ਬੁਨਿਆਦਪ੍ਰਸਤੀ ਬਨਾਮ ਤਰਕ - ਸਵਰਾਜਬੀਰ
ਭਾਰਤ ਵਿਚ 2011 ਵਿਚ ਹੋਈ ਮਰਦਮਸ਼ੁਮਾਰੀ ਅਨੁਸਾਰ ਉਦੋਂ ਦੇਸ਼ ਦੀ ਵੱਸੋਂ ਕਰੀਬ 121 ਕਰੋੜ ਸੀ। ਇਸ ਵਿਚ ਹਿੰਦੂਆਂ ਦੀ ਗਿਣਤੀ 79.3 ਫ਼ੀਸਦੀ, ਮੁਸਲਮਾਨਾਂ ਦੀ 14.2 ਫ਼ੀਸਦੀ, ਇਸਾਈਆਂ ਦੀ 2.3 ਫ਼ੀਸਦੀ ਅਤੇ ਸਿੱਖਾਂ ਦੀ 1.9 ਫ਼ੀਸਦੀ ਸੀ। ਬੋਧੀਆਂ, ਜੈਨੀਆਂ, ਪਾਰਸੀਆਂ ਤੇ ਹੋਰ ਫ਼ਿਰਕਿਆਂ ਦੀ ਗਿਣਤੀ ਇਕ-ਇਕ ਫ਼ੀਸਦੀ ਤੋਂ ਘੱਟ ਸੀ। ਇਸ ਤਰ੍ਹਾਂ ਹਿੰਦੂ ਅਤੇ ਇਸਲਾਮ ਦੇਸ਼ ਦੇ ਪ੍ਰਮੁੱਖ ਧਰਮ ਹਨ। ਇਸ ਸਮੇਂ ਦੋਹਾਂ ਧਰਮਾਂ ਵਿਚ ਬੁਨਿਆਦਪ੍ਰਸਤੀ (Fundamentalism) ਦੇ ਰੁਝਾਨ ਹਾਵੀ ਹਨ, ਸਮਾਜ ਵਿਚ ਤਰਕ ਲਈ ਸਥਾਨ ਦਿਨੋਂ-ਦਿਨ ਘਟ ਰਿਹਾ ਹੈ।
ਹਰ ਧਰਮ ਵਿਚ ਧਾਰਮਿਕ ਬੁਨਿਆਦਪ੍ਰਸਤੀ ਦੇ ਰੁਝਾਨ ਹਮੇਸ਼ਾਂ ਮੌਜੂਦ ਰਹਿੰਦੇ ਹਨ। ਕਿਸੇ ਵੀ ਧਰਮ ਜਾਂ ਅਕੀਦੇ ਨੂੰ ਮੰਨਣ ਵਾਲਿਆਂ ਦਾ ਇਕ ਹਿੱਸਾ ਇਹ ਸਵੀਕਾਰ ਕਰਦਾ ਹੈ ਕਿ ਦੂਸਰੇ ਧਰਮਾਂ ਦੇ ਲੋਕਾਂ ਨਾਲ ਮੇਲ-ਜੋਲ ਅਤੇ ਭਾਈਚਾਰਕ ਸਾਂਝ ਵਧਾਈ ਜਾਣੀ ਚਾਹੀਦੀ ਹੈ ਕਿਉਂਕਿ ਅਧਿਆਤਮਕ ਪੱਖ ਤੋਂ ਧਾਰਮਿਕ ਅਕੀਦੇ ਵੱਖੋ-ਵੱਖ ਖ਼ਿੱਤਿਆਂ ਅਤੇ ਸੱਭਿਆਚਾਰਾਂ ਵਿਚ ਈਸ਼ਵਰ ਦੀ ਅਰਾਧਨਾ ਕਰਨ ਲਈ ਪਣਪੇ ਢੰਗ-ਤਰੀਕੇ ਹੀ ਹਨ। ਅਜਿਹੇ ਲੋਕਾਂ ਨੂੰ ਸਾਧਾਰਨ ਸ਼ਬਦਾਂ ਵਿਚ ਉਦਾਰਵਾਦੀ ਜਾਂ ਖੁੱਲ੍ਹਦਿਲੇ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਵਿਚੋਂ ਬਹੁਤੇ ਜ਼ਿੰਦਗੀ ਵਿਚ ਤਰਕ ਅਤੇ ਨਿੱਜੀ ਆਜ਼ਾਦੀ ਦੀ ਭੂਮਿਕਾ ਨੂੰ ਸਵੀਕਾਰ ਕਰਦੇ ਹਨ। ਇਸ ਦੇ ਨਾਲ ਨਾਲ ਹਰ ਧਰਮ ਵਿਚ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਇਹ ਸਮਝਦੇ ਹਨ ਕਿ ਉਨ੍ਹਾਂ ਦਾ ਧਰਮ ਸਰਬਸ੍ਰੇਸ਼ਟ ਹੈ ਅਤੇ ਦੂਸਰੇ ਧਰਮ ਉਨ੍ਹਾਂ ਦੇ ਧਰਮ ਦੇ ਸਾਹਮਣੇ ਨਿਗੂਣੇ ਤੇ ਅਰਥਹੀਣ ਹਨ, ਅਜਿਹੇ ਲੋਕ ਤਰਕ ਅਤੇ ਨਿੱਜੀ ਆਜ਼ਾਦੀ ਨੂੰ ਛੁਟਿਆਉਂਦੇ ਅਤੇ ਵਿਸ਼ਵਾਸਾਂ, ਕਰਮਕਾਂਡ, ਪਰੰਪਰਾ, ਮਰਿਆਦਾ ਆਦਿ ’ਤੇ ਜ਼ਿਆਦਾ ਜ਼ੋਰ ਦਿੰਦੇ ਹਨ, ਇਨ੍ਹਾਂ ਨੂੰ ਬੁਨਿਆਦਪ੍ਰਸਤ ਕਿਹਾ ਜਾਂਦਾ ਹੈ।
ਹਰ ਧਰਮ ਵਿਚ ਬੁਨਿਆਦਪ੍ਰਸਤਾਂ ਅਤੇ ਉਦਾਰਵਾਦੀਆਂ ਵਿਚਕਾਰ ਹਮੇਸ਼ਾਂ ਟਕਰਾਅ ਹੁੰਦਾ ਰਿਹਾ ਹੈ। ਉਦਾਹਰਨ ਦੇ ਤੌਰ ’ਤੇ ਮੱਧਕਾਲੀਨ ਪੰਜਾਬ ਵਿਚ ਸਾਈਂ ਮੀਆਂ ਮੀਰ ਲਾਹੌਰ ਵਿਚ ਰਹਿ ਰਹੇ ਸਨ ਅਤੇ ਸ਼ੇਖ ਮੁਜੱਦਦ ਅਲਫ਼ਥਾਨੀ (ਅਲਿਫੇ ਸਾਨੀ) ਸਰਹਿੰਦ ਵਿਚ। ਸਾਈਂ ਮੀਆਂ ਮੀਰ ਧਾਰਮਿਕ ਕੱਟੜਤਾ ਵਿਰੁੱਧ ਪ੍ਰਚਾਰ ਕਰਦੇ ਸਨ ਅਤੇ ਉਨ੍ਹਾਂ ਦੇ ਹੋਰ ਧਰਮਾਂ ਦੇ ਆਗੂਆਂ, ਰਹਿਬਰਾਂ ਅਤੇ ਚਿੰਤਕਾਂ ਨਾਲ ਚੰਗੇ ਸਬੰਧ ਸਨ। ਉਹ ਗੁਰੂ ਅਰਜਨ ਦੇਵ ਜੀ ਦੇ ਨਜ਼ਦੀਕੀ ਸਨ ਅਤੇ ਰਵਾਇਤ ਅਨੁਸਾਰ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਉਨ੍ਹਾਂ ਨੇ ਸ਼ਾਹ ਜਹਾਂ ਦੇ ਪੁੱਤਰ ਦਾਰਾ ਸ਼ਿਕੋਹ ਦੇ ਜੀਵਨ ’ਤੇ ਵੱਡਾ ਅਸਰ ਪਾਇਆ ਅਤੇ ਉਹ ਹਿੰਦੂ-ਮੁਸਲਿਮ ਏਕਤਾ ਤੇ ਸੁਲ੍ਹਾਕੁਲ ਦੇ ਸਿਧਾਂਤ ਦਾ ਮੁਦਈ ਬਣਿਆ। ਦੂਸਰੇ ਪਾਸੇ ਸ਼ੇਖ ਸਰਹੰਦੀ ਨੇ ਬਾਦਸ਼ਾਹ ਜਹਾਂਗੀਰ ’ਤੇ ਆਪਣਾ ਪ੍ਰਭਾਵ ਵਰਤ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ। ਉਨ੍ਹਾਂ ਦੇ ਸਮਿਆਂ ਵਿਚ ਵੀ ਸ਼ਾਹ ਹੁਸੈਨ ਲਾਹੌਰ ਵਿਚ ‘‘ਅਸਾਂ ਰਲਿ ਮਿਲਿ ਝੁਰਮਟਿ ਪਾਵਣਾ।’’ ਦਾ ਹੋਕਾ ਦੇ ਰਿਹਾ ਸੀ।
ਮੱਧਕਾਲੀਨ ਸਮਿਆਂ ਵਿਚ ਹੀ ਅਜਿਹਾ ਟਕਰਾਅ ਹਿੰਦੂ ਧਰਮ ਵਿਚ ਵੀ ਹੋਇਆ। ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ ਅਤੇ ਭਗਤੀ ਲਹਿਰ ਦੇ ਹੋਰ ਸੰਤਾਂ, ਸ਼ਾਇਰਾਂ ਅਤੇ ਚਿੰਤਕਾਂ ਨੇ ਸਮਾਜ ਵਿਚ ਫੈਲੇ ਪਾਖੰਡਵਾਦ ਅਤੇ ਕਰਮਕਾਂਡ ਦਾ ਵਿਰੋਧ ਕਰਦਿਆਂ ਅਜਿਹੇ ਸਮਾਜਿਕ ਬੰਧਨਾਂ ਨੂੰ ਤੋੜਨ ਦਾ ਸੰਦੇਸ਼ ਦਿੱਤਾ। ਧਾਰਮਿਕ ਕੱਟੜਤਾ ਦਾ ਵਿਰੋਧ ਕਰਦੇ ਹੋਏ ਭਗਤ ਕਬੀਰ ਕਹਿੰਦੇ ਹਨ, ‘‘ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ।’’
ਉਦਾਰਤਾ ਅਤੇ ਕੱਟੜਤਾ ਵਿਚ ਇਹ ਜੰਗ ਲਗਾਤਾਰ ਹੁੰਦੀ ਰਹੀ ਹੈ ਪਰ ਇਤਿਹਾਸ ਦੇ ਕਈ ਨਿਰਣਾਇਕ ਮੋੜਾਂ ’ਤੇ ਬੁਨਿਆਦਪ੍ਰਸਤ ਹਾਵੀ ਹੋ ਜਾਂਦੇ ਹਨ ਜਿਸ ਨਾਲ ਸਮਾਜ ਵਿਚ ਮੌਜੂਦ ਦੁਫੇੜਾਂ ਹੋਰ ਵਧਦੀਆਂ ਹਨ, ਛੋਟੀ ਜਾਂ ਵੱਡੀ ਪੱਧਰ ’ਤੇ ਹਿੰਸਾ ਤੇ ਕਤਲੇਆਮ ਹੁੰਦੇ ਹਨ, ਨਸਲਕੁਸ਼ੀ ਜਿਹੇ ਵਰਤਾਰੇ ਵਾਪਰਦੇ ਅਤੇ ਦੇਸ਼ ਵੰਡੇ ਜਾਂਦੇ ਹਨ।
ਕੱਟੜਤਾ ਅਤੇ ਉਦਾਰਵਾਦ ਵਿਚ ਇਹ ਦਵੰਦ ਹਰ ਦੇਸ਼ ਵਿਚ ਹੋਇਆ। ਜੇ ਮੱਧਕਾਲੀਨ ਸਮੇਂ ਦੇ ਇੰਗਲੈਂਡ ਦੀ ਉਦਾਹਰਨ ਲਈ ਜਾਵੇ ਤਾਂ ਉਸ ਸਮੇਂ ਕਈ ਵਰਤਾਰੇ ਸਮਾਨਾਂਤਰ ਚੱਲ ਰਹੇ ਸਨ। ਇਕ ਪਾਸੇ ਪੁਨਰ-ਜਾਗਰਨ (Renaissance) ਅਤੇ ਧਾਰਮਿਕ ਸੁਧਾਰ (Reformation) ਦੀਆਂ ਲਹਿਰਾਂ ਸਨ, ਇਸਾਈ ਧਰਮ ਵਿਚ ਪ੍ਰੋਟੈਸਟੈਂਟ ਸ਼ਾਖਾ ਰੋਮਨ ਕੈਥੋਲਿਕ ਸ਼ਾਖਾ ਤੋਂ ਬਗ਼ਾਵਤ ਕਰ ਰਹੀ ਸੀ, ਬਰਤਾਨੀਆ ਦੇ ਵਸਨੀਕ ਦੇਸ਼ ਵਿਚ ਜਮਹੂਰੀ ਨਿਜ਼ਾਮ ਕਾਇਮ ਕਰਨ ਲਈ ਸੰਘਰਸ਼ ਕਰਨ ਦੇ ਨਾਲ ਨਾਲ ਇੰਗਲੈਂਡ, ਵੇਲਜ਼, ਸਕਾਟਲੈਂਡ ਅਤੇ ਆਇਰਲੈਂਡ ਵਿਚਕਾਰ ਸਿਆਸੀ ਏਕਤਾ ਬਣਾਉਣ ਲਈ ਸੰਵਿਧਾਨਿਕ ਬਾਦਸ਼ਾਹੀ (monarchy) ਨੂੰ ਵੀ ਕਾਇਮ ਰੱਖਣਾ ਚਾਹੁੰਦੇ ਸਨ, ਕੈਥੋਲਿਕ ਇਸਾਈਆਂ ਦਾ ਦਮਨ ਹੋ ਰਿਹਾ ਸੀ ਪਰ ਉਸ ਦਮਨ ਵਿਰੁੱਧ ਆਵਾਜ਼ ਵੀ ਉੱਠ ਰਹੀ ਸੀ। ਉਨ੍ਹਾਂ ਹੀ ਸਮਿਆਂ ਵਿਚ ਚਾਰਲਸ ਡਾਰਵਿਨ ਤਰਕਸ਼ੀਲ ਰੁਝਾਨ ਦਾ ਪ੍ਰਮੁੱਖ ਚਿੰਤਕ ਬਣ ਕੇ ਉੱਭਰਿਆ ਅਤੇ ਥਾਮਸ ਹਾਬਜ਼, ਜੌਹਨ ਲਾਕ ਅਤੇ ਹੋਰ ਕਈ ਵਿਦਵਾਨਾਂ ਨੇ ਸਿਆਸੀ ਚਿੰਤਨ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਕ ਪਾਸੇ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਸਾਮਰਾਜ ਬਣਨ ਵੱਲ ਵਧਿਆ ਅਤੇ ਦੂਸਰੇ ਪਾਸੇ ਅੰਦਰੂਨੀ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਸੰਘਰਸ਼ ਹੁੰਦਾ ਰਿਹਾ।
ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਜੇ ਭਾਰਤ ਵਿਚ ਬਸਤੀਵਾਦ ਨਾ ਆਉਂਦਾ ਤਾਂ ਇੱਥੇ ਕੀ ਵਾਪਰਦਾ। ਸਪੱਸ਼ਟ ਹੈ ਕਿ ਉਸ ਸਮੇਂ ਕੇਂਦਰੀ ਮੁਗ਼ਲ ਹਕੂਮਤ ਟੁੱਟ ਰਹੀ ਸੀ ਅਤੇ ਵੱਖ ਵੱਖ ਖ਼ਿੱਤਿਆਂ ਵਿਚ ਸਥਾਨਕ ਲੋਕ-ਸ਼ਕਤੀਆਂ ਸੱਤਾ ’ਤੇ ਕਾਬਜ਼ ਹੋ ਰਹੀਆਂ ਸਨ। ਸਥਾਨਕ ਤਾਕਤਾਂ ਇਕ-ਦੂਜੇ ਨਾਲ ਟਕਰਾਉਂਦੀਆਂ ਵੀ ਸਨ। ਈਸਟ ਇੰਡੀਆ ਕੰਪਨੀ ਨੇ ਇਨ੍ਹਾਂ ਟਕਰਾਵਾਂ ਦਾ ਫ਼ਾਇਦਾ ਉਠਾ ਕੇ ਇਕ ਅਜਿਹਾ ਵਿਸ਼ਾਲ ਸਾਮਰਾਜ ਕਾਇਮ ਕੀਤਾ ਜਿਸ ਨੇ ਸਾਰੇ ਬਰ੍ਹੇ-ਸਗੀਰ (ਉਪ-ਮਹਾਂਦੀਪ) ਨੂੰ ਇਕ ਸਿਆਸੀ ਇਕਾਈ ਬਣਾ ਦਿੱਤਾ। ਅੰਗਰੇਜ਼ਾਂ ਦੀ ਹਕੂਮਤ ਦੌਰਾਨ ਹਰ ਧਰਮ ਵਿਚ ਬੁਨਿਆਦਪ੍ਰਸਤੀ ਵਧੀ। ਹਿੰਦੂ ਧਰਮ ਦੇ ਸੁਧਾਰਕਾਂ ਅਤੇ ਚਿੰਤਕਾਂ ਨੇ ਮੱਧਕਾਲੀਨ ਸਮਿਆਂ ਦੀ ਭਗਤੀ ਲਹਿਰ ਦੇ ਭਗਤਾਂ ਤੇ ਚਿੰਤਕਾਂ ਨੂੰ ਵਿਸਾਰ ਕੇ ਸਦੀਆਂ ਪੁਰਾਣੇ ਵਿਸ਼ਵਾਸਾਂ, ਪਰੰਪਰਾਵਾਂ ਤੇ ਗ੍ਰੰਥਾਂ ਨੂੰ ਸਰਬਸ੍ਰੇਸ਼ਟ ਸਿੱਧ ਕਰਨ ਦਾ ਯਤਨ ਕੀਤਾ ਅਤੇ ਮੁਸਲਮਾਨ ਚਿੰਤਕਾਂ ਨੇ ਭਾਰਤ ਦੇ ਵੱਡੇ ਹਿੱਸੇ ’ਤੇ ਸਦੀਆਂ ਰਾਜ ਕਰਨ ਦੇ ਆਪਣੇ ਇਤਿਹਾਸ ਨੂੰ ਆਪਣੀ ਸ੍ਰੇਸ਼ਟਤਾ ਸਿੱਧ ਕਰਨ ਦਾ ਆਧਾਰ ਬਣਾਇਆ।
ਆਜ਼ਾਦੀ ਸੰਘਰਸ਼ ਦੇ ਆਗੂ ਇਸ ਤੱਥ ਤੋਂ ਜਾਣੂ ਸਨ ਕਿ ਬੁਨਿਆਦਪ੍ਰਸਤੀ ਆਜ਼ਾਦੀ ਦੀ ਲੜਾਈ ਦੇ ਰਾਹ ਵਿਚ ਅੜਿੱਕਾ ਹੈ। ਉਨ੍ਹਾਂ ਨੇ ਹਿੰਦੂ-ਮੁਸਲਮਾਨ ਏਕਤਾ ’ਤੇ ਜ਼ੋਰ ਦਿੱਤਾ। ਵੀਹਵੀਂ ਸਦੀ ਵਿਚ ਅੰਗਰੇਜ਼ਾਂ ਵਿਰੁੱਧ ਪਹਿਲੀ ਹਥਿਆਰਬੰਦ ਬਗ਼ਾਵਤ ਕਰਨ ਵਾਲੀ ਗ਼ਦਰ ਲਹਿਰ ਦੇ ਸਾਹਿਤ ਵਿਚ ਹਿੰਦੂ-ਮੁਸਲਿਮ ਏਕਤਾ ਕਾਇਮ ਕਰਨਾ ਬੁਨਿਆਦੀ ਮੁੱਦਾ ਸੀ। ਜੂਨ 1914 ਵਿਚ ਗ਼ਦਰੀ ਕਵੀ ਇਸ ਮੁੱਦੇ ਬਾਰੇ ਇਉਂ ਲਿਖਦੇ ਹਨ, ‘‘ਕਰੋ ਇਤਫ਼ਾਕ ਹਿੰਦੂ ਮੁਸਲਮਾਨ ਸਿੱਖ ਸ਼ੇਰੋ, ਜ਼ਾਲਮ ਫਰੰਗੀ ਤੇ ਚਾੜ ਦੇ ਕਟਕ ਤੂੰ।’’, ‘‘ਮਜ਼੍ਹਬੀ ਝਗੜਿਆਂ ’ਤੇ ਤੁਸੀਂ ਜ਼ੋਰ ਪਾਯਾ, ਕੀਤਾ ਦੀਨ ਦਾ ਨਹੀਂ ਧਿਯਾਨ ਵੀਰੋ।’’ ਅਜਿਹੀਆਂ ਲਹਿਰਾਂ ਅਤੇ ਕਾਂਗਰਸ ਦੇ ਯਤਨਾਂ ਕਾਰਨ ਹਿੰਦੂ-ਮੁਸਲਿਮ ਏਕਤਾ ਕਾਇਮ ਹੋਈ ਅਤੇ ਸਾਰੇ ਧਰਮਾਂ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਇਕੱਠੇ ਹੋ ਕੇ ਸੰਘਰਸ਼ ਕੀਤਾ। ਇਸ ਦੇ ਬਾਵਜੂਦ ਧਾਰਮਿਕ ਬੁਨਿਆਦਪ੍ਰਸਤੀ ਮੌਜੂਦ ਰਹੀ। ਮੁਸਲਿਮ ਲੀਗ ਅਤੇ ਹਿੰਦੂ ਮਹਾਸਭਾ ਅਜਿਹੇ ਰੁਝਾਨਾਂ ਨੂੰ ਤਾਕਤ ਦੇਣ ਵਾਲੀਆਂ ਵੱਡੀਆਂ ਜਥੇਬੰਦੀਆਂ ਸਨ। ਸਿੱਟੇ ਵਜੋਂ ਬੁਨਿਆਦਪ੍ਰਸਤੀ ਮਜ਼ਬੂਤ ਹੋਈ ਅਤੇ 1947 ਵਿਚ ਦੇਸ਼ ਵੰਡਿਆ ਗਿਆ।
ਇਤਿਹਾਸ ਦੀ ਦਿਸ਼ਾ ਇਸ ਤੱਥ ਤੋਂ ਤੈਅ ਹੁੰਦੀ ਹੈ ਕਿ ਸੱਤਾ ਕਿਸ ਦਾ ਸਾਥ ਦਿੰਦੀ ਹੈ, ਬੁਨਿਆਦਪ੍ਰਸਤਾਂ ਦਾ ਜਾਂ ਉਦਾਰਵਾਦੀ ਤੇ ਤਰਕਸ਼ੀਲ ਤਾਕਤਾਂ ਦਾ। ਇਹ ਰਿਸ਼ਤੇ ਬਹੁਤ ਜਟਿਲ ਹਨ ਪਰ ਬਹੁਤਾ ਕਰਕੇ ਬੁਨਿਆਦਪ੍ਰਸਤਾਂ ਦੀ ਤਤਕਾਲੀਨ ਸੱਤਾਸ਼ੀਲ ਤਾਕਤਾਂ ਨਾਲ ਸਾਂਝ ਵਧੇਰੇ ਰਹੀ ਹੈ ਜਦੋਂਕਿ ਜਮਹੂਰੀ ਤੇ ਤਰਕਸ਼ੀਲ ਤਾਕਤਾਂ ਨੂੰ ਸੰਘਰਸ਼ ਕਰਨਾ ਪੈਂਦਾ ਰਿਹਾ ਹੈ। 1940ਵਿਆਂ ਵਿਚ ਵੀ ਬੁਨਿਆਦਪ੍ਰਸਤ ਅੰਗਰੇਜ਼ ਹਕੂਮਤ ਦੀ ਹਮਾਇਤ ਕਾਰਨ ਹੀ ਸ਼ਕਤੀਸ਼ਾਲੀ ਹੋਏ ਅਤੇ ਦੇਸ਼ ਵੰਡਿਆ ਗਿਆ।
ਅੱਜ ਵੀ ਦੇਸ਼ ਦੇ ਦੋਹਾਂ ਧਰਮਾਂ ਵਿਚ ਬੁਨਿਆਦਪ੍ਰਸਤੀ ਸਿਖ਼ਰਾਂ ’ਤੇ ਹੈ। ਹਿੰਦੂ ਧਰਮ ਦੇ ਲੋਕਾਂ ਦੀ ਬਹੁਗਿਣਤੀ ਹੋਣ ਕਰਕੇ ਇਹ ਬੁਨਿਆਦਪ੍ਰਸਤੀ ਦੂਸਰੇ ਫ਼ਿਰਕਿਆਂ ਦੇ ਲੋਕਾਂ ਦੇ ਜੀਵਨ ਤੇ ਜੀਵਨ-ਜਾਚ ’ਤੇ ਹਾਵੀ ਹੋਣ ਦੀਆਂ ਵੱਡੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉੱਪਰ ਇੰਗਲੈਂਡ ਦੀ ਉਦਾਹਰਨ ਦਿੱਤੀ ਗਈ ਹੈ, ਹੋਰ ਪੱਛਮੀ ਦੇਸ਼ਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਜਾ ਸਕਦੀਆਂ ਹਨ, ਉੱਥੇ ਵੀ ਬੁਨਿਆਦਪ੍ਰਸਤੀ ਦੇ ਰੁਝਾਨ ਮੌਜੂਦ ਹਨ ਪਰ ਸਮਾਜ ਵਿਚ ਤਰਕਸ਼ੀਲ ਅਤੇ ਜਮਹੂਰੀ ਤਾਕਤਾਂ ਵੀ ਸ਼ਕਤੀਸ਼ਾਲੀ ਹਨ। ਬੁਨਿਆਦਪ੍ਰਸਤੀ ਉਨ੍ਹਾਂ ਦੇਸ਼ਾਂ ਵਿਚ ਨਸਲਵਾਦ, ਪਰਵਾਸੀਆਂ ਨਾਲ ਘਿਰਣਾ, ਮੁਸਲਿਮ-ਵਿਰੋਧ ਅਤੇ ਹੋਰ ਵਿਤਕਰਿਆਂ ਦੇ ਰੂਪ ਵਿਚ ਪੇਸ਼ ਹੁੰਦੀ ਹੈ ਪਰ ਉਨ੍ਹਾਂ ਰੁਝਾਨਾਂ ਦਾ ਵਿਰੋਧ ਵੀ ਹੁੰਦਾ ਹੈ। ਸਾਡੇ ਦੇਸ਼ ਵਿਚ ਇਹ (ਬੁਨਿਆਦਪ੍ਰਸਤੀ) ਸਮਾਜਿਕ ਤਾਣਾ-ਬਾਣਾ ਲੀਰੋ-ਲੀਰ ਕਰਨ ’ਤੇ ਤੁਲੀ ਹੋਈ ਹੈ; ਇਸ ਨੇ ਮੌਜੂਦ ਰਹਿਣਾ ਹੈ, ਖ਼ਤਮ ਨਹੀਂ ਹੋਣਾ ਪਰ ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਅਸੀਂ ਇਸ ਦਾ ਓਨੇ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਿਉਂ ਨਹੀਂ ਕਰ ਰਹੇ ਜਿਵੇਂ ਅਮਰੀਕਾ ਅਤੇ ਯੂਰੋਪ ਦੇ ਦੇਸ਼ਾਂ ਵਿਚ ਕੀਤਾ ਜਾ ਰਿਹਾ ਹੈ।
ਇਸ ਅਸਫ਼ਲਤਾ ਦੇ ਕਾਰਨ ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਹਨ। ਸਾਡੇ ਸਮਾਜਾਂ ਵਿਚ ਗਿਆਨ ਅਤੇ ਤਰਕ ’ਤੇ ਜ਼ੋਰ ਦੇਣ ਵਾਲੀਆਂ ਲਹਿਰਾਂ ਓਨੇ ਬਲਵਾਨ ਰੂਪ ਵਿਚ ਨਹੀਂ ਉੱਭਰੀਆਂ ਜਿੰਨੇ ਦੀ ਲੋੜ ਸੀ। ਸਾਡੇ ਸਮਾਜਾਂ ਵਿਚ ਅੱਜ ਵੀ ਜਾਤੀਵਾਦ, ਮਰਦ-ਪ੍ਰਧਾਨ ਸੋਚ ਅਤੇ ਜਾਗੀਰਦਾਰਾਨਾ ਰੁਚੀਆਂ ਭਾਰੂ ਹਨ, ਕਰਮਕਾਂਡ, ਵਹਿਮਾਂ-ਭਰਮਾਂ ਅਤੇ ਤਰਕਹੀਣ ਵਿਸ਼ਵਾਸਾਂ ਦਾ ਬੋਲਬਾਲਾ ਹੈ, ਇਨ੍ਹਾਂ ਸਭ ਨੂੰ ਰਵਾਇਤੀ ਧਰਮਾਂ ਅਤੇ ਬੁਨਿਆਦਪ੍ਰਸਤੀ ਤੋਂ ਤਾਕਤ ਮਿਲਦੀ ਹੈ, ਸਿਆਸੀ ਅਤੇ ਧਾਰਮਿਕ ਆਗੂ ਇਤਿਹਾਸ ਤੇ ਮਿਥਿਹਾਸ ਨੂੰ ਤੋੜ-ਮਰੋੜ ਕੇ ਲੋਕਾਂ ਸਾਹਮਣੇ ਪੇਸ਼ ਕਰਦੇ ਹਨ ਜਿਸ ਨੂੰ ‘ਸੱਚ’ ਮੰਨਿਆ ਜਾਂਦਾ ਹੈ। ਇਹ ਸਾਰੇ ਰੁਝਾਨ ਇਕੱਠੇ ਹੋ ਕੇ ਅਜਿਹੀ ਆਪਾ-ਮਾਰੂ ਤਾਕਤ ਬਣ ਰਹੇ ਹਨ ਜਿਸ ਕਾਰਨ ਭਾਈਚਾਰਕ ਦੁਫੇੜ ਅਤੇ ਨਫ਼ਰਤ ਵਧ ਰਹੀ ਹੈ। ਜਮਹੂਰੀ ਤਾਕਤਾਂ ਬਿਖਰੀਆਂ ਹੋਈਆਂ ਹਨ, ਉਹ ਇਕ ਵਿਆਪਕ ਜਮਹੂਰੀ ਮੁਹਾਜ਼ ਸਿਰਜਣ ਤੋਂ ਅਸਮਰੱਥ ਦਿਖਾਈ ਦੇ ਰਹੀਆਂ ਹਨ। ਜਮਹੂਰੀਅਤ-ਪ੍ਰਸਤਾਂ ਵਿਚ ਲਾਚਾਰੀ ਦੀ ਭਾਵਨਾ ਵਧ ਰਹੀ ਹੈ। ਇਹ ਦੇਸ਼ ਲਈ ਵੱਡੀਆਂ ਚੁਣੌਤੀਆਂ ਦਾ ਵਕਤ ਹੈ। ਇਸ ਉਦਾਸ ਮੰਜਰ ਦਾ ਸਾਹਮਣਾ ਕਰਨ ਲਈ ਸਥਾਨਕ ਤੇ ਕੌਮੀ ਪੱਧਰ ਦੇ ਜਨਤਕ ਘੋਲਾਂ ਦੀ ਜ਼ਰੂਰਤ ਹੈ। ਜੇ ਲੋਕ ਬੁਨਿਆਦਪ੍ਰਸਤੀ ਅਤੇ ਤਰਕਹੀਣਤਾ ਦਾ ਸ਼ਿਕਾਰ ਹੁੰਦੇ ਹਨ ਤਾਂ ਉਨ੍ਹਾਂ ਅੰਦਰ ਤਰਕ ਅਤੇ ਨਿੱਜੀ ਆਜ਼ਾਦੀ ਦੀਆਂ ਭਾਵਨਾਵਾਂ ਵੀ ਅੰਗੜਾਈਆਂ ਲੈਂਦੀਆਂ ਹਨ। ਲੋਕ-ਮਨ ਵਿਚਲੀਆਂ ਅਜਿਹੀਆਂ ਭਾਵਨਾਵਾਂ ਨੂੰ ਇਕ ਤਹਿਰੀਕ ਦਾ ਰੂਪ ਦੇਣ ਲਈ ਜਮਹੂਰੀ ਤੇ ਤਰਕਸ਼ੀਲ ਤਾਕਤਾਂ ਨੂੰ ਆਪਸੀ ਏਕਤਾ ਦਾ ਵਿਸ਼ਾਲ ਮੁਹਾਜ਼ ਉਸਾਰਨ ਦੀ ਜ਼ਰੂਰਤ ਹੈ।