ਪ੍ਰੇਰਨਾਦਾਇਕ ਲੇਖ : ਕਾਮਯਾਬੀ ਦੀ ਚਾਬੀ - ਗੁਰਸ਼ਰਨ ਸਿੰਘ ਕੁਮਾਰ

ਕੁਦਰਤ ਨੇ ਹਰ ਮਨੁੱਖ ਨੂੰ ਕੁਝ ਨਾ ਕੁਝ ਗੁਣ ਦੇ ਕੇ ਜ਼ਰੂਰ ਨਿਵਾਜਿਆ ਹੈ। ਦੁਨੀਆਂ ਵਿਚ ਕੋਈ ਮਨੁੱਖ ਐਸਾ ਨਹੀਂ ਜਿਸ ਵਿਚ ਕੋਈ ਗੁਣ ਨਾ ਹੋਵੇ। ਇਥੋਂ ਤੱਕ ਕਿ ਅਪੰਗ ਮਨੁੱਖਾਂ ਵਿਚ ਵੀ ਕੋਈ ਨਾ ਕੋਈ ਵਿਸ਼ੇਸ਼ ਗੁਣ ਜ਼ਰੂਰ ਹੁੰਦਾ ਹੈ। ਇਸ ਵਿਸ਼ੇਸ਼ ਗੁਣ ਸਦਕਾ ਹੀ ਹਰ ਮਨੁੱਖ ਜ਼ਿੰਦਗੀ ਵਿਚ ਕਾਮਯਾਬ ਹੋ ਕੇ ਦੁਨੀਆਂ 'ਤੇ ਆਪਣੀ ਵਿਲੱਖਣ ਪਛਾਣ ਬਣਾ ਸਕਦਾ ਹੈ। ਪੈਰਾਲੰਪਿਕ ਖ਼ੇਡਾਂ ਇਸ ਦੀ ਪ੍ਰਤੱਖ ਮਿਸਾਲ ਹਨ। ਪੈਰਾਲੰਪਿਕ ਖ਼ੇਡਾਂ ਵਿਚ ਕੇਵਲ ਦੁਨੀਆਂ ਭਰ ਦੇ ਅਪੰਗ ਵਿਅਕਤੀ ਹੀ ਭਾਗ ਲੈ ਸਕਦੇ ਹਨ। ਉੱਥੇ ਉਹ ਆਪਣੀ ਹਿੰਮਤ, ਸਰੀਰਕ ਬਲ ਅਤੇ ਕਲਾ ਦੇ ਜੋਹਰ ਦਿਖਾਉਂਦੇ ਹਨ ਕਿ ਦੁਨੀਆਂ ਭਰ ਦੇ ਲੋਕ ਹੈਰਾਨ ਰਹਿ ਜਾਂਦੇ ਹਨ ਕਿ ਪੂਰੇ ਅੰਗਾਂ ਵਾਲੇ ਵਿਅਕਤੀ ਵੀ ਐਸੇ ਕਾਰਨਾਮੇ ਨਹੀਂ ਕਰ ਸਕਦੇ। ਇਹ ਗੱਲ ਸਾਬਤ ਕਰਦੀ ਹੈ ਕਿ ਬੇਸ਼ੱਕ ਕਿਸੇ ਕਾਰਨ ਕਰ ਕੇ ਉਹ ਅਪੰਗ ਰਹਿ ਗਏ ਹਨ ਪਰ ਉਨ੍ਹਾਂ ਵਿਚ ਜੋਸ਼ ਅਤੇ ਹੁਨਰ ਦੀ ਕੋਈ ਕਮੀ ਨਹੀਂ ਹੁੰਦੀ। ਅਜਿਹੇ ਲੋਕ ਕਈ ਕਈ ਤਗਮੇ ਜਿੱਤ ਕੇ ਆਪਣੇ ਘਰਾਂ ਨੂੰ ਪਰਤਦੇ ਹਨ ਤਾਂ ਨਾ ਕੇਵਲ ਆਪਣਾ ਸਗੋਂ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦੇ ਹਨ।
