ਸੰਘਰਸ਼ ਦੇ ਗੀਤਾਂ ਦਾ ਨਾਦ  - ਸਵਰਾਜਬੀਰ

ਉਦਾਸ ਖੇਤਾਂ ਦੇ ਅੰਦਰ
ਸਾਂਝਾਂ ਦੀ ਤਮੀਜ਼ ਨੂੰ ਭੁੱਲੇ ਮੁਲਕ ਅੰਦਰ
ਗੀਤਾਂ ਨੂੰ ਸਿਕਦੇ ਪੋਠੋਹਾਰ ਅੰਦਰ
ਪੱਥਰ ਹੋਏ ਅਖਾੜਿਆਂ ਅੰਦਰ
ਤੂੰ ਜ਼ਰਾ  ਝੁੱਲਦਾ ਆ ਖਾਂ
ਵੀਰਾਨ ਸਮੇਂ  ਦੇ  ਅੰਦਰ
ਸਾਉਣ ਮਾਹ ਦੀਆਂ ਝੜੀਆਂ ਦੇ ਵਾਂਗੂੰ
ਪਿੱਪਲਾਂ ਦੀ ਗੂੰਜ ਪਾਉਂਦਾ
‘ਇਨਕਲਾਬ ਜ਼ਿੰਦਾਬਾਦ’ ਦੇ ਝੱਖੜਾਂ ਅੰਦਰ
ਸੂਰਜਾਂ ਦੇ ਕਾਫ਼ਲੇ ਰੋਲਦਾ
ਆ ਖਾਂ ਕਹਿਰ ਦੇ ਸਿਖ਼ਰ ਦੁਪਹਿਰੇ ਨੂੰ ਲੈ ਕੇ ।
- ਹਰਿੰਦਰ ਸਿੰਘ ਮਹਿਬੂਬ
(ਕਵਿਤਾ : ‘ਸ਼ਹੀਦ ਭਗਤ ਸਿੰਘ ਨੂੰ ਆਵਾਜ਼ਾਂ’, ‘ਝਨਾਂ ਦੀ ਰਾਤ’ ਦੀ ਪਹਿਲੀ ਕਾਵਿ-ਪੁਸਤਕ ‘ਵਣ-ਵਿਰਾਗ’ ’ਚੋਂ)
        ਇਹ ਕਵਿਤਾ ਪੰਜਾਬੀ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਨੇ ਅਗਸਤ 1965 ਵਿਚ ਲਿਖੀ ਸੀ ਜਿਸ ਵਿਚ ਉਸ ਨੇ ਭਗਤ ਸਿੰਘ ਨੂੰ ਆਵਾਜ਼ਾਂ ਮਾਰੀਆਂ। ਮਹਿਬੂਬ ਨੂੰ ਉਸ ਵੇਲੇ ਦੇ ਖੇਤ ਉਦਾਸ ਦਿਖਾਈ ਦੇ ਰਹੇ ਸਨ ਤੇ ਸਮਾਂ ਵੀਰਾਨ, ਅਖਾੜੇ ਪਥਰਾ ਗਏ ਸਨ ਅਤੇ ਮੁਲਕ ਨੂੰ ਸਾਂਝਾਂ ਦੀ ਤਮੀਜ਼ ਭੁੱਲ ਗਈ ਸੀ, ਪੰਜਾਬ ਦੀ ਧਰਤੀ ਨੂੰ ਗੀਤਾਂ ਦੀ ਸਿੱਕ/ਤਾਂਘ ਸੀ। ਮਹਿਬੂਬ ਭਗਤ ਸਿੰਘ ਨੂੰ ਕਹਿੰਦਾ ਹੈ ਕਿ ਉਹ ‘ਇਨਕਲਾਬ ਜ਼ਿੰਦਾਬਾਦ’ ਦੇ ਝੱਖੜ ਝੁਲਾਏ ਤੇ ਸੂਰਜਾਂ ਦੇ ਕਾਫ਼ਲੇ ਬਣਾਏ ਤਾਂ ਕਿ ਵੀਰਾਨ ਸਮੇਂ ਵਿਚ ਸਾਉਣ ਦੇ ਮਹੀਨੇ ਦੀਆਂ ਝੜੀਆਂ ਤੇ ਪਿੱਪਲਾਂ ਦੀ ਗੂੰਜ ਪਵੇ। ਸਮੇਂ ਦੀ ਵੀਰਾਨੀ, ਉਦਾਸ ਖੇਤ ਅਤੇ ਪੰਜਾਬੀਆਂ ਦੀ ਗੀਤ ਗਾਉਣ ਦੀ ਸਿੱਕ ਇਸ ਕਵਿਤਾ ਵਿਚ ਇਕਮਿਕ ਹੋ ਗਏ ਹਨ।
