ਦੇਸ਼ ਲੀਡਰਾਂ ਦਾ ਨਹੀਂ, ਲੋਕਾਂ ਦਾ ਹੁੰਦੈ ਤੇ ਲੀਹੋਂ ਲੱਥਦਾ ਹੋਵੇ ਤਾਂ ਚਿੰਤਾ ਵੀ ਲੋਕਾਂ ਨੂੰ ਕਰਨੀ ਪਵੇਗੀ - ਜਤਿੰਦਰ ਪਨੂੰ
ਵਿਹਲਾ ਵਕਤ ਮਿਲੇ ਤੋਂ ਅਸੀਂ ਲੋਕ ਜਦੋਂ ਇਸ ਸੋਚ ਵਿੱਚ ਉਲਝਦੇ ਹਾਂ ਕਿ ਹਾਲਾਤ ਕਿੱਧਰ ਨੂੰ ਜਾਂਦੇ ਹਨ, ਉਸ ਵੇਲੇ ਸਾਡੇ ਲਈ ਪਹਿਲਾ ਵਿਸ਼ਾ ਪੰਜਾਬ ਦੇ ਹਾਲਾਤ ਵੀ ਹੋ ਸਕਦੇ ਹਨ, ਭਾਰਤ ਦੇਸ਼ ਦੇ ਵੀ, ਜਾਂ ਫਿਰ ਜਿਹੜੇ ਦੇਸ਼ ਵਿੱਚ ਸਾਡੇ ਵਿੱਚੋਂ ਕਿਸੇ ਦਾ ਵਸੇਬਾ ਹੋਵੇ, ਓਥੋਂ ਦੇ ਹਾਲਾਤ ਹੋ ਸਕਦੇ ਹਨ। ਭਾਰਤ ਦੇ ਗਵਾਂਢੀ ਦੇਸ਼ਾਂ ਜਾਂ ਫਿਰ ਪੰਜਾਬ ਦੇ ਨਾਲ ਲੱਗਦੇ ਰਾਜਾਂ ਦਾ ਕੀ ਹਾਲ ਹੈ, ਉਸ ਵੱਲ ਧਿਆਨ ਘੱਟ ਜਾਂਦਾ ਹੈ। ਜਦੋਂ ਝਾਤੀ ਮਾਰੀਏ ਤਾਂ ਹਕੀਕਤਾਂ ਦਾ ਉਹ ਅਹਿਸਾਸ ਹੁੰਦਾ ਹੈ, ਜਿਨ੍ਹਾਂ ਤੋਂ ਅਸੀਂ ਲੋਕ ਆਮ ਕਰ ਕੇ ਅਣਜਾਣ ਜਾਂ ਫਿਰ ਥੋੜ੍ਹਾ-ਬਹੁਤ ਜਾਣੂੰ ਹੁੰਦਿਆਂ ਵੀ ਅਵੇਸਲੇ ਜਿਹੇ ਹੋਏ ਰਹਿੰਦੇ ਹਾਂ। ਮਿਸਾਲ ਵਜੋਂ ਜਦੋਂ ਵੀਹ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਬਣਦੇ ਸਾਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਓਦੋਂ ਦੇ ਮੁਖੀ ਰਵਿੰਦਰਪਾਲ ਸਿੰਘ ਉਰਫ ਰਵੀ ਸਿੱਧੂ ਦਾ ਕਿੱਸਾ ਸਾਹਮਣੇ ਆਇਆ ਤੇ ਬਹੁਤ ਵੱਡਾ ਮੁੱਦਾ ਬਣ ਗਿਆ ਸੀ, ਐਨ ਓਸੇ ਸਮੇਂ ਨਾਲ ਲੱਗਦੇ ਰਾਜ ਹਰਿਆਣਾ ਵਿੱਚ ਵੀ ਇਹੋ ਕੁਝ ਹੋਇਆ ਸੀ ਅਤੇ ਤਿੰਨ ਸਾਲ ਪਿੱਛੋਂ ਜਾਂਚ ਵੀ ਮੁਕੰਮਲ ਹੋ ਗਈ, ਪਰ ਸਾਨੂੰ ਇਸ ਬਾਰੇ ਪਤਾ ਨਹੀਂ ਸੀ ਲੱਗਾ। ਜੋ ਕਾਲਾ ਕਾਂਡ ਪੰਜਾਬ ਦੀ ਨੌਕਰੀਆਂ ਵੇਚਣ ਵਾਲੀ ਬਲੈਕ ਮਾਰਕੀਟ ਦਾ ਵਾਪਰਿਆ ਸੀ, ਹਰਿਆਣੇ ਵਿੱਚ ਉਸੇ ਬਰਾਬਰ ਦਾ, ਜਾਂ ਓਦੋਂ ਵੱਧ ਲੱਭਦਾ ਸੀ, ਪਰ ਅਠਾਰਾਂ ਸਾਲ ਪਿੱਛੋਂ ਬੀਤੀ ਤੇਈ ਸਤੰਬਰ ਨੂੰ ਕਹਾਣੀ ਓਦੋਂ ਬਾਹਰ ਆਈ, ਜਦੋਂ ਹਰਿਆਣਾ ਵਿਜੀਲੈਂਸ ਬਿਊਰੋ ਨੇ ਇਸ ਦਾ ਕੇਸ ਅਦਾਲਤ ਅੱਗੇ ਰੱਖਿਆ ਹੈ। ਇਹ ਅਜੇ ਵੀ ਦੱਬਿਆ ਰਹਿਣਾ ਸੀ, ਪਰ ਜਦੋਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਨਿਤੀਸ਼ ਕੁਮਾਰ ਨਾਲ ਮਿਲ ਕੇ ਅਗਲੀਆਂ ਲੋਕ ਸਭਾ ਚੋਣਾਂ ਲਈ ਨਵਾਂ ਮੋਰਚਾ ਬਣਾਉਣ ਲਈ ਰੈਲੀ ਰੱਖ ਲਈ ਤਾਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਉਸ ਨੂੰ ਝਟਕਾ ਦੇਣ ਲਈ ਦੱਬਿਆ ਮੁਰਦਾ ਪੁੱਟ ਲਿਆ ਹੈ। ਸਕੈਂਡਲ ਦਾ ਓਦੋਂ ਦਾ ਮੁੱਖ ਦੋਸ਼ੀ ਤਾਂ ਕਰਨਾਟਕ ਤੇ ਕੇਂਦਰ ਦੀਆਂ ਭਾਜਪਾਈ ਸਰਕਾਰਾਂ ਦੀ ਸੇਵਾ ਕਰਨ ਪਿੱਛੋਂ ਦੁਨੀਆ ਵੀ ਛੱਡ ਚੁੱਕਾ ਹੈ। ਭਾਰਤ ਦੇ ਕਈ ਰਾਜਾਂ ਵਿੱਚ ਏਹੋ ਜਿਹੇ ਕੇਸ ਹੁੰਦੇ ਹਨ, ਸਾਨੂੰ ਪੰਜਾਬ ਤੋਂ ਪਰੇ ਦਿੱਸਦਾ ਹੀ ਨਹੀਂ।
ਜਦੋਂ ਪੰਜਾਬ ਤੋਂ ਪਰੇ ਸਾਨੂੰ ਕੁਝ ਨਹੀਂ ਦਿੱਸਦਾ, ਜਾਂ ਅਸੀਂ ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਭਾਰਤ ਦੇ ਗਵਾਂਢ ਵਾਲੇ ਦੇਸ਼ਾਂ ਅੰਦਰ ਕੀ ਕੁਝ ਹੁੰਦਾ ਰਹਿੰਦਾ ਹੈ, ਉਸ ਦਾ ਵੀ ਬਹੁਤਾ ਪਤਾ ਨਹੀਂ ਲੱਗਦਾ, ਸਿਰਫ ਪਾਕਿਸਤਾਨ ਬਾਰੇ ਕੁਝ ਸੋਝੀ ਰੱਖੀ ਜਾਂਦੀ ਹੈ, ਕਿਉਂਕਿ ਉਸ ਨਾਲ ਸ਼ਰੀਕਾ ਵੀ ਹੈ ਅਤੇ ਪੰਜਾਬੀਅਤ ਦਾ ਮੋਹ ਵੀ। ਉਂਝ ਵੀ ਗਵਾਂਢੀ ਦੀ ਕੰਧ ਤੋਂ ਪਾਰ ਝਾਤੀਆਂ ਮਾਰਨ ਦੀ ਸਾਡੀ ਆਦਤ ਨੇੜਲੇ ਘਰ ਤੱਕ ਸੀਮਤ ਹੁੰਦੀ ਹੈ, ਓਦੋਂ ਅੱਗੇ ਨਹੀਂ ਜਾਂਦੀ।
ਅਸੀਂ ਇਸ ਵਾਰੀ ਇਹ ਕਿੱਸਾ ਇਸ ਲਈ ਛੋਹਿਆ ਹੈ ਕਿ ਚੌਵੀ ਸਤੰਬਰ ਦੀ ਸਵੇਰ ਜਦੋਂ ਅਸੀਂ ਪਾਠਕਾਂ ਦੇ ਲਈ ਇਹ ਲਿਖਤ ਲਿਖਦੇ ਪਏ ਹਾਂ, ਅਮਰੀਕੀ ਡਾਲਰ ਅੱਗੇ ਭਾਰਤੀ ਰੁਪਈਏ ਦੇ ਲੇਟਣੀਆਂ ਲੈਣ ਦੀ ਖਬਰ ਭਾਰਤ ਤੇ ਪੰਜਾਬ ਦੇ ਸਾਰੇ ਅਖਬਾਰਾਂ ਨੂੰ ਉਚੇਚੀ ਛਾਪਣੀ ਪਈ ਹੈ। ਅਮਰੀਕੀ ਡਾਲਰ ਬਦਲੇ ਸਾਨੂੰ ਭਾਰਤੀਆਂ ਨੂੰ ਪਹਿਲੀ ਵਾਰ ਅੱਸੀ ਤੋਂ ਵੱਧ ਰੁਪਈਏ ਦੇਣ ਦੀ ਨੌਬਤ ਜਾਂ ਬਦਲੇ ਵਿੱਚ ਲੈਣ ਦੀ 'ਖੁਸ਼ੀ' ਪ੍ਰਾਪਤ ਹੋਣ ਲੱਗੀ ਹੈ। ਇਹ ਹਾਲਤ ਓਦੋਂ ਦੀ ਹੈ, ਜਦੋਂ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਇਸ ਦੇਸ਼ ਨੂੰ 'ਵਿਸ਼ਵ ਗੁਰੂ' ਬਣਾਉਣ ਦੀਆਂ ਟਾਹਰਾਂ ਮਾਰਨ ਦੇ ਜੋਸ਼ ਵਿੱਚ ਬਾਕੀ ਪੱਖ ਆਪਣੇ ਲੋਕਾਂ ਤੋਂ ਲੁਕਾਉਣ ਦੇ ਯਤਨ ਕਰਦੀ ਪਈ ਹੈ। ਸਰਕਾਰ ਦੇ ਨੇੜ ਵਾਲਾ ਮੀਡੀਆ ਸਾਨੂੰ ਇਹ ਦੱਸਣ ਲਈ ਉਚੇਚਾ ਸਮਾਂ ਕੱਢਦਾ ਹੈ ਕਿ ਗਵਾਂਢ ਪਾਕਿਸਤਾਨ ਦੀ ਆਰਥਿਕਤਾ ਨੰਗਾਂ ਦੀ ਭੜੋਲੀ ਵਰਗੀ ਹੋਣ ਕਾਰਨ ਉਸ ਦੇਸ਼ ਦੇ ਲੋਕਾਂ ਲਈ ਅਮਰੀਕੀ ਡਾਲਰ ਦਾ ਭਾਅ ਢਾਈ ਸੌ ਪਾਕਿਸਤਾਨੀ ਰੁਪਏ ਨੇੜੇ ਪਹੁੰਚ ਗਿਆ ਹੈ। ਇਹ ਸੁਣ ਕੇ ਅਸੀਂ ਖੁਸ਼ ਹੋ ਜਾਂਦੇ ਹਾਂ ਕਿ ਚਲੋ ਅਮਰੀਕਾ ਮੂਹਰੇ ਨੀਵੀਂ ਪਾਉਣੀ ਵੀ ਪਵੇ, ਭਾਵੇਂ ਸੰਸਾਰ ਭਰ ਦੇ ਲੋਕਾਂ ਮੂਹਰੇ ਨੀਵੀਂ ਪਾਉਣੀ ਪੈ ਜਾਵੇ, ਪਾਕਿਸਤਾਨ ਨਾਲੋਂ ਤਾਂ ਸਾਡੀ ਆਰਥਿਕਤਾ ਤਕੜੀ ਹੈ ਅਤੇ ਅੱਗੇ ਵਧ ਰਹੀ ਹੈ। ਸਾਨੂੰ ਇਹ ਵੇਖਣ ਦੀ ਲੋੜ ਨਹੀਂ ਜਾਪਦੀ ਕਿ ਭਾਰਤ ਦੇ ਉੱਤਰ ਵਿੱਚ ਪਹਾੜੀਆਂ ਉੱਤੇ ਟੰਗੇ ਬਚੂੰਗੜੇ ਜਿਹੇ ਦੇਸ਼ ਭੂਟਾਨ ਦੀ ਕਰੰਸੀ ਵੀ ਸਾਡੇ ਰੁਪਈਏ ਤੋਂ ਵੱਧ ਮਜ਼ਬੂਤ ਹੈ, ਸਗੋਂ ਅਸੀਂ ਨੇਪਾਲ ਦਾ ਜ਼ਿਕਰ ਕਰਦੇ ਹਾਂ, ਜਿੱਥੇ ਕਰੰਸੀ ਸਾਡੇ ਰੁਪਈਏ ਤੋਂ ਕਮਜ਼ੋਰ ਹੈ।
ਹਾਲਾਤ ਦੇ ਇਸ ਮੋੜ ਉੱਤੇ ਅੱਜ ਜਦੋਂ ਸਾਡੇ ਲਵ-ਹੇਟ ਰਿਲੇਸ਼ਨ ਵਾਲੇ ਪਾਕਿਸਤਾਨ ਵਿੱਚ ਰਾਜਨੀਤਕ ਚਰਚਾ ਹੁੰਦੀ ਹੈ ਤਾਂ ਹਾਲਾਤ ਦੀ ਤੁਲਨਾ ਸਾਡੇ ਭਾਰਤ ਨਾਲ ਕਰਨ ਦੀ ਥਾਂ ਬੰਗਲਾ ਦੇਸ਼ ਦੀ ਗੱਲ ਹੁੰਦੀ ਹੈ, ਜਿਸ ਨੂੰ ਪਾਕਿਸਤਾਨ ਦੇ ਨਾਲਾਇਕ ਲੀਡਰਾਂ ਨੇ ਆਪਣੀਆਂ ਗਲਤੀਆਂ ਕਾਰਨ ਗੁਆ ਲਿਆ ਸੀ। ਅੰਗਰੇਜ਼ਾਂ ਨੇ ਭਾਰਤ ਛੱਡਣ ਵੇਲੇ ਵੱਖਰਾ ਦੇਸ਼ ਪਾਕਿਸਤਾਨ ਇਕੱਠਾ ਬਣਾਉਣ ਦੀ ਥਾਂ ਭਾਰਤ ਦੇ ਇੱਕ ਪਾਸੇ ਪੂਰਬੀ ਪਾਕਿਸਤਾਨ ਤੇ ਦੂਸਰੇ ਪਾਸੇ ਪੱਛਮੀ ਪਾਕਿਸਤਾਨ ਬਣਾਇਆ ਸੀ। ਸਮਾਂ ਪਾ ਕੇ ਪੂਰਬੀ ਪਾਕਿਸਤਾਨ ਟੁੱਟ ਕੇ ਵੱਖਰਾ ਬੰਗਲਾ ਦੇਸ਼ ਬਣ ਗਿਆ ਤੇ ਪੱਛਮੀ ਪਾਕਿਸਤਾਨ ਜਦੋਂ ਸਿਰਫ ਪਾਕਿਸਤਾਨ ਰਹਿ ਗਿਆ, ਉਹ ਉਸ ਦੇ ਬਾਅਦ ਆਪਣੇ ਤੋਂ ਤੋੜ ਕੇ ਬਣਾਏ ਗਏ ਬੰਗਲਾ ਦੇਸ਼ ਦੇ ਮੁਕਾਬਲੇ ਵੀ ਪਛੜਦਾ ਗਿਆ ਸੀ। ਅੱਜ ਪਾਕਿਸਤਾਨ ਦਾ ਹਰ ਆਗੂ ਇਹ ਰੋਣਾ ਰੋਂਦਾ ਸੁਣਦਾ ਹੈ ਕਿ ਸਾਡੇ ਤੋਂ ਟੁੱਟ ਕੇ ਬੰਗਲਾ ਦੇਸ਼ ਤਰੱਕੀ ਕਰ ਗਿਆ ਹੈ ਤਾਂ ਨਾਲ ਇਹ ਜ਼ਿਕਰ ਵੀ ਹੁੰਦਾ ਹੈ ਕਿ ਓਦੋਂ ਪਾਕਿਸਤਾਨ ਦੇ ਸਰਪ੍ਰਸਤ ਗਿਣੇ ਜਾਂਦੇ ਅਮਰੀਕਾ ਦਾ ਵਿਦੇਸ਼ ਮੰਤਰੀ ਕਸਿੰਗਰ ਕਹਿੰਦਾ ਸੀ ਕਿ ਨਵਾਂ ਬਣਿਆ ਬੰਗਲਾ ਦੇਸ਼ ਆਪਣੀ ਹੋਂਦ ਹੀ ਕਾਇਮ ਨਹੀਂ ਰੱਖ ਸਕੇਗਾ, ਪਰ ਉਹ ਨਵਾਂ ਦੇਸ਼ ਪੁਰਾਣੇ ਪਾਕਿਸਤਾਨ ਨੂੰ ਵੀ ਪਛਾੜ ਕੇ ਅੱਗੇ ਨਿਕਲ ਗਿਆ ਹੈ। ਬੰਗਲਾ ਦੇਸ਼ ਅੱਗਾਂਹ ਕਿਵੇਂ ਲੰਘ ਗਿਆ ਅਤੇ ਪਾਕਿਸਤਾਨ ਪਛੜਦਾ ਕਿਵੇਂ ਗਿਆ, ਇਸ ਬਾਰੇ ਉਸ ਦੇਸ਼ ਦੇ ਨੀਤੀਵਾਨਾਂ ਨੂੰ ਵੀ ਸੋਚਣਾ ਚਾਹੀਦਾ ਹੈ, ਸਾਡੇ ਭਾਰਤ ਦੇ ਉਨ੍ਹਾਂ ਨੀਤੀਵਾਨਾਂ ਨੂੰ ਵੀ, ਜਿਹੜੇ ਬੰਗਲਾ ਦੇਸ਼ ਆਜ਼ਾਦ ਕਰਾਉਣ ਦਾ ਸਿਹਰਾ ਲੈਂਦੇ ਹਨ।
ਅੱਧੀ ਸਦੀ ਪਹਿਲਾਂ ਆਜ਼ਾਦ ਹੋਇਆ ਬੰਗਲਾ ਦੇਸ਼ ਆਪਣੀ ਹੋਂਦ ਦੇ ਪਹਿਲੇ ਦਹਾਕੇ ਵਿੱਚ ਆਜ਼ਾਦੀ ਦੇ ਨਾਇਕ ਸ਼ੇਖ ਮੁਜੀਬੁਰ ਰਹਿਮਾਨ ਤੇ ਉਸ ਦੇ ਪਰਵਾਰ ਦੇ ਜੀਆਂ ਦੇ ਕਤਲਾਂ ਸਮੇਤ ਕਈ ਖੂਨੀ ਹੱਲਿਆਂ ਵਿੱਚੋਂ ਲੰਘਿਆ ਸੀ, ਪਰ ਇਨ੍ਹਾਂ ਝਟਕਿਆਂ ਤੋਂ ਸੰਭਲ ਕੇ ਫਿਰ ਅੱਗੇ ਤੁਰ ਪੈਂਦਾ ਰਿਹਾ ਸੀ। ਇੱਕ ਵਾਰੀ ਪਾਕਿਸਤਾਨੀ ਏਜੰਸੀਆਂ ਦੇ ਇਸ਼ਾਰੇ ਉੱਤੇ ਕੁਝ ਕੱਟੜਪੰਥੀਆਂ ਨੇ ਉਸ ਦੇਸ਼ ਦੀ ਵਾਗਡੋਰ ਸਾਂਭ ਲਈ ਤਾਂ ਸਿਰਫ ਸੋਲਵੇਂ ਸਾਲ ਦੀ ਹੱਦ ਉੱਤੇ ਉਸ ਦੇਸ਼ ਦਾ ਨਾਂਅ ਬਦਲ ਕੇ 'ਸੈਕੂਲਰ' ਵਾਲੇ ਲਫਜ਼ ਕੱਟੇ ਅਤੇ 'ਇਸਲਾਮਿਕ ਰਿਪਬਲਿਕ' ਲਿਖ ਦਿੱਤਾ ਸੀ, ਪਰ ਬਾਈ ਸਾਲਾਂ ਪਿੱਛੋਂ ਫਿਰ ਇਸ ਦੇ ਨਾਂਅ ਤੋਂ 'ਇਸਲਾਮਿਕ' ਲਫਜ਼ ਕੱਢ ਕੇ ਇਸ ਨੂੰ ਸਿਰਫ 'ਰਿਪਬਲਿਕ' ਦਾ ਦਰਜ਼ਾ ਦੇ ਦਿੱਤਾ ਗਿਆ ਸੀ। ਉਸ ਦੇ ਬਾਅਦ ਵੀ ਕੱਟੜਪੰਥੀਏ ਆਪਣੀਆਂ ਆਦਤਾਂ ਤੋਂ ਹਟਦੇ ਨਹੀਂ, ਫਿਰਕੂ ਫਸਾਦਾਂ ਦੀਆਂ ਖਬਰਾਂ ਕਈ ਵਾਰੀ ਆਈਆਂ ਹਨ, ਪਰ ਮੋਟੇ ਤੌਰ ਉੱਤੇ ਬੰਗਲਾ ਦੇਸ਼ ਕਿਸੇ ਸੰਸਾਰ ਪੱਧਰ ਦੇ ਵਿਵਾਦ ਦਾ ਮੁੱਦਾ ਬਣਨ ਦੀ ਥਾਂ ਆਪਣੀ ਆਰਥਿਕਤਾ ਦੇ ਪੱਖੋਂ ਲਗਾਤਾਰ ਮਜ਼ਬੂਤੀ ਫੜਦਾ ਰਿਹਾ ਹੈ। ਪਾਕਿਸਤਾਨ ਤੋਂ ਵੱਖ ਹੁੰਦੇ ਵਕਤ ਬੰਗਲਾ ਦੇਸ਼ ਨੇ ਰੁਪਈਏ ਦੀ ਕਰੰਸੀ ਛੱਡ ਕੇ ਨਵੀਂ ਕਰੰਸੀ 'ਟਕਾ' ਚਲਾਉਣ ਦਾ ਫੈਸਲਾ ਲਿਆ ਸੀ, ਜਿਸ ਦੇ ਓਦੋਂ ਦੀ ਕੀਮਤ ਦੇ ਹਿਸਾਬ ਨਾਲ ਇੱਕ ਡਾਲਰ ਦੇ ਬਦਲੇ ਸਾਢੇ ਕੁ ਤਿੰਨ ਟਕੇ ਮਿਲਦੇ ਸਨ, ਅੱਜ ਇੱਕ ਸੌ ਤਿੰਨ ਮਿਲਦੇ ਹਨ। ਇਸ ਦੇ ਉਲਟ ਪਾਕਿਸਤਾਨ ਦੇ ਢਾਈ ਸੌ ਰੁਪਈਏ ਦਾ ਅਮਰੀਕੀ ਡਾਲਰ ਮਿਲਦਾ ਹੈ। ਅੱਜ ਬੰਗਲਾ ਦੇਸ਼ ਦੇ ਸੌ ਟਕੇ ਬਦਲੇ ਸਤਾਨਵੇਂ ਪੈਨੀਆਂ ਮਿਲਦੀਆਂ ਹਨ, ਪਾਕਿਸਤਾਨ ਦੇ ਸੌ ਰੁਪਈਏ ਬਦਲੇ ਮਸਾਂ ਬਤਾਲੀ ਪੈਨੀਆਂ ਪੱਲੇ ਪੈਣਗੀਆਂ। ਪਾਕਿਸਤਾਨ ਵਿੱਚ ਕੀ ਹੁੰਦਾ ਹੈ, ਉਸ ਨੂੰ ਭੁਲਾ ਕੇ ਸਾਨੂੰ ਇਹ ਵੇਖਣ ਦੀ ਲੋੜ ਹੈ ਕਿ ਬੰਗਲਾ ਦੇਸ਼ ਦੀ ਉਠਾਣ ਦਾ ਰਾਜ਼ ਕੀ ਹੈ! ਅਮਰੀਕਾ ਵਾਲੇ ਜਿਸ ਬੰਗਲਾ ਦੇਸ਼ ਨੂੰ ਆਜ਼ਾਦ ਹੋਣ ਵੇਲੇ ਕਹਿੰਦੇ ਸਨ ਕਿ ਇਹ ਆਪਣੀ ਹੋਂਦ ਕਾਇਮ ਨਹੀਂ ਰੱਖ ਸਕੇਗਾ, ਉਹੀ ਅੱਜ ਇਹ ਕਹਿ ਰਹੇ ਹਨ ਕਿ ਅਗਲੇ ਕੁਝ ਕੁ ਸਾਲਾਂ ਵਿੱਚ ਬੰਗਲਾ ਦੇਸ਼ ਆਰਥਿਕ ਪੱਖੋਂ ਦੂਸਰਾ ਚੀਨ ਬਣ ਸਕਦਾ ਹੈ।
