ਨਿਤੀਸ਼ ਦਾ ਵਿਰੋਧੀ ਧਿਰ ਦੇ ਆਗੂ ਵਜੋਂ ਉਭਾਰ - ਨੀਰਜਾ ਚੌਧਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਮਿਲਣ ਲਈ ਕੌਮੀ ਰਾਜਧਾਨੀ ਦੇ ਕੀਤੇ ਗਏ ਤਿੰਨ ਰੋਜ਼ਾ ਦੌਰੇ ਨੇ ਵੱਡੇ ਪੱਧਰ ’ਤੇ ਲੋਕਾਂ ਦਾ ਧਿਆਨ ਖਿੱਚਿਆ ਹੈ। ਅਜਿਹਾ ਇਸ ਕਾਰਨ ਨਹੀਂ ਕਿ ਇਸ ਨਾਲ ਕੋਈ ਠੋਸ ਨਤੀਜੇ ਨਿਕਲ ਕੇ ਆਏ ਹਨ ਸਗੋਂ ਇਸ ਦਾ ਕਾਰਨ ਇਹ ਹੈ ਕਿ ਅੱਜ ਨਿਤੀਸ਼ ਕੁਮਾਰ ਹੋਰ ਕਿਸੇ ਵੀ ਵਿਰੋਧੀ ਆਗੂ ਨਾਲੋਂ ਵੱਧ ਉੱਭਰ ਕੇ ਸਾਹਮਣੇ ਆਏ ਹਨ ਜਿਹੜਾ 2024 ਵਿਚ ਭਾਜਪਾ ਵਿਰੋਧੀ ਗੱਠਜੋੜ ਦੀ ਅਗਵਾਈ ਕਰਨ ਲਈ ਵੱਧ ਤੋਂ ਵੱਧ ਆਗੂਆਂ ਨੂੰ ਮਨਜ਼ੂਰ ਹੋ ਸਕਦਾ ਹੈ। ਉਨ੍ਹਾਂ ਵੱਲੋਂ ਇਹ ਮੀਟਿੰਗਾਂ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਸ਼ਰਦ ਪਵਾਰ, ਇਨੈਲੋ ਆਗੂ ਓਮ ਪ੍ਰਕਾਸ਼ ਚੌਟਾਲਾ (ਜੇਲ੍ਹ ਵਿਚ) ਅਤੇ ਮੁਲਾਇਮ ਸਿੰਘ ਯਾਦਵ (ਹਸਪਤਾਲ ਵਿਚ) ਅਤੇ ਅਖਿਲੇਸ਼ ਯਾਦਵ ਨਾਲ ਕੀਤੀਆਂ ਗਈਆਂ ਜਿਨ੍ਹਾਂ ਨੇ ਖ਼ੁਦ ਵੀ ਨਿਤੀਸ਼ ਕੁਮਾਰ ਲਈ ਸਦਭਾਵਨਾ ਭਰਿਆ ਮਾਹੌਲ ਸਿਰਜਿਆ ਹੈ।
ਦੂਜੇ ਵਿਰੋਧੀ ਆਗੂਆਂ ਦਾ ਭੈਅ ਖ਼ਤਮ ਕਰਨ ਲਈ ਨਿਤੀਸ਼ ਕੁਮਾਰ ਨੇ ਵਾਰ ਵਾਰ ਦੁਹਰਾਇਆ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਨਹੀਂ। ਉਹ ਇਸ ਮੁਤੱਲਕ ਸਾਬਕਾ ਪ੍ਰਧਾਨ ਮੰਤਰੀ ਵੀਪੀ ਸਿੰਘ ਤੋਂ ਸੇਧ ਲੈ ਰਹੇ ਹਨ। ਵੀਪੀ ਸਿੰਘ 1989-90 ਦੌਰਾਨ 11 ਮਹੀਨਿਆਂ ਲਈ ਪ੍ਰਧਾਨ ਮੰਤਰੀ ਸਨ ਅਤੇ ਅਜਿਹੇ ਗੱਠਜੋੜ ਦੇ ਆਗੂ ਸਨ ਜਿਹੜਾ ਉਦੋਂ ਵੱਡੇ ਤੋਂ ਵੱਡਾ ਤੇ ਖੁੱਲ੍ਹੇ ਤੋਂ ਖੁੱਲ੍ਹਾ ਸੰਭਵ ਗੱਠਜੋੜ ਹੋ ਸਕਦਾ ਸੀ ਜਿਸ ਵਿਚ ਸੱਜਿਆਂ ਤੇ ਲੈ ਕੇ ਖੱਬਿਆਂ ਤੱਕ ਸਭ ਤਰ੍ਹਾਂ ਦੀਆਂ ਤਾਕਤਾਂ ਸ਼ਾਮਲ ਸਨ। ਇਸ ਗੱਠਜੋੜ ਨੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨੂੰ ਮਾਤ ਦਿੱਤੀ ਜੋ ਇਸ ਤੋਂ ਪਹਿਲੀ ਲੋਕ ਸਭਾ ਵਿਚ 414 ਮੈਂਬਰਾਂ ਦੀ ਭਾਰੀ ਬਹੁਗਿਣਤੀ ਵਾਲੀ ਸਰਕਾਰ ਦੀ ਅਗਵਾਈ ਕਰ ਰਹੇ ਸਨ। ਕਹਿੰਦੇ ਵੀਪੀ ਸਿੰਘ ਵੀ ਇਹੀ ਰਹੇ ਕਿ ਉਹ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ ਨਹੀਂ ਹਨ, ਅਸਲ ਵਿਚ ਉਨ੍ਹਾਂ ਨੂੰ ਸਿਆਸਤ ਵਿਚ ਤਿਆਗ ਦੀ ਅਹਿਮੀਅਤ ਦਾ ਪਤਾ ਸੀ। ਉਦੋਂ ਤੋਂ ਹੁਣ ਤੱਕ ਭਾਵੇਂ ਪੁਲਾਂ ਹੇਠੋਂ ਬਹੁਤ ਪਾਣੀ ਵਹਿ ਚੁੱਕਿਆ ਹੈ ਤੇ ਹਾਲਾਤ ਬਦਲਣ ਨਾਲ ਅੱਜ ਦੌਲਤ ਹੀ ਕਾਮਯਾਬੀ ਦਾ ਪੈਮਾਨਾ ਬਣ ਗਈ ਹੈ, ਤਾਂ ਵੀ ਅਜੇ ਤੱਕ ਬਹੁਗਿਣਤੀ ਭਾਰਤੀ ਉਨ੍ਹਾਂ ਲੋਕਾਂ ਦਾ ਸਤਿਕਾਰ ਕਰਦੇ ਹਨ ਜਿਹੜੇ ਸੱਤਾ ਦੇ ਲਾਲਚੀ ਦਿਖਾਈ ਨਹੀਂ ਦਿੰਦੇ।
ਨਿਤੀਸ਼ ਕੁਮਾਰ ਦਾ ਕਹਿਣਾ ਹੈ ਕਿ ਜੇ 2024 ਵਿਚ ਸਾਰੀ ਵਿਰੋਧੀ ਧਿਰ ਇਕਮੁੱਠ ਹੋ ਜਾਂਦੀ ਹੈ ਤਾਂ ਭਾਜਪਾ ਨੂੰ ਮਹਿਜ਼ 50 ਸੀਟਾਂ ਤੱਕ ਸੀਮਤ ਕੀਤਾ ਜਾ ਸਕਦਾ ਹੈ। ਹਿਸਾਬ ਦੇ ਅੰਕੜੇ ਆਪਣੇ ਆਪ ਇਸ ਦੀ ਸ਼ਾਹਦੀ ਭਰਦੇ ਹਨ। ਸਭ ਜਾਣਦੇ ਹਨ ਕਿ ਭਾਜਪਾ ਨੂੰ 2014 ਵਿਚ ਸਿਰਫ਼ 31 ਫ਼ੀਸਦੀ ਵੋਟਾਂ ਮਿਲੀਆਂ ਸਨ ਪਰ ਇਹ 282 ਸੀਟਾਂ ’ਤੇ ਕਬਜ਼ਾ ਕਰਨ ਵਿਚ ਕਾਮਯਾਬ ਰਹੀ ਕਿਉਂਕਿ ਬਾਕੀ ਵਿਰੋਧੀ ਵੰਡੇ ਹੋਏ ਸਨ (ਬਾਕੀ ਐੱਨਡੀਏ ਪਾਰਟੀਆਂ ਨੂੰ ਕੁੱਲ ਵੋਟਾਂ ਵਿਚੋਂ ਕਰੀਬ 17 ਫ਼ੀਸਦੀ ਹਿੱਸਾ ਮਿਲਿਆ)। ਅੰਕੜੇ ਇਹ ਚੇਤਾ ਕਰਾਉਂਦੇ ਹਨ ਕਿ ਮਾੜੇ ਤੋਂ ਮਾੜੇ ਹਾਲਾਤ ਦੌਰਾਨ ਵੀ ਅੱਧੇ ਤੋਂ ਵੱਧ, ਭਾਵ 53 ਫ਼ੀਸਦੀ ਵੋਟਰ ਉਨ੍ਹਾਂ ਪਾਰਟੀਆਂ ਦੇ ਹੱਕ ਵਿਚ ਭੁਗਤੇ ਜਿਹੜੀਆਂ ਨਰਿੰਦਰ ਮੋਦੀ ਨਾਲ ਨਹੀਂ ਜੁੜੀਆਂ ਹੋਈਆਂ।
ਵਿਰੋਧੀ ਧਿਰ ਨਾਲ ਸਬੰਧਿਤ ਕਈ ਖੇਤਰੀ ਆਗੂਆਂ ਦੀਆਂ ਨਜ਼ਰਾਂ ਦਿੱਲੀ ਤਖ਼ਤ ’ਤੇ ਹਨ ਅਤੇ ਉਹ ਅਜਿਹਾ ਕੋਈ ਵੀ ਮੌਕਾ ਮਿਲਣ ’ਤੇ ਅਜਿਹੀ ਭੂਮਿਕਾ ਸੰਭਾਲਣ ਤੇ ਨਿਭਾਉਣ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ ਅਤੇ ਆਪਣੇ ਮੋਹਰੇ ਵਿਛਾ ਰਹੇ ਹਨ। ਉਹ ਇੱਕ ਹੋਰ ਵਜ੍ਹਾ ਕਰ ਕੇ ਵੀ ਕੌਮੀ ਪੱਤਾ ਖੇਡ ਰਹੇ ਹਨ, ਤਾਂ ਕਿ ਉਹ ਆਪੋ-ਆਪਣੇ ਸੂਬਿਆਂ ਉਤੇ ਆਪਣੀ ਪਕੜ ਪੀਡੀ ਕਰ ਸਕਣ ਜਿਹੜੀ ਢਿੱਲੀ ਪੈ ਸਕਦੀ ਹੈ। ਇਹ ਗੱਲ ਤਿਲੰਗਾਨਾ ਦੇ ਕੇ. ਚੰਦਰਸ਼ੇਖਰ ਰਾਓ (ਕੇਸੀਆਰ) ਉਤੇ ਵੀ ਓਨੀ ਹੀ ਢੁਕਦੀ ਹੈ, ਜਿੰਨੀ ਬੰਗਾਲ ਦੀ ਮਮਤਾ ਬੈਨਰਜੀ ਉਤੇ। ਕੇਸੀਆਰ ਨੇ ਕੌਮੀ ਪੱਧਰ ’ਤੇ ਦੇਸ਼ ਵਾਸੀਆਂ ਤੱਕ ਪਹੁੰਚ ਕਰਨ ਲਈ ਤਿਲੰਗਾਨਾ ਵਿਚ ਮੁੱਖ ਮੰਤਰੀ ਵਜੋਂ ਆਪਣੇ ਕੀਤੇ ਕੰਮਾਂ ਦੀ ਜਾਣਕਾਰੀ ਦਿੰਦਿਆਂ ਵੱਡੇ ਪੱਧਰ ’ਤੇ ਇਸ਼ਤਿਹਾਰ ਮੁਹਿੰਮ ਚਲਾਈ ਹੈ। ਉਹ ਕੌਮੀ ਪੱਧਰ ਵਾਲੀ ਪਾਰਟੀ ‘ਭਾਰਤ ਰਾਸ਼ਟਰ ਸਮਿਤੀ’ ਬਣਾਉਣ ਦੀ ਵੀ ਤਿਆਰੀ ਵਿਚ ਹਨ (ਉਨ੍ਹਾਂ ਦੀ ਮੌਜੂਦਾ ਖੇਤਰੀ ਪਾਰਟੀ ਦਾ ਨਾਂ ‘ਤਿਲੰਗਾਨਾ ਰਾਸ਼ਟਰ ਸਮਿਤੀ’ ਹੈ)। ਕੇਸੀਆਰ ਦੀ ਇਸ ਸਮੇਂ ਸਭ ਤੋਂ ਵੱਡੀ ਚਿੰਤਾ ਆਪਣੇ ਸੂਬੇ ਵਿਚ ਆਪਣੀ ਪਕੜ ਕਾਇਮ ਰੱਖਣਾ ਹੈ। ਜੇ ਤਿਲੰਗਾਨਾ ਵਿਚ ਆਮ ਲੋਕਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਬਹੁਤੇ ਤੁਹਾਨੂੰ ਇਹੋ ਕਹਿਣਗੇ ਕਿ ਕੇਸੀਆਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ। ਗ਼ੌਰਤਲਬ ਹੈ ਕਿ ਤਿਲੰਗਾਨਾ ਵਿਚ ਅੱਜ ਕਾਂਗਰਸ ਨਹੀਂ ਸਗੋਂ ਭਾਜਪਾ ਵੱਡੀ ਤਾਕਤ ਹੈ। ਜਦੋਂ ਕੋਈ ਕੌਮੀ ਪਾਰਟੀ ਉਨ੍ਹਾਂ ਦੀ ਕਮਾਨ ਹੇਠ ਹੋਵੇਗੀ ਤਾਂ ਉਹ ਤੇਲਗੂ ਮਾਣ ਨੂੰ ਹੁਲਾਰਾ ਦੇਣ ਦੀ ਉਮੀਦ ਕਰ ਸਕਦੇ ਹਨ ਤੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ‘ਤੇਲਗੂ ਬਿੱਡਾ’ (ਤੇਲਗੂ ਬੱਚਾ) ਮੁਲਕ ਦਾ ਆਗੂ ਬਣ ਸਕਦਾ ਹੈ। ਇਸ ਤਰ੍ਹਾਂ ਉਨ੍ਹਾਂ ਦੇ ਹਮਾਇਤੀਆਂ ਦਾ ਵੱਡਾ ਹਿੱਸਾ ਉਨ੍ਹਾਂ ਨਾਲ ਜੁੜਿਆ ਰਹਿ ਸਕਦਾ ਹੈ। ਹੈਦਰਾਬਾਦ ਵਿਚ ਅਜਿਹੀ ਵੀ ਚਰਚਾ ਹੈ ਕਿ ਕੇਸੀਆਰ ਅਗਾਊਂ ਤੌਰ ’ਤੇ ਤਿਲੰਗਾਨਾ ਵਿਧਾਨ ਸਭਾ ਭੰਗ ਕਰ ਕੇ ਮੱਧਕਾਲੀ ਚੋਣਾਂ ਕਰਵਾ ਸਕਦੇ ਹਨ। ਅਜਿਹੇ ਕਦਮ ਦੇ ਪਿੱਛੇ ਆਪਣੇ ਹੋ ਰਹੇ ਨੁਕਸਾਨ ਨੂੰ ਘਟਾਉਣ ਅਤੇ ਹਾਲਾਤ ਬਹੁਤ ਜਿ਼ਆਦਾ ਖ਼ਰਾਬ ਹੋ ਜਾਣ ਤੋਂ ਪਹਿਲਾਂ ਮੁੜ ਸੱਤਾ ਸੰਭਾਲਣ ਦੀ ਸੋਚ ਹੋ ਸਕਦੀ ਹੈ।
ਕੇਸੀਆਰ ਵਾਂਗ ਹੀ ਮਮਤਾ ਬੈਨਰਜੀ ਵੀ ਇਕਮੁੱਠ ਵਿਰੋਧੀ ਧਿਰ ਦੇ ਆਗੂ ਵਜੋਂ ਉੱਭਰਨ ਦੇ ਖ਼ਾਹਿਸ਼ਮੰਦ ਹੋਣਗੇ। ਉਹ (ਮਮਤਾ) ਇਸ ਵਿਚ ਭਾਵੇਂ ਕਾਮਯਾਬ ਹੋਣ ਜਾਂ ਨਾ, ਪਰ ਇਹ ਸੰਭਾਵਨਾ ਬਣਦਿਆਂ ਹੀ ਕਿ ਉਹ ਦੇਸ਼ ਦੀ ਅਗਵਾਈ ਕਰ ਸਕਦੇ ਹਨ, ਸਾਰਾ ਪੱਛਮੀ ਬੰਗਾਲ ਉਨ੍ਹਾਂ ਦੇ ਹੱਕ ਵਿਚ ਡਟ ਜਾਵੇਗਾ। ਨਿਤੀਸ਼ ਕੁਮਾਰ ਵੱਲੋਂ ਕੌਮੀ ਰਾਜਧਾਨੀ ਵਿਚ ਕੀਤੀਆਂ ਸਦਭਾਵਨਾ ਮੀਟਿੰਗਾਂ ਤੋਂ ਬਾਅਦ ਮਮਤਾ ਬੈਨਰਜੀ ਨੇ ਮੁੜ ਕੋਲਕਾਤਾ ਤੋਂ ਏਕਤਾ ਲਈ ਸੱਦਾ ਦਿੱਤਾ ਹੈ ਤਾਂ ਕਿ ਅਜਿਹਾ ਨਾ ਹੋਵੇ ਕਿ ਉਨ੍ਹਾਂ ਹੱਥੋਂ ਪਹਿਲਕਦਮੀ ਦਾ ਮੌਕਾ ਖੁੰਝ ਜਾਵੇ। ਇਸ ਤੋਂ ਪਹਿਲਾਂ ਉਨ੍ਹਾਂ ਦੀ ਭਾਜਪਾ ਪ੍ਰਤੀ ਆਪਣੇ ਰੁਖ਼ ਵਿਚ ‘ਨਰਮਾਈ’ ਲਿਆਉਣ ਲਈ ਆਲੋਚਨਾ ਹੁੰਦੀ ਰਹੀ ਹੈ, ਜਿਵੇਂ ਉਨ੍ਹਾਂ ਪਹਿਲਾਂ ਰਾਸ਼ਟਰਪਤੀ ਚੋਣ ਲਈ ਦਰੋਪਦੀ ਮੁਰਮੂ ਦੀ ਉਮੀਦਵਾਰੀ ਪ੍ਰਤੀ ਝੁਕਾਅ ਦਿਖਾਇਆ ਤੇ ਫਿਰ ਉਪ ਰਾਸ਼ਟਰਪਤੀ ਦੀ ਚੋਣ ਤੋਂ ਲਾਂਭੇ ਰਹਿਣ ਦਾ ਫ਼ੈਸਲਾ ਕੀਤਾ ਹਾਲਾਂਕਿ ਉਪ ਰਾਸ਼ਟਰਪਤੀ ਚੁਣੇ ਗਏ ਜਗਦੀਪ ਧਨਖੜ ਦੇ ਪੱਛਮੀ ਬੰਗਾਲ ਦੇ ਰਾਜਪਾਲ ਹੁੰਦਿਆਂ ਮਮਤਾ ਬੈਨਰਜੀ ਦੀ ਉਨ੍ਹਾਂ ਨਾਲ ਪੂਰੀ ਖਹਿ ਚੱਲਦੀ ਰਹੀ ਹੈ।