       ਪੰਜਾਬੀ ਅੱਜ ਵੀ ਭਗਤ ਸਿੰਘ ਨੂੰ ਯਾਦ ਕਰ ਕੇ, ਉਸ ਦੀ ਆਤਮਾ ਦੇ ਗਾਏ ਗੀਤ ਨੂੰ ਲੱਭਦੇ ਅਤੇ ਉਸ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦੇ ਹਨ। ਕਿਸਾਨਾਂ ਤੇ ਮਜ਼ਦੂਰਾਂ ਦੇ ਮੁਜ਼ਾਹਰਿਆਂ ਵਿਚ ਭਗਤ ਸਿੰਘ ਦੀ ਆਵਾਜ਼ ਗੂੰਜਦੀ ਹੈ, ਸ਼ਾਇਰ ਉਸ ’ਤੇ ਨਜ਼ਮਾਂ ਲਿਖਦੇ ਹਨ ਅਤੇ ਥਾਂ ਥਾਂ ’ਤੇ ਉਸ ਦੀਆਂ ਤਸਵੀਰਾਂ ਤੇ ਬੁੱਤ ਲੱਗੇ ਹੋਏ ਹਨ। ਉਹ ਲੋਕਾਂ ਦੀਆਂ ਯਾਦਾਂ ਵਿਚ ਵਸਦਾ ਹੈ, ਉਸ ਦੀ ਅਸਲੀ ਤਸਵੀਰ ਲੋਕ-ਮਨ ਵਿਚ ਹੈ। ਇਸ ਕਵਿਤਾ ਵਿਚ ਹਰਿੰਦਰ ਸਿੰਘ ਮਹਿਬੂਬ ਦੱਸਦਾ ਹੈ ਕਿ ਸਾਨੂੰ ਭਗਤ ਸਿੰਘ ਵਾਰ ਵਾਰ ਕਿਉਂ ਯਾਦ ਆਉਂਦਾ ਹੈ :
ਯਾਦ ਆਉਂਦੇ ਮੈਨੂੰ ਭਗਤ ਸਿੰਘ ਦੇ ਵੇਲੇ
ਪਈ  ਯਾਦ  ਆਵੇ
ਫਾਂਸੀਆਂ ਨੂੰ ਚੁੰਮਦੇ ਬਲੀ ਦੀ
ਪਿਆ ਯਾਦ ਆਵੇ
ਸਮੇਂ ਦੇ ਸ਼ਾਹਾਂ ਨੂੰ ਓਸ ਦਾ ਦਿੱਤਾ ਜਵਾਬ
ਪਿਆ ਯਾਦ ਆਵੇ
ਉਸ ਦੇ ਗੀਤਾਂ ਦਾ ਨਾਦ
ਯਾਦ ਆਵਣ ਉਸਦੀ ਅਣਖ ਦੇ ਬੋਲ
        ਆਪਣੇ ਹੱਕ-ਸੱਚ ਲਈ ਲੜਦੇ ਪੰਜਾਬੀਆਂ ਅਤੇ ਦੇਸ਼-ਵਿਦੇਸ਼ ਵਿਚ ਅਜਿਹੀਆਂ ਲੜਾਈਆਂ ਲੜਦੇ ਕਿਰਤੀਆਂ ਨੂੰ ‘ਸਮੇਂ ਦੇ ਸ਼ਾਹਾਂ ਨੂੰ ਓਸ ਦਾ ਦਿੱਤਾ ਜਵਾਬ’ ਯਾਦ ਆਉਂਦਾ ਹੈ, ਉਸ ਦੇ ਅਣਖੀ ਬੋਲ ਸਿਮਰਤੀ ਵਿਚ ਘੁਲਦੇ ਹਨ ਤੇ ਉਸ ਦੇ ਗੀਤਾਂ ਦਾ ਨਾਦ ਸੁਣਾਈ ਦਿੰਦਾ ਹੈ। ਉਹ ਪੰਜਾਬੀਆਂ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਲੋਕਾਂ ਦੇ ਚੇਤਨ-ਅਵਚੇਤਨ ਵਿਚ ਵਸਿਆ ਹੋਇਆ ਹੈ।
       ਸਮੇਂ ਦੇ ਸ਼ਾਹਾਂ ਨੂੰ ਭਗਤ ਸਿੰਘ ਨੇ ਕੀ ਜਵਾਬ ਦਿੱਤਾ? ਉਸ ਨੇ 20 ਮਾਰਚ 1931 ਨੂੰ ਪੰਜਾਬ ਦੇ ਗਵਰਨਰ ਨੂੰ ਲਿਖੇ ਖ਼ਤ ਵਿਚ ਕਿਹਾ : ‘‘ਅਸੀਂ ਇਹ ਏਲਾਨ ਕਰਦੇ ਹਾਂ ਕਿ ਇਕ ਯੁੱਧ ਚਲ ਰਿਹਾ ਹੈ ਤੇ ਇਹ ਤਦ ਤੱਕ ਚੱਲਦਾ ਰਹੇਗਾ, ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਜਨਤਾ ਤੇ ਮਿਹਨਤਕਸ਼ ਲੋਕਾਂ ਨੂੰ ਤੇ ਉਹਨਾਂ ਦੇ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਉਹ ਲੁਟੇਰੇ ਭਾਵੇਂ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ ਜਾਂ ਦੋਨੋਂ ਰਲਵੇਂ, ਚਾਹੇ ਉਹ ਜਨਤਾ ਦਾ ਖ਼ੂਨ ਚੂਸਣ ਲਈ ਨਿਰੋਲ ਭਾਰਤੀ ਨੌਕਰਸ਼ਾਹੀ ਜਾਂ ਸਾਂਝੀ ਰਲੀ-ਮਿਲੀ ਨੌਕਰਸ਼ਾਹੀ ਦੀ ਮਸ਼ੀਨ ਨੂੰ ਵਰਤਣ। ਇਹ ਸਭ ਕੁਝ ਨਾਲ ਸਾਨੂੰ ਕੋਈ ਫ਼ਰਕ ਨਹੀਂ ਪਏਗਾ।’’
        ਉਹ ਲੁੱਟ, ਜਿਸ ਦਾ ਭਗਤ ਸਿੰਘ ਨੇ ਜ਼ਿਕਰ ਕੀਤਾ ਸੀ, ਉਹ ਅਜੇ ਵੀ ਜਾਰੀ ਹੈ। ਮਿਹਨਤਕਸ਼ ਜਨਤਾ ਲੁੱਟ ਦਾ ਸ਼ਿਕਾਰ ਹੁੰਦੀ ਹੈ, ਵਾਰ ਵਾਰ ਲੁਟੇਰਿਆਂ ਵਿਰੁੱਧ ਉੱਠਦੀ, ਉਨ੍ਹਾਂ ਨਾਲ ਲੜਦੀ ਤੇ ਕੁਚਲੀ ਜਾਂਦੀ ਹੈ ਪਰ ਉਹ ਫਿਰ ਲੜਦੀ ਤੇ ਸਮੇਂ ਦੇ ਸ਼ਾਹਾਂ ਨੂੰ ਜਵਾਬ ਦਿੰਦੀ ਰਹਿੰਦੀ ਹੈ, ਇਹ ਜਵਾਬ ਇਕ ਦਿਨ ਵਿਚ ਦਿੱਤਾ ਜਾਣ ਵਾਲਾ ਨਹੀਂ ਹੋ ਸਕਦਾ, ਇਹ ਜਵਾਬ ਲਗਾਤਾਰ ਦੇਣਾ ਪੈਂਦਾ ਹੈ, ਰੋਜ਼ਮਰ੍ਹਾ ਦੀ ਜ਼ਿੰਦਗੀ ਅਤੇ ਉਸ ਵਿਚੋਂ ਉਗਮਦੀਆਂ ਲੜਾਈਆਂ ਵਿਚ। ਸਾਨੂੰ ਪੁਰਾਣੇ ਭਰਮਾਂ ਤੋਂ ਮੁਕਤ ਹੋਣਾ ਚਾਹੀਦਾ ਹੈ, ਕਿਸੇ ਸੰਘਰਸ਼ ਨੇ ਅੰਤਲਾ ਸੰਘਰਸ਼ ਨਹੀਂ ਹੋਣਾ, ਮਨੁੱਖਤਾ ਦੀ ਮਨੁੱਖਤਾ ਨੂੰ ਬਚਾਉਣ ਲਈ ਕੀਤੀ ਜਾ ਰਹੀ ਲੜਾਈ ਸਦੀਵੀ ਹੈ।
        ਭਗਤ ਸਿੰਘ ਨੇ ਪੰਜਾਬ ਦੀ ਧਰਤੀ ’ਤੇ ਪਨਪੀਆਂ ਮਹਾਨ ਲੋਕ ਲਹਿਰਾਂ ਨੂੰ ਯਾਦ ਕੀਤਾ। ਪੰਜਾਬ ਦੇ ਦਲਿਤਾਂ ਲਈ ਲਿਖੇ ਗਏ ਲੇਖ ‘ਅਛੂਤ ਦਾ ਸਵਾਲ’ ਵਿਚ ਉਸ ਨੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਦੀ ਫ਼ੌਜ ਦੀ ਅਸਲੀ ਤਾਕਤ ਕਹਿੰਦਿਆਂ ਲਿਖਿਆ, ‘‘ਆਪਣਾ ਇਤਿਹਾਸ ਦੇਖੋ! ਗੁਰੂ ਗੋਬਿੰਦ ਸਿੰਘ ਦੀ ਫ਼ੌਜ ਦੀ ਅਸਲੀ ਤਾਕਤ ਤੁਹਾਡੀ ਸੀ। ਸ਼ਿਵਾ ਜੀ ਤੁਹਾਡੇ ਆਸਰੇ ਹੀ ਇਹ ਸਭ ਕੁਝ ਕਰ ਸਕਿਆ ਜਿਸ ਨਾਲ ਕਿ ਅੱਜ ਉਸ ਦਾ ਨਾਂ ਜ਼ਿੰਦਾ ਹੈ।’’ ਬਹੁਤ ਪਹਿਲਾਂ ਲਿਖੇ ਗਏ ਲੇਖਾਂ ਵਿਚੋਂ ਇਕ ਵਿਚ ਉਸ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਂਤਮਈ ਰਹਿ ਕੇ ਅਕਹਿ ਜ਼ੁਲਮ ਝੱਲਦੇ ਅਕਾਲੀ ਸੂਰਬੀਰਾਂ ਦਾ ਜ਼ਿਕਰ ਕਰਦਿਆਂ ਲਿਖਿਆ, ‘‘ਗੁਰੂ ਕੇ ਬਾਗ ਦਾ ਮੋਰਚਾ ਲੱਗਾ। ਨਿਹੱਥਿਆਂ ਉਤੇ ਜਦ ਭਾੜੇ ਦੇ ਟੱਟੂ ਟੁੱਟ ਪੈਂਦੇ, ਉਹਨਾਂ ਨੂੰ ਕੁਟ ਕੁਟ ਅਧਮਰੇ ਕਰ ਦੇਂਦੇ, ਦੇਖਣ ਸੁਣਨ ਵਾਲਿਆਂ ਵਿਚੋਂ ਕੌਣ ਹੋਵੇਗਾ ਜਿਸ ਦਾ ਦਿਲ ਕੰਬ ਨਾ ਉਠਿਆ ਹੋਵੇ।’’
       ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਸ ਨੇ ‘ਹੋਲੀ ਦੇ ਦਿਨ ਖ਼ੂਨ ਦੇ ਛਿੱਟੇ- ਬੱਬਰ ਅਕਾਲੀ ਫਾਂਸੀ ’ਤੇ’ ਜਿਹਾ ਦਿਲ ਹਲੂਣ ਵਾਲਾ ਲੇਖ ਲਿਖਿਆ ਤੇ ਦੱਸਿਆ ਕਿ ਕਿਵੇਂ ਬੱਬਰ ਅਕਾਲੀਆਂ ਨੇ ਅੰਗਰੇਜ਼ਾਂ ਦੇ ਝੋਲੀ-ਚੁੱਕਾਂ ਦਾ ਸੁਧਾਰ ਕੀਤਾ। ਉਸ ਨੇ ਉਨ੍ਹਾਂ ਨੂੰ ‘ਨਵੀਨ ਬਹਾਦਰ’ ਕਿਹਾ ਅਤੇ ਉਨ੍ਹਾਂ ਦੀ ਖਾਧੀ ਇਸ ਸਹੁੰ ‘ਅਸੀਂ ਦੇਸ਼ ਸੇਵਾ ਵਿਚ ਆਪਣਾ ਸਰਬੰਸ ਕੁਰਬਾਨ ਕਰ ਦੇਵਾਂਗੇ’ ਨੂੰ ਯਾਦ ਕੀਤਾ, ਮਾਸਟਰ ਮੋਤਾ ਸਿੰਘ, ਕਿਸ਼ਨ ਸਿੰਘ ਗੜਗੱਜ, ਸ. ਕਰਮ ਸਿੰਘ, ਧੰਨਾ ਸਿੰਘ, ਉਦੈ ਸਿੰਘ, ਅਨੂਪ ਸਿੰਘ, ਕਰਮ ਸਿੰਘ, ਵਰਿਆਮ ਸਿੰਘ, ਬੰਤਾ ਸਿੰਘ ਅਤੇ ਹੋਰ ਸ਼ਹੀਦਾਂ ਅਤੇ ਕੁਰਬਾਨੀ ਦੇਣ ਵਾਲਿਆਂ ਨੂੰ ਯਾਦ ਕੀਤਾ।
        ਭਗਤ ਸਿੰਘ ਨੇ ਕੂਕਾ ਲਹਿਰ ਨੂੰ ‘ਪੰਜਾਬ ਵਿਚ ਮਹਾਨ ਇਨਕਲਾਬ ਦੀ ਪਹਿਲੀ ਜਥੇਬੰਦੀ’ ਕਿਹਾ ਅਤੇ ਮਦਨ ਲਾਲ ਢੀਂਗਰਾ ਨੂੰ ‘ਪੰਜਾਬ ਦੇ ਪਹਿਲੇ ਵਿਦ੍ਰੋਹੀ-ਸ਼ਹੀਦ’। ਉਸ ਨੇ ਸਭ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਗ਼ਦਰ ਲਹਿਰ ਦੇ ਨੌਜਵਾਨ ਸ਼ਹੀਦ ‘ਕਰਤਾਰ ਸਿੰਘ ਸਰਾਭਾ’ ਨੂੰ ਆਪਣਾ ਆਦਰਸ਼ ਮੰਨਿਆ। ਉਸ ਨੇ ਸਰਾਭੇ ਬਾਰੇ ਆਪਣੇ ਲੇਖ ‘ਸ਼ਹੀਦ ਕਰਤਾਰ ਸਿੰਘ ਸਰਾਭਾ’ ਵਿਚ ਲਿਖਿਆ, ‘‘ਭਾਰਤ-ਵਰਸ਼ ਵਿਚ ਐਸੇ ਇਨਸਾਨ ਬਹੁਤ ਘੱਟ ਪੈਦਾ ਹੋਏ ਹਨ ਜਿਨ੍ਹਾਂ ਨੂੰ ਕਿ ਸਹੀ ਅਰਥਾਂ ਵਿਚ ਬਾਗੀ ਆਖਿਆ ਜਾ ਸਕਦਾ ਹੈ। ਪਰੰਤੂ ਇਹਨਾਂ ਗਿਣਿਆਂ-ਮਿਣਿਆਂ ਆਗੂਆਂ ਵਿਚ ਕਰਤਾਰ ਸਿੰਘ ਦਾ ਨਾਂ ਸੂਚੀ ਦੇ ਉੱਪਰ ਹੈ। ਉਨ੍ਹਾਂ ਦੀ ਰਗ ਰਗ ਵਿਚ ਇਨਕਲਾਬ ਦਾ ਜਜ਼ਬਾ ਸਮਾਇਆ ਹੋਇਆ ਸੀ। ਉਨ੍ਹਾਂ ਦੀ ਜ਼ਿੰਦਗੀ ਦਾ ਇਕੋ ਮਕਸਦ, ਇਕੋ ਖਾਹਸ਼ ਅਤੇ ਇਕੋ ਉਮੀਦ, ਜੋ ਕੁਝ ਵੀ ਸੀ ਇਨਕਲਾਬੀ ਸੀ।’’
        ਇਸ ਲੇਖ ਵਿਚ ਉਸ ਨੇ ਸਰਾਭੇ ਤੇ ਉਸ ਦੇ ਸਾਥੀਆਂ ਦੇ ਅਮਰੀਕਾ ਵਿਚ ਨਸਲੀ ਵਿਤਕਰੇ ਦਾ ਸ਼ਿਕਾਰ ਹੋਣ ਬਾਰੇ ਜ਼ਿਕਰ ਕੀਤਾ ਤੇ ਦੱਸਿਆ ਕਿ ਕਿਵੇਂ ਇਸ ਵਿਤਕਰੇ ਨੇ ਉਸ ਦੇ ਮਨ ਵਿਚ ਆਜ਼ਾਦੀ ਦੇ ਜਜ਼ਬੇ ਨੂੰ ਉਭਾਰਿਆ। ਉਸ ਨੇ ਗ਼ਦਰ ਲਹਿਰ ਵਿਚ ਵਿਸ਼ਨੂੰ ਗਣੇਸ਼ ਪਿੰਗਲੇ, ਸਚਿੰਦਰ ਨਾਥ ਸਨਿਆਲ ਅਤੇ ਰਾਸ ਬਿਹਾਰੀ ਬੋਸ ਦੇ ਯੋਗਦਾਨ ਦਾ ਜ਼ਿਕਰ ਵੀ ਕੀਤਾ। ਭਗਤ ਸਿੰਘ ਸਰਾਭੇ ਦੀ ਅਦਾਲਤ ਵਿਚ ਦਿਖਾਈ ਬਹਾਦਰੀ ਤੇ ਬੇਬਾਕੀ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਅਤੇ ਇਸੇ ਤਰ੍ਹਾਂ ਦੀ ਬਹਾਦਰੀ ਉਸ ਨੇ ਆਪਣੇ ’ਤੇ ਚੱਲੇ ਮੁਕੱਦਮਿਆਂ ਦੌਰਾਨ ਦਿਖਾਈ। ਭਗਤ ਸਿੰਘ ਦੀ ਗ਼ਦਰ ਲਹਿਰ ਵਿਚ ਉਮਰ ਕੈਦ ਕੱਟ ਚੁੱਕੇ ਲਾਲਾ ਰਾਮ ਸਰਨ ਦਾਸ ਨਾਲ ਵੀ ਨੇੜਤਾ ਸੀ ਤੇ ਲਾਲਾ ਜੀ ਭਗਤ ਸਿੰਘ ਦੇ ਸਾਥੀ ਵੀ ਬਣੇ। ਭਗਤ ਸਿੰਘ ਨੇ ਉਨ੍ਹਾਂ ਦੀ ਕਵਿਤਾ ਦੀ ਕਿਤਾਬ ‘ਡਰੀਮਲੈਂਡ’ ਦੀ ਭੂਮਿਕਾ ਲਿਖੀ ਜੋ ਵਿਚਾਰਧਾਰਕ ਪੱਖ ਤੋਂ ਕਾਫ਼ੀ ਅਹਿਮ ਹੈ। ਉਸ ਨੇ ਦਾਸ ਦੀ ਕਵਿਤਾ ਨੂੰ ਸਲਾਹਿਆ ਵੀ ਤੇ ਉਸ ’ਤੇ ਵਿਚਾਰਾਂ ਦੀ ਆਲੋਚਨਾ ਵੀ ਕੀਤੀ ਅਤੇ ਨਿਰਣਾ ਇਹ ਕੱਢਿਆ ‘‘ਇਹਦਾ ਇਤਿਹਾਸਕ ਮੁੱਲ ਹੈ। 