ਮਨੁੱਖ ਦੇ ਅਜਿਹੇ ਗੁਣ ਹੀ ਉਸ ਦੀ ਕਾਮਯਾਬੀ ਦੀ ਚਾਬੀ ਹੈ। ਇਨ੍ਹਾਂ ਗੁਣਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਉਭਾਰਨ ਦੀ ਜ਼ਰੂਰਤ ਹੈ। ਇਸ ਲਈ ਸਖਤ ਮਿਹਨਤ, ਦ੍ਰਿੜ ਵਿਸ਼ਵਾਸ ਅਤੇ ਪੂਰਨ ਇਕਾਗਰਤਾ ਦੀ ਲੋੜ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕੁਦਰਤ ਕਈ ਲੋਕਾਂ ਨੂੰ ਇਕਸਾਰ ਮੌਕੇ ਦਿੰਦੀ ਹੈ ਪਰ ਕਾਮਯਾਬੀ ਕੇਵਲ ਉਨ੍ਹਾਂ ਲੋਕਾਂ ਦੇ ਹੀ ਕਦਮ ਚੁੰਮਦੀ ਹੈ ਜੋ ਆਪਣਾ ਧਿਆਨ ਹੱਥਲੇ  ਕੰਮ ਤੇ ਰੱਖਦੇ ਹਨ ਅਤੇ ਸਵੈ ਭਰੋਸੇ ਨਾਲ ਸਖਤ ਮਿਹਨਤ ਕਰਦੇ ਹਨ। ਉਦਾਹਰਣ ਦੇ ਤੋਰ ਤੇ ਸਕੂਲ ਦੀ ਕਿਸੇ ਜਮਾਤ ਵਿਚ ਅਧਿਆਪਕ ਸਭ ਵਿਦਿਆਰਥੀਆਂ ਨੂੰ ਇਕੋ ਜਿਹਾ ਹੀ ਪੜਾਉਂਦੇ ਹਨ ਪਰ ਜਦ ਨਤੀਜਾ ਨਿਕਲਦਾ ਹੈ ਤਾਂ ਕੋਈ ਵਿਦਿਆਰਥੀ ਬਾਕੀ ਸਭ ਨੂੰ ਪਿੱਛੇ ਛੱਡਦਾ ਹੋਇਆ ਅੱਵਲ ਆ ਜਾਂਦਾ ਹੈ ਅਤੇ ਕੁਝ ਵਿਦਿਆਰਥੀ ਫੇਲ੍ਹ ਵੀ ਹੋ ਜਾਂਦੇ ਹਨ। ਐਸਾ ਕਿਉਂ? ਵਿਦਿਆ ਤਾਂ ਸਭ ਨੂੰ ਇਕੋ ਜਿਹੀ ਹੀ ਮਿਲੀ ਸੀ। ਇਹ ਹੈ ਮਿਹਨਤ, ਲਗਨ ਅਤੇ ਇਕਾਗਰਤਾ ਦਾ ਨਤੀਜਾ। ਜਿਹੋ ਜਹੀ ਕਿਸੇ ਨੇ ਮਿਹਨਤ ਕੀਤੀ ਉਹੋ ਜਿਹਾ ਹੀ ਉਸ ਦਾ ਨਤੀਜਾ ਆ ਗਿਆ। ਸਾਨੂੰ ਇਤਿਹਾਸ/ਮਿਥਿਹਾਸ ਤੋਂ ਵੀ ਅਜਿਹੀਆਂ ਉਦਾਹਰਣਾਂ ਮਿਲ ਜਾਂਦੀਆਂ ਹਨ ਜਿਵੇਂ ਮਹਾਂਭਾਰਤ ਵਿਚ ਦਰੌਣਾਚਾਰਿਆ ਪਾਂਡਵਾਂ ਅਤੇ ਕੌਰਵਾਂ ਦੇ ਸਾਂਝੇ ਗੁਰੂ ਸਨ। ਉਨ੍ਹਾਂ ਨੇ ਸਭ ਨੂੰ ਧਨੁਸ਼ ਵਿੱਦਿਆ ਵੀ ਇਕੋ ਜਿਹੀ ਹੀ ਦਿੱਤੀ ਪਰ ਕੇਵਲ ਅਰਜੁਨ ਹੀ ਮਹਾਨ ਤੀਰੰਦਾਜ਼ ਬਣ ਸੱਕਿਆ, ਕਾਰਨ ਇਹ ਹੈ ਉਹ ਸਖਤ ਮਿਹਨਤੀ ਅਤੇ ਇਕਾਗਰਤਾ ਵਾਲਾ ਸੀ। ਜਦ ਕਿ ਦੂਜੇ ਆਪਣਾ ਧਿਆਨ ਅਰਜੁਨ ਦੀ ਤਰ੍ਹਾਂ ਆਪਣੇ ਨਿਸ਼ਾਨੇ ਤੇ ਕੇਂਦਰਤ ਨਹੀਂ ਸਨ ਕਰ ਪਾਉਂਦੇ। ਜੇ ਅਸੀਂ ਹੋਰ ਅੱਗੇ ਚੱਲੀਏ ਤਾਂ ਏਕਲਵਯ ਵੀ ਸਾਡੇ ਚੇਤਿਆਂ ਵਿਚ ਆ ਜਾਂਦਾ ਹੈ। ਉਸ ਨੂੰ ਤਾਂ ਅਰਜੁਨ ਦੀ ਤਰ੍ਹਾਂ ਕਿਸੇ ਨੇ ਧਨੁਸ਼ ਵਿੱਦਿਆ ਵੀ ਨਹੀਂ ਸੀ ਦਿੱਤੀ। ਉਸ ਨੇ ਮਨ ਵਿਚ ਦਰੌਣਾਚਾਰਿਆ ਨੂੰ ਹੀ ਗੁਰੂ ਧਾਰ ਕੇ ਹੀ ਧਨੁਸ਼ ਵਿਦਿਆ ਦਾ ਅਭਿਆਸ ਸ਼ੁਰੂ ਕੀਤਾ ਅਤੇ ਅਰਜੁਨ ਤੋਂ ਵੀ ਮਹਾਨ ਤੀਰੰਨਦਾਜ਼ ਬਣਿਆ। ਇਹ ਸਭ ਉਸ ਦੀ ਮਿਹਨਤ ਅਤੇ ਇਕਾਗਰਤਾ ਦਾ ਹੀ ਨਤੀਜ਼ਾ ਸੀ। ਇਹ ਵੱਖਰੀ ਗੱਲ ਹੈ ਕਿ ਦਰੌਣਾਚਾਰਿਆ ਨੇ ਛੱਲ ਨਾਲ ਏਕਲਵਯ ਦਾ ਅੰਗੂਠਾ ਗੁਰੂ ਦੱਛਣਾ ਵਿਚ ਮੰਗ ਕੇ ਉਸ ਨੂੰ ਸਦਾ ਲਈ ਅਪੰਗ ਬਣਾ ਦਿੱਤਾ।
ਜਦ ਪ੍ਰਮਾਤਮਾ ਨੇ ਇਸ ਧਰਤੀ ਨੂੰ ਸਾਜਿਆ ਤਾਂ ਜ਼ਿੰਦਗੀ ਉਸ ਸਮੇਂ ਅੱਜ ਵਰਗੀ ਆਰਾਮਦਾਇਕ ਅਤੇ ਸੌਖੀ ਨਹੀਂ ਸੀ। ਉਸ ਸਮੇਂ ਮਨੁੱਖਾ ਜ਼ਿੰਦਗੀ ਬਹੁਤ ਭਿਆਨਕ ਅਤੇ ਖ਼ਤਰਿਆਂ ਭਰੀ ਸੀ। ਮਨੁੱਖ ਦੇ ਸਾਹਮਣੇ ਹਰ ਤਰਫ ਮੌਤ ਮੰਡਰਾ ਰਹੀ ਸੀ। ਇਕ ਪਾਸੇ ਖੁੰਖਾਰ ਜਾਨਵਰ ਸਨ ਅਤੇ ਦੂਜੇ ਪਾਸੇ ਕੁਦਰਤ ਦੀਆਂ ਕਰੋਪੀਆਂ ਤੂਫ਼ਾਨ, ਭੁਚਾਲ ਅਤੇ ਸੁਨਾਮੀਆਂ ਸਨ। ਮਨੁੱਖ ਕੋਲ ਉਸ ਸਮੇਂ ਨਾ ਪੇਟ ਭਰਨ ਲਈ ਭੋਜਨ ਸੀ ਅਤੇ ਨਾ ਹੀ ਸਿਰ ਲੁਕਾਉਣ ਲਈ ਛੱਤ ਸੀ। ਗਰਮੀ, ਸਰਦੀ ਤੋਂ ਬਚਣ ਲਈ ਜਾਂ ਤਨ ਢੱਕਣ ਲਈ ਵੀ ਕੋਈ ਕੱਪੜਾ ਵੀ ਨਹੀਂ ਸੀ। ਆਤਮ ਰੱਖਿਆ ਲਈ ਕੋਈ ਹਥਿਆਰ ਨਹੀਂ ਸੀ। ਮਨੁੱਖ ਦੀ ਜ਼ਿੰਦਗੀ ਖ਼ਤਰਿਆਂ ਭਰੀ ਅਤੇ ਤਰਸਯੋਗ ਸੀ। ਪਰ ਮਨੁੱਖ ਨੇ ਤਾਂ ਹਰ ਹਾਲਾਤ ਵਿਚ ਜਿੰਦਾ ਰਹਿਣਾ ਸੀ। ਇਹ ਉਸ ਦੀ ਹੋਂਦ ਦਾ ਸੁਆਲ ਸੀ। ਫਿਰ ਵੀ ਉਸ ਨੇ ਹਾਰ ਨਹੀਂ ਮੰਨੀ। ਉਸ ਨੇ ਆਪਣੀਆਂ ਸੁੱਤੀਆਂ ਸ਼ਕਤੀਆਂ ਨੂੰ ਉਭਾਰਿਆ ਅਤੇ ਇਨ੍ਹਾਂ ਮੁਸੀਬਤਾਂ ਦਾ ਬਹਾਦੁਰੀ ਨਾਲ ਮੁਕਾਬਲਾ ਕੀਤਾ। ਆਪਣੇ ਜਿੰਦਾ ਰਹਿਣ ਦੇ ਸਾਧਨ ਉਪਲੱਭਦ ਕੀਤੇ। ਉਸ ਨੇ ਇਸ ਦੁਨੀਆਂ ਨੂੰ ਇਕ ਨਵਾਂ ਰੂਪ ਦੇਣਾ ਸ਼ੁਰੂ ਕੀਤਾ।
ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਕਿਹੜੇ ਗੁਣ ਮਨੁੱਖ ਨੂੰ ਆਮ ਨਾਲੋਂ ਵਿਲੱਖਣ ਬਣਾਉਂਦੇ ਹਨ। ਉਨ੍ਹਾਂ ਦੀ ਪਛਾਣ ਕਿਵੇਂ ਕੀਤੀ ਜਾਵੇ?  ਮਨੁੱਖੀ ਗੁਣ ਅਨੇਕ ਹਨ ਜਿਨ੍ਹਾਂ ਨੂੰ ਇਕ ਕਾਗਜ਼ ਤੇ ਬਿਆਨ ਕਰਨਾ ਸੰਭਵ ਨਹੀਂ। ਜਿਵੇਂ ਜਿਵੇਂ ਸੂਰਜ ਨਿਕਲਦਾ ਹੈ ਤਾਂ ਸਾਰੀ ਦੁਨੀਆਂ ਨੂੰ ਪਤਾ ਚੱਲ ਜਾਂਦਾ ਹੈ ਕਿ ਸੂਰਜ ਨਿਕਲ ਆਇਆ ਹੈ ਇਸੇ ਤਰ੍ਹਾਂ ਮਨੁੱਖ ਦੇ ਵਿਸ਼ੇਸ਼ ਗੁਣ ਆਪਣੇ ਆਪ ਪ੍ਰਗਟ ਹੋ ਜਾਂਦੇ ਹਨ। ਕਾਬਲ ਉਸਤਾਦ ਅਤੇ ਮਨੁੱਖ ਦੀ ਆਪਣੀ ਮਿਹਨਤ ਇਨ੍ਹਾਂ ਗੁਣਾਂ ਨੂੰ ਤਰਾਸ਼ਦੇ ਹਨ ਅਤੇ ਦੁਨੀਆਂ ਸਾਹਮਣੇ ਪ੍ਰਗਟ ਕਰਦੇ ਹਨ। ਇਹ ਗੁਣ ਹੀ ਮਨੁੱਖ ਦੀ ਵਿਲੱਖਣ ਸ਼ਖਸੀਅਤ ਬਣਾਉਂਦੇ ਹਨ। ਕਈਆਂ ਮਨੁੱਖਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ। ਉਹ ਹਰ ਸਮੱਸਿਆ ਦਾ ਹੱਲ ਬਹੁਤ ਛੇਤੀ ਕੱਢ ਲੈਂਦੇ ਹਨ ਅਤੇ ਨਵੀਆਂ ਨਵੀਆਂ ਖੋਜਾਂ ਕਰਦੇ ਹਨ। ਕਈਆਂ ਦਾ ਸਰੀਰ ਬਹੁਤ ਤਕੜਾ ਅਤੇ ਫੁਰਤੀਲਾ ਹੁੰਦਾ ਹੈ। ਉਹ ਯੁੱਧ ਵਿਚ ਜਾਂ ਖੇਡਾਂ ਵਿਚ ਮੱਲਾਂ ਮਾਰਦੇ ਹਨ। ਇਸ ਤੋਂ ਇਲਾਵਾ ਬੰਦੇ ਦੀ ਆਪਣੀ ਦਿਲਚਸਪੀ ਵੀ ਉਸ ਨੂੰ ਜ਼ਿੰਦਗੀ ਵਿਚ ਇਕ ਨਵਾਂ ਰਾਹ ਦਿਖਾਉਂਦੀ ਹੈ।
ਮਨੁੱਖ ਦਾ ਸੁਹਜ ਸੁਆਦ ਦਾ ਗੁਣ ਵੀ ਦੁਨੀਆਂ ਦੀ ਸੁੰਦਰਤਾ ਵਿਚ ਵਾਧਾ ਕਰਦਾ ਹੈ। ਮਨੁੱਖ ਹਮੇਸ਼ਾਂ ਆਪਣੇ ਰਹਿਣ ਸਹਿਣ, ਖਾਣ ਪੀਣ, ਪਹਿਨਣ, ਕੰਮ ਕਰਨ ਅਤੇ ਜ਼ਿੰਦਗੀ ਜਿਉਣ ਦੇ  ਢੰਗ ਵਿਚ ਸੁਧਾਰ ਕਰਦਾ ਰਹਿੰਦਾ ਹੈ। ਪੱਥਰ ਯੁੱਗ ਤੋਂ ਅੱਜ ਦੇ ਸੁੱਖ ਸਹੂਲਤਾਂ ਨਾਲ ਲਬਰੇਜ਼ ਸੁਪਨਮਈ ਸੰਸਾਰ ਤੱਕ ਦਾ ਸਫ਼ਰ ਮਨੁੱਖ ਦੇ ਸੁਹਜ ਸੁਆਦ ਦੀ ਤ੍ਰਿਪਤੀ ਦਾ ਸਿੱਟਾ ਹੈ। ਕਲਾਕਾਰ ਇਕ ਕੋਮਲ ਦਿਲ ਰੱਖਦੇ ਹਨ। ਉਹ ਦੁਨੀਆਂ ਦਾ ਕੂੜ ਕਬਾੜ ਦੂਰ ਕਰ ਕੇ ਉਸ ਨੂੰ ਸੁੰਦਰ ਦ੍ਰਿਸ਼ਟੀ ਪ੍ਰਦਾਨ ਕਰਨਾ ਲੋਚਦੇ ਹਨ। ਉਨ੍ਹਾਂ ਦੀਆ ਕਲਾ ਕ੍ਰਿਤੀਆਂ ਮਨ ਨੂੰ ਠੰਡ ਪਾਉਂਦੀਆਂ ਹਨ। ਕਈ ਮਨੁੱਖਾਂ ਵਿਚ ਕੁਝ ਨਵਾਂ ਕਰਨ ਦੀ ਅਤੇ ਦੂਜਿਆਂ ਤੋਂ ਅੱਗੇ ਵਧਣ ਦੀ ਤਮੰਨਾ ਹੁੰਦੀ ਹੈ। ਉਹ ਵੀ ਆਪਣੇ ਹੁਨਰ ਨਾਲ ਇਕ ਨਵਾਂ ਇਤਿਹਾਸ ਸਿਰਜ ਜਾਂਦੇ ਹਨ। ਕਈਆਂ ਵਿਚ ਲੋਕ ਭਲਾਈ ਦਾ ਜਜ਼ਬਾ ਹੁੰਦਾ ਹੈ। ਕਈਆਂ ਦੇ ਮਨ ਵਿਚ ਇਹ ਚਾਅ ਹੁੰਦਾ ਹੈ ਕਿ ਮੇਰੇ ਮਰਨ ਤੋਂ ਪਿੱਛੋਂ ਵੀ ਮੇਰਾ ਨਾਮ ਯਾਦ ਕੀਤਾ ਜਾਏ। ਕਈਆਂ ਵਿਚ ਲੀਡਰਸ਼ਿਪ ਦਾ ਜਜ਼ਬਾ ਹੁੰਦਾ ਹੈ। ਉਹ ਰਾਜਨੀਤੀ ਵਿਚ ਅੱਗੇ ਆਉਂਦੇ ਹਨ ਅਤੇ ਦੁਨੀਆਂ ਨੂੰ ਪਿੱਛੇ ਲਾ ਕੇ ਇਕ ਨਵਾਂ ਸੰਦੇਸ਼ ਦਿੰਦੇ ਹਨ। ਇਸ ਤਰ੍ਹਾਂ ਕਲਾਕਾਰਾਂ, ਬਹਾਦਰਾਂ, ਖੋਜੀਆਂ, ਰਾਜਨੇਤਾਵਾਂ, ਖਿਡਾਰੀਆਂ ਅਤੇ ਹੋਰ ਵਿਲੱਖਣ ਗੁਣਾਂ ਦੇ ਧਾਰਨੀਆਂ ਦੁਆਰਾ ਦੁਨੀਆਂ ਵਿਚ ਮਹਾਨ ਤਬਦੀਲੀਆਂ ਆਈਆਂ ਅਤੇ ਦੁਨੀਆਂ ਅੱਜ ਦੇ ਮੁਕਾਮ ਤੇ ਪਹੁੰਚੀ ਹੈ।
