ਬਿੱਲੂ ਬਹਿਵਤੀ - ਅਮਰ ਮੀਨੀਆਂ ਗਲਾਸਗੋ
"ਛੋਟਾ ਹੁੰਦਾ ਇਹ ਐਨਾ ਸ਼ਰਾਰਤੀ ਨਹੀਂ ਸੀ ਪਰ ਆਹ ਪੋਲੀਓ ਹੋਣ ਤੋਂ ਬਾਅਦ ਇਹਦੀ ਇੱਕ ਰਗ ਵਧ ਗਈ ਕੰਜਰ ਦੀ।" ਇਹ ਗੱਲ ਬਿੱਲੂ ਦਾ ਤਾਇਆ ਪਾਖਰ ਸਿੰਘ ਆਮ ਹੀ ਕਿਹਾ ਕਰਦਾ ਸੀ ਬਿੱਲੂ ਬਹਿਵਤੀ ਬਾਰੇ। ਮਾਂ-ਬਾਪ ਨੇ ਤਾਂ ਨਾਮ ਬਲਵੀਰ ਸਿੰਘ ਰੱਖਿਆ ਸੀ, ਚਾਚੀਆਂ ਤਾਈਆਂ ਨੇ ਬਿੱਲੂ ਬਣਾ ਦਿੱਤਾ ਤੇ ਸਕੂਲ ਵਿੱਚ ਬਣ ਗਿਆ "ਬਿੱਲੂ ਬਹਿਵਤੀ"। ਚਾਰ ਪੰਜ ਕੁ ਸਾਲ ਦਾ ਸੀ ਜਦੋਂ ਬਿੱਲੂ ਪੋਲੀਓ ਦੀ ਲਪੇਟ ਵਿੱਚ ਆ ਗਿਆ ਚੰਦਰੀ ਬਿਮਾਰੀ ਦੋਨੋਂ ਲੱਤਾਂ ਨੂੰ ਨਕਾਰਾ ਕਰ ਗਈ। ਸਕੂਲ ਦੇ ਪਹਿਲੇ ਸਾਲ ਪਿਉ ਘਨੇੜਿਆਂ ਤੇ ਚੁੱਕ ਕੇ ਸਕੂਲ ਛੱਡ ਜਾਂਦਾ ਤੇ ਮਾਂ ਛੁੱਟੀ ਹੋਣ ਵੇਲੇ ਗੋਦੀ ਚੁੱਕ ਕੇ ਘਰ ਲੈ ਜਾਂਦੀ। ਦੂਜੀ ਕਲਾਸ ਤੱਕ ਬਿੱਲੂ ਭਾਰਾ ਹੋ ਗਿਆ ਸੀ ਬਾਪੂ ਛੱਡ ਜਾਂਦਾ ਪਰ ਮਾਂ ਲਈ ਮੁਸ਼ਕਿਲ ਹੋ ਜਾਂਦੀ। ਹੌਲੀ-ਹੌਲੀ ਬਿੱਲੂ ਬਾਹਵਾਂ ਦੇ ਸਹਾਰੇ ਰੁੜ ਕੇ ਸਕੂਲ ਆਉਣ ਜਾਣ ਲੱਗ ਪਿਆ। ਸਕੂਲ ਦੇ ਸ਼ਰਾਰਤੀ ਬੱਚਿਆਂ ਨੂੰ ਕੁੱਟ ਪੈਂਦੀ। ਸ਼ਰਾਰਤਾਂ ਤਾ ਬਿੱਲੂ ਵੀ ਬਹੁਤ ਕਰਦਾ, ਪਰ ਬਿੱਲੂ ਗੁੱਝਾ ਸ਼ਰਾਰਤੀ ਸੀ ਛੇਤੀ ਕੀਤੇ ਪਤਾ ਨਹੀਂ ਸੀ ਲੱਗਣ ਦਿੰਦਾ। ਅਧਿਆਪਕ ਵੀ ਉਸਦੀ ਹਾਲਤ ਤੇ ਤਰਸ ਕਰਦੇ।ਛੋਟੀਆਂ ਮੋਟੀਆਂ ਹਰਕਤਾਂ ਨੂੰ ਅਣਗੌਲਿਆ ਕਰ ਦਿੰਦੇ।
ਹਾਈ ਸਕੂਲ ਗਿਆ ਤਾਂ ਇਕ ਦਿਨ ਕਿਸੇ ਨੇ ਹਿੰਦੀ ਵਾਲੀ ਭੈਣਜੀ ਦੀ ਕੁਰਸੀ ਉੱਪਰ ਲੁੱਕ ਰੱਖ ਦਿੱਤੀ। ਉਸਦੀ ਚਿੱਟੀ ਕੁੜਤੀ ਕੁਰਸੀ ਨਾਲ ਜੁੜ ਗਈ, ਕੁੜੀਆਂ ਨੇ ਫਟਣ ਤੋਂ ਬਚਾਅ ਕੇ ਹੌਲੀ-ਹੌਲੀ ਕੁਰਸੀ ਤੋਂ ਅਲੱਗ ਕੀਤੀ। ਇਕ ਤਰ੍ਹਾਂ ਨਾਲ ਉਸਦਾ ਨਵਾਂ ਸੂਟ ਬਿਲਕੁਲ ਖ਼ਰਾਬ ਹੋ ਗਿਆ ਸੀ, ਜੋ ਉਸਨੂੰ ਬੇਸ਼ਰਮੀ ਝੱਲਣੀ ਪਈ ਉਹ ਵੱਖਰੀ। ਗੱਲ ਮੁੱਖ ਅਧਿਆਪਕ ਤੱਕ ਪਹੁੰਚੀ ਤਾਂ ਉਸਨੇ ਸਾਰਾ ਸਕੂਲ ਗਰਾਉਂਡ ਵਿੱਚ ਇਕੱਠਾ ਕਰ ਲਿਆ। ਇਕੱਲੇ-ਇਕੱਲੇ ਵਿਦਿਆਰਥੀ ਦੇ ਹੱਥ ਵੇਖੇ ਗਏ ਕਿ ਕਿਸੇ ਦੇ ਹੱਥ ਨੂੰ ਲੁੱਕ ਤੇ ਨਹੀਂ ਲੱਗੀ ਹੋਈ। ਸਾਰੇ ਵਿਦਿਆਰਥੀਆਂ ਵਿੱਚੋਂ ਲੁੱਕ ਸਿਰਫ਼ ਬਿੱਲੂ ਦੇ ਦੋਨਾਂ ਹੱਥਾਂ ਨੂੰ ਲੱਗੀ ਹੋਈ ਮਿਲੀ। ਬਿੱਲੂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਛਿੱਤਰ ਪਰੇਡ ਹੋਈ ਪਰ ਦੋਸ਼ੀ ਦਾ ਪਤਾ ਨਹੀਂ ਲੱਗ ਸਕਿਆ। ਸਕੂਲ ਦੇ ਸਾਹਮਣੇ ਵਾਲੀ ਸ਼ੜਕ ਉਪਰ ਲੁੱਕ ਪੈ ਰਹੀ ਸੀ, ਦੋਵੇਂ ਹੱਥਾਂ ਦੇ ਸਹਾਰੇ ਰਿੜ੍ਹ ਕੇ ਆਉਣ ਵਾਲੇ ਬਿੱਲੂ ਦੇ ਹੱਥਾਂ ਨੂੰ ਲੁੱਕ ਲੱਗਣੀ ਸੁਭਾਵਿਕ ਸੀ। ਦਸ ਪੰਦਰਾਂ ਦਿਨਾਂ ਬਾਅਦ ਪੰਜਾਬੀ ਵਾਲੇ ਅਧਿਆਪਕ ਗਿਆਨੀ ਰਾਮ ਸਰੂਪ ਦੀ ਖੋਜ਼ ਵਿੱਚ ਇਹ ਸ਼ਰਾਰਤ ਬਿੱਲੂ ਦੀ ਨਿਕਲੀ। ਉਸਨੇ ਬਿੱਲੂ ਨੂੰ ਮਿੱਠਾ ਜਿਆ ਝਿੜਕਿਆ ਤੇ ਤਖੱਲਸ ਬਖ਼ਸ਼ ਦਿੱਤਾ "ਬਹਿਵਤੀ"। ਉਸੇ ਦਿਨ ਤੋਂ ਲੋਕਾਂ ਵਿੱਚ ਬਲਵੀਰ ਸਿੰਘ "ਬਿੱਲੂ ਬਹਿਵਤੀ" ਨਾਲ ਜਾਣਿਆ ਜਾਣ ਲੱਗਾ।