ਸਾਡੇ ਭਾਰਤੀਆਂ ਲਈ ਸੋਚਣ ਦੀ ਘੜੀ ਹੈ ਕਿ ਇੱਕ ਪਾਸੇ ਬੰਗਲਾ ਦੇਸ਼ ਕੱਟੜਪੰਥੀਆਂ ਦੇ ਜ਼ੋਰਦਾਰ ਦਬਾਅ ਹੇਠ ਇਸਲਾਮੀ ਦੇਸ਼ ਬਣਨ ਪਿੱਛੋਂ ਫਿਰ ਸਾਂਝੀ ਰਿਪਬਲਿਕ ਬਣ ਗਿਆ ਹੈ, ਦੂਜੇ ਪਾਸੇ ਰਾਜਸੀ ਲੋੜ ਕਾਰਨ ਹਰ ਹੱਲੇ ਮਗਰੋਂ ਕੱਟੜਪੰਥੀਆਂ ਦੇ ਦਬਾਅ ਹੇਠ ਪਾਕਿਸਤਾਨਂ ਹੋਰ ਕੱਟੜਪੰਥੀ ਹੁੰਦਾ ਗਿਆ ਹੈ। ਬਿਨਾਂ ਸ਼ੱਕ ਪਾਕਿਸਤਾਨੀ ਇਸਲਾਮੀ ਦੇਸ਼ ਦੇ ਤੌਰ ਉੱਤੇ ਬਣਿਆ ਸੀ, ਪਰ ਇਸ ਨੇ ਵੱਡਾ ਕੱਟੜਪੰਥੀ ਕਦਮ ਬੰਗਲਾ ਦੇਸ਼ ਬਣਨ ਮਗਰੋਂ ਜ਼ੁਲਫਕਾਰ ਅਲੀ ਭੁੱਟੋ ਦੀ ਸਰਕਾਰ ਵੇਲੇ ਪੁੱਟਿਆ ਸੀ, ਜਦੋਂ ਅਹਿਮਦੀਆ ਭਾਈਚਾਰੇ ਦੇ ਮੁਸਲਮਾਨਾਂ ਨੂੰ 'ਗੈਰ-ਮੁਸਲਿਮ' ਕਰਾਰ ਦਿੱਤਾ ਸੀ ਅਤੇ ਓਦੋਂ ਤੋਂ ਅਹਿਮਦੀ ਮੁਸਲਮਾਨਾਂ ਉੱਤੇ ਹਮਲੇ ਹੋਣ ਲੱਗ ਪਏ ਸਨ। ਇਸ ਪਿੱਛੋਂ ਜਨਰਲ ਜ਼ੀਆ ਉਲ ਹੱਕ ਵਾਲੇ ਰਾਜ ਦੌਰਾਨ ਲੋਕਾਂ ਨੂੰ ਕੱਟੜਪੰਥੀ ਸੋਚ ਦੀ ਹੋਰ ਕਰੜੀ ਰੰਗਤ ਦਿੱਤੀ ਗਈ ਅਤੇ ਫਿਰ ਬੇਨਜ਼ੀਰ ਭੁੱਟੋ ਤੇ ਨਵਾਜ਼ ਸ਼ਰੀਫ ਜਾਂ ਜਨਰਲ ਮੁਸ਼ੱਰਫ ਦੀਆਂ ਸਰਕਾਰਾਂ ਨੇ ਆਪੋ-ਆਪਣੇ ਰਾਜ ਦੀ ਉਮਰ ਲੰਮੀ ਕਰਨ ਲਈ ਇਹੋ ਫਾਰਮੂਲਾ ਵਰਤ ਕੇ ਦੇਸ਼ ਨੂੰ ਹੋਰ ਤੋਂ ਹੋਰ ਨਿਘਾਰ ਵੱਲ ਧੱਕਿਆ ਸੀ, ਜਿਸ ਵਿੱਚੋਂ ਇਹ ਕਦੇ ਨਿਕਲ ਨਹੀਂ ਸਕਿਆ। ਉਸ ਦੇਸ਼ ਵਿਚਲਾ ਹਰ ਵੱਡਾ ਆਗੂ ਇਹ ਕਹਿੰਦਾ ਹੈ ਕਿ ਪਾਕਿਸਤਾਨ ਸਾਰੀ ਦੁਨੀਆ ਵਿੱਚ 'ਮੰਗ-ਖਾਣਾ' ਬਣ ਗਿਆ ਹੈ, ਪਰ ਉਸ ਦੀ ਇਹ ਹਾਲਤ ਬਣਾਉਣ ਵਿੱਚ ਕਸਰ ਕਿਸੇ ਨੇ ਵੀ ਨਹੀਂ ਛੱਡੀ। ਜਿਹੜਾ ਕੋਈ ਦੇਸ਼ ਦੀ ਵਾਗ ਸੰਭਾਲਣ ਜੋਗਾ ਹੋਇਆ ਹੈ, ਉਸ ਨੇ ਲੋਕਾਂ ਨੂੰ ਭੜਕਾਇਆ ਅਤੇ ਆਪਣੀਆਂ ਸੱਤਾਂ ਪੀੜ੍ਹੀਆਂ ਜੋਗੀ ਕਮਾਈ ਕੀਤੀ ਅਤੇ ਹੋਰ ਭੱਠਾ ਬਿਠਾਇਆ ਹੈ।
ਜਿਨ੍ਹਾਂ ਗੱਲਾਂ ਤੋਂ ਬੰਗਲਾ ਦੇਸ਼ ਨੇ ਬਚਣ ਦਾ ਯਤਨ ਕੀਤਾ ਅਤੇ ਪਾਕਿਸਤਾਨ ਨੂੰ ਪਛਾੜ ਕੇ ਆਪਣੀ ਆਜ਼ਾਦ ਹੋਂਦ ਨੂੰ ਸਹੀ ਸਾਬਤ ਕੀਤਾ ਹੈ, ਉਨ੍ਹਾਂ ਬਾਰੇ ਭਾਰਤੀ ਰਾਜਨੀਤੀ ਦੇ ਮਹਾਂਰਥੀਆਂ ਨੂੰ ਵੀ ਸੋਚਣਾ ਪਵੇਗਾ। ਜਿਹੜੇ ਹਾਲਾਤ ਅੱਜ ਭਾਰਤ ਵਿੱਚ ਬਣਦੇ ਜਾਂਦੇ ਹਨ, ਜਾਂ ਬਣਾਏ ਜਾ ਰਹੇ ਹਨ, ਇਹ ਦੇਸ਼ ਨੂੰ ਉਸ ਰਾਹੇ ਪਾ ਦੇਣਗੇ, ਜਿਸ ਰਾਹ ਤੋਂ ਬੰਗਲਾ ਦੇਸ਼ ਵੱਡਾ ਮੋੜਾ ਕੱਟ ਕੇ ਲੀਹੇ ਪਿਆ ਹੈ। ਵਧਦੇ ਕੱਟੜਪੰਥੀ ਮਾਹੌਲ ਅਤੇ ਉਸ ਮਾਹੌਲ ਨੂੰ ਦੇਸ਼ ਦੀ ਸਰਕਾਰ ਦੀ ਸ਼ਹਿ ਨਾਲ ਕਈ ਦੇਸ਼ ਆਪਣਾ ਭਵਿੱਖ ਕਾਲਾ ਕਰ ਚੁੱਕੇ ਹਨ। ਭਾਰਤ ਨੂੰ ਇਸ ਤੋਂ ਬਚਣ ਦੀ ਲੋੜ ਹੈ। ਮੁਸ਼ਕਲ ਇਹ ਹੈ ਕਿ ਜਿਨ੍ਹਾਂ ਨੂੰ ਕੁਰਸੀ ਦਿੱਸ ਪਵੇ, ਉਹ ਏਦਾਂ ਦੀਆਂ ਗੱਲਾਂ ਸੋਚਣ ਦੀ ਲੋੜ ਨਹੀਂ ਸਮਝਦੇ। ਦੇਸ਼ ਲੀਡਰਾਂ ਦਾ ਨਹੀਂ ਹੁੰਦਾ, ਉਸ ਦੇਸ਼ ਦੇ ਲੋਕਾਂ ਦਾ ਹੁੰਦਾ ਹੈ, ਲੋਕ ਹੀ ਉਸ ਨੂੰ ਸਿਰਜਦੇ ਹਨ, ਲੋਕ ਹੀ ਰਾਖੀ ਲਈ ਕੁਰਬਾਨੀਆਂ ਦੇਣ ਅਤੇ ਪਸੀਨਾ ਵਗਾਉਣ ਦਾ ਕੰਮ ਕਰਦੇ ਹਨ ਤਾਂ ਦੇਸ਼ ਕੁਰਾਹੇ ਪੈਂਦਾ ਜਾਪਦਾ ਹੋਵੇ ਤਾਂ ਚਿੰਤਾ ਵੀ ਲੋਕਾਂ ਨੂੰ ਹੀ ਕਰਨੀ ਪੈਣੀ ਹੈ।