1914-15 ਦੇ ਇਨਕਲਾਬੀਆਂ (ਭਾਵ ਗ਼ਦਰੀਆਂ) ਦੇ ਇਹੀ ਵਿਚਾਰ ਹੁੰਦੇ ਸਨ।’’ ਗ਼ਦਰੀ ਭਾਈ ਸੰਤੋਖ ਸਿੰਘ ਨੇ 1926 ਵਿਚ ਅਖ਼ਬਾਰ ‘ਕਿਰਤੀ’ ਸ਼ੁਰੂ ਕੀਤਾ। ਭਗਤ ਸਿੰਘ ਦੇ ਬਹੁਤ ਸਾਰੇ ਲੇਖ ਇਸੇ ਅਖ਼ਬਾਰ ਵਿਚ ਛਪੇ। ਸੈਂਟਰਲ ਜੇਲ੍ਹ ਲਾਹੌਰ ਵਿਚ ਭਗਤ ਸਿੰਘ ਦੀ ਮੁਲਾਕਾਤ ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਨ ਸਿੰਘ ਭਕਨਾ ਨਾਲ ਹੋਈ। ਭਗਤ ਸਿੰਘ ਨੇ ਨਵੰਬਰ 1928 ਵਿਚ ਛਪੇ ਹਿੰਦੀ ਰਸਾਲੇ ‘ਚਾਂਦ’ ਦੇ ਇਕ ਅੰਕ ਦਾ ਸੰਪਾਦਨ ਵੀ ਕੀਤਾ ਜਿਸ ਵਿਚ ਗ਼ਦਰੀ ਗਾਂਧਾ ਸਿੰਘ ਕੱਚਰਭੰਨ, ਕਾਂਸ਼ੀ ਰਾਮ, ਮਥਰਾ ਸਿੰਘ, ਬਲਵੰਤ ਸਿੰਘ, ਬੰਤਾ ਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ, ਬਾਬੂ ਹਰਨਾਮ ਸਿੰਘ, ਸੋਹਨ ਲਾਲ ਪਾਠਕ, ਵੀਰ ਸਿੰਘ, ਭਾਈ ਰਾਮ ਸਿੰਘ ਸੁਲੇਤਾ, ਭਾਨ ਸਿੰਘ ਅਤੇ 15 ਹੋਰ ਬਾਰੇ ਵਿਸ਼ੇਸ਼ ਲੇਖ ਪ੍ਰਕਾਸ਼ਿਤ ਕੀਤੇ ਗਏ। ਇਸ ਪ੍ਰਕਾਸ਼ਨ ਵਿਚ ਸ਼ਿਵ ਵਰਮਾ ਅਤੇ ਹੋਰ ਸਾਥੀ ਵੀ ਸ਼ਾਮਿਲ ਸਨ। ਭਗਤ ਸਿੰਘ ਨੇ ਗ਼ਦਰੀਆਂ ’ਤੇ ਚੱਲੇ ਲਾਹੌਰ ਸਾਜ਼ਿਸ਼ ਕੇਸਾਂ ਦੀਆਂ ਮਿਸਲਾਂ ਹਾਸਲ ਕਰ ਕੇ ਉਨ੍ਹਾਂ ਦੇ ਆਧਾਰ ’ਤੇ ਇਹ ਲੇਖ ਲਿਖੇ ਜਾਂ ਲਿਖਵਾਏ। ਇਸ ਤਰ੍ਹਾਂ ਭਗਤ ਸਿੰਘ ਦਾ ਗ਼ਦਰੀਆਂ ਅਤੇ ਉਨ੍ਹਾਂ ਦੀ ਸੋਚ ਨਾਲ ਰਿਸ਼ਤਾ ਬਹੁਤ ਡੂੰਘਾ ਸੀ।
       ਇਨ੍ਹਾਂ ਦਿਨਾਂ ਵਿਚ ਜਲੰਧਰ ਵਿਚ ‘ਗ਼ਦਰੀ ਬਾਬਿਆਂ ਦਾ ਮੇਲਾ’ ਹੋ ਰਿਹਾ ਹੈ ਜਿਸ ਵਿਚ ਪੰਜਾਬੀਆਂ ਦੇ ਸੰਘਰਸ਼ਾਂ ਦਾ ਨਾਦ ਹਰ ਸਾਲ ਗੂੰਜਦਾ ਹੈ। ਗ਼ਦਰ ਲਹਿਰ ਪੰਜਾਬ ਦੀ ਧਰਤੀ ’ਤੇ ਬਸਤੀਵਾਦ ਵਿਰੁੱਧ ਉੱਠੀ ਸਭ ਤੋਂ ਸ਼ਕਤੀਸ਼ਾਲੀ ਲਹਿਰ ਸੀ। ਗ਼ਦਰੀਆਂ ਦੀ ਅਮਰੀਕਾ ਤੇ ਕੈਨੇਡਾ ਦੀ ਧਰਤੀ ’ਤੇ ਬੈਠ ਕੇ ਹਿੰਦੋਸਤਾਨ ਵਿਚ ਗ਼ਦਰ ਕਰਨ ਦੀ ਮੁਹਿੰਮ ਬਣਾਉਣ ਦੀ ਕਹਾਣੀ ਅਦੁੱਤੀ ਹੈ। ਇਹ ਗ਼ਦਰੀ ਸਨ ਜਿਨ੍ਹਾਂ ਨੇ ਪਹਿਲੀ ਵਾਰ ਵੱਡੀ ਪੱਧਰ ’ਤੇ ਪੰਜਾਬੀਆਂ ਨੂੰ ਦੇਸ਼ ਪੱਧਰ ’ਤੇ 1857 ਵਿਚ ਅੰਗਰੇਜ਼ਾਂ ਵਿਰੁੱਧ ਹੋਈ ਬਗ਼ਾਵਤ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਜੂਨ 1914 ਵਿਚ ਛਪੀ ਕਵਿਤਾ ਵਿਚ ਇਕ ਗ਼ਦਰੀ ਕਵੀ ਨੇ ਕਿਹਾ, ‘‘ਦਿਲ ਦਰਦੀਆ ਦਰਦ ਹਜ਼ਾਰ ਭਾਵੇਂ, ਦਸ ਮਈ ਦਾ ਦਿਨ ਭੁਲਾਵਣਾ ਨਹੀਂ/ ਏਸੇ ਦਿਨ ਆਜ਼ਾਦੀ ਦਾ ਜੰਗ ਛਿੜਿਆ, ਵਕਤ ਖੁਸ਼ੀ ਦਾ ਗ਼ਮ ਲਿਆਵਣਾ ਨਹੀਂ।’’ 10 ਮਈ 1857 ਨੂੰ ਮੇਰਠ ਵਿਚ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਸ਼ੁਰੂ ਹੋਈ ਸੀ। ਉਨ੍ਹਾਂ ਨੇ ਆਪਣੇ ਆਪ ਨੂੰ 1857 ਦੇ ਗ਼ਦਰ ਦੇ ਵਾਰਸ ਸਮਝਿਆ, ਇਸੇ ਲਈ 1914 ਵਿਚ (1857 ਤੋਂ 57 ਸਾਲ ਬਾਅਦ) ਛਪੀ ਕਵਿਤਾ ਵਿਚ ਕਿਹਾ ਗਿਆ, ‘‘ਪੈਹਲਾਂ ਵਿਚ ਸਤਵੰਜਾ (ਭਾਵ 1857) ਜੋ ਗ਼ਦਰ ਹੋਇਆ, ਜਿਹਨੂੰ ਚੜ੍ਹਿਆ ਸਤਵੰਜਾ ਸਾਲ ਸਿੰਘੋ/ ਦੂਜਾ ਗ਼ਦਰ ਜੋ ਫੇਰ ਜ਼ਹੂਰ ਹੋਇਆ, ਵਿਚ ਸਤਵੰਜੇ (ਭਾਵ 1914) ਸਾਲ ਸਿੰਘੋ/ ਏਸ ਗ਼ਦਰ ਨੂੰ ਪਾਲਣਾ ਫਰਜ਼ ਸਾਡਾ, ਏਹਨੂੰ ਸਮਝ ਲਓ ਆਪਣਾ ਬਾਲ ਸਿੰਘੋ।’’
         ਇਸ ਗ਼ਦਰੀ ਕਵੀ ਨੇ ਪੰਜਾਬੀਆਂ ਤੇ ਸਿੱਖਾਂ ਨੂੰ 1914 ਦੇ ਗ਼ਦਰ ਨੂੰ ‘ਆਪਣਾ ਬਾਲ’ ਸਮਝਣ ਦੀ ਸਲਾਹ ਦਿੱਤੀ ਅਤੇ ਪੰਜਾਬੀਆਂ ਨੇ ਉਸ ਗ਼ਦਰ ਨੂੰ ਸਫ਼ਲ ਬਣਾਉਣ ਲਈ ਕੁਰਬਾਨੀਆਂ ਦਿੱਤੀਆਂ, ਫਾਂਸੀਆਂ ’ਤੇ ਚੜ੍ਹੇ ਅਤੇ ਅੰਡੇਮਾਨ ਨਿਕੋਬਾਰ (ਕਾਲੇ ਪਾਣੀ) ਵਿਚ ਕੈਦਾਂ ਕੱਟੀਆਂ। 