ਡਰਾਇੰਗ ਮਾਸਟਰ ਪਾਡੇ ਦੀ ਸਕੂਲ ਵਿੱਚ ਬਹੁਤ ਦਹਿਸ਼ਤ ਸੀ।ਚੰਗੀ ਕੱਦ ਕਾਠੀ, ਗੋਰਾ ਰੰਗ, ਮੋਟੀਆਂ ਲਾਲ ਸੁਰਖ ਅੱਖਾਂ ਤੇ ਭਰਵੀਆਂ ਮੁੱਛਾਂ ਨੂੰ ਵੱਟ ਚਾੜ੍ਹਦਾ ਹੋਇਆ ਉਹ ਸਕੂਲ ਮਾਸਟਰ ਘੱਟ ਤੇ ਠਾਣੇਦਾਰ ਵੱਧ ਲੱਗਦਾ। ਠਾਣੇਦਾਰਾਂ ਵਰਗੀ ਦਿੱਖ ਵਾਲੇ ਮਾਸਟਰ ਤੋਂ ਜੁਆਕ ਬਹੁਤ ਡਰਦੇ ਸਨ। ਇਸ ਕਰਕੇ ਮੁੱਖ ਅਧਿਆਪਕ ਨੇ ਸਕੂਲ ਵਿੱਚ ਡਿਸਪਲਿਨ ਰੱਖਣ ਦੀ ਜਿੰਮੇਵਾਰੀ ਵੀ ਪਾਡੇ ਨੂੰ ਹੀ ਦੇ ਰੱਖੀ ਸੀ। ਆਪਣਾ ਰੋਅਬ ਦਾਬ ਕਾਇਮ ਰੱਖਣ ਲਈ ਉਹ ਐਂਵੇ ਹੀ ਜੁਆਕਾਂ ਦੀ ਧੌੜੀ ਲਾਹੀ ਜਾਂਦਾ। ਐਸ ਸੀ ਤੇ ਬੀ ਸੀ ਕੈਟਾਗਰੀ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਤਾਂ ਉਹ ਬੇਹੇ ਕੜਾਹ ਵਾਂਗੂੰ ਲੈਂਦਾ ਸੀ। ਜਦੋਂ ਵੀ ਉਸਦਾ ਹੱਥ ਹੌਲਾ ਕਰਨ ਦਾ ਦਿਲ ਹੁੰਦਾ ਤਾਂ ਕਲਾਸ ਵਿੱਚ ਵੜਦੇ ਸਾਰ ਹੁਕਮ ਦਿੰਦਾ ਕਿ ਵਜ਼ੀਫੇ ਵਾਲੇ ਖੜ੍ਹੇ ਹੋ ਜਾਓ। ਸ਼ਾਇਦ ਉਹ ਨਹੀਂ ਸੀ ਚਾਹੁੰਦਾ ਕਿ ਕੰਮੀ ਕਮੀਣਾਂ ਦੇ ਜੁਆਕ ਪੜ੍ਹਨ।