ਤਿਉਹਾਰ ਤੇ ਸਮਾਜ ਦੇ ਹਵਾਲੇ ਨਾਲ ਦੀਵਾਲੀ - ਕੇਹਰ ਸ਼ਰੀਫ਼
ਹਰ ਸਮਾਜ ਅੰਦਰ ਹੀ ਬਹੁਤ ਸਾਰੇ ਤਿਉਹਾਰ ਹਨ। ਵੱਖੋ ਵੱਖ ਸਮਾਜਾਂ ਅੰਦਰ ਇਨ੍ਹਾਂ ਦੀ ਦਿਸ਼ਾ ਤੇ ਦਸ਼ਾ ਦੋਵੇਂ ਹੀ ਬਦਲਦੇ ਰਹਿੰਦੇ ਹਨ । ਤਿਉਹਾਰਾਂ ਦੇ ਪਿਛੋਕੜ ਬਹੁਤੀ ਵਾਰ ਲੋਕ ਆਪਣੇ ਹਿਸਾਬ ਨਾਲ ਹੀ ਸਿਰਜ ਲੈਂਦੇ ਹਨ। ਕਈ ਵਾਰ ਉਨ੍ਹਾ ਦਾ ਪਿਛੋਕੜ ਧਾਰਮਿਕ ਖੇਤਰ ਨਾਲ ਜੁੜ ਜਾਂਦਾ ਹੈ ਪਰ ਬਹੁਤੇ ਤਿਉਹਾਰ ਸਮਾਜਿਕਤਾ ਦਾ ਬਾਣਾ ਪਹਿਨਦੇ ਹਨ। ਭਾਰਤੀ ਸਮਾਜ ਅੰਦਰ ਦੀਵਾਲੀ ਅਜਿਹਾ ਹੀ ਤਿਉਹਾਰ ਹੈ ਜੋ ਸਮਾਜਿਕ ਵੀ ਹੈ ਅਤੇ ਧਾਰਮਿਕਤਾ ਨਾਲ ਵੀ ਜੁੜਿਆਂ ਹੋਇਆ ਹੈ। ਕਿਹਾ ਜਾਂਦਾ ਹੈ ਅਯੁਧਿਆ ਵਾਲੇ ਰਾਜੇ ਦਸ਼ਰਥ ਦੇ ਪੁੱਤਰ ਰਾਮ ਦਾ 14 ਸਾਲ ਬਾਅਦ ਬਨਵਾਸ ਤੋਂ ਵਾਪਸ ਆਉਣ ਕਰਕੇ ਸ਼ਹਿਰੀਆਂ ਦੇ ਵੱਖੋ ਵੱਖ ਹਿੱਸਿਆਂ ਨੇ ਇਸ ਰਾਤੇ ਹਨੇਰਾ ਹੋਣ ਕਰਕੇ ਦੀਵੇ ਬਾਲ ਕੇ ਖੁਸ਼ੀ ਮਨਾਈ ਸੀ। (ਇਸ ਸਮੇਂ ਮਹਾਂਰਿਸ਼ੀ ਸ਼ੰਭੂਕ ਦੀ ਹੋਈ ਹੱਤਿਆ ਦਾ ਜ਼ਿਕਰ ਕਰਨਾ ਕਿਉਂ ਜ਼ਰੂਰੀ ਨਹੀਂ ਸਮਝਿਆ ਜਾਂਦਾ, ਉਸ ਦਾ ਸੋਗ ਮਨਾਉਣਾ ਲੋਕ ਕਿਉਂ ਭੁੱਲ ਜਾਂਦੇ ਹਨ ?) ਇਸ ਦਿਨ ਨਾਲ ਦੂਜੀ ਧਾਰਨਾ ਦਾ ਜੁੜਨਾ ਬਹੁਤਾ ਪੁਰਾਣਾ ਨਹੀਂ। ਕਹਿੰਦੇ ਹਨ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਦੀ ਕੈਦ ਤੋਂ ਰਿਹਾਅ ਹੋ ਕੇ ਅਮ੍ਰਿਤਸਰ ਪਹੁੰਚੇ ਸਨ ਅਤੇ ਉਨ੍ਹਾ ਦੇ ਸ਼ਰਧਾਲੂਆਂ ਨੇ ਗੁਰੂ ਸਾਹਿਬ ਦੇ ਇੱਥੇ ਪਹੁੰਚਣ ਦੀ ਖੁਸ਼ੀ ਵਿਚ ਦੀਪ ਮਾਲਾ ਕੀਤੀ ਸੀ। ਪਰ ਇਸ ਘਟਨਾ ਸਬੰਧੀ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਲੱਭਣੇ ਇਤਿਹਾਸਕਾਰਾਂ ਦਾ ਕੰਮ ਹੈ ਪਰ ਅਜੇ ਤੱਕ ਤਾਂ ਇਤਿਹਾਸਕਾਰਾਂ ਵਲੋਂ ਕੋਈ ਸਰਬਪ੍ਰਵਾਨਿਤ ਮੰਨਣਯੋਗ ਦਲੀਲ ਸਾਹਮਣੇ ਨਹੀਂ ਆਈ।
ਇਨ੍ਹਾਂ ਦੋਹਾਂ ਹੀ ਘਟਨਾਵਾਂ ਬਾਰੇ ਬਹੁਤ ਸਾਰੇ ਸਵਾਲ ਹਨ ਜਿਨ੍ਹਾ ਦੇ ਜਵਾਬ ਲੱਭਣੇ ਕੋਈ ਸੌਖੇ ਨਹੀਂ। ਜਿਸ ਧਾਰਮਿਕ ਆਸਥਾ ਬਾਰੇ ਕੋਈ ਗੱਲ ਕਰਦਾ ਹੈ ਤਾਂ ਉਸ ਆਸਥਾ ਦੇ ਸ਼ਰਧਾਲੂ ਆਪਣਾ ਤੋਤਾ ਰਟਣ ਪੇਸ਼ ਕਰ ਦਿੰਦੇ ਹਨ। ਕਿਸੇ ਦੂਜੇ ਵਲੋਂ ਕਹੇ ਜਾਂ ਪੁੱਛੇ ਜਾਣ ਵਾਲੇ ਸਵਾਲਾਂ ਬਾਰੇ ਗੌਰ ਕਰਨਾ ਕੋਈ ਬਹੁਤਾ ਜਰੂਰੀ ਨਹੀਂ ਸਮਝਦੇ । ਰਾਮ ਵਲੋਂ 14 ਸਾਲ ਬਾਅਦ ਬਨਵਾਸ ਤੋਂ ਅਯੁਧਿਆ ਮੁੜਨ ਦੀ ਘਟਨਾ ਨੂੰ ਬਹੁਤ ਸਾਰੇ ਲੋਕ ਕਾਲਪਨਿਕ ਵੀ ਦੱਸਦੇ ਹਨ- ਇਸ ਨੂੰ ਮਿਥਿਹਾਸ ਵੀ ਕਿਹਾ ਜਾਂਦਾ ਹੈ। ਪਰ ਉਨ੍ਹਾਂ ਨੂੰ ਮੰਨਣ ਵਾਲਿਆਂ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਲੱਭਦਾ ਤਾਂ ਉਹ ਇਸ ਕਹੇ ਜਾਂਦੇ ਦੀਵਾਲੀ ਦੇ ਤਿਉਹਾਰ ਦਾ ਕੀ ਕਰਨ ਹੈ ? ਉਸ ਸਮੇਂ ਜਿਸ ਨਾਲ ਇਸ ਰਾਮ ਵਾਲੀ ਘਟਨਾ ਨੂੰ ਜੋੜਿਆ ਜਾਂਦਾ ਹੈ ਉਨ੍ਹਾਂ ਸਮਿਆਂ ਵਿਚ ਰਾਜ ਕੋਈ ਬਹੁਤ ਵੱਡੇ ਨਹੀਂ ਸਨ ਹੁੰਦੇ। ਛੋਟੀਆਂ ਛੋਟੀਆਂ ਰਿਆਸਤਾਂ, ਕਈ ਤਾਂ ਕੁੱਝ ਪਿੰਡਾਂ ਤਕ ਹੀ ਸੀਮਤ ਹੁੰਦੇ ਸਨ । ਇਸ ਕਰਕੇ ਰਾਜਾ ਹੋਣਾ ਵੀ ਕੋਈ ਬਹੁਤਾ ਮਹੱਤਵਪੂਰਨ ਨਹੀਂ ਕਿਹਾ ਜਾ ਸਕਦਾ, ਬਸ! ਛੋਟਾ-ਮੋਟਾ "ਜਗੀਰਦਾਰ"। ਇਨ੍ਹਾਂ ਗੱਲਾਂ ਨੂੰ ਸਮਝਣ ਵਾਸਤੇ ਅੱਜ ਦੇ ਨਹੀਂ ਉਸ ਸਮੇਂ ਦੇ ਸੰਦਰਭ ਅੰਦਰ ਹੀ ਵਿਚਾਰ ਕੀਤੀ ਜਾਣੀ ਚਾਹੀਦਾ ਹੈ।
ਅਗਲੀ ਘਟਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਗਵਾਲੀਅਰ ਵਾਲੇ ਕਿਲੇ ਦੀ ਕੈਦ ਤੋਂ ਰਿਹਾ ਹੋ ਕੇ ਅਮ੍ਰਿਤਸਰ ਪਹੁੰਚਣ ਦੀ ਹੈ। ਸਿੱਖ ਧਰਮ ਨਾਲ ਸਬੰਧਤ ਭਾਈ ਮਨੀ ਸਿੰਘ ਵਾਲੀ ਘਟਨਾ ਵੀ ਹੈ ਜਿਸ ਕਰਕੇ ਉਸ ਸਮੇਂ ਉਨ੍ਹਾਂ ਦੀ ਸ਼ਹਾਦਤ ਵੀ ਹੋਈ, ਇਹ ਬਹੁਤੀ ਦੀਵਾਲੀ ਨਾਲ ਜੁੜਦੀ ਹੈ। ਬਹੁਤ ਲੰਬੇ ਸਮੇਂ ਤੱਕ ਸਿੱਖ ਵੀ ਦੀਵਾਲੀ ਮਨਾਉਂਦੇ ਰਹੇ ਹਨ। ਪਰ ਪਿਛਲੇ ਕੁੱਝ ਸਮੇਂ ਤੋਂ ਸਿੱਖਾਂ ਵਲੋਂ ਦੀਵਾਲੀ ਦੀ ਥਾਂ ਗੁਰੂ ਹਰਗੋਬਿੰਦ ਸਾਹਿਬ ਵਾਲੀ ਘਟਨਾ ਨੂੰ ਅੱਗੇ ਰੱਖ ਕੇ ਇਸਦਾ ਨਾਮ ਬੰਦੀ ਛੋੜ ਦਿਵਸ ਰੱਖ ਲਿਆ ਗਿਆ ਅਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਦੀਵਾਲੀ ਹਿੰਦੂਆ ਦਾ ਤਿਉਹਾਰ ਹੈ ਇਸ ਨਾਲ ਸਿੱਖਾਂ ਦਾ ਕੋਈ ਵਾਸਤਾ ਨਹੀਂ। ਕਹਿੰਦੇ ਹਨ ਕਿ ਜਦੋਂ ਗੁਰੂ ਹਰਗੋਬਿੰਦ ਜੀ ਨੂੰ ਰਿਹਾ ਕਰਨ ਦਾ ਹੁਕਮ ਹੋਇਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਕੈਦ ਕੀਤੇ ਗਏ ਹੋਰ ਰਾਜੇ ਜੋ ਉਸ ਕੈਦ ਵਿਚ ਬੰਦ ਸਨ, ਉਨ੍ਹਾਂ ਦੀ ਰਿਹਾਈ ਵੀ ਕੀਤੀ ਜਾਵੇ। ਹਾਕਮਾਂ ਵਲੋਂ ਕਿਹਾ ਗਿਆ ਦੱਸਿਆ ਜਾਂਦਾ ਹੈ (ਜੋ ਪੜ੍ਹਨ ਨੂੰ ਮਿਲਦਾ ਹੈ) ਕਿ ਉਨ੍ਹਾਂ ਗੁਰੂ ਸਾਹਿਬ ਨੂੰ ਜਵਾਬ ਦਿੱਤਾ ਕਿ ਜਿੰਨੇ ਲੋਕ ਤੁਹਾਡੇ ਚੋਲ਼ੇ ਨੂੰ ਫੜ ਕੇ ਤੁਹਾਡੇ ਨਾਲ ਜਾ ਸਕਦੇ ਹੋਣ ਅਸੀਂ ਉਨ੍ਹਾਂ ਨੂੰ ਰਿਹਾ ਕਰ ਦੇਵਾਂਗੇ। ਇਸ ਕਰਕੇ ਗੁਰੂ ਸਾਹਿਬ ਨੇ 52 ਤਣੀਆਂ ਵਾਲਾ ਇਕ ਚੋਲ਼ਾ ਤਿਆਰ ਕਰਵਾਇਆ ਤੇ 52 ਰਾਜੇ ਜੋ ਉੱਥੇ ਕੈਦ ਸਨ ਕਿਹਾ ਜਾਂਦਾ ਹੈ ਉਹ ਚੋਲ਼ੇ ਦੀਆਂ ਤਣੀਆਂ ਫੜਕੇ ਬਾਹਰ ਆਏ- ਇਸ ਤਰ੍ਹਾਂ ਗੁਰੂ ਸਾਹਿਬ ਨੂੰ ਬੰਦੀ ਛੋੜ ਕਿਹਾ ਗਿਆ- ਇਸ ਦਿਨ ਨੂੰ ਸਿੱਖਾਂ ਨੇ ਬੰਦੀ ਛੋੜ ਦਿਵਸ ਦੇ ਤੌਰ 'ਤੇ ਮਨਾਉਣਾ ਸ਼ੁਰੂ ਕੀਤਾ। ਇੱਥੇ ਬੁਨਿਆਦੀ ਸਵਾਲ ਹੀ ਇਹ ਬਣਦਾ ਹੈ ਕਿ ਇਹ ਬੰਦੀ ਕੌਣ ਸਨ? ਬੰਦੀਛੋੜ ਸ਼ਬਦ ਕਦੋਂ ਤੇ ਕਿੱਥੇ ਸਭ ਤੋਂ ਪਹਿਲਾਂ ਲਿਖਿਆ ਮਿਲਦਾ ਹੈ। ਇਸ ਬਾਰੇ ਕਿਸੇ ਕੋਲ ਪ੍ਰਮਾਣਕ ਜਾਣਕਾਰੀ ਹੋਵੇ ਤਾਂ ਜਰੂਰ ਸਾਂਝੀ ਕਰੇ। ਇਸ ਨਾਲ ਇਤਿਹਾਸਕ ਪ੍ਰਮਾਣ ਵੀ ਮਿਲ ਜਾਵੇਗਾ। ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਰਿਹਾਈ ਫਕੀਰ ਮੀਆਂ ਮੀਰ ਦੇ ਕਹਿਣ ਤੇ ਹੋਈ ਸੀ। ਸੱਚ ਕੀ ਹੈ ਇਸ ਨੂੰ ਨਿਤਾਰਿਆ ਜਾਣਾ ਚਾਹੀਦਾ ਹੈ। ਇਹ ਇਤਿਹਾਸਕਾਰਾਂ ਦਾ ਕੰਮ ਹੈ ਉਹ ਸ੍ਰੋਤਾਂ ਦੇ ਹਵਾਲੇ ਨਾਲ ਦੱਸਣ ਕਿ ਅਸਲ ਵਿਚ ਹੈ ਕੀ ਗੱਲ? ਹੁਣ ਤੱਕ ਇਹ ਹੀ ਸੁਣਦੇ ਰਹੇ ਕਿ "ਦਾਲ ਰੋਟੀ ਘਰ ਦੀ ਦੀਵਾਲੀ ਅਮ੍ਰਿਤਸਰ ਦੀ" ਜਾਂ ਭਾਈ ਗੁਰਦਾਸ ਜੀ ਦੇ ਹਵਾਲੇ ਨਾਲ ਕਿ :
'ਦੀਵਾਲੀ ਦੀ ਰਾਤਿ ਦੀਵੇ ਬਾਲਿਅਨਿ'।।
ਇੱਥੇ ਫੇਰ ਸਵਾਲ ਹਨ ਕਿ ਇਤਿਹਾਸ ਵਿਚ ਅਜੇ ਤੱਕ ਉਨ੍ਹਾਂ 52 ਰਾਜਿਆਂ ਦੇ ਨਾਮ ਨਹੀਂ ਲੱਭਦੇ ਜੋ ਗੁਰੂ ਸਾਹਿਬ ਨਾਲ ਰਿਹਾਅ ਹੋਏ ਦੱਸੇ ਜਾਂਦੇ ਹਨ। ਇਸ ਬਾਰੇ ਵੀ ਇਤਿਹਾਸਕਾਰਾਂ ਨੂੰ ਸਰਗਰਮ ਹੋਣਾ ਪਵੇਗਾ ਕਿਉਂਕਿ ਇਹ ਖੋਜ ਦਾ ਵਿਸ਼ਾ ਹੈ। ਉਹ ਰਾਜੇ ਕੌਣ ਸਨ, ਹਿੰਦੂ, ਮੁਸਲਮਾਨ, ਬੋਧੀ ਜਾਂ ਹੋਰ? ਕਿਹੜੀ ਗੱਲੋਂ ਕੈਦ ਸਨ? ਕਿਹੜੀਆਂ ਰਿਆਸਤਾਂ ਦੇ ਰਾਜੇ ਸਨ? (ਰਿਆਸਤ ਨੂੰ ਹੀ ਉਸ ਸਮੇਂ ਰਾਜ ਕਿਹਾ ਜਾਂਦਾ ਹੋ ਸਕਦਾ ਹੈ) ਕਿਸੇ ਵੀ ਦਿਨ ਨੂੰ ਮਨਾਉਣ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਬਾਰੇ ਦੱਸਣਯੋਗ / ਮੰਨਣਯੋਗ ਤੱਥਾਂ ਦਾ ਮੌਜੂਦ ਹੋਣਾ ਬਹੁਤ ਜਰੂਰੀ ਹੁੰਦਾ ਹੈ। ਗੁਰੂ ਸਾਹਿਬ ਵਲੋਂ ਗਵਾਲੀਅਰ ਤੋਂ ਚੱਲਣ ਬਾਰੇ ਅਤੇ ਅਮ੍ਰਿਤਸਰ ਪਹੁੰਚਣ ਬਾਰੇ ਵੱਖੋ ਵੱਖ ਤਾਰੀਖਾਂ ਪੜ੍ਹਨ ਨੂੰ ਮਿਲਦੀਆਂ ਹਨ - ਅਜਿਹਾ ਕਿਉਂ ਹੈ? ਕਈ ਅਜਿਹੇ ਦਿਨਾਂ ਨੂੰ ਕਿਸੇ ਹਿੰਦੂ ਜੰਤਰੀ ਨਾਲ ਜੋੜ ਦਿੰਦੇ ਹਨ ਕਈ ਇਸਨੂੰ ਵਦੀ ਤੇ ਸੁਦੀ ਵਾਲੀ ਜੰਤਰੀ ਜਾਂ ਕਹੇ ਜਾਂਦੇ ਹਿੰਦੂ ਕਲੰਡਰਾਂ ਨਾਲ ਜੋੜ ਕੇ ਇੰਜ ਹੋ ਜਾਣ ਨੂੰ ਸੁਭਾਵਕ ਸਮਝਦੇ ਹਨ। ਪਰ ਫੇਰ ਵੀ ਇਸ ਬਾਰੇ ਖੋਜ ਕੀਤੀ ਜਾਵੇ, ਨਿਤਾਰਾ ਕੀਤਾ ਜਾਵੇ ਤਾਂ ਕਈ ਸਾਰੇ ਭਰਮ-ਭੁਲੇਖੇ ਦੂਰ ਕੀਤੇ ਜਾ ਸਕਦੇ ਹਨ। ਇਤਿਹਾਸ ਵਿਚ ਤਾਰੀਖਾਂ ਨੂੰ ਆਮ ਕਰਕੇ ਸੱਚ ਮੰਨਿਆਂ ਜਾਂਦਾ ਹੈ ਪਰ ਇੱਥੇ ਅਜਿਹਾ ਨਹੀਂ ਹੈ।
ਦਰਅਸਲ ਤਿਉਹਾਰ ਸਦੀਆਂ ਤੋਂ ਮਨਾਏ ਜਾ ਰਹੇ ਹਨ । ਸ਼ੁਰੂਆਤ ਵੇਲੇ ਹਰ ਥਾਵੇਂ ਬਹੁਤੇ ਤਿਉਹਾਰ ਰੁੱਤ ਬਦਲੀ ਨਾਲ ਹੀ ਸਬੰਧਤ ਹੁੰਦੇ ਸਨ ਅਤੇ ਰੁੱਤ ਬਦਲੀ ਸਮੇਂ ਹੀ ਮਨਾਏ ਜਾਂਦੇ ਸਨ। ਦੂਸਰਾ ਮੁੱਖ ਕਾਰਨ ਫਸਲ ਦਾ ਘਰ ਆਉਣਾ ਹੁੰਦਾ ਸੀ। ਅਜਿਹੇ ਵੇਲੇ ਸਦਾ ਹੀ ਖੁਸ਼ੀ ਦਾ ਸਬੱਬ ਬਣਦੇ ਸਨ।- ਲੋਕਾਂ ਵਲੋਂ ਇਕੱਠੇ ਹੋ ਕੇ ਸਾਂਝ ਭਰੇ ਜੀਵਨ ਦੇ ਪਲ ਇਕੱਠੇ ਗੁਜ਼ਾਰਨਾ ਹੁੰਦੇ ਸਨ। ਸਮਾਜ ਵਿਚ ਵਖਰੇਵਿਆਂ ਦੇ ਬਾਵਜੂਦ ਵੀ ਸਮਾਜ ਦੇ ਵੱਖੋ-ਵੱਖ ਤਬਕਿਆਂ/ਵਰਗਾਂ ਅੰਦਰ ਸੱਭਿਆਚਾਰਕ ਤੰਦਾਂ ਬਹੁਤ ਮਜਬੂਤ ਹੁੰਦੀਆਂ ਸਨ। ਉਸ ਸਮੇਂ ਜੀਵਨ ਦੀ ਨਿਰਭਰਤਾ ਆਮ ਕਰਕੇ ਖੇਤੀ ਬਾੜੀ ਨਾਲ ਹੀ ਬੱਝੀ ਹੋਈ ਸੀ। ਜਿਨ੍ਹਾਂ ਲੋਕਾਂ ਕੋਲ ਖੁਦ ਜ਼ਮੀਨ ਨਹੀਂ ਵੀ ਹੁੰਦੀ ਸੀ ਉਹ ਵੀ ਖੇਤੀਬਾੜੀ ਨਾਲ ਸਬੰਧਤ ਕਿਤਿੱਆਂ ਨਾਲ ਜੁੜੇ ਹੋਏ ਹੁੰਦੇ ਸਨ, ਸਮਾਂ ਬੀਤਣ ਨਾਲ ਇਸ ਨਾਲ ਹੋਰ ਕਾਰਨ ਵੀ ਜੁੜਦੇ ਗਏ। ਸਮਾਜ ਅੰਦਰ ਬਹੁਤ ਸਾਰੀਆਂ ਧਾਰਾਵਾਂ ਤੇ ਧਾਰਨਾਵਾਂ ਚੱਲਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਨਾਲ ਜੀਵਨ ਜਾਚ ਵਿਚ ਬਦਲਾਅ ਵੀ ਆਉਂਦੇ ਹਨ। ਪਰ ਇਕ ਗੱਲ ਜੋ ਨਹੀਂ ਹੋਣੀ ਚਾਹੀਦੀ ਉਹ ਇਹ ਕਿ ਕਿਸੇ ਵੀ ਕਾਰਨ ਨਾਲ ਸਮਾਜ ਅੰਦਰ ਵਸਦੇ ਲੋਕਾਂ ਵਿਚ ਤ੍ਰੇੜ ਪਾਉਣ ਦਾ ਜਤਨ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ। ਦੂਜਾ ਸ਼ੁਰੂ ਤੋਂ ਹੀ ਇਹ ਤਿਉਹਾਰ ਵਪਾਰੀ ਕਿਸਮ ਦੇ ਲੋਕਾਂ ਦੀ ਨਿਗਾਹ ਚੜ੍ਹਦੇ ਰਹੇ ਹਨ। ਅੱਜ ਦੇ ਖਪਤਕਾਰੀ ਯੁੱਗ ਦੇ ਸਮੇਂ ਤਾਂ ਇਨ੍ਹਾਂ ਦਾ ਪੂਰੇ ਤੌਰ ਤੇ ਵਪਾਰੀਕਰਨ ਹੋ ਚੁੱਕਾ ਹੈ। ਵਪਾਰੀਆਂ ਵਾਸਤੇ ਅਜਿਹੇ ਤਿਉਹਾਰ ਸਾਂਝ ਦੇ ਨਹੀਂ ਸਗੋਂ ਮੁਨਾਫੇ ਦਾ ਸਬੱਬ ਪੈਦਾ ਕਰਦੇ ਹਨ। ਹੁਣ ਸਾਰੇ ਹੀ ਤਿਉਹਾਰ ਮੰਡੀ/ਬਜ਼ਾਰ ਦਾ ਪੱਕਾ ਅੰਗ ਬਣ ਗਏ ਹਨ – ਮਜਬੂਰੀ ਵੱਸ ਲੋਕਾਂ ਦੀ ਆਦਤ ਇਸ ਵਿਚ ਸ਼ਾਮਲ ਹੋ ਗਈ ਹੈ।
ਇਸ ਤਿਉਹਾਰ ਨੂੰ ਆਮ ਕਰਕੇ ਰੌਸ਼ਨੀਆਂ ਦਾ ਤਿਉਹਾਰ ਗਿਣਿਆ ਜਾਂਦਾ ਹੈ। ਸਦੀਆਂ ਤੋਂ ਮਨਾਏ ਜਾ ਰਹੇ ਇਨ੍ਹਾਂ ਰੌਸ਼ਨੀਆਂ ਦੇ ਤਿਉਹਾਰਾਂ ਨੂੰ ਮਨਾਉਣ ਤੋਂ ਬਾਅਦ ਫੇਰ ਵੀ ਸਮਾਜ ਵਿਚ ਅਜੇ ਤੱਕ ਇੰਨਾ ਹਨੇਰ ਕਿਉਂ ਹੈ? ਇਸਦਾ ਜਵਾਬ ਕੌਣ ਦੇਵੇਗਾ ? ਦੀਵੇ ਜਗਾਏ ਜਾਂਦੇ ਹਨ ਜੱਗ ਚਾਨਣ ਕਰਨ ਵਾਸਤੇ ਪਰ ਮਨਾਂ ਦਾ ਹਨੇਰਾ ਦੂਰ ਕਰਨ ਵਾਸਤੇ ਤੇਲ ਵਾਲੇ ਦੀਵਿਆਂ ਅਤੇ ਬਿਜਲਈ ਲੜੀਆਂ ਦੀ ਲੋੜ ਨਹੀਂ ਪੈਂਦੀ। ਅੱਜ ਸਮਾਜ ਅੰਦਰ ਅਸਮਾਨਤਾ ਹੈ, ਅੰਧਵਿਸ਼ਵਾਸ ਹੈ, ਅਗਿਆਨੀ ਲੋਕ "ਧਾਰਮਿਕ'' ਹੋਣ ਦੇ ਪਾਖੰਡ ਕਰਦੇ ਹੋਏ (ਏਹੀ ਲੋਕ ਧਰਮ ਨੂੰ ਸ਼ੱਕ ਦੇ ਘੇਰੇ ਵਿਚ ਲੈ ਆਉਂਦੇ ਹਨ) ਅਗਿਆਨਤਾ ਵਿਚ ਵਾਧਾ ਕਰ ਰਹੇ ਹਨ। ਧਾਰਮਿਕਤਾ ਦੀ ਬੁੱਕਲ ਮਾਰਨ ਵਾਲਿਆਂ ਵਿਚੋਂ ਬਹੁਤੇ (ਬਾਬੇ ਕਿਸਮ ਦੇ ਲੋਕ -ਝੂਠ ਦੇ ਪੁੱਤਰ) ਆਮ ਜਨਤਾ ਦੀ ਆਸਥਾ (ਕਿਸੇ ਦੇ ਧਾਰਮਕ ਵਿਸ਼ਵਾਸ) ਦੇ ਨਾਮ ਹੇਠ ਲੁੱਟ ਕਰਦੇ ਹਨ। ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਅਤੇ ਲੋੜ ਵੀ ਹੈ ਆਮ ਮਨੁੱਖ ਦੀ ਚੇਤਨਾ ਨੂੰ ਵਿਕਸਤ ਕੀਤਾ ਜਾਵੇ ਜਿਸ ਨਾਲ ਉਹ ਆਪ ਚੰਗੇ ਮਾੜੇ ਨੂੰ ਪਰਖਣ ਅਤੇ ਸਮਝਣ ਦੇ ਯੋਗ ਹੋਵੇ। ਦੀਵੇ ਬਾਲਣੇ ਹਨ ਤਾਂ ਗਿਆਨ ਦੇ, ਸੂਝ ਦੇ ਦੀਵੇ ਬਾਲੇ ਜਾਣ। ਮੁਹੱਬਤਾਂ ਭਰੀ ਸਾਂਝ ਦੇ ਦੀਵੇ ਬਾਲੇ ਜਾਣ। ਫਿਰਕਾਪ੍ਰਸਤੀ ਅਤੇ ਮਨਾਂ ਵਿਚ ਪਲਦੀ ਨਫਰਤ ਦੇ ਖਿਲਾਫ ਮਨੁੱਖ ਨੂੰ ਚੰਗਾ ਮਨੁੱਖ ਬਣਨ ਵੱਲ ਪ੍ਰੇਰਨਾ ਦੇਣ ਵਾਲੇ ਦੀਵੇ ਬਾਲੇ ਜਾਣ ਜਿਸ ਨਾਲ ਜੱਗ ਚਾਨਣ ਹੋ ਸਕਦਾ ਹੈ। ਬਾਹਰੀ ਰੌਸ਼ਨੀ ਦੇ ਨਾਲ ਨਾਲ ਮਨੁੱਖ ਦੇ ਅੰਦਰ ਦਾ ਹਨੇਰਾ ਦੂਰ ਕਰਨਾ ਸਭ ਵਾਸਤੇ ਬਹੁਤ ਜਰੂਰੀ ਹੈ। ਮਨੁੱਖ ਨਾਲ ਮਨੁੱਖ ਦੇ ਮਨ ਵਿਚ ਰੰਗ, ਨਸਲ, ਜਾਤ-ਪਾਤ, ਛੂਤ-ਛਾਤ ਵਰਗੀ ਪਲਦੀ ਨਫਰਤੀ ਸੋਚ ਨੂੰ ਨਕਾਰ ਕੇ ਸਿਰਫ ਮਨੁੱਖਤਾ ਨੂੰ ਆਪਣਾ ਮਾਣਮੱਤਾ ਧਰਮ ਸਮਝਣ ਦਾ ਅਜਿਹੇ ਦਿਹਾੜਿਆਂ / ਤਿਉਹਾਰਾਂ ਦਾ ਸੁਨੇਹਾ ਹੋਣਾ ਚਾਹੀਦਾ ਹੈ। ਇਨ੍ਹਾਂ ਤਿਉਹਾਰਾਂ ਵੇਲੇ ਮੁਨਾਫਾਖੋਰਾਂ ਵਲੋਂ ਚਲਾਈ ਆਤਿਸ਼ਬਾਜ਼ੀ ਦੀ ਭੈੜੀ ਰੀਤ ਵਾਤਾਵਰਨ ਦਾ ਸੱਤਿਆਨਾਸ਼ ਕਰਦੀ ਹੈ ਇਸ ਨੂੰ ਤੱਜਣਾ ਬਹੁਤ ਹੀ ਜਰੂਰੀ ਹੈ। ਔਖੇ ਹੋ ਕੇ ਕਮਾਏ ਪੈਸਿਆਂ ਨੂੰ ਕੁੱਝ ਘੜੀਆਂ ਵਿਚ ਅੱਗ ਲਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨਾ ਕਿੱਥੋਂ ਦੀ ਅਕਲਮੰਦੀ ਹੈ? ਵਾਤਾਵਰਨ ਨੂੰ ਗੰਧਲਾ/ ਪ੍ਰਦੂਸ਼ਿਤ ਕਰਦੇ ਅਜਿਹੇ ਆਤਿਸ਼ਬਾਜੀਆਂ/ਪਟਾਕੇਮਾਰਾਂ ਨੂੰ ਸਮਝਾਉਣਾ ਚਾਹੀਦਾ ਹੈ ਉਹ ਅਜਿਹਾ ਨਾ ਕਰਨ, ਇਸਦਾ ਪੂਰੇ ਜੋਰ ਨਾਲ ਵਿਰੋਧ ਕੀਤਾ ਜਾਵੇ। ਬਾਬੇ ਨਾਨਕ ਦਾ ਸੰਦੇਸ਼ ਪੱਲੇ ਬੰਨਦਿਆਂ ਪੌਣ-ਪਾਣੀ ਤੇ ਧਰਤ ਦੀ ਰਾਖੀ ਕਰਦਿਆਂ ਵਾਤਾਵਰਣ ਨੂੰ ਗੰਧਲਾ ਹੋਣੋ ਬਚਾਇਆ ਜਾਣਾ ਚਾਹੀਦਾ ਹੈ।
ਵੱਖੋ ਵੱਖ ਸੱਭਿਆਚਾਰਾਂ ਅੰਦਰ ਤਿਉਹਾਰਾਂ ਨੂੰ ਬਹੁਤ ਮਹਤਵਪੂਰਨ ਸਮਝਿਆ ਜਾਂਦਾ ਹੈ। ਜਤਨ ਕਰਨਾ ਚਾਹੀਦਾ ਹੈ ਕਿ ਇਹ ਤਿਉਹਾਰ ਸਾਡੀ ਜੀਵਨ ਜਾਚ ਨੂੰ ਨਵੀਂ ਸੇਧ ਦੇਣ ਦਾ ਸੁਨੇਹਾ ਬਣਦੇ ਹੋਣ। ਸਮਾਜ ਨੂੰ ਜੋੜਨ ਦਾ, ਆਮ ਮਨੁੱਖ ਦੇ ਅੰਦਰ ਸਭ ਨਾਲ ਪਿਆਰ, ਸਤਿਕਾਰ ਭਰੀ ਸੋਚ ਨਾਲ ਜੱਗ ਰੌਸ਼ਨ ਕਰਨਾ ਹੀ ਹਰ ਇਨਸਾਨ ਦਾ ਫ਼ਰਜ਼ ਹੋਣਾ ਚਾਹੀਦਾ ਹੈ। ਸੱਭਿਆਚਾਰਕ ਤੰਦਾਂ ਮਜਬੂਤ ਹੋਣ ਮਨੁੱਖ ਤੋਂ ਮਨੁੱਖ ਦਾ ਪਾੜਾ ਖਤਮ ਹੋਵੇ, ਹਰ ਕਿਸਮ ਦੇ ਹਨੇਰੇ ਤੋਂ ਬਾਹਰ ਨਿਕਲ ਕੇ ਚਾਨਣ ਦੇ ਲੜ ਲੱਗਣ ਦਾ ਜਤਨ ਕਰਨਾ ਚਾਹੀਦਾ ਹੈ।
ਇਹ ਚਾਨਣਾਂ ਦਾ ਦਿਹਾੜਾ ਤਾਂ ਹੀ ਚਾਨਣ ਦਾ ਤਿਉਹਾਰ ਬਣੇਗਾ।