ਝੌਂਪੜੀਆਂ ਵਿਚ ਜਾ ਕੇ ਤਿਆਰ ਕੀਤਾ ਜਾਣਾ ਚਾਹੀਦਾ ਹੈ।
ਕਾਂਗਰਸ ਨੂੰ ਆਪਣੇ ਇਤਿਹਾਸ ਤੋਂ ਸਬਕ ਲੈਣ ਦੀ ਲੋੜ ਹੈ। ਗਾਂਧੀ ਦਾ ਸਤਿਆਗ੍ਰਹਿ ਸ਼ੁਰੂ ਕਰਨ ਤੋਂ ਪਹਿਲਾਂ ਗਹਿਗੱਚ ਆਤਮ ਚਿੰਤਨ ਕੀਤਾ ਗਿਆ ਸੀ ਕਿ ਇਹ ਮੁੱਦਾ ਸਿਆਸੀ ਤੌਰ ’ਤੇ ਅਹਿਮ ਕਿਉਂ ਹੈ ਅਤੇ ਇਸ ’ਤੇ ਸਮੂਹਕ ਕਾਰਵਾਈ ਕਰਨ ਦੀ ਲੋੜ ਕਿਉਂ ਹੈ। ਜਦੋਂ ਸਤਿਆਗ੍ਰਹੀ ਕਿਸੇ ਮੁੱਦੇ ’ਤੇ ਆਤਮ ਮੰਥਨ ਦੀ ਪ੍ਰਕਿਰਿਆ ’ਚੋਂ ਗੁਜ਼ਰਦੇ ਹਨ ਤਾਂ ਹੀ ਉਹ ਲੋਕਾਂ ਨੂੰ ਪ੍ਰੇਰ ਕੇ ਵਿਅਕਤੀਗਤ ਚੇਤਨਾ ਨੂੰ ਤਬਦੀਲ ਕਰ ਸਕਦੇ ਹਨ। ਉਹ ਸਿਆਸੀ ਏਜੰਟ ਵਜੋਂ ਜਨਤਕ ਖੇਤਰ ਵਿਚ ਸਾਹਮਣੇ ਆਉਂਦੇ ਹਨ ਜੋ ਇਹ ਗੱਲ ਜਾਣਦੇ ਹੁੰਦੇ ਹਨ ਕਿ ਲੋਕ ਲਾਮਬੰਦੀ ਹੀ ਸਿਆਸੀ ਤਬਦੀਲੀ ਦੀ ਪੂਰਵ ਸ਼ਰਤ ਹੁੰਦੀ ਹੈ। ਇਹ ਗੱਲ ਨਹੀਂ ਕਿ ਲੋਕਾਂ ਕੋਲ ਸੰਘਰਸ਼ ਕਰਨ ਅਤੇ ਮੁੜ ਇਤਿਹਾਸ ਵੱਲ ਮੁੜਨ ਦੀ ਸਮੱਰਥਾ ਨਹੀਂ ਸਗੋਂ ਇਹ ਕੰਮ ਸਤਿਆਗ੍ਰਹੀਆਂ ਦਾ ਹੁੰਦਾ ਹੈ ਕਿ ਉਹ ਵੱਖੋ-ਵੱਖਰੇ ਸੰਘਰਸ਼ਾਂ ਅਤੇ ਊਰਜਾਵਾਂ ਦੀਆਂ ਕੜੀਆ ਜੋੜਨ ਅਤੇ ਅਜਿਹੀ ਵਿਚਾਰਧਾਰਾ ਜ਼ਰੀਏ ਸਿਆਸੀ ਅਲਖ ਜਗਾਉਣ ਜੋ ਲੋਕਾਂ ਨੂੰ ਬਦਲ, ਸੰਕਲਪ ਅਤੇ ਮਕਸਦ ਦਿੰਦੀ ਹੋਵੇ। ਗਾਂਧੀ ਦਾ ਮਸ਼ਵਰਾ ਸੀ ਕਿ ਸਾਨੂੰ ਲੋਕਾਂ ਕੋਲ ਜਾਣ ਸਮੇਂ ਤਰਕ ਤੋਂ ਪਾਰ ਜਾਣਾ ਪਵੇਗਾ। ਉਨ੍ਹਾਂ ਦੀਆਂ ਅੱਖਾਂ ਸਿਰਫ਼ ਤਰਕਪੂਰਨ ਦਲੀਲਾਂ ਨਾਲ ਨਹੀਂ ਖੁੱਲ੍ਹਣਗੀਆਂ, ਸਤਿਆਗ੍ਰਹੀਆਂ ਵਲੋਂ ਆਪਣੀ ਰਾਜਨੀਤੀ ਦੇ ਸਿੱਟੇ ਪ੍ਰਵਾਨ ਕਰਨ ਨਾਲ ਖੁੱਲ੍ਹਣਗੀਆਂ।