ਨਿਤੀਸ਼ ਕੁਮਾਰ ਨੇ ਦਿੱਲੀ ਫੇਰੀ ਦੌਰਾਨ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਜੋ ਅਜਿਹੇ ਆਗੂ ਹਨ ਜਿਨ੍ਹਾਂ ਨੂੰ ਇਸ ਪੱਖੋਂ ਬੜੀ ਦਿਲਚਸਪੀ ਨਾਲ ਦੇਖਿਆ ਜਾ ਰਿਹਾ ਹੈ ਕਿ ਉਹ ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਆਪਣਾ ਆਧਾਰ ਕਿਵੇਂ ਵਧਾਉਂਦੇ ਹਨ। ਉਂਝ, ਉਨ੍ਹਾਂ ਨੂੰ 2024 ਵਿਚ ਇਕਮੁੱਠ ਵਿਰੋਧੀ ਧਿਰ ਦੇ ਆਗੂ ਵਜੋਂ ਬਹੁਤੇ ਲੋਕ ਪਸੰਦ ਨਹੀਂ ਕਰਨਗੇ। ਫਿਰ ਵੀ ਜੇ ਮਕਬੂਲੀਅਤ ਪੱਖੋਂ ਦੇਖਿਆ ਜਾਵੇ, ਭਾਵੇਂ ਇਹ ਅਜੇ ਸ਼ੁਰੂਆਤੀ ਦਿਨ ਹਨ, ਇਹ ਕੇਜਰੀਵਾਲ ਹੀ ਹੈ ਜਿਨ੍ਹਾਂ ਨੂੰ ਮੋਦੀ ਦਾ ਬਦਲ ਸਿਰਜਣ ਦੇ ਸਮਰੱਥ ਹੋਣ ਵਜੋਂ ਦੇਖਿਆ ਜਾ ਰਿਹਾ ਹੈ। ਜੇ ਉਹ ਇਸ ਦੌੜ ਵਿਚ ਡਟੇ ਰਹੇ ਤਾਂ ਵੀ ਇਹ ਉਨ੍ਹਾਂ ਲਈ ਮੈਰਾਥਨ ਵਰਗੀ ਦੌੜ ਸਾਬਤ ਹੋ ਸਕਦੀ ਹੈ। ਦੂਜੇ ਬੰਨੇ, ਕੇਜਰੀਵਾਲ ਨੇ ਆਖਿਆ ਹੈ ਕਿ 2024 ਦੀਆਂ ਚੋਣਾਂ ਉਨ੍ਹਾਂ ਦੀ ਪਾਰਟੀ ਇਕੱਲਿਆਂ ਲੜੇਗੀ। ਇਹ ਗੱਲ ਭਾਜਪਾ ਦੇ ਫ਼ਾਇਦੇ ਵਾਲੀ ਹੋਵੇਗੀ, ਆਮ ਚੋਣਾਂ ਵਿਚ ਤਿਕੋਣਾ ਮੁਕਾਬਲਾ ਭਾਜਪਾ ਨੂੰ ਲਾਭ ਦੇਵੇਗਾ, ਕਿਉਂਕਿ ਇਸ ਨਾਲ ਵਿਰੋਧੀ ਧਿਰ ਦੀ ਵੋਟ ਵੰਡੀ ਜਾਵੇਗੀ।
ਇਹ ਵੀ ਅਹਿਮ ਹੋਵੇਗਾ ਕਿ ਆਗਾਮੀ ਮਹੀਨਿਆਂ ਦੌਰਾਨ ਕਾਂਗਰਸ ਕੀ ਕਰਦੀ ਹੈ। ਰਾਹੁਲ ਗਾਂਧੀ ਨੇ ਅੱਜਕੱਲ੍ਹ ਜੋ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੋਈ ਹੈ, ਕੀ ਇਹ ਰਾਹੁਲ ਨੂੰ ਸੰਜੀਦਾ ਆਗੂ ਬਣਾਉਣ ਵਿਚ ਕਾਮਯਾਬ ਰਹੇਗੀ? ਹਾਲ ਦੀ ਘੜੀ ਬਹੁਤੇ ਆਗੂ ਰਾਹੁਲ ਨੂੰ ਇਕਮੁੱਠ ਵਿਰੋਧੀ ਧਿਰ ਦਾ ਆਗੂ ਮੰਨਣ ਲਈ ਸ਼ਾਇਦ ਹੀ ਤਿਆਰ ਹੋਣ? ਇਸ ਹਕੀਕਤ ਨੂੰ ਦੇਖਦਿਆਂ ਕਾਂਗਰਸ ਲਈ ਆਗੂ ਵਜੋਂ ਨਿਤੀਸ਼ ਦੀ ਹਮਾਇਤ ਕਰਨਾ ਲਾਹੇਵੰਦ ਰਹੇਗਾ। ਇਸ ਨਾਲ ਸਾਰੀਆਂ ਖੇਤਰੀ ਪਾਰਟੀਆਂ ਵੀ ਇੱਕ ਮੰਚ ’ਤੇ ਆ ਸਕਦੀਆਂ ਹਨ, ਸਮੇਤ ਉਨ੍ਹਾਂ ਦੇ ਜਿਨ੍ਹਾਂ ਨੂੰ ਆਗੂ ਵਜੋਂ ਕਾਂਗਰਸ, ਖ਼ਾਸਕਰ ਨਹਿਰੂ-ਗਾਂਧੀ ਪਰਿਵਾਰ ਨਾਲ ਸਬੰਧਿਤ ਕੋਈ ਆਗੂ ਮਨਜ਼ੂਰ ਨਹੀਂ ਹੈ।
ਦੂਜੇ ਪਾਸੇ ਸੋਨੀਆ ਗਾਂਧੀ ਵੀ ਰਾਹੁਲ ਗਾਂਧੀ ਤੋਂ ਬਿਨਾ ਹੋਰ ਕਿਸੇ ਕਾਂਗਰਸੀ ਆਗੂ ਨੂੰ ਸਮੁੱਚੀ ਵਿਰੋਧੀ ਧਿਰ ਦੇ ਸਰਬ ਸਾਂਝੇ ਆਗੂ ਵਜੋਂ ਚੁਣਿਆ ਜਾਣਾ ਪਸੰਦ ਨਹੀਂ ਕਰਨਗੇ ਕਿਉਂਕਿ ਅਜਿਹਾ ਹੋਣ ਦੀ ਸੂਰਤ ਵਿਚ ਚੁਣਿਆ ਜਾਣ ਵਾਲਾ/ਵਾਲੀ ਆਗੂ ਰਾਹੁਲ ਦੇ ਖਿ਼ਲਾਫ਼ ਸੱਤਾ ਦਾ ਕੇਂਦਰ ਬਣ ਜਾਵੇਗਾ ਤੇ ਇਸ ਨਾਲ ਭਵਿੱਖ ਵਿਚ ਸਮੱਸਿਆ ਖੜ੍ਹੀ ਹੋ ਸਕਦੀ ਹੈ। ਇਨ੍ਹਾਂ ਹਾਲਾਤ ਵਿਚ ਨਿਤੀਸ਼ ਕੁਮਾਰ ਦੇ ਆਗੂ ਬਣਨ ਨਾਲ ਸਮੱਸਿਆ ਤੋਂ ਖਹਿੜਾ ਛੁਟ ਜਾਵੇਗਾ। ਉਹ ਕਿਉਂਕਿ ਸੋਸ਼ਲਿਸਟ ਪਿਛੋਕੜ ਤੋਂ ਹਨ ਅਤੇ ਮਮਤਾ ਬੈਨਰਜੀ ਜਾਂ ਸ਼ਰਦ ਪਵਾਰ ਵਾਂਗ ਕੋਈ ਸਾਬਕਾ ਕਾਂਗਰਸੀ ਆਗੂ ਨਹੀਂ ਹਨ ਜਿਨ੍ਹਾਂ ਦੇ ਕਾਂਗਰਸ ਵਿਚ ਡੂੰਘੇ ਸੰਪਰਕ ਹੋਣ, ਇਸ ਕਾਰਨ ਉਨ੍ਹਾਂ ਤੋਂ ਕਾਂਗਰਸ ਦੇ ਕਿਸੇ ਵੱਡੇ ਹਿੱਸੇ ਨੂੰ ਆਪਣੇ ਨਾਲ ਜੋੜ ਲੈਣ ਦਾ ਬਹੁਤਾ ਖ਼ਤਰਾ ਨਹੀਂ ਹੈ।
ਨਿਤੀਸ਼ ਕੁਮਾਰ ਆਪਣੀ ਉਮਰ ਦੇ 70ਵਿਆਂ ਵਿਚ ਹਨ। ਉਹ ਪ੍ਰਸ਼ਾਸਕੀ ਤੇ ਸਿਆਸੀ ਤਜਰਬੇ ਨਾਲ ਭਰਪੂਰ ਹਨ ਤੇ ਅੱਠ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹ ਭਾਵੇਂ ਗੱਠਜੋੜ ਪੱਖੋਂ ਚਾਰ ਵਾਰ ਪਲਟੀ ਮਾਰ ਚੁੱਕੇ ਹਨ ਤੇ ਉਨ੍ਹਾਂ ਨੂੰ ਨਿਵ ਕੇ ਵੀ ਰਹਿਣਾ ਪੈ ਸਕਦਾ ਹੈ ਪਰ ਉਹ ਗੱਠਜੋੜ ਦੀ ਅਗਵਾਈ ਕਰਨ ਲਈ ਸਭ ਤੋਂ ਵੱਧ ਢੁਕਵੇਂ ਹਨ, ਉਹ ਕਾਂਗਰਸ ਸਮੇਤ ਵੱਧ ਤੋਂ ਵੱਧ ਪਾਰਟੀਆਂ ਲਈ ਘੱਟ ਤੋਂ ਘੱਟ ਖ਼ਤਰਨਾਕ ਹਨ।
ਵਿਰੋਧੀ ਧਿਰ ਦੇ ਆਗੂ ਦਾ ਫ਼ੈਸਲਾ ਕਾਹਲੀ ਵਿਚ ਕੀਤੇ ਜਾਣ ਦੀ ਸੰਭਾਵਨਾ ਨਹੀਂ ਜਾਪਦੀ ਪਰ ਵਿਰੋਧੀ ਧਿਰ ਇਸ ਦੌਰਾਨ ਭਾਜਪਾ ਦੇ ਵਿਰੋਧੀ-ਬਿਰਤਾਂਤ ਦੇ ਟਾਕਰੇ ਲਈ ਬਿਰਤਾਂਤ ਸਿਰਜਣ ਦੀ ਸ਼ੁਰੂਆਤ ਕਰ ਸਕਦੀ ਹੈ। ਵਿਰੋਧੀ ਧਿਰ ਜਿੱਥੇ ਵੀ ਮੁਮਕਿਨ ਹੋਵੇ, ਭਾਜਪਾ ਖਿ਼ਲਾਫ਼ ਸਿੱਧੇ, ਆਹਮੋ-ਸਾਹਮਣੇ ਮੁਕਾਬਲੇ ਲਈ ਕੰਮ ਸ਼ੁਰੂ ਕਰ ਸਕਦੀ ਹੈ। ਉਂਝ ਵੀ ਹਾਕਮ ਪਾਰਟੀ ਖ਼ਿਲਾਫ਼ ਲੜਾਈ ਵਿਚ ਇਹੋ ਸਭ ਤੋਂ ਅਹਿਮ ਪੱਖ ਹੈ।
* ਲੇਖਕ ਸੀਨੀਅਰ ਸਿਆਸੀ ਵਿਸ਼ਲੇਸ਼ਕ ਹੈ।