1914-15 ਦਾ ਗ਼ਦਰ ਸਫ਼ਲ ਨਾ ਹੋਇਆ ਪਰ ਅੰਗਰੇਜ਼ਾਂ ਦਾ ਤਖ਼ਤਾ ਪਲਟਣ ਦੀ ਕਲਪਨਾ ਤੇ ਤਹੱਈਆ ਕਰਨਾ, ਗ਼ਦਰ ਅਖ਼ਬਾਰ ਚਲਾਉਣਾ, ਗ਼ਦਰ ਕਰਨ ਲਈ ਯਤਨ ਕਰਨਾ, ਇਸ ਲਹਿਰ ਦੀ ਕਾਮਯਾਬੀ ਸੀ। ਇਸ ਲਹਿਰ ਨੇ ਪੰਜਾਬ ਵਿਚ ਨਾਬਰੀ ਦੀ ਲਹਿਰ ਨੂੰ ਵੱਡੀ ਪੱਧਰ ’ਤੇ ਪੁਨਰ ਸੁਰਜੀਤ ਕਰ ਕੇ ਉਹ ਜ਼ਮੀਨ ਪੈਦਾ ਕੀਤੀ ਜਿਸ ਵਿਚੋਂ ਰੌਲਟ ਐਕਟ ਵਿਰੁੱਧ ਲਹਿਰ (ਜਿਸ ਦਾ ਸਿਖ਼ਰ ਜੱਲ੍ਹਿਆਂਵਾਲੇ ਬਾਗ਼ ਦਾ ਕਤਲੇਆਮ ਸੀ), ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ ਅਤੇ ਭਗਤ ਸਿੰਘ ਨਾਲ ਸਬੰਧਿਤ ਲਹਿਰਾਂ ਉਗਮੀਆਂ। ਸ਼ਹੀਦ ਊਧਮ ਸਿੰਘ ਦੇ ਵੀ ਗ਼ਦਰ ਲਹਿਰ ਨਾਲ ਡੂੰਘੇ ਸਬੰਧ ਸਨ।
        ਲੋਕ-ਹਿੱਤਾਂ ਲਈ ਕੁਰਬਾਨੀਆਂ ਦੇਣ ਵਾਲਿਆਂ ਦੀ ਜ਼ਮੀਨ ਸਦਾ ਸਾਂਝੀ ਹੁੰਦੀ ਹੈ। ਉਸ ਵਿਚ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ। ਗ਼ਦਰ ਲਹਿਰ ਨੇ ਵੀ ਪੰਜਾਬ ਵਿਚ ਅਜਿਹੀ ਜ਼ਮੀਨ ਤਿਆਰ ਕੀਤੀ। ਗ਼ਦਰੀ ਬਾਬਿਆਂ ਦੇ ਮੇਲੇ ਵਿਚ ਹਰ ਸਾਲ ਲੋਕ-ਹਿੱਤ ਲਈ ਸੰਘਰਸ਼ ਕਰਨ ਵਾਲਿਆਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਵਿਚੋਂ ਕੁਝ ਨੂੰ ਅਸੀਂ ਜਾਣਦੇ ਹਾਂ, ਅਸੀਂ ਉਨ੍ਹਾਂ ਲਈ ਗੀਤ ਲਿਖਦੇ ਅਤੇ ਉਨ੍ਹਾਂ ਦੀਆਂ ਘੋੜੀਆਂ ਗਾਉਂਦੇ ਹਾਂ ਪਰ ਲੋਕ-ਸੰਘਰਸ਼ਾਂ ਵਿਚ ਬਹੁਤੀ ਗਿਣਤੀ ਗੁੰਮਨਾਮ ਸ਼ਹੀਦਾਂ ਦੀ ਹੁੰਦੀ ਹੈ। ਗ਼ਦਰੀ ਬਾਬਿਆਂ ਦਾ ਮੇਲਾ ਸਭ ਜਾਣੇ-ਅਣਜਾਣੇ ਸ਼ਹੀਦਾਂ ਦੀ ਯਾਦ ਵਿਚ ਹੈ। ਇਹ ਮੇਲਾ ਪੰਜਾਬ ਦੀ ਸਾਂਝੀਵਾਲਤਾ ਦੀ ਪਰੰਪਰਾ ਨੂੰ ਅੱਗੇ ਤੋਰਨ ਵਾਲਾ ਹੈ, ਇਸ ਵਿਚ ਪੰਜਾਬ ਦੀ ਧਰਤੀ ’ਤੇ ਹੱਕ-ਸੱਚ ਲਈ ਹੋਏ ਸੰਘਰਸ਼ਾਂ ਦੇ ਗੀਤਾਂ ਦਾ ਨਾਦ ਸੁਣਾਈ ਦਿੰਦਾ ਹੈ।