ਉਸਦੀ ਗਰੀਬ ਬੱਚਿਆਂ ਪ੍ਰਤੀ ਅਜਿਹੀ ਮਾਨਸਿਕਤਾ ਕਾਰਨ ਉਸਦੇ ਸਾਥੀ ਅਧਿਆਪਕ ਵੀ ਉਸ ਨਾਲ ਜਿਆਦਾ ਗੱਲਬਾਤ ਨਹੀਂ ਸੀ ਕਰਦੇ। ਬੰਗੜ, ਜੱਸਲ ਤੇ ਮਣਕੂ ਵਰਗੇ ਮਾਸਟਰਾਂ ਨਾਲ ਵੀ ਉਹ ਦੂਰੀ ਬਣਾ ਕੇ ਹੀ ਰੱਖਦਾ। ਵਜ਼ੀਫੇ ਵਾਲਿਆਂ ਦੇ ਗਰੁੱਪ ਵਿੱਚ ਬਿੱਲੂ ਨੇ ਵੀ ਪਾਡੇ ਕੋਲੋਂ ਚਾਰ ਪੰਜ ਵਾਰ ਕੁੱਟ ਖਾਧੀ ਸੀ। ਹਰੇਕ ਸ਼ਨੀਵਾਰ ਅੱਧੀ ਛੁੱਟੀ ਤੋਂ ਬਾਅਦ ਦੋ ਘੰਟੇ ਖੇਡਾਂ ਦਾ ਪੀਰਡ ਹੁੰਦਾ ਸੀ। ਜਗਰਾਵਾਂ ਵਾਲੇ ਸਤਨਾਮ ਡੀ ਪੀ ਦੀ ਬਦਲੀ ਤੋਂ ਬਾਅਦ ਡਰਾਇੰਗ ਵਾਲਾ ਹੀ ਖੇਡਾਂ ਦਾ ਪੀਰਡ ਲਾਉਂਦਾ ਸੀ। ਅੱਧੀ ਛੁੱਟੀ ਦੀ ਘੰਟੀ ਦੇ ਨਾਲ ਹੀ ਚਪੜਾਸੀ ਡੀ ਪੀ ਦੀ ਕੁਰਸੀ ਗਰਾਊਂਡ ਵਿੱਚ ਰੱਖ ਦਿੰਦਾ ਸੀ। ਉਹ ਲੁੱਕ ਤਾਂ ਡਰਾਇੰਗ ਮਾਸਟਰ ਲਈ ਰੱਖੀ ਗਈ ਸੀ ਪਰ ਉਹ ਅੱਧੀ ਛੁੱਟੀ ਦੇ ਨਾਲ ਹੀ ਘਰ ਨੂੰ ਤੁਰ ਗਿਆ ਤੇ ਖੇਡਾਂ ਦਾ ਪੀਰਡ ਲਾਉਣ ਹਿੰਦੀ ਵਾਲੀ ਆ ਗਈ। ਹੌਲੀ-ਹੌਲੀ ਲੁੱਕ ਦੀ ਸਚਾਈ ਪਾਡੇ ਤੱਕ ਵੀ ਪਹੁੰਚ ਗਈ। ਉਸ ਦਿਨ ਤੋਂ ਬਾਅਦ ਤਾਂ ਉਹ ਬਿੱਲੂ ਦੇ ਵੈਰ ਹੀ ਪੈ ਗਿਆ। ਆਨੇ ਬਹਾਨੇ ਬਿੱਲੂ ਦੀ ਖੜਕੈਤੀ ਕਰਦਾ ਰਹਿੰਦਾ। ਅੱਕ ਕੇ ਬਿੱਲੂ ਅੱਠਵੀਂ ਕਲਾਸ ਵਿੱਚ ਹੀ ਬਰੇਕਾਂ ਮਾਰ ਗਿਆ।
ਛੇ ਕੁ ਮਹੀਨੇ ਕੱਪੜੇ ਸਿਲਾਈ ਦਾ ਕੰਮ ਸਿੱਖਣ ਤੇ ਲਾਏ ਪਰ ਉਹ ਕੰਮ ਵੀ ਰਾਸ ਨਾ ਆਇਆ। ਗੁਰੂ ਘਰ ਦੇ ਗ੍ਰੰਥੀ ਸਿੰਘ ਦੀ ਸਲਾਹ ਨਾਲ ਬਿੱਲੂ ਨੂੰ ਅੰਮ੍ਰਿਤਸਰ ਵੱਲ ਇਕ ਧਾਰਮਿਕ ਵਿਦਿਆਲੇ ਵਿੱਚ ਦਾਖਲ ਕਰਵਾਇਆ ਗਿਆ। ਚਾਰ ਪੰਜ ਕੁ ਸਾਲਾਂ ਵਿੱਚ ਗੁਰਬਾਣੀ ਦੀ ਸੰਥਿਆ ਦੇ ਨਾਲ-ਨਾਲ ਤਬਲਾ ਤੇ ਵਾਜਾ ਵੀ ਸਿੱਖ ਗਿਆ। ਬਹੁਤ ਸਾਰੇ ਕੀਰਤਨੀਆਂ ਨਾਲ ਉਹ ਬੰਬੇ, ਕਲਕੱਤੇ, ਜੰਮੂ-ਕਸ਼ਮੀਰ ਤੇ ਮਦਰਾਸ ਤੱਕ ਘੁੰਮਿਆ ਪਰ ਆਪਣੀਆਂ ਬਹਿਵਤਾਂ ਕਾਰਨ ਕਿਸੇ ਤਣ ਪੱਤਣ ਨਾ ਲੱਗ ਸਕਿਆ। ਲੁਧਿਆਣੇ ਵਾਲਾ ਪ੍ਰੀਤਮ ਸਿੰਘ ਰਾਗੀ ਤਾਂ ਇਸ ਨੂੰ ਕਨੇਡਾ ਲਿਜਾਣ ਲਈ ਰਾਹਦਾਰੀ ਮੰਗਵਾਈ ਬੈਠਾ ਸੀ ਪਰ ਇਸ ਦੀ ਇੱਕ ਸ਼ਰਾਰਤ ਨੇ ਸੇਵੀਆਂ 'ਚ ਲੂਣ ਪਾ ਦਿੱਤਾ। ਤਕਰੀਬਨ ਸਾਲ ਡੇਢ ਸਾਲ ਹੋ ਗਿਆ ਸੀ ਇਸ ਨੂੰ ਭਾਈ ਪ੍ਰੀਤਮ ਸਿੰਘ ਨਾਲ ਤਬਲਾ ਵਜਾਉਂਦੇ ਨੂੰ। ਭਾਈ ਪ੍ਰੀਤਮ ਸਿੰਘ ਸੱਠ ਕੁ ਸਾਲ ਦਾ ਹੋਵੇਗਾ, ਭਾਰ ਡੇਢ ਕੁਇੰਟਲ ਤੋਂ ਉਪਰ, ਸ਼ੂਗਰ ਬਲੱਡ ਪ੍ਰੈਸ਼ਰ ਤੇ ਹੋਰ ਦੋ ਚਾਰ ਛੋਟੀਆਂ ਮੋਟੀਆਂ ਬਿਮਾਰੀਆਂ ਦਾ ਸ਼ਿਕਾਰ ਦੇਸੀ, ਅੰਗਰੇਜ਼ੀ ਤੇ ਹੋਮਿਓਪੈਥੀ ਦੀਆਂ ਅਣਗਿਣਤ ਗੋਲੀਆਂ ਤੇ ਵੰਨ ਸੁਵੰਨੇ ਚੂਰਨ ਖਾਂਦਾ ਸੀ। ਜਿਸ ਨਾਲ ਉਸਨੂੰ ਕਬਜ਼ ਹੁੰਦੀ ਤੇ ਗੈਸ ਬਹੁਤ ਬਣਦੀ। ਬਹੁਤ ਵਾਰ ਤਾਂ ਉਸਨੂੰ ਆਪਣਾ ਗੈਸ ਸਿਲੰਡਰ ਕੀਰਤਨ ਦੀ ਚੌਂਕੀ ਦੌਰਾਨ ਹੀ ਖਾਲੀ ਕਰਨਾ ਪੈਂਦਾ। ਅਜਿਹੀ ਸਥਿਤੀ ਵਿੱਚ ਉਹ ਤਬਲੇ ਵਾਲੇ ਨੂੰ ਗੋਡਾ ਮਾਰਦਾ ਤੇ ਕੰਨ ਵਿੱਚ ਕਹਿੰਦਾ, "ਧੱਫਾ ਧੱਫਾ" । ਤਬਲਾਵਾਦਕ ਦੋਵੇਂ ਪੁੜਿਆਂ ਉੱਤੇ ਜ਼ੋਰ-ਜ਼ੋਰ ਦੀ ਹੱਥ ਮਾਰਦਾ। ਇਸੇ ਖੜਕੇ ਦੜਕੇ ਵਿੱਚ ਪ੍ਰੀਤਮ ਸਿੰਘ ਆਪਣਾ ਕੰਮ ਕਰ ਲੈਂਦਾ। ਇਕ ਦਿਨ ਬਹੁਤ ਵੱਡਾ ਸਮਾਗਮ ਹੋ ਰਿਹਾ ਸੀ। ਪ੍ਰੀਤਮ ਸਿੰਘ ਦਾ ਜੱਥਾ ਰਸਭਿੰਨਾ ਕੀਰਤਨ ਕਰ ਰਿਹਾ ਸੀ। ਜਿਉਂ ਹੀ ਗੈਸ ਦਾ ਗੁਬਾਰਾ ਪ੍ਰੀਤਮ ਸਿੰਘ ਦੇ ਢਿੱਡ ਵਿੱਚ ਬਣਿਆ ਤਾਂ ਉਹੀ ਇਸ਼ਾਰਾ ਬਿੱਲੂ ਲਈ ਕੀਤਾ ਗਿਆ "ਧੱਫਾ ਧੱਫਾ" ।ਏਧਰੋਂ ਪ੍ਰੀਤਮ ਸਿੰਘ ਨੇ ਕਾਰਵਾਈ ਕਰਨ ਲਈ ਸੱਜਾ ਪਾਸਾ ਉੱਪਰ ਨੂੰ ਚੁੱਕਿਆ ਤੇ ਓਧਰ ਬਿੱਲੂ ਨੇ ਤਬਲਾ ਬੰਦ ਕਰ ਦਿੱਤਾ। ਇੱਕ ਗਰਜਵੇਂ ਧਮਾਕੇ ਦੀ ਅਵਾਜ਼ ਸਪੀਕਰ ਰਾਹੀਂ ਸਾਰੀ ਸੰਗਤ ਨੇ ਸੁਣੀ। ਦੂਜੇ ਦਿਨ ਹੀ ਬਿੱਲੂ ਦਾ ਬਿਸਤਰਾ ਗੋਲ ਹੋ ਗਿਆ।
ਬਠਿੰਡੇ ਵੱਲ ਕਿਸੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਕਰਨ ਲੱਗ ਪਿਆ। ਗੁਰਦੁਆਰੇ ਦਾ ਪ੍ਰਧਾਨ ਚੰਗਾ ਸਰਦਾ ਪੁਜਦਾ ਸਰਦਾਰ ਸੀ। ਘੋੜੀਆਂ ਰੱਖੀਆਂ ਹੋਈਆਂ ਸਨ। ਬਹੁਤ ਵਾਰ ਉਹ ਗੁਰਦੁਆਰਾ ਸਾਹਿਬ ਘੋੜੀ ਤੇ ਸਵਾਰੀ ਕਰਕੇ ਆਉਂਦਾ। ਬਿੱਲੂ ਅੰਦਰ ਵੀ ਘੋੜੀ ਤੇ ਸਵਾਰੀ ਕਰਨ ਦਾ ਸ਼ੌਕ ਜਾਗ ਪਿਆ। ਪ੍ਰਧਾਨ ਨੂੰ ਘੋੜੀ ਤੇ ਝੂਟਾ ਲੈਣ ਦੀ ਬੇਨਤੀ ਕੀਤੀ। ਪ੍ਰਧਾਨ ਨੇ ਬਿੱਲੂ ਦੀਆਂ ਲੱਤਾਂ ਦੀ ਮੁਸ਼ਕਿਲ ਵੇਖ ਕੇ ਆਖਿਆ ਕਿ, "ਬਾਬਾ ਜੀ ਇਹ ਘੋੜੀ ਥੋੜ੍ਹੀ ਮੱਛਰੀ ਜੇ, ਤਿਰ ਤੋਂ ਕਾਬੂ ਨਹੀਂ ਜੇ ਆਣੀ, ਕਿਹੇ ਦਿਨ ਧਾਅਡੇ ਝੂਟੇ ਲੈਣ ਵਾਲੀ ਘੋੜੀ ਖੜੂੰਗਾ, ਓਹਤੇ ਸਵਾਰੀ ਕਰ ਲਵੀਂ, ਹਾਡੇ ਨਿਆਣੇ ਵੀ ਓਹਤੇ ਸਵਾਰੀ ਕਰਦੇ ਜੇ।" ਇਕ ਦਿਨ ਪ੍ਰਧਾਨ ਬਹੁਤ ਹੀ ਸੀਲ ਘੋੜੀ ਲੈ ਕੇ ਆ ਗਿਆ। ਦੋ ਜਣਿਆਂ ਨੇ ਚੁੱਕ ਕੇ ਘੋੜੀ ਚਾੜ੍ਹ ਦਿੱਤਾ। ਖੱਬੇ ਸੱਜੇ ਮੋੜਨ ਤੇ ਰੋਕਣ ਲਈ ਲਗਾਮਾਂ ਨੂੰ ਖਿੱਚਣ ਦਾ ਢੰਗ ਦੱਸ ਦਿੱਤਾ। ਘੋੜੀ ਹੌਲੀ-ਹੌਲੀ ਤੁਰਨ ਲੱਗੀ ਮੁੱਖ ਦਰਵਾਜ਼ੇ ਪਹੁੰਚਣ ਤੱਕ ਉਹ ਤੇਜ਼ ਹੋ ਗਈ। ਬਾਹਰ ਨਿਕਲ ਕੇ ਖੱਬੇ ਮੁੜਨ ਤੱਕ ਕਾਫੀ ਰਫ਼ਤਾਰ ਫੜ੍ਹ ਲਈ। ਪ੍ਰਧਾਨ ਦੇ ਵੇਖਦਿਆਂ- ਵੇਖਦਿਆਂ ਹੀ ਘੋੜੀ ਨੇ ਸਪੋਰਟਸ ਕਾਰ ਵਾਂਗੂੰ ਸ਼ੂਟ ਵੱਟ ਲਈ। ਪ੍ਰਧਾਨ ਹੋਰਾਂ ਨੂੰ ਤਾਂ ਕੱਚੇ ਰਸਤੇ ਵਿੱਚ ਉੱਡਦੀ ਧੂੜ ਹੀ ਦਿਖਦੀ ਸੀ। ਉਸਨੇ ਗੁਆਂਢੀਆਂ ਦਾ ਸਕੂਟਰ ਮਗਰ ਲਾਇਆ ਜਦ ਤੱਕ ਉਹ ਪਹੁੰਚੇ ਤਾਂ ਬਿੱਲੂ ਨਰਮੇ ਦੇ ਖੇਤ ਵਿੱਚ ਡਿੱਗਿਆ ਚੀਕਾਂ ਮਾਰ ਰਿਹਾ ਸੀ ਤੇ ਘੋੜੀ ਥੋੜ੍ਹੀ ਦੂਰ ਪਸੀਨੇ ਨਾਲ ਲੱਥਪੱਥ ਸਾਹੋ ਸਾਹ ਹੋਈ ਖੜ੍ਹੀ ਸੀ। ਬਿੱਲੂ ਨੂੰ ਹਸਪਤਾਲ ਲਿਜਾਇਆ ਗਿਆ। ਸੱਜੀ ਬਾਂਹ ਟੁੱਟ ਗਈ, ਮੂੰਹ, ਸਿਰ ਤੇ ਸਰੀਰ ਦੇ ਕਈ ਅੰਗਾਂ ਤੇ ਸੱਟਾਂ ਲੱਗੀਆਂ। ਪਿੰਡ ਦੀ ਸੰਗਤ ਤੇ ਕਮੇਟੀ ਮੈਂਬਰ ਪ੍ਰਧਾਨ ਨਾਲ ਲੜ ਰਹੇ ਸਨ ਕਿ, "ਤੂੰ ਕਿਉਂ ਇਕ ਅਪਾਹਜ ਬੰਦੇ ਨੂੰ ਘੋੜੀ ਦਿੱਤੀ।" ਪ੍ਰਧਾਨ ਆਪ ਪ੍ਰੇਸ਼ਾਨ ਸੀ ਕਿ ਏਨੀ ਸੀਲ ਘੋੜੀ ਆਖਰ ਕਿਉਂ ਐਨੀ ਦੌੜੀ?
ਹਫਤੇ ਬਾਅਦ ਬਿੱਲੂ ਨੂੰ ਹਸਪਤਾਲ ਤੋਂ ਛੁੱਟੀ ਮਿਲੀ। ਹਸਪਤਾਲ ਦੇ ਬੈੱਡ ਤੋਂ ਪ੍ਰਧਾਨ ਦੇ ਮੁੰਡੇ ਜੱਗੇ ਨੇ ਬਿੱਲੂ ਨੂੰ ਆਪਣੇ ਕੰਧੇੜਿਆਂ ਤੇ ਚੁੱਕ ਲਿਆ। ਸੌ ਕੁ ਗਜ ਤੇ ਖੜ੍ਹੀ ਜੀਪ ਵਿੱਚ ਬਿਠਾ ਕੇ ਘਰ ਲੈ ਆਏ। ਜੱਗਾ ਆਪਣੇ ਬਾਪੂ ਨੂੰ ਇਸ਼ਾਰਾ ਜਿਹਾ ਕਰਕੇ ਬਾਹਰ ਲੈ ਗਿਆ ਤੇ ਕਹਿਣ ਲੱਗਾ, "ਭਾਊ ਲੱਗ ਗਿਆ ਜੇ ਪਤਾ ਘੋੜੀ ਦੇ ਨੱਸਣ ਦਾ ।" "ਉਹ ਕਿੱਦਾਂ?" ਭਾਊ ਦਾ ਸੁਆਲ ਸੀ। ਅੱਜ ਜਦੇ ਮੈਂ ਬਾਬੇ ਨੂੰ ਹਸਪਤਾਲ ਤੋਂ ਕੰਧਿਆਂ ਤੇ ਚੁੱਕ ਕੇ ਖੜਿਆ ਉਦੋਂ ਪਤਾ ਲੱਗਾ ਜੇ। ਜਦੋਂ ਬਾਬੇ ਨੂੰ ਧੌਣ ਤੇ ਬਿਠਾਲਕੇ ਮੈਂ ਟੁਰਨ ਲੱਗਾ ਤਾਂ ਬਾਬੇ ਦੀਆਂ ਦੋਵੇਂ ਅੱਡੀਆਂ ਮੇਰੇ ਢਿੱਡ ਤੇ ਵੱਜਣ ਲੱਗ ਪਈਆਂ, ਜਿਤਰਾਂ- ਜਿਤਰਾਂ ਮੈਂ ਤੇਜ ਹੋਈ ਗਿਆ ਤੇ ਅੱਡੀਆਂ ਵੀ ਉਤਰਾਂ - ਉਤਰਾਂ ਤੇਜ ਹੋਈ ਗਈਆਂ। ਮੈਨੂੰ ਲੱਗਦਾ ਭਾਊ ਘੋੜੀ ਵੀ ਅੱਡੀ ਲੱਗਣ ਨਾਲ ਦੌੜੀ ਜੇ।"
ਅਮਰ ਮੀਨੀਆਂ ਗਲਾਸਗੋ 00447868370984