ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ - ਜਗਰੂਪ ਸਿੰਘ ਸੇਖੋਂ
ਪੰਜਾਬ ਇਸ ਸਮੇਂ ਫਿਰ ਇਕ ਵਾਰ ਬਹੁਤ ਨਾਜ਼ਕ ਦੌਰ ਵਿਚੋਂ ਲੰਘ ਰਿਹਾ ਹੈ। ਪੰਜਾਬ ਵਿਚ ਲੰਮੇ ਸਮੇਂ ਦੀ ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਅਰਾਜਕਤਾ ਕਰ ਕੇ ਹਾਲਾਤ ਕਾਫ਼ੀ ਗੰਭੀਰ ਦਿਖਾਈ ਦਿੰਦੇ ਹਨ। ਸੂਬੇ ਨੂੰ ਗੈਂਗਵਾਰ, ਸ਼ਰੇਆਮ ਕਤਲੋਗ਼ਾਰਤ, ਕਾਨੂੰਨ ਪ੍ਰਬੰਧ ਦੇ ਵਧਦੇ ਵਿਰੋਧ, ਲੋਕਾਂ ਦਾ ਸੰਸਥਾਵਾਂ ’ਚੋਂ ਘਟਦੇ ਵਿਸ਼ਵਾਸ, ਵਧ ਰਹੀ ਧਾਰਮਿਕ ਕੱਟੜਤਾ ਅਤੇ ਟਕਰਾਅ, ਕੇਂਦਰ ਅਤੇ ਰਾਜ ਵਿਚਕਾਰ ਵਧ ਰਹੀ ਤਲਖ਼ੀ, ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨੈਤਿਕ ਪਤਨ ਆਦਿ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਹਰ ਤਬਕੇ ਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਵੱਡੀਆਂ ਸਮੱਸਿਆਵਾਂ ਪੈਦਾ ਹੋਣਗੀਆਂ। ਇਹ ਵਰਤਾਰਾ ਖ਼ਾਸ ਕਰ ਕੇ ਪਿਛਲੇ 20-25 ਸਾਲਾਂ ਤੋਂ ਸ਼ੁਰੂ ਹੋਇਆ ਜਿਸ ਨੇ ਹੁਣ ਲੋਕਾਂ ਅਤੇ ਸਰਕਾਰ ਸਾਹਮਣੇ ਵੱਡੇ ਸਵਾਲ ਪੈਦਾ ਕਰ ਦਿੱਤੇ ਹਨ। ਇਸ ਦੇ ਨਾਲ ਹੀ ਲਗਾਤਾਰ ਵਧ ਰਹੀ ਅਨਪੜ੍ਹਤਾ ਤੇ ਮਾੜਾ ਵਿੱਦਿਅਕ ਪ੍ਰਬੰਧ, ਡੇਰਾਵਾਦ, ਰੂੜੀਵਾਦੀ ਸੋਚ ਆਦਿ ਨੇ ਹਮੇਸ਼ਾ ਹੀ ਪਿਛਾਂਹ-ਖਿੱਚੂ ਤਾਕਤਾਂ ਲਈ ਜ਼ਮੀਨ ਤਿਆਰ ਕੀਤੀ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਛੋਟੇ ਜਿਹੇ ਪ੍ਰਾਂਤ ਪੰਜਾਬ ਵਿਚ 2011 ਦੀ ਮਰਦਮਸ਼ੁਮਾਰੀ ਮੁਤਾਬਕ ਕੁੱਲ ਆਬਾਦੀ ਦਾ ਚੌਥਾ ਹਿੱਸਾ ਅਨਪੜ੍ਹ ਸੀ ਅਤੇ ਜੋ ਪੜ੍ਹੇ-ਲਿਖ ਵੀ ਗਏ, ਉਨ੍ਹਾਂ ਵਿਚ ਬਹੁਤ ਸਾਰੇ ਮੌਜੂਦਾ ਸਮੇਂ ਦੀਆਂ ਹਕੀਕੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹਨ। ਇਸ ਤੋਂ ਇਲਾਵਾ ਦਮਨਕਾਰੀ, ਗ਼ੈਰ-ਜਮਹੂਰੀ, ਬੇਈਮਾਨ ਅਤੇ ਲੋਕਾਂ ਦੀਆਂ ਉਮੀਦਾਂ ਤੋਂ ਉਲਟ ਕੰਮ ਕਰਨ ਵਾਲੀਆਂ ਸਰਕਾਰਾਂ ਦੇ ਮਾੜੇ ਫ਼ੈਸਲੇ, ਅਤਿ ਦਰਜੇ ਦਾ ਭ੍ਰਿਸ਼ਟਾਚਾਰੀ ਪ੍ਰਬੰਧ, ਨੌਕਰਸ਼ਾਹੀ ਦਾ ਆਪ-ਹੁਦਰਾਪਣ ਤੇ ਭ੍ਰਿਸ਼ਟਾਚਾਰ, ਖੇਤੀ ਦੀ ਖੜੋਤ ਤੇ ਨਿਘਾਰ, ਲੋਕਾਂ ਦੇ ਸਾਧਨਾਂ, ਭਾਵ ਕੁਦਰਤੀ ਸਾਧਨਾਂ ਤੇ ਸਰਕਾਰ ਵਿਚ ਕਾਬਜ਼ ਕੁਝ ਲੋਕਾਂ ਜਾਂ ਪਰਿਵਾਰਾਂ ਦਾ ਕਬਜ਼ਾ, ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਜਾਂ ਸੌਦੇਬਾਜ਼ੀ ਆਦਿ ਨੇ ਅਜਿਹਾ ਮਾਹੌਲ ਸਿਰਜਿਆ ਜਿਸ ਕਰ ਕੇ ਲੋਕਾਂ ਦਾ ਰਾਜ ਕਰਦੀਆਂ ਧਿਰਾਂ ਦੇ ਨਾਲ ਨਾਲ ਸੰਸਥਾਵਾਂ ਤੋਂ ਵੀ ਵਿਸ਼ਵਾਸ ਉੱਠਣਾ ਸ਼ੁਰੂ ਹੋ ਗਿਆ। ਅਜਿਹੇ ਮਾਹੌਲ ਵਿਚ ਕੋਈ ਨਵਾਂ ਘਟਨਾਕ੍ਰਮ ਜਾਂ ਉੱਭਰੀ ਸ਼ਖ਼ਸੀਅਤ ਕਈ ਵਾਰੀ ਕੁਝ ਲੋਕਾਂ ਜਾਂ ਸਮੂਹਾਂ ਨੂੰ ਆਪਣੇ ਵੱਲ ਖਿੱਚਦੀ ਹੈ ਜਿਸ ਨਾਲ ਇਹੋ ਜਿਹੇ ਵਰਤਾਰੇ ਮਾੜੀ ਹਾਲਤ ਦਾ ਰੂਪ ਧਾਰਨ ਕਰ ਲੈਂਦੇ ਹਨ ਜਿਸ ਤਰ੍ਹਾਂ ਪੰਜਾਬ ਵਿਚ ਅੱਜ ਤੋਂ 40-45 ਸਾਲ ਪਹਿਲਾਂ ਹੋਇਆ ਸੀ।
ਹੁਣ ਅਸੀਂ ਕੁਝ ਅਜਿਹੀਆਂ ਘਟਨਾਵਾਂ ਦੀ ਗੱਲ ਕਰਦੇ ਹਾਂ ਜੋ ਪੰਜਾਬ ਦੇ ਲੋਕਾਂ ਲਈ ਕਈ ਸ਼ੰਕੇ ਪੈਦਾ ਕਰ ਰਹੀਆਂ ਹਨ, ਖ਼ਾਸ ਕਰ ਕੇ ਉਨ੍ਹਾਂ ਲਈ ਜਿਨ੍ਹਾਂ ਨੇ 1978-93 ਤੱਕ ਦਾ ਦੌਰ ਦੇਖਿਆ ਜਾਂ ਹੰਢਾਇਆ ਹੈ। ਇਨ੍ਹਾਂ ਸਾਲਾਂ ਵਿਚ ਹੋਈਆਂ ਕੁਝ ਘਟਨਾਵਾਂ ਵਿਚ ਖ਼ਾਸ ਕਰ ਕੇ ਸਿੱਖਾਂ ਦੇ ਕੁਝ ਧੜਿਆਂ ਦਾ ਅਤੇ ਡੇਰਾ ਸੱਚਾ ਸੌਦੇ ਦੇ ਰਾਮ ਰਹੀਮ ਸਿੰਘ ਤੇ ਉਸ ਦੇ ਪੈਰੋਕਾਰਾਂ ਵਿਚ ਤਲਖ਼ੀਆਂ ਤੇ ਲੜਾਈ ਝਗੜੇ, ਬਰਗਾੜੀ ਤੇ ਬਹਿਬਲ ਕਲਾਂ ਵਿਚ ਹੋਈਆਂ ਘਟਨਾਵਾਂ ਤੇ ਸਿੱਖਾਂ ਦੇ ਧਾਰਮਿਕ ਗ੍ਰੰਥਾਂ ਦੀ ਲਗਾਤਾਰ ਹੁੰਦੀ ਬੇਅਦਬੀ, ਕਿਸਾਨੀ ਅੰਦੋਲਨ ਵਿਚੋਂ ਉਭਰੀ ਸਿੱਖ-ਕਾਮਰੇਡ ਬਹਿਸ ਦੀ ਸ਼ੁਰੂਆਤ, ਅਕਾਲੀ, ਭਾਜਪਾ ਤੇ ਕਾਂਗਰਸ ਦਾ ਪੰਜਾਬ ਦੀ ਰਾਜਨੀਤੀ ਵਿਚ 2022 ਦੀਆਂ ਚੋਣਾਂ ਵਿਚ ਹਾਸ਼ੀਏ ’ਤੇ ਜਾਣਾ, ਆਮ ਆਦਮੀ ਪਾਰਟੀ ਦਾ ਸੰਗਰੂਰ ਦੀ ਉਪ ਚੋਣ ਹਾਰਨਾ ਅਤੇ ਹੁਣ ਉੱਠ ਰਹੇ ਧਾਰਮਿਕ ਵਿਵਾਦ ਵੀ 1978 ਵਿਚ ਵਾਪਰੇ ਸਿੱਖ-ਨਿਰੰਕਾਰੀ ਝਗੜੇ ਦੀ ਯਾਦ ਤਾਜ਼ਾ ਕਰਵਾ ਰਹੇ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਵੱਡੀ ਗਿਣਤੀ ਵਿਚ ਪੰਜਾਬ ਤੇ ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖ ਅਜਿਹੀਆਂ ਘਟਨਾਵਾਂ ਤੋਂ ਕਾਫ਼ੀ ਚਿੰਤਤ ਦਿਖਾਈ ਦਿੰਦੇ ਹਨ।
ਸਕਾਟਿਸ਼ ਵਿਦਵਾਨ ਵਿਲਿਕਨਸ ਮੁਤਾਬਿਕ ਲੋਕਾਂ ਵਿਚ ਡਰ ਹੀ ਅਤਿਵਾਦ ਦਾ ਮੁੱਖ ਹਥਿਆਰ ਹੁੰਦਾ ਹੈ ਜਿਸ ਵਿਚ ਸਾਰੀਆਂ ਸੰਸਥਾਵਾਂ ਭਾਵ ਪੁਲੀਸ, ਅਦਾਲਤਾਂ, ਪੰਚਾਇਤਾਂ, ਵਿੱਦਿਅਕ, ਸਿਹਤ ਆਦਿ ਬੁਰੀ ਤਰ੍ਹਾਂ ਬੇਸਹਾਰਾ ਹੋ ਜਾਂਦੀਆਂ ਹਨ। ਪੰਜਾਬੀਆਂ ਨੇ ਅਜਿਹੇ ਵਰਤਾਰੇ ਦਾ 1978 ਦੇ ਸਿੱਖ-ਨਿਰੰਕਾਰੀਆਂ ਦੇ ਝਗੜੇ ਤੋਂ ਬਾਅਦ ਸੰਤਾਪ ਹੰਢਾਇਆ ਹੈ। ਉਨ੍ਹਾਂ ਵਿਚ ਬਹੁਤਿਆਂ ’ਤੇ ਹੋਏ ਜ਼ੁਲਮਾਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ। ਇਸ ਤੋਂ ਇਲਾਵਾ ਹਜ਼ਾਰਾਂ ਮਨੁੱਖਾਂ ਦੀਆਂ ਜਾਨਾਂ ਸਰਕਾਰੀ ਤੇ ਗ਼ੈਰ-ਸਰਕਾਰੀ ਦਹਿਸ਼ਤਵਾਦ ਕਰ ਕੇ ਚਲੀਆਂ ਗਈਆਂ। ਪੰਜਾਬ ਲੰਮਾ ਸਮਾਂ ਰਾਸ਼ਟਰਪਤੀ ਰਾਜ (1987-92) ਥੱਲੇ ਰਿਹਾ ਜਿਸ ਨਾਲ ਸਾਰੀਆਂ ਸੰਸਥਾਵਾਂ ਦਾ ਘਾਣ ਹੋਇਆ। ਪੰਜਾਬ ਪੁਲੀਸ ਰਾਜ ਵਿਚ ਬਦਲ ਦਿੱਤਾ ਜਿਸ ਵਿਚ ਸੁਰੱਖਿਆ ਅਮਲੇ ਨੂੰ ਅਥਾਹ ਸ਼ਕਤੀਆਂ ਦਿੱਤੀਆਂ ਗਈਆਂ। ਇਸ ਨਾਲ ਵੱਡੀ ਗਿਣਤੀ ਲੋਕਾਂ ਦੇ ਹੱਕਾਂ ਦਾ ਘਾਣ ਹੋਇਆ। ਪੰਜਾਬ ਵਿਚੋਂ ਅਤੇ ਪੰਜਾਬ ਵੱਲ ਵੱਡੀ ਗਿਣਤੀ ਵਿਚ ਅਣਚਾਹੀ ਹਿਜਰਤ ਹੋਈ ਜਿਸ ਨੇ ਪੰਜਾਬ ਦੇ ਸੱਭਿਆਚਾਰਕ ਤਾਣੇ-ਬਾਣੇ ਨੂੰ ਢਾਹ ਲਾਈ। 1987 ਵਿਚ ਸਮਾਜਿਕ ਸੁਧਾਰ ਅੰਦੋਲਨ ਲਾਗੂ ਹੋਣ ਨਾਲ ਪੰਜਾਬ ਦੇ ਹਾਲਾਤ ਬਹੁਤ ਵਿਗੜ ਗਏ। ਪੰਜਾਬ, ਖ਼ਾਸ ਕਰ ਕੇ ਮਾਝਾ ਇਲਾਕੇ ਦੇ ਲੋਕ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਤੇ ਵੱਡੀ ਗਿਣਤੀ ਵਿਚ ਖਾਂਦੇ ਪੀਂਦੇ ਸਿੱਖ ਕਿਸਾਨਾਂ ਨੇ ਪਿੰਡ ਛੱਡ ਕੇ ਸ਼ਹਿਰਾਂ ਵੱਲ ਹਿਜਰਤ ਕੀਤੀ। ਸਾਡੇ ਆਪਣੇ ਅਧਿਐਨ ਵਿਚ ਇਹ ਤੱਥ ਸਾਹਮਣੇ ਆਇਆ ਕਿ ਬਹੁਤ ਸਾਰੇ ਪਿੰਡਾਂ ਦੀ ਆਬਾਦੀ 1981 ਦੀ ਮਰਦਮਸ਼ੁਮਾਰੀ ਨਾਲੋਂ 1991 ਵਿਚ ਘਟ ਗਈ। ਮਿਸਾਲ ਦੇ ਤੌਰ ’ਤੇ ਮਾਝੇ ਦੇ ਮਸ਼ਹੂਰ ਪਿੰਡ ਸਹਿੰਸਰਾ ਦੀ ਆਬਾਦੀ 1981 ਦੇ ਮੁਕਾਬਲੇ 1991 ਵਿਚ ਚੌਥਾ ਹਿੱਸਾ ਘਟ ਗਈ। ਇਸ ਤੋਂ ਇਲਾਵਾ ਖਾਂਦੇ ਪੀਂਦੇ ਤੇ ਪੜ੍ਹੇ-ਲਿਖੇ ਲੋਕਾਂ ਦਾ ਪਿੰਡਾਂ ਵਿਚੋਂ ਸ਼ਹਿਰ ਵਿਚ ਆਉਣ ਨਾਲ ਪਿੰਡਾਂ ਦਾ ਵਿੱਦਿਅਕ ਢਾਂਚਾ, ਪੰਚਾਇਤੀ ਪ੍ਰਬੰਧ ਤੇ ਹੋਰ ਤਾਣਾ-ਬਾਣਾ ਖ਼ਤਮ ਹੋ ਗਿਆ ਜਿਸ ਦਾ ਖ਼ਮਿਆਜ਼ਾ ਅੱਜ ਵੀ ਪਿੰਡਾਂ ਵਿਚ ਰਹਿਣ ਵਾਲੇ ਲੋਕ ਭੁਗਤ ਰਹੇ ਹਨ।
ਹੁਣ ਸਵਾਲ ਉੱਠਦਾ ਹੈ : ਕੀ ਅਸੀਂ ਫਿਰ ਉਸ ਹਾਲਾਤ ਵੱਲ ਮੁੜ ਰਹੇ ਹਾਂ? ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਬਿਲਕੁਲ ਨਹੀਂ। ਇਸ ਦੇ ਬਹੁਤ ਸਾਰੇ ਕਾਰਨ ਦਿੱਤੇ ਜਾ ਸਕਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਦੇ ਹਾਲਾਤ ਅੱਜ ਤੋਂ ਸਾਢੇ ਚਾਰ ਦਹਾਕਿਆਂ ਵਾਲੇ ਹਾਲਾਤ ਨਾਲੋਂ ਬਿਲਕੁਲ ਵੱਖਰੇ ਹਨ ਜਿਸ ਦਾ ਗਿਆਨ ਅਸੀਂ ਉਸ ਸਮੇਂ ਤੇ ਉਸ ਤੋਂ ਬਾਅਦ ਪ੍ਰਕਾਸ਼ਿਤ ਹੋਏ ਹਜ਼ਾਰਾਂ ਦਸਤਾਵੇਜ਼ਾਂ ਤੇ ਪੰਜਾਬ ਦੇ ਲੋਕਾਂ ਦੇ ਤਜਰਬਿਆਂ ਤੋਂ ਪ੍ਰਾਪਤ ਕਰ ਸਕਦੇ ਹਾਂ। ਹੁਣ ਹਾਲਾਤ ਕਾਫ਼ੀ ਬਦਲੇ ਹੋਏ ਹਨ। ਹੁਣ ਭਾਵੇਂ ਕੇਂਦਰ ਅਤੇ ਰਾਜਾਂ ਦੇ ਸਬੰਧਾਂ ਵਿਚ ਕੁਝ ਤਲਖ਼ੀ ਹੈ ਪਰ ਇੰਦਰਾ ਗਾਂਧੀ ਦੇ ਸਮੇਂ ਵਾਲੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਪਾਰਟੀ ਦੀ ਉਸ ਸਮੇਂ ਦੀ ਕਾਰਗੁਜ਼ਾਰੀ ਤੇ ਪੰਜਾਬ ਦੇ ਦੋ ਵੱਡੇ ਲੀਡਰਾਂ, ਭਾਵ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਤੇ ਬਾਅਦ ਵਿਚ ਰਾਸ਼ਟਰਪਤੀ ਬਣੇ ਗਿਆਨੀ ਜ਼ੈਲ ਸਿੰਘ ਦੀ ਆਪਸੀ ਰਾਜਸੀ ਖਹਿਬਾਜ਼ੀ, ਕਿਸਾਨੀ ਦੇ ਹਾਲਾਤ, ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਮਨਾਂ ਵਿਚੋਂ ਗ਼ੈਰ-ਸਿੱਖਾਂ ਪ੍ਰਤੀ ਨਫ਼ਰਤ, ਦਿਨੋ-ਦਿਨ ਹੱਥੋਂ ਨਿਕਲਦੀ ਕਾਨੂੰਨ ਤੇ ਪ੍ਰਬੰਧ ਵਿਵਸਥਾ ਦੀ ਹਾਲਤ ਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਹੁਣ ਜਿ਼ਆਦਾ ਤੌਰ ’ਤੇ ਉਸ ਸਮੇਂ ਦੇ ਹਾਲਾਤ ਵਰਗੀਆਂ ਨਹੀਂ ਹਨ। ਇਸ ਦੇ ਨਾਲ ਹੁਣ ਤਕਨੀਕ ਅਤੇ ਪਹੁੰਚ ਮਾਰਗਾਂ ਤੇ ਸੁਰੱਖਿਆ ਦਸਤਿਆਂ ਦੀ ਵਧੀ ਹੋਈ ਤਾਕਤ ਨੇ ਰਾਜ ਨੂੰ ਪਹਿਲਾਂ ਦੇ ਮੁਕਾਬਲੇ ਬਹੁਤ ਜਿ਼ਆਦਾ ਤਾਕਤਵਰ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਲੋਕਾਂ ਦੇ ਬਹੁਤ ਵੱਡੇ ਹਿੱਸੇ ਦੀ ਨੌਜਵਾਨ ਪੀੜ੍ਹੀ ਦਾ ਰੁਝਾਨ ਤੇ ਵਰਤਾਰਾ ਵੀ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਅਜਿਹੇ ਹਾਲਾਤ ਵਿਚ ਇਹ ਆਸ ਰੱਖੀ ਜਾ ਸਕਦੀ ਹੈ ਕਿ ਪੰਜਾਬ ਮੌਜੂਦਾ ਮਸਲਿਆਂ ਨੂੰ ਨਜਿੱਠਦਾ ਹੋਇਆ ਅਗਾਂਹ ਹੀ ਵਧੇਗਾ।
* ਸਾਬਕਾ ਅਧਿਆਪਕ, ਰਾਜਨੀਤੀ ਸ਼ਾਸਤਰ, ਗੁਰੂ ਨਾਨਕ ਦੇ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ : 94170-75563