ਪਰਮਾਣੂ ਜੰਗ ਦਾ ਖ਼ਤਰਾ ਅਤੇ ਮਨੁੱਖ ਜਾਤੀ ਲਈ ਵੰਗਾਰ - ਡਾ. ਅਰੁਣ ਮਿੱਤਰਾ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਬਿਆਨ ਕਿ ‘ਸਾਡੇ ਦੇਸ਼ ਦੀ ਖੇਤਰੀ ਅਖੰਡਤਾ ਅਤੇ ਰੂਸੀ ਲੋਕਾਂ ਦੀ ਰੱਖਿਆ ਨੂੰ ਖਤਰੇ ਦੀ ਸਥਿਤੀ ਵਿਚ ਸਾਡੇ ਕੋਲ ਉਪਲਬਧ ਸਾਰੇ ਹਥਿਆਰ-ਪ੍ਰਣਾਲੀਆਂ ਦੀ ਵਰਤੋਂ ਕਰਾਂਗੇ।’ ਪਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਇਹ ਡਰਾਵਨੀ ਚਿਤਾਵਨੀ ਹੈ। ਧਮਕੀ ਅਤੇ ਹਕੀਕਤ ਵਿਚਕਾਰ ਬੇਹੱਦ ਪਤਲੀ ਲਕੀਰ ਹੁੰਦੀ ਹੈ। ਇਹ ਨਾ ਮਿਟੇ ਤਾਂ ਚੰਗਾ ਹੈ। ਅਜਿਹੀਆਂ ਧਮਕੀਆਂ ਪਰਮਾਣੂ ਹਥਿਆਰਾਂ ਦੀ ਵਰਤੋਂ ਲਈ ਬੰਦਿਸ਼ਾਂ ਦੀ ਅਣਦੇਖੀ ਕਰਦੀਆਂ ਹਨ ਅਤੇ ਸੰਸਾਰ ਤਬਾਹੀ ਦਾ ਜੋਖ਼ਿਮ ਵਧਾਉਂਦੀਆਂ ਹਨ। ਅਸੀਂ ਇਹਨਾਂ ਧਮਕੀਆਂ ਦੀ ਅਣਦੇਖੀ ਨਹੀਂ ਕਰ ਸਕਦੇ ਕਿ ਇਹ ਕੋਈ ਵੱਡੀ ਗੱਲ ਨਹੀਂ, ਇਹ ਬਹੁਤ ਖ਼ਤਰਨਾਕ ਅਤੇ ਗੈਰ-ਜਿ਼ੰਮੇਵਾਰਾਨਾ ਬਿਆਨ ਹੈ। ਪਿਛਲੇ 7 ਮਹੀਨਿਆਂ ਵਿਚ ਇਸ ਕਿਸਮ ਦੀਆਂ ਧਮਕੀਆਂ ਰੂਸ ਅਤੇ ਨਾਟੋ ਅਨੇਕਾਂ ਵਾਰ ਦੇ ਚੁੱਕੇ ਹਨ। ਹਰ ਧਮਕੀ ਖਤਰਾ ਵਧਾਉਂਦੀ ਹੈ।
ਪਰਮਾਣੂ ਹਥਿਆਰਾਂ ਨਾਲ ਹੋਣ ਵਾਲੀ ਤਬਾਹੀ ਤੋਂ ਅੱਜ ਅਸੀਂ ਪੂਰੀ ਤਰਾਂ ਜਾਣੂ ਹਾਂ। 1945 ਵਿਚ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਵਿਚ ਪਰਮਾਣੂ ਬੰਬਾਰੀ ਨਾਲ ਦੋ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਜ਼ਖ਼ਮੀ, ਬੇਸਹਾਰਾ, ਬੇਘਰ ਅਤੇ ਯਤੀਮ ਲੋਕਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੈ। ਉਸ ਤੋਂ ਬਾਅਦ ਦੀਆਂ ਪੀੜ੍ਹੀਆਂ ਉੱਤੇ ਪਰਮਾਣੂ ਕਿਰਨਾਂ (ਰੇਡੀਏਸ਼ਨ) ਦਾ ਅਸਰ ਅਜੇ ਵੀ ਮਹਿਸੂਸ ਕੀਤਾ ਜਾਂਦਾ ਹੈ।
ਜਪਾਨ ਵਿਚ ਰੈੱਡ ਕਰਾਸ (ਆਈਸੀਆਰਸੀ) ਦੇ ਵਫ਼ਦ ਦੇ ਨਵੇਂ ਮੁਖੀ ਡਾ. ਮਾਰਸੇਲ ਜੂਨੋਦ ਐਟਮ ਬੰਬ ਸੁੱਟਣ ਤੋਂ ਮਹੀਨੇ ਬਾਅਦ 8 ਸਤੰਬਰ 1945 ਨੂੰ ਹੀਰੋਸ਼ੀਮਾ ਪਹੁੰਚਣ ਵਾਲੇ ਪਹਿਲੇ ਵਿਦੇਸ਼ੀ ਡਾਕਟਰ ਸਨ। ਉਹਨਾਂ ਦੱਸਿਆ ਕਿ ‘ਸ਼ਹਿਰ ਦਾ ਕੇਂਦਰ ਹੱਥ ਦੀ ਹਥੇਲੀ ਵਾਂਗ ਚਪਟਾ ਅਤੇ ਚਿੱਟਾ ਸਮਤਲ ਮੈਦਾਨ ਬਣ ਗਿਆ ਸੀ। ਅਨੇਕਾਂ ਘਰਾਂ ਦਾ ਮਾਮੂਲੀ ਜਿਹਾ ਨਿਸ਼ਾਨ ਵੀ ਗਾਇਬ ਹੋ ਗਿਆ ਜਾਪਦਾ ਸੀ। ਡਾਕਟਰੀ ਦੇਖ-ਭਾਲ ਬਿਲਕੁਲ ਨਾਕਾਫ਼ੀ ਸੀ ਤੇ ਦਵਾਈਆਂ ਦੀ ਬਹੁਤ ਕਮੀ ਸੀ। ਜ਼ਖ਼ਮੀਆਂ ਦੇ ਖੁੱਲ੍ਹੇ ਜ਼ਖ਼ਮਾਂ ਉੱਤੇ ਹਜ਼ਾਰਾਂ ਮੱਖੀਆਂ ਬੈਠਦੀਆਂ ਸਨ। ਗੰਦਗੀ ਵਿਸ਼ਵਾਸ ਤੋਂ ਵੀ ਪਰੇ ਦੀ ਸੀ। ਕਈ ਮਰੀਜ਼ ਸਰੀਰ ਵਿਚੋਂ ਥਾਂ ਥਾਂ ਤੋਂ ਖ਼ੂਨ ਦੇ ਰਿਸਾਉ ਅਤੇ ਪਰਮਾਣੂ ਹਥਿਆਰਾਂ ਤੋਂ ਨਿਕਲੀਆਂ ਕਿਰਨਾਂ ਦੇ ਅਸਰ ਨਾਲ ਪੈਣ ਵਾਲੇ ਪ੍ਰਭਾਵਾਂ ਤੋਂ ਪੀੜਤ ਸਨ। ਉਹਨਾਂ ਨੂੰ ਸਮੇਂ ਸਿਰ ਖ਼ੂਨ ਦੀ ਲੋੜ ਸੀ ਪਰ ਨਾ ਤਾਂ ਖ਼ੂਨ ਸੀ ਤੇ ਨਾ ਹੀ ਡਾਕਟਰ।
ਡਾ. ਜੂਨੋਦ ਨੇ ਦੱਸਿਆ ਕਿ 300 ਡਾਕਟਰਾਂ ਵਿਚੋਂ 270 ਦੀ ਮੌਤ ਹੋ ਗਈ ਜਾਂ ਜ਼ਖਮੀ ਹੋਏ; 1780 ਨਰਸਾਂ ਵਿਚੋਂ 1654 ਦੀ ਮੌਤ ਹੋ ਗਈ ਜਾਂ ਜ਼ਖ਼ਮੀ ਹੋ ਗਏ। ਇਹ ਸਭ ਦੇਖ ਕੇ ਉਹਨਾਂ ਨੇ ਜਿਵੇਂ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਜ਼ਹਿਰੀਲੀ ਗੈਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ, ਪਰਮਾਣੂ ਬੰਬ ’ਤੇ ਪਾਬੰਦੀ ਦੀ ਅਪੀਲ ਕੀਤੀ ਪਰ ਪਰਮਾਣੂ ਹਥਿਆਰਾਂ ਦੀ ਗਿਣਤੀ ਸਗੋਂ ਵਧ ਰਹੀ ਹੈ। ਮੰਨਿਆ ਜਾਂਦਾ ਹੈ ਕਿ ਅੱਜ ਧਰਤੀ ’ਤੇ 13000 ਤੋਂ 17000 ਪਰਮਾਣੂ ਹਥਿਆਰ ਹਨ। ਇਹ ਹਥਿਆਰ ਰੱਖਣ ਵਾਲੇ ਦੇਸ਼ਾਂ ਦੀ ਗਿਣਤੀ 1945 ਵਿਚ ਇੱਕ ਸੀ ਜੋ ਹੁਣ 9 ਹੋ ਗਈ ਹੈ। ਇਨ੍ਹਾਂ ਵਿਚ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ, ਚੀਨ, ਉੱਤਰੀ ਕੋਰੀਆ, ਭਾਰਤ, ਪਾਕਿਸਤਾਨ ਅਤੇ ਇਜ਼ਰਾਈਲ ਸ਼ਾਮਲ ਹਨ।
ਪਰਮਾਣੂ ਹਥਿਆਰਾਂ ਦੀ ਵਿਨਾਸ਼ ਸ਼ਕਤੀ ਬਾਰੇ ਹੁਣ ਜੱਗ-ਜ਼ਾਹਿਰ ਹੈ। ਸੀਮਤ ਖੇਤਰੀ ਪਰਮਾਣੂ ਯੁੱਧ ਦੇ ਜਲਵਾਯੂ ਪਰਿਣਾਮਾਂ ’ਤੇ ਇੱਕ ਅਧਿਐਨ ਵਿਚ ਪਰਮਾਣੂ ਜੰਗ ਰੋਕਣ ਲਈ ਡਾਕਟਰਾਂ ਦੀ ਜਥੇਬੰਦੀ ਇੰਟਰਨੈਸ਼ਨਲ ਫਿਜ਼ੀਸ਼ੀਅਨਜ਼ ਫਾਰ ਦਿ ਪ੍ਰੀਵੈਂਸ਼ਨ ਆਫ ਨਿਊਕਲੀਅਰ ਵਾਰ (ਆਈਪੀਪੀਐੱਨਡਬਲਿਊ) ਦੇ ਸਾਬਕਾ ਸਹਿ ਪ੍ਰਧਾਨ ਆਇਰਾ ਹੇਲਫਾਂਡ ਨੇ ਦੱਸਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੀਰੋਸ਼ੀਮਾ ਵਿਚ ਵਰਤੇ ਗਏ ਆਕਾਰ ਦੇ 100 ਪਰਮਾਣੂ ਹਥਿਆਰਾਂ ਦੀ ਵਰਤੋਂ ਨਾਲ ਸੀਮਤ ਪਰਮਾਣੂ ਯੁੱਧ ਵੀ ਦੋ ਅਰਬ ਤੋਂ ਵੱਧ ਲੋਕਾਂ ਦੇ ਜੀਵਨ ਨੂੰ ਜੋਖ਼ਿਮ ਵਿਚ ਪਾ ਸਕਦਾ ਹੈ। ਸੰਸਾਰਵਿਆਪੀ ਨਤੀਜੇ ਹੋਰ ਵੀ ਚਿੰਤਾਜਨਕ ਹਨ। ਇਹ ਸੀਮਤ ਪਰਮਾਣੂ ਟਕਰਾਅ ਦੁਨੀਆ ਭਰ ਦੇ ਮੌਸਮ ਨੂੰ ਵੀ ਪ੍ਰਭਾਵਿਤ ਕਰੇਗਾ। ਧਮਾਕਿਆਂ ਅਤੇ ਗਰਮੀ ਦੇ ਨਤੀਜੇ ਵਜੋਂ ਲੱਗੀਆਂ ਅੱਗਾਂ ਤੋਂ ਵਾਯੂਮੰਡਲ ਵਿਚ ਦਾਖਲ ਹੋਇਆ ਧੂੰਆਂ ਅਤੇ ਮਲਬਾ ਸੂਰਜ ਦੀ ਰੋਸ਼ਨੀ ਨੂੰ ਧਰਤੀ ਤੱਕ ਨਹੀਂ ਪਹੁੰਚਣ ਦੇਵੇਗਾ ਜਿਸ ਕਾਰਨ -1.25 ਦੀ ਔਸਤ ਨਾਲ ਧਰਤੀ ਦੀ ਸਤਹ ਠੰਢੀ ਹੋ ਜਾਏਗੀ ਜੋ ਕਈ ਸਾਲਾਂ ਤੱਕ ਰਹੇਗੀ। ਇੱਥੋਂ ਤੱਕ ਕਿ 10 ਸਾਲ ਬਾਅਦ ਵੀ ਸਤਹ ਦੀ ਠੰਢਕ -0.5 ਦੀ ਨਿਰੰਤਰ ਔਸਤ ਹੋਵੇਗੀ। ਇਸ ਨਾਲ ਫਸਲਾਂ ਦੀ ਪੈਦਾਵਾਰ ਪ੍ਰਭਾਵਿਤ ਹੋਵੇਗੀ ਅਤੇ ਉਪਲਬਧ ਭੋਜਨ ਭੰਡਾਰ ਦੀ ਮਾਤਰਾ ਪ੍ਰਭਾਵਿਤ ਹੋਏਗੀ। ਓਜ਼ੋਨ ਦੀ ਕਮੀ ਹੋ ਜਾਏਗੀ ਜੋ ਭੋਜਨ ਉਤਪਾਦਨ ਵਿਚ ਵੱਡੀ ਗਿਰਾਵਟ ਦਾ ਕਾਰਨ ਬਣ ਸਕਦੀ ਹੈ। ਇਸ ਲਈ ਇਹ ਲਾਜ਼ਮੀ ਹੈ ਕਿ ਪਰਮਾਣੂ ਹਥਿਆਰਾਂ ਨੂੰ ਪੂਰਨ ਤੌਰ ’ਤੇ ਖਤਮ ਕੀਤਾ ਜਾਵੇ।
ਇਹ ਇਸ ਪਿਛੋਕੜ ਵਿਚ ਹੈ ਕਿ ਪਰਮਾਣੂ ਅਪ੍ਰਸਾਰ ਸੰਧੀ ਦੀ ਸਮੀਖਿਆ ਕਾਨਫਰੰਸ (ਐੱਨਪੀਟੀ ਰੇਵਕਾਨ) ਨਿਊਯਾਰਕ ਵਿਚ ਹੋਈ ਜਿਸ ਵਿਚ 191 ਮੈਂਬਰ ਦੇਸ਼ਾਂ ਨੇ ਹਿੱਸਾ ਲਿਆ ਤੇ 1970 ਵਿਚ ਸੰਧੀ ਲਾਗੂ ਹੋਣ ਤੋਂ ਬਾਅਦ ਪਰਮਾਣੂ ਅਪ੍ਰਸਾਰ ਵਿਚ ਹੋਈ ਪ੍ਰਗਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਭਾਗੀਦਾਰਾਂ ਵਿਚ ਪੰਜ ਮੁੱਖ ਪਰਮਾਣੂ ਸ਼ਕਤੀ ਵਾਲੇ ਦੇਸ਼ ਵੀ ਸ਼ਾਮਲ ਸਨ ਪਰ ਇਹ ਕਾਨਫਰੰਸ ਬੇਨਤੀਜਾ ਖ਼ਤਮ ਹੋ ਗਈ। ਮੁੱਖ ਪਰਮਾਣੂ ਦੇਸ਼ ਇਸ ਸੰਧੀ ਦੀ ਧਾਰਾ 6 ਮੁਤਾਬਕ ਇਹਨਾਂ ਹਥਿਆਰਾਂ ਦੇ ਖ਼ਾਤਮੇ ਲਈ ਆਪਣੀ ਜਿ਼ੰਮੇਵਾਰੀ ਨਿਭਾਉਣ ਤੋਂ ਭੱਜ ਗਏ।
ਇਹ ਨੋਟ ਕਰਨਾ ਅਹਿਮ ਹੈ ਕਿ ਪਰਮਾਣੂ ਹਥਿਆਰਾਂ ਦੀ ਪਾਬੰਦੀ ਦੀ ਸੰਧੀ (ਟੀਪੀਐੱਨਡਬਲਿਊ) ਦੇ ਪਾਸ ਹੋਣ ਤੋਂ ਬਾਅਦ ਇਹ ਪਰਮਾਣੂ ਅਪ੍ਰਸਾਰ ਸਮੀਖਿਆ ਕਾਨਫਰੰਸ ਪਹਿਲੀ ਵਾਰ ਹੋਈ ਸੀ। ਪਰਮਾਣੂ ਹਥਿਆਰਾਂ ਦੀ ਪਾਬੰਦੀ ਦੀ ਸੰਧੀ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ 7 ਜੁਲਾਈ 2017 ਵਿਚ 122 ਹੱਕ ਵਿਚ ਅਤੇ ਸਿਰਫ਼ ਇੱਕ ਵੋਟ ਦੇ ਵਿਰੋਧ ਨਾਲ ਪਾਸ ਕੀਤਾ ਗਿਆ ਸੀ। ਸੰਧੀ ਨੇ ਪਰਮਾਣੂ ਹਥਿਆਰਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਯੂਐੱਨਓ ਦੁਆਰਾ ਟੀਪੀਐੱਨਡਬਲਿਊ ਨੂੰ ਅਪਣਾਇਆ ਜਾਣਾ ਵੱਡਾ ਕਦਮ ਹੈ ਅਤੇ ਉਮੀਦ ਹੈ।
ਕੁਝ ਵਿਚਾਰਵਾਨ ਜ਼ੋਰ ਦੇ ਰਹੇ ਹਨ ਕਿ ਪਰਮਾਣੂ ਹਥਿਆਰ ਯੁੱਧ ਦੀ ਰੋਕਥਾਮ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਯੂਕਰੇਨ ਨੇ ਆਪਣੇ ਖੇਤਰ ਤੋਂ ਪਰਮਾਣੂ ਹਥਿਆਰ ਨਾ ਹਟਾਏ ਹੁੰਦੇ ਤਾਂ ਰੂਸ ਹਮਲਾ ਕਰਨ ਦੀ ਹਿੰਮਤ ਨਾ ਕਰਦਾ। ਇਸ ਲਈ ਹੋਰ ਦੇਸ਼ਾਂ ਨੂੰ ਵੀ ਪਰਮਾਣੂ ਹਥਿਆਰਾਂ ਵਾਲੇ ਦੇਸ਼ ਬਣਨਾ ਚਾਹੀਦਾ ਹੈ। ਇਹ ਪਰਮਾਣੂ ਹਥਿਆਰ ਬਣਾਉਣ ਵਾਲੇ ਉਦਯੋਗਾਂ ਵਲੋਂ ਸਾਜ਼ਿਸ਼ੀ ਢੰਗ ਨਾਲ ਕੀਤਾ ਜਾ ਰਿਹਾ ਪ੍ਰਚਾਰ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਇਸ ਸਮੇਂ ਸ਼ਾਂਤੀ ਲਈ ਵੱਡਾ ਖ਼ਤਰਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਰੂਸ ਯੂਕਰੇਨ ਯੁੱਧ ਤੁਰੰਤ ਬੰਦ ਹੋਵੇ। ਨਾਟੋ ਤੇ ਅਮਰੀਕਾ ਦੁਆਰਾ ਜੰਗ ਨੂੰ ਰੋਕਣ ਦੀ ਬਜਾਇ ਹਥਿਆਰ ਵੇਚ ਕੇ ਮੁਨਾਫ਼ਾ ਕਮਾਉਣ ਦੀ ਖੇਡ ਨੂੰ ਖਤਮ ਕੀਤਾ ਜਾਏ।
ਪ੍ਰਸ਼ਨ ਹੈ : ਇਹ ਸਭ ਕੀਤਾ ਕਿਵੇਂ ਜਾਵੇ? ਇਕ ਸਮੇਂ ਗੁਟ ਨਿਰਲੇਪ ਲਹਿਰ ਮਜ਼ਬੂਤ ਸੀ ਜਿਸ ਨੇ ਪਰਮਾਣੂ ਹਥਿਆਰਾਂ ਵਿਰੁਧ ਆਵਾਜ਼ ਚੁੱਕੀ। ਹੁਣ ਉਸ ਨੂੰ ਸੁਰਜੀਤ ਕਰਨ ਦੀ ਲੋੜ ਹੈ। ਇਸ ਵਿਚ ਭਾਰਤ ਵੱਡੀ ਭੂਮਿਕਾ ਨਿਭਾ ਸਕਦਾ ਹੈ। ਸਾਡੇ ਪ੍ਰਧਾਨ ਮੰਤਰੀ ਨੇ ਪਿੱਛੇ ਜਿਹੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਿਹਾ ਸੀ ਕਿ ਹੁਣ ਜੰਗਾਂ ਦਾ ਸਮਾਂ ਨਹੀਂ ਹੈ। ਅਜਿਹੀ ਸੋਚ ਰੱਖਣ ਵਾਲੇ ਹੋਰ ਦੇਸ਼ਾਂ ਨੂੰ ਨਾਲ ਲੈ ਕੇ ਰੂਸ ਯੂਕਰੇਨ ਯੁੱਧ ਰੁਕਵਾਉਣ ’ਤੇ ਵੀ ਜ਼ੋਰ ਲਾਉਣਾ ਚਾਹੀਦਾ ਹੈ। ਇਸ ਬਾਰੇ ਦੇਰੀ ਨਹੀਂ ਕੀਤੀ ਜਾ ਸਕਦੀ; ਨਹੀਂ ਤਾਂ ਇਹ ਚਲ ਰਹੀ ਜੰਗ ਕੀ ਰੂਪ ਅਖ਼ਤਿਆਰ ਕਰੇਗੀ, ਕੁਝ ਕਿਹਾ ਨਹੀਂ ਜਾ ਸਕਦਾ।
ਸੰਪਰਕ : 94170-00360