ਕੁਦਰਤ ਦੇ ਵਰਤਾਰੇ, ਮਨੁੱਖੀ ਮਿਹਨਤ ਅਤੇ ਗੁਣਾਂ ਨਾਲ ਦੁਨੀਆਂ ਪੱਥਰ ਯੁੱਗ ਤੋਂ ਲੈ ਕਿ ਅੱਜ ਤੱਕ ਬਦਲਦੀ ਆਈ ਹੈ ਅਤੇ ਬਦਲਦੀ ਰਹੇਗੀ। ਅਜਿਹੇ ਮਨੁੱਖ ਜ਼ਿੰਦਗੀ ਦੇ ਯੋਧੇ ਹੁੰਦੇ ਹਨ। ਉਹ ਆਪਣੀ ਧੁਨ ਦੇ ਪੱਕੇ ਹੁੰਦੇ ਹਨ। ਉਹ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ। ਸਾਰੀ ਦੁਨੀਆਂ ਜਦ ਰਾਤ ਨੂੰ ਅਰਾਮ ਨਾਲ ਆਪਣੇ ਨਰਮ ਬਿਸਤਰਿਆਂ ਵਿਚ ਸੁੱਤੀ ਹੁੰਦੀ ਹੈ ਤਾਂ ਅਜਿਹੇ ਯੋਧੇ ਉਸ ਸਮੇਂ ਜਾਗ ਕੇ ਆਪਣੇ ਮਕਸਦ ਦੀ ਕਾਮਯਾਬੀ ਵਿਚ ਲੱਗੇ ਹੁੰਦੇ ਹਨ। ਉਹ ਨਵੀਂਆਂ ਨਵੀਂਆਂ ਮੰਜ਼ਿਲਾਂ ਨੂੰ ਸਰ ਕਰਦੇ ਹਨ। ਉਨ੍ਹਾਂ ਦੀ ਕਾਮਯਾਬੀ ਸਾਰੇ ਵਿਸ਼ਵ ਦੀ ਉਨਤੀ ਅਤੇ ਮਨੁੱਖਤਾ ਦੇ ਭਲੇ ਦਾ ਕਾਰਨ ਹੋ ਨਿੱਬੜਦੀ ਹੈ। ਇਸੇ ਲਈ ਉਹ ਦੁਨੀਆਂ ਤੇ ਆਪਣਾ ਨਾਮ ਪੈਦਾ ਕਰਦੇ ਹਨ ਅਤੇ ਲੋਕਾਂ ਦੇ ਦਿਲਾਂ ਤੇ ਛਾਏ ਰਹਿੰਦੇ ਹਨ।
ਤੁਸੀਂ ਆਲਸ ਛੱਡੋ ਅਤੇ ਆਪਣੀ ਪਤਿਭਾ ਨੂੰ ਪਛਾਣੋ ਅਤੇ ਆਪਣੇ ਗੁਣਾਂ ਦੀ ਚਾਬੀ ਨਾਲ ਆਪਣੀ ਕਾਮਯਾਬੀ ਦੇ ਬੰਦ ਦਰਵਾਜ਼ੇ ਖੋਲ੍ਹੋ। ਇਨ੍ਹਾਂ ਕਾਮਯਾਬੀ ਦੇ ਦਰਵਾਜ਼ਿਆਂ ਵਿਚੋਂ ਲੰਘ ਕੇ ਹੀ ਤੁਹਾਡੇ ਭਵਿੱਖ ਦੀ ਉਨਤੀ ਦਾ ਇਕ ਵਿਸ਼ਾਲ ਸੰਸਾਰ ਨਜ਼ਰ ਆਵੇਗਾ ਜੋ ਤੁਹਾਡੀ ਸਾਰੀ ਜ਼ਿੰਦਗੀ ਨੂੰ ਸਫ਼ਲ ਅਤੇ ਖ਼ੁਸ਼ਹਾਲ ਬਣਾ ਦੇਵੇਗਾ।
*****

ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-8360842861  
email: gursharan1183@yahoo.in