ਇਹੋ ਜਿਹਾ ਸੀ ਮੇਰਾ ਬਚਪਨ-3 - ਨਿੰਦਰ ਘੁਗਿਆਣਵੀ
ਸਾਡੇ ਖੂਹ ਵਾਲੇ ਖੇਤ, ਪਿੜ ਦੀ ਖੱਬੀ ਨੁੱਕਰੇ ਇੱਕ ਮੋਈ ਜਿਹੀ ਬੇਰੀ ਝਾੜ ਕਰੇਲਿਆਂ ਦੀ ਵਾੜ ਵਿਚ ਲਿਪਟੀ ਹੋਈ ਸੀ। ਇੱਕ ਪਾਸੇ ਵੱਡਾ ਖੂਹ ਸੀ। ਮੈਂ ਖੂਹ ਵਿਚ ਖਾਜਕਦਾ ਤਾਂ ਡਰ ਆਉਂਦਾ ਤੇ ਪਿਛਾਂਹ ਭੱਜ ਪੈਂਦਾ। ਖੂਹ ਦੀਆਂ ਟਿੰਡਾਂ ਲੁੜਕ ਚੁੱਕੀਆਂ ਸਨ। ਹੁਣ ਖੂਹ ਕੋਈ ਨਹੀਂ ਸੀ ਜੋੜਦਾ ਤੇ ਖੁਹ ਵਿਚਲਾ ਪਾਣੀ ਵੀ ਕਾਲਾ-ਮੈਲਾ ਹੋ ਚੁੱਕਾ ਸੀ। ਖੂਹ ਦੀ ਕੰਧ 'ਚ ਵਿਚ ਇੱਕ ਪਿੱਪਲ ਤੇ ਹੋਰ ਝਾੜ-ਬੂਟ ਉੱਗ ਆਇਆ ਸੀ। ਪਤਾ ਨਹੀਂ ਕਿਵੇਂ, ਇੱਕ ਦਿਨ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ, ''ਤਾਇਆ, ਆਪਣਾ ਉੱਜੜਿਆ ਖੂਹ ਐ।" ਮੇਰੀ ਕਮਲੀ ਗੱਲ ਸੁਣ ਕੇ ਤਾਇਆ ਖਿਝ ਗਿਆ ਸੀ, ''ਤੂੰ ਕਦੇ ਭੌਕਣੋਂ ਨਾ ਹਟੀਂ...ਬਸ...ਸਾਰਾ ਦਿਨ ਕੁੱਤੇ ਭਕਾਈ ਲੱਗੀ ਰਹਿੰਦੀ ਤੈਨੂੰ।"
ਜਦ ਮੈਂ ਬੇਰੀ ਵੱਲ ਦੇਖਦਾ ਤਾਂ ਲਗਦਾ ਕਿ ਝਾੜ ਕਰੇਲਿਆਂ ਦੀ ਪੁਰਾਣੀ ਚੰਬੜੀ ਵੇਲ ਨੇ ਹੀ ਇਸ ਬੇਰੀ ਨੂੰ ਜਿਊਣ ਹੀ ਨਹੀਂ ਦਿੱਤਾ ਸੀ ਤੇ ਉਸਦੇ ਆਲੇ ਦੁਆਲੇ ਅੰਬਰਵੇਲ ਵਾਂਗ ਵਲੀ ਗਈ ਸੀ। ਮੈਂ ਬਚਪਨ ਤੋਂ ਜੁਆਨੀ ਤੀਕ ਉਸ ਮਰੀਅਲ ਜਿਹੀ ਬੇਰੀ ਨੂੰ ਝਾੜ-ਕਰੇਲਿਆਂ ਦੀ ਸੰਘਣੀ ਵਾੜ ਵਿਚ ਲਿਪਟੀ ਤੇ ਲੁਕੀ ਹੋਈ ਦੇਖਿਆ ਸੀ।
ਮੈਂ ਤੇ ਤਾਇਆ ਰਾਮ ਦੂਜ-ਤੀਜੇ ਦਿਨ ਝਾੜ-ਕਰੇਲੇ ਤੋੜਨ ਲੈਂਦੇ ਸਾਂ। ਹਾਲੇ ਉਦੋਂ ਮੈਂ ਕਾਫੀ ਨਿਆਣਾ ਸਾਂ। ਕਈ ਵਾਰੀ ਬੇਰੀ ਦੇ ਤਿੱਖੇ-ਬਾਰੀਕ ਕੰਡੇ ਮੇਰੀਆਂ ਕੋਮਲ ਉਂਗਲਾਂ ਵਿਚ ਚੁਭ ਜਾਦੇ ਤਾਂ ਮੈਂ, ''ਹਈ ਤਾਇਆ...