ਸਤਿਆਗ੍ਰਹਿ ਦੀ ਸਫ਼ਲਤਾ ਇਸ ’ਤੇ ਮੁਨੱਸਰ ਕਰਦੀ ਸੀ ਕਿ ਦੂਜੇ ਲੋਕ ਕਾਇਲ ਹੋਣ ਕਿ ਇਹ ਮੁੱਦਾ ਅਤੇ ਵਿਆਪਕ ਰੂਪ ਵਿਚ ਲੋਕਾਂ ਦੀ ਸਿਆਸੀ ਚੇਤਨਾ ਕਿੰਨੀ ਅਹਿਮ ਹੈ। ਮਾਰਕਸਵਾਦੀ ਅਲੰਬਰਦਾਰ ਪਾਰਟੀ ਵਾਂਗ ਹੀ ਸਤਿਆਗ੍ਰਹੀਆਂ ਨੂੰ ਆਪਣੇ ਵਡੇਰੇ ਦਰਸ਼ਨ ਦਾ ਖੁਲਾਸਾ ਕਰ ਕੇ ਲੋਕ ਰਾਏ ਲਾਮਬੰਦ ਕਰਨਾ ਪੈਣਾ ਸੀ। ਉਨ੍ਹਾਂ ਨੂੰ ਇਹ ਸਿਆਸੀ ਅਲਖ ਜਗਾਉਣੀ ਪੈਣੀ ਸੀ ਕਿ ਬਦਲਵਾਂ ਮਾਰਗ ਹੈ ਅਤੇ ਇਹ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਲੋਕ ਲਾਮਬੰਦੀ ਦੀ ਲੋੜ ਨੂੰ ਉਜਾਗਰ ਕਰਨਾ ਪੈਣਾ ਸੀ।
ਇਨ੍ਹਾਂ ਸਾਰੀਆਂ ਅਗਾਊਂ ਸ਼ਰਤਾਂ ਦੇ ਹੁੰਦੇ-ਸੁੰਦੇ ਗਾਂਧੀ ਦੇ ਸਤਿਆਗ੍ਰਹੀ ਅਕਸਰ ਗ਼ਲਤ ਦਿਸ਼ਾ ਵੱਲ ਚੱਲ ਪੈਂਦੇ ਸਨ ਤੇ ਫਿਰ ਗਾਂਧੀ ਨੂੰ ਉਨ੍ਹਾਂ ਨੂੰ ਵਾਪਸ ਲਿਆਉਣਾ ਜਾਂ ਤਬਦੀਲ ਕਰਨਾ ਪੈਂਦਾ ਸੀ। ਇਤਿਹਾਸਕਾਰ ਸ਼ਾਹਿਦ ਅਮੀਨ ਨੇ ਆਪਣੇ ਇਕ ਲੇਖ ਵਿਚ ਦਲੀਲ ਦਿੱਤੀ ਹੈ ਕਿ ਚੌਰਾ ਚੌਰੀ ਦੇ ਕਿਸਾਨਾਂ ਲਈ ਸਵਰਾਜ ਦੇ ਮਾਇਨੇ ਗਾਂਧੀ ਦੇ ਸਵਰਾਜ ਨਾਲ ਬਹੁਤ ਵੱਖਰੇ ਸਨ। ਕਿਸਾਨਾਂ ਲਈ ਇਸ ਦਾ ਮਤਲਬ ਸੀ ਕਿ ਘੱਟ ਮਾਲੀਆ ਤੇ ਨਾ-ਮਾਤਰ ਲਗਾਨ। ਕਿਸਾਨ ‘ਗਾਂਧੀ ਕੀ ਜੈ’ ਦੇ ਨਾਅਰੇ ਲਾਉਂਦੇ ਸਨ। ਜਦੋਂ ਉਹ ਹਿੰਸਾ ’ਤੇ ਉਤਾਰੂ ਹੋ ਗਏ ਤਾਂ ਵੀ ਇਹੀ ਨਾਅਰੇ ਲਾਉਂਦੇ ਰਹੇ। ਜਦੋਂ 4000 ਬੰਦਿਆਂ ਦੇ ਹਜੂਮ ਨੇ ਪੁਲੀਸ ਚੌਕੀ ਘੇਰ ਕੇ 22 ਪੁਲੀਸ ਕਰਮੀਆਂ ਨੂੰ ਜ਼ਿੰਦਾ ਸਾੜ ਦਿੱਤਾ ਸੀ ਤਦ ਵੀ ਉਹ ‘ਗਾਂਧੀ ਕੀ ਜੈ’ ਦੇ ਹੀ ਨਾਅਰੇ ਲਾ ਰਹੇ ਸਨ। ਗਾਂਧੀ ਇਸ ਗੱਲ ਤੋਂ ਹੈਰਾਨ ਪ੍ਰੇਸ਼ਾਨ ਹੋ ਗਏ ਕਿ ਕਿਵੇਂ ਲੋਕਾਂ ਨੇ ਉਨ੍ਹਾਂ ਦੇ ਨਾਂ ’ਤੇ ਹਿੰਸਾ ਕੀਤੀ। ਗਾਂਧੀ ਦੀ ਮਹਾਤਮਾ ਵਜੋਂ ‘ਜੈ ਜੈ ਕਾਰ’ ਕਿਸਾਨ ਵਾਲੰਟੀਅਰਾਂ ਦੀ ਤਾਕਤ ਦਾ ਖਾੜਕੂ ਅਹਿਦ ਬਣ ਗਿਆ ਸੀ “ਹਾਲਾਂਕਿ ਇਸ ਤਰ੍ਹਾਂ ਦੀ ਕਾਰਵਾਈ ਆਪਣੇ ਆਪ ਵਿਚ ਮਹਾਤਮਾ ਦੇ ਹਵਾਲੇ ਨੂੰ ਵਾਜਿਬ ਠਹਿਰਾਉਣ ਦਾ ਯਤਨ ਸੀ ਪਰ ਉਨ੍ਹਾਂ ਦੇ ਦਿਹਾਤੀ ਪੈਰੋਕਾਰਾਂ ਦੀਆਂ ਨਜ਼ਰਾਂ ਵਿਚ ਜਿਹੜਾ ਗਾਂਧੀ ਸੀ, ਉਹ ਅਸਲ ਗਾਂਧੀ ਨਾਲੋਂ ਵੱਖਰਾ ਸੀ।”
ਅਸੀਂ ਇਤਿਹਾਸ ਤੋਂ ਸਿੱਖਦੇ ਹਾਂ ਪਰ ਇਤਿਹਾਸ ਆਗਾਹ ਵੀ ਕਰਦਾ ਹੈ ਕਿ ਜ਼ਰੂਰੀ ਨਹੀਂ ਚੀਜ਼ਾਂ ਉਵੇਂ ਹੀ ਵਾਪਰਨ ਜਿਵੇਂ ਤੁਸੀਂ ਕਿਆਸ ਕੀਤਾ ਹੁੰਦਾ ਹੈ। ਲਿਹਾਜ਼ਾ, ਭਾਰਤ ਜੋੜੋ ਯਾਤਰਾ ਅਤੇ ਇਸ ਦੇ ਮਨੋਰਥਾਂ ਦੇ ਮੂਲ ਦਰਸ਼ਨ ਮੁਤੱਲਕ ਵਿਆਪਕ ਰੂਪ ਵਿਚ ਸੋਚ ਵਿਚਾਰ ਕਰਨ ਦੀ ਲੋੜ ਹੈ। ਇਸ ਦਾ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਲੋਕ ਸੋਚ ਵਿਚਾਰ ਕਰ ਕੇ ਆਪਣੀ ਗੱਲ ਰੱਖਣ ਲੱਗਣ। ਜਦੋਂ ਲੋਕ ਸੋਚਣਾ ਸ਼ੁਰੂ ਕਰਦੇ ਹਨ ਤਾਂ ਸਿਆਸੀ ਤਬਦੀਲੀ ਆਉਂਦੀ ਹੈ। ਸੋਚਣਾ ਮੂਲ ਰੂਪ ਵਿਚ ਤਬਦੀਲੀ ਵਾਲਾ ਕਾਰਜ ਹੀ ਹੁੰਦਾ ਹੈ। ਸੋਚਣ ਦੇ ਕਾਰਜ ਸਦਕਾ ਅਸੀਂ ਸਵਾਲ ਪੁੱਛਦੇ ਹਾਂ ਕਿ ਹਾਲਾਤ ਇੱਦਾਂ ਦੇ ਕਿਉਂ ਹਨ ਤੇ ਕਿਹੋ ਜਿਹੇ ਹੋਣੇ ਚਾਹੀਦੇ ਹਨ।
* ਲੇਖਕ ਸਿਆਸੀ ਟਿੱਪਣੀਕਾਰ ਹੈ।