ਊਈ ਊਈ" ਕਰਨ ਦੀ ਬਿਜਾਏ ''ਸੀਅ ਸੀ..ਸੀ" ਕਰਨ ਲਗਦਾ ਤੇ ਤਾਏ ਦੀਆਂ ਝਿੜਕਾਂ ਤੋਂ ਬਚਦਾ। ਨਿੱਕੇ-ਨਿੱਕੇ ਤੇ ਮੋਟੇ-ਮੋਟੇ ਹਰੇ-ਭਰੇ ਕਰੇਲਿਆਂ ਨਾਲ ਵਾੜ ਭਰੀ ਪਈ ਹੁੰਦੀ ਸੀ ਪਰ ਲਾਲ-ਰੱਤੇ ਪੱਕ ਚੁੱਕੇ ਕਰੇਲੇ ਹਵਾ ਵਗੀ ਤੋਂ ਆਪਣੇ ਆਪ ਹੇਠਾਂ ਡਿੱਗੇ ਹੁੰਦੇ ਤੇ ਕੁਝ ਵਾੜ ਨਾਲ ਲਮਕ ਰਹੇ ਹੁੰਦੇ। ਲਾਲ ਕਰੇਲੇ ਮੈਨੂੰ ਸੁਹਣੇ-ਸੁਹਣੇ ਲਗਦੇ ਸਨ ਜਿਵੇਂ ਕੱਚ ਦੀਆਂ ਲਾਲ-ਲਾਲ ਗੋਲੀਆਂ ਹੋਣ, ਤੇ ਮੇਰੇ ਖੇਡ੍ਹਣ ਦੇ ਕੰਮ ਆਉਣ! ਮੈਂ ਅਗਾਂਹ ਤੀਕ ਹੱਥ ਕਰ ਕੇ ਲਾਲ ਕਰੇਲੇ ਲਾਹੁੰਣ ਲਗਦਾ ਤਾਂ ਤਾਇਆ ਝਈ ਲੈ ਕੇ ਪੈਂਦਾ, ''ਲਾਲ ਕਰੇਲੇ ਤੂੰ ...ਡ 'ਚ ਲੈਣੇ ਆਂ...ਹਟਜਾ ਪਾਸੇ...ਨਹੀਂ ਤਾਂ ਕੋਈ ਕੀੜਾ-ਮਕੌੜਾ ਡੰਗ ਮਾਰਜੂ, ਫੇ ਤੇਰੀ ਮਾਂ ਨੇ ਮੈਨੂੰ ਨੀ ਛੱਡਣਾ ਉਏ ਕਮੂਤਾ...।" ਤਾਏ ਦਾ ਦਬਕਾੜਾ ਸੁਣ ਕੇ ਮੈਂ ਬੇਰੀ ਤੋਂ ਪਰ੍ਹੇ ਹੋ ਜਾਂਦਾ ਸਾਂ। ਤਾਇਆ ਆਪਣੀ ਥਾਂਵੇ ਸੱਚਾ ਸੀ ਕਿਉਂਕਿ ਇੱਕ ਦਿਨ ਤਾਏ ਨੇ ਬੇਰੀ ਦੇ ਕੁੱਛੜ (ਮੱਢ 'ਚ) ਬੈਠਾ ਕਾਲਾ ਨਾਗ ਦੇਖ ਲਿਆ ਹੋਇਆ ਸੀ। ਤਾਇਆ ਬਿਨਾਂ ਕਰੇਲੇ ਤੋੜੇ ਤੋਂ ਬੋਤੀ-ਗੱਡੀ ਜੋੜ ਤੇ ਪੱਠੇ ਲੱਦ ਘਰ ਆ ਗਿਆ ਸੀ। ਜਦ ਉਸਨੇ ਸੱਪ ਦੀ ਗੱਲ ਘਰੇ ਸੁਣਾਈ ਤਾਂ ਬਾਪੂ ਤਾਏ ਨਾਲ ਬਹਿਸਣ ਲੱਗ ਪਿਆ, ''ਤੂੰ ਕਿਹੜਾ ਮੇਰੇ ਆਖੇ ਲਗਦਾ ਐਂ, ਤੈਨੂੰ ਸੌਆਂ ਵਾਰੀ ਕਿਹੈ ਵਈ ਇੱਕ ਦਿਨ ਬੇਰੀ ਦਾ ਫਸਤਾ ਵੱਢ ਦਈਏ, ਸੱਪਾਂ ਤੇ ਕੋਹੜ ਕਿਰਲਿਆਂ ਨੂੰ ਥਾਂ ਬਣਾ ਰੱਖੀ ਐ, ਮੈਂ ਆਪ ਉਥੇ ਕਈ ਵਾਰ ਰਤੜਾ ਸੱਪ ਵੇਖਿਐ, ਜਿੱਦਣ ਕਿਸੇ ਦਾ ਕੂੰਡਾ ਕਰਤਾ ਫੇਰ ਈ ਪਟਵਾਵੇਂਗਾ ਤੂੰ ਬੇਰੀ?"
ਤਾਇਆ ਬੋਲਿਆ, ''ਸੱਪ ਕਿਹੜੇ ਉਥੇ ਪੱਕੇ ਬੈਠੇ ਰਹਿੰਦੇ ਆ, ਤੂੰ ਬੇਰੀ ਦਾ ਦੁਸ਼ਮਣ ਬਣਿਆ ਰਹਿੰਨੈ ਐਵੈਂ ਯਾਰ...ਨਹੀਂ ਪੱਟਣੀ ਬੇਰੀ, ਕੀ ,ਆਂਹਦੀ ਐ? ਨਾਲੇ ਕਰੇਲੇ ਤੇ ਨਾਲੇ ਪੀਲੂ ਬੇਰ ਦਿੰਦੀ ਐ...।"
ਤਾਏ ਨੇ ਦੋ ਮਹੀਨੇ ਕਰੇਲੇ ਨਾ ਤੋੜੇ। ਤਾਇਆ ਤੇ ਮੈਂ ਖੇਤ ਨੂੰ ਚੱਲੇ ਤਾਂ ਦਾਦੀ ਆਖਣ ਲੱਗੀ, ''ਵੇ ਰਾਮ, ਕਰੇਲੇ ਖਾਣ ਨੂੰ ਜੀਅ ਕਰਦਾ ਕਈ ਦਿਨਾਂ ਦਾ, ਅੱਜ ਲੈ ਆਵੀਂ ਵੇ।" ਰਾਤਾਂ ਨੂੰ ਸਾਰਾ ਟੱਬਰ ਤੰਦੂਰ ਦੀ ਰੋੇਟੀ ਨਾਲ ਕਰੇਲੇ ਖਾਂਦਾ ਤੇ ਠੰਡੀ ਲੱਸੀ ਪੀਂਦਾ ਸੀ। ਉਸ ਦਿਨ ਮੇਰਾ ਪਿਓ ਤੇ ਤਾਇਆ ਕਰੇਲੇ ਤੋੜ ਰਹੇ ਸਨ। ਲੱਪਾਂ-ਲੱਪ ਕਰੇਲੇ ਲੱਥ ਰਹੇ ਸਨ। ਤਾਏ ਨੇ ਤੂੜੀ ਵਾਲੇ ਕੁੱਪ ਵਿਚੋਂ ਤੰਗਲੀ ਵੀ ਨੇੜੇ ਲਿਆ ਕੇ ਰੱਖੀ ਹੋਈ ਸੀ ਕਿ ਕਿਤੇ ਕੋਈ ਸੱਪ-ਸਪੂੜੀ ਹੀ ਨਾ ਨਿਕਲ ਆਵੇ! ਮੈਂ ਦੇਖਦਾ ਰਿਹਾ ਸਾਂ, ਉਸ ਦਿਨ ਪੰਸੇਰੀ ਤੋਂ ਵੱਧ ਕਰੇਲੇ ਲੱਥੇ ਸਨ। ਤਾਏ ਤੇ ਪਿਓ ਨੇ ਆਪੋ ਆਪਣੇ ਪਰਨਿਆਂ ਵਿਚ ਕਰੇਲੇ ਬੰਨ੍ਹੇ।
ਦਾਦੀ ਨੇ ਦੋ ਵਾਰੀ ਵੱਡੀ ਬਾਲਟੀ 'ਚ ਕਰੇਲੇ ਧੋਤੇ ਤੇ ਆਥਣ ਨੂੰ ਤਲਣ ਜੋਕਰੇ ਪਾਸੇ ਕੱਢੇ ਤੇ ਬਾਕੀ ਦੂਜੇ ਦਿਨ ਕੁਝ ਚੀਰ ਕੇ ਸੁੱਕਣੇ ਪਾ ਦਿੱਤੇ, ਤੇ ਜੁ ਦੇਰ ਬਾਅਦ ਤਲ ਕੇ ਖਾਧੇ ਜਾ ਸਕਣ। ਕੁਝ ਕਰੇਲਿਆਂ ਦਾ ਉਸਨੇ ਅਚਾਰ ਪਾ ਦਿੱਤਾ ਸੀ। ਤੰਦੂਰ ਤਪਦੇ ਸਾਰ ਰੋਟੀ ਖਾਣ ਵੇਲੇ ਮਰਤਵਾਨ ਬਾਹਰ ਕੱਢ ਕੇ ਕੰਧੋਲੀ ਉਤੇ ਰੱਖਿਆ ਜਾਂਦਾ ਤੇ ਸਾਰਾ ਟੱਬਰ ਰੋਟੀ ਨਾਲ ਕਰੇਲਿਆਂ ਦਾ ਅਚਾਰ ਖਾਂਦਾ ਰੱਜਦਾ ਨਹੀਂ ਸੀ ਹੁੰਦਾ। ਨਿੰਬੂ, ਮੇਥੀ, ਚਿੱਭੜ ਵਗੈਰਾ ਚੀਰ ਕੇ ਦਾਦੀ ਹਮੇਸ਼ਾਂ ਸੁਕਾ ਲੈਂਦੀ ਹੁੰਦੀ, ਜੋ ਕਈ-ਕਈ ਮਹੀਨੇ ਵਰਤੋਂ ਵਿਚ ਆਈ ਜਾਂਦਾ ਹੁੰਦਾ। (ਚਲਦਾ